Share on Facebook

Main News Page

ਸਰਬੱਤ ਖਾਲਸਾ ਬਲਾਉਣਾ ਹੀ ਪੰਥਿਕ ਮਸਲਿਆਂ ਦਾ ਇੱਕ ਮਾਤਰ ਹੱਲ, ਜਥੇਦਾਰ ਨੰਦਗੜ ਵਾਸਤੇ ਪਰਖ ਦੀ ਘੜੀ...
-: ਗੁਰਿੰਦਰਪਾਲ ਸਿੰਘ ਧਨੌਲਾ 9316176519

ਪਿਛਲੇ ਕਾਫੀ ਅਰਸੇ ਤੋਂ ਪੰਥ ਨੂੰ ਰੋਜ਼ ਕਿਸੇ ਨਵੀਂ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹ ਵੀ ਕੌੜਾ ਸੱਚ ਹੈ ਕਿ ਹਰ ਮੁਸੀਬਤ ਦੇ ਵਿੱਚ ਬੇਗਾਨਿਆਂ ਨਾਲੋਂ ਆਪਣੀਆਂ ਦਾ ਹੱਥ ਵਧੇਰੇ ਹੁੰਦਾ ਹੈ। ਉਂਜ ਤਾਂ 1999 ਵਿੱਚ ਖਾਲਸੇ ਦੇ ਤਿੰਨ ਸੌ ਸਾਲਾ ਸਮਾਰੋਹ ਤੋਂ ਕੁੱਝ ਸਮਾਂ ਪਹਿਲਾਂ ਹੀ ਸਿੱਖਾਂ ਪੰਥ ਦੀਆਂ ਬੇੜੀਆਂ ਵਿੱਚ ਵੱਟੇ ਪੈਣੇ ਆਰੰਭ ਹੋ ਗਏ ਸਨ। ਪਰ ਜਿਸ ਦਿਨ ਦੀ ਬਾਦਲ ਸਰਕਾਰ ਲਗਾਤਾਰ ਦੂਜੀ ਵਾਰੀ ਰਾਜਗੱਦੀ 'ਤੇ ਬੈਠੀ ਹੈ ਅਤੇ ਸਾਧ ਯੂਨੀਅਨ ਨਾਲ ਸਾਂਢਾ ਗਾਂਢਾ ਹੋਇਆ ਹੈ, ਉਸ ਦਿਨ ਤੋਂ ਪੰਥ ਵਿਰੋਧੀ ਗਤੀਵਿਧੀਆਂ ਵਿੱਚ ਤੇਜ਼ੀ ਆਉਣੀ ਆਰੰਭ ਹੋ ਗਈ ਸੀ। ਲੇਕਿਨ ਹੁਣ ਜਦੋਂ ਦੀ ਕੇਂਦਰ ਵਿੱਚ ਭਾਜਪਾ ਸਰਕਾਰ ਆਈ ਹੈ ਤਾਂ ਸਿੱਖਾਂ ਦੀ ਬਰਬਾਦੀ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਹੈ।

ਦੁਸ਼ਮਨ ਜਾਂ ਬੇਗਾਨੇ ਨੂੰ ਵੀ ਕਾਹਦਾ ਦੋਸ਼ ਦੇਈਏ, ਜਦੋਂ ਰਾਖੇ ਹੀ ਚੋਰਾਂ ਨਾਲ ਰਲ ਜਾਣ, ਫਿਰ ਚੋਰਾਂ ਦਾ ਗੁਨਾਹ ਘਟ ਜਾਂਦਾ ਹੈ। ਪਹਿਲਾਂ ਸਿੱਖਾਂ ਨੂੰ ਅਕਾਲੀਆਂ ਉੱਤੇ ਰੱਬ ਜਿੱਡਾ ਭਰੋਸਾ ਹੁੰਦਾ ਸੀ ਕਿ ਜੇ ਕਦੇ ਪੰਥ ਤੇ ਭੀੜ ਬਣੇਗੀ ਤਾਂ ਅਕਾਲੀ ਸਿੰਘ ਸੰਘਰਸ਼ ਕਰਕੇ ਪੰਥ ਦੀ ਬਿਪਤਾ ਨੂੰ ਟਾਲ ਦੇਣਗੇ। ਪਰ ਦੁਸ਼ਮਨ ਨੇ ਅਜਿਹੀ ਚਾਲ ਚੱਲੀ ਕਿ ਅਕਾਲੀ ਦਲ ਦਾ ਵਜੂਦ ਹੀ ਸ਼ੱਕੀ ਨਹੀਂ ਕੀਤਾ, ਸਗੋਂ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਕੇ ਇਸ ਦੀ ਪੰਥਕ ਰੂਹ ਹੀ ਮਾਰ ਕੇ ਰੱਖ ਦਿੱਤੀ। ਅਕਾਲੀ ਸੰਘਰਸ਼ੀ ਯੋਧਿਆਂ ਤੋਂ ਸਵਾਰਥੀ ਤੇ ਪਿਛਲੱਗੂ ਹੋ ਨਿਬੜੇ। ਜਦੋਂ ਮੁੱਖ ਜਥੇਬੰਦੀ ਹੀ ਅਸੂਲੋਂ ਤਿਲਕ ਗਈ ਤਾਂ ਉਸਦੀ ਅਗਵਾਈ ਜਾਂ ਸਹਿਯੋਗ ਨਾਲ ਚੱਲਣ ਵਾਲੀਆਂ ਸੰਸਥਾਵਾਂ ਉੱਤੇ ਇਸਦਾ ਪਰਛਾਵਾਂ ਪੈਣਾ ਕੁਦਰਤੀ ਸੀ। ਸ਼੍ਰੋਮਣੀ ਕਮੇਟੀ ਵੀ ਇੱਕ ਸੰਸਥਾ ਹੈ, ਜਿਸ ਨੂੰ ਅਕਾਲੀ ਚਲਾਉਂਦੇ ਸਨ। ਹੁਣ ਜਦੋਂ ਅਕਾਲੀ ਹੀ ਖਾਲੀ ਹੋ ਗਏ ਤਾਂ ਗੁਰੂ ਦੀ ਗੋਲਕ ਖਾਲੀ ਕਰਨੀ ਉਹਨਾਂ ਦਾ ਹੱਕ ਬਣ ਗਿਆ।

ਇੱਕ ਹੋਰ ਸੰਸਥਾ ਜਿਸ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਖੁਦ ਹੋਂਦ ਵਿਚ ਲਿਆਂਦਾ ਸੀ, ਅਕਾਲ ਤਖਤ ਸਾਹਿਬ 'ਤੇ ਬੈਠੇ ਲੋਕ ਜੇ ਮੀਰੀ ਪੀਰੀ ਦੇ ਮਲਿਕ ਦੀ ਰਜ਼ਾ ਵਿੱਚ ਰਹਿਕੇ, ਸਿੱਖ ਸਿਧਾਂਤਾਂ ਅਨੁਸਾਰ, ਪੰਥਕ ਹਿੱਤ ਵਿੱਚ ਫੈਸਲੇ ਲੈਂਦੇ ਤਾਂ ਫਿਰ ਸੋਧੇ ਹੋਏ ਅਕਾਲੀਆਂ, ਭਾਵ ਪੰਥਕ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਤੋਂ ਪੰਜਾਬੀ ਦਲ ਬਣੇ ਅਕਾਲੀਆਂ ਨੂੰ ਤਾਂ ਹਰ ਰੋਜ਼ ਜੋੜੇ ਝਾੜਣ ਅਤੇ ਲੰਗਰ ਦੇ ਬਰਤਨ ਮਾਂਜਣ ਦੀ ਸੇਵਾ ਹੀ ਲੱਗੀ ਰਹਿੰਦੀ। ਇਸ ਵਾਸਤੇ ਉਹਨਾਂ ਨੇ ਇੱਕ ਤੋਂ ਵਧਕੇ ਇੱਕ ਜਥੇਦਾਰ ਲੱਭ ਲੱਭ ਕੇ ਲਿਆਂਦੇ। ਜਿਹਨਾਂ ਦੀ ਕਾਗੁਜ਼ਾਰੀ ਵੇਖ ਕੇ ਤਾਂ ਲੱਗਦਾ ਹੀ ਨਹੀਂ ਕਿ ਪੰਥ ਨਾਲ ਕੋਈ ਵਾਸਤੇ ਹੋਵੇਗਾ। ਜਿਹੜਾ ਵੀ ਫੈਸਲਾ ਵੇਖੋ, ਉਸਦੀ ਇਬਾਰਤ ਦੇ ਅੱਖਰਾਂ ਵਿੱਚੋਂ ਕਿਸੇ ਹੋਰ ਤਸਵੀਰ ਦੇ ਦਰਸ਼ਨ ਹੁੰਦੇ ਹਨ।

ਸਿੱਖਾਂ ਦੀਆਂ ਤਿੰਨ ਵੱਡੀਆਂ ਸੰਸਥਾਵਾ ਹਨ ਅਤੇ ਤਿੰਨਾਂ ਦੀ ਦੁਰਵਰਤੋਂ ਹੀ ਅੱਜ ਕੱਲ ਸਿੱਖਾਂ ਦੀ ਬਰਬਾਦੀ ਦਾ ਕਾਰਨ ਬਣ ਰਹੀ ਹੈ। ਹੁਣ ਇੱਕ ਹੋਰ ਜਮਾਤ ਜਿਹੜੀ ਬਿਪਰਵਾਦ ਦੀ ਹੀ ਇੱਕ ਗੁਪਤ ਸ਼ਾਖਾ ਹੈ, ਸਾਧ ਯੂਨੀਅਨ, ਉਸਨੇ ਹੁਣ ਸੋਧ ਕਰਨ ਸੁਧਾਈ ਕਰਨ ਦਾ ਠੇਕਾ ਲੈ ਲਿਆ ਹੈ, ਪਰ ਉਹਨਾਂ ਵਿਚੋਂ ਸਿਰਫ ਕੁਝ ਆਗੂ ਨੁਮਾਂ ਲੋਕਾਂ ਨੂੰ ਛੱਡਕੇ ਕਿਸੇ ਨੂੰ ਗਿਆਨ ਨਹੀਂ ਕਿ ਅਸੀਂ ਕੀਹ ਕਰ ਰਹੇ ਹਾਂ।

ਮੈਨੂੰ ਇੱਕ ਗੱਲ ਯਾਦ ਆ ਗਈ, ਅਸੀਂ ਇੱਕ ਵਾਰੀ ਥਾਣੇ ਗਏ ਤਾਂ ਇੱਕ ਥਾਨੇਦਾਰ ਆਪਣੇ ਮੋਟਰਸਾਇਕਲ ਕੋਲ ਇੱਕ ਬੰਦੇ ਨੂੰ ਡਾਂਗ ਨਾਲ ਕੁੱਟੀ ਜਾਵੇ, ਅਸੀਂ ਪੁੱਛਿਆ ਕੀਹ ਹੋਇਆ ਇਸ ਤੋਂ, ਤਾਂ ਥਾਨੇਦਾਰ ਨੇ ਕਿਹਾ ਆਪ ਹੀ ਪੁੱਛ ਲਵੋ, ਜਦੋਂ ਉਸ ਧਮਾਤੜ ਨੂੰ ਪੁੱਛਿਆਂ ਤਾਂ ਉਸ ਨੇ ਰੋਂਦੇ ਰੋਂਦੇ ਦੱਸਿਆ ‘ਜੀ ਸਰਾਰ ਜੀ ( ਸਰਦਾਰ ਜੀ ) ਨੇ ਕਿਹਾ ਸੀ ਮੇਰਾ ਸੈਂਕਲ ਮੋਟਰ ( ਮੋਟਰ ਸਾਇਕਲ ) ਚਮਕਾ ਦੇ ਚੰਗੀ ਤਰਾਂ। ਮੈਂ ਲੀਰ ਲੈਕੇ ਸਾਫ਼ ਕਰਦਾ ਤੀ, ਏਨੇ ਨੂੰ ਇੱਕ ਹੋਰ ਸਰਾਰ ਆ ਗਿਆ, ਉਹ ਕਹਿੰਦਾ ਰੋੜਾ ਫੜ ਆਹ ਕਲਾ ਰੰਗ ਲਾਹਕੇ ਥੱਲਿਓ ਚਿੱਟਾ ਕੱਢ ਦੇ। ਫਿਰ ਸਰਾਰ ਖੁਸ਼ ਹੋ ਕੇ ਤੈਨੂੰ ਛੁਡਵਾ ਦਿਉਗਾ। ਮੈਂ ਤਾਂ ਹਾਲੇ ਅੱਧਾ ਹੀ ਸਾਫ਼ ਕਰਿਆ ਜੀ, ਸਰਾਰ ਹੁਰੀ ਆਕੇ ਡਾਂਗੀਂ ਡਹਿ ਗਏ ਜੀ’ ਹੁਣ ਸਾਧ ਯੂਨੀਅਨ ਦੇ ਬਾਬੇ ਧੁੰਮੇਂ ਵਰਗੇ ਆਗੂਆਂ ਨੇ ਬਹੁਤੇ ਸੰਤਾਂ ਨੂੰ ਤਾਂ ਇੰਜ ਹੀ ਰੋੜੇ ਫੜਾ ਛੱਡੇ ਆ ਕਿ ਪੰਥ ਨੂੰ ਘਸਾ ਕੇ ਚਿੱਟਾ ਕਢ ਦਿਓ। ਪਰ ਜਿਸ ਦਿਨ ਪੰਥ ਜਾਗ ਪਿਆ ਫਿਰ ‘ ਸਰਾਰ ’ ਵਾਲੀ ਡਾਂਗ ਪੰਥ ਨੇ ਫੜ ਲੈਣੀ ਹੈ ਤੇ ਬਾਬੇ ਧੁੰਮੇਂ ਹੁਰਾਂ ਨੇ ਫਿਰ ਛੁਡਾਉਣ ਵੀ ਨਹੀਂ ਆਉਣਾ।

ਸਾਧ ਯੂਨੀਅਨ ਅਸਲ ਵਿੱਚ ਬਿਪ੍ਰਵਾਦੀਆਂ ਦਾ ਬ੍ਰਹਮ ਅਸਤਰ ਹੈ। ਜਿਸ ਨਾਲ ਬਿਪਰਵਾਦ ਨੇ ਸਿੱਖਾਂ ਦੀ ਸ਼ਰਧਾ ਨੂੰ ਕਾਬੂ ਕਰਕੇ ਆਪਣੇ ਹੱਕ ਵਿੱਚ ਵਰਤਣ ਦੀ ਚੰਗੀ ਮੁਹਾਰਤ ਹਾਸਲ ਕਰ ਲਈ ਹੈ। ਹੁਣ ਬਿਪਰਵਾਦ ਨੂੰ ਆਪ ਕਿਤੇ ਵੀ ਜਾਣ ਦੀ ਲੋੜ ਨਹੀਂ, ਸਿਰਫ ਸਾਧਾਂ ਨੂੰ ਕੋਈ ਨਾ ਕੋਈ ਰੋੜਾ ਫੜਾਈ ਰਖਦੇ ਹਨ ਕਿ ਪੰਥ ਨੂੰ ਘਸਾਈ ਚੱਲੋ। ਜੇ ਸੋਧੇ ਹੋਏ ਅਕਾਲੀ ਦਲ ਤੋਂ ਨਾਨਕਸ਼ਾਹੀ ਕੈਲੰਡਰ ਦੀ ਸੁਧਾਈ ਕਰਵਾਉਣੀ ਹੈ ਤਦ ਵੀ ਸਾਧ ਅੱਗੇ, ਜੇ ਹੁਣ ਕੈਲੰਡਰ ਰੱਦ ਕਰਵਾਉਣਾ ਹੈ ਤਦ ਵੀ ਸਾਧ ਅੱਗੇ, ਜੇ ਹੁਣ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਜਿਸ ਨੇ ਪੰਥ ਨੂੰ ਦੱਸ ਦਿੱਤਾ ਕਿ ਰੋੜਾ ਘਸਾਉਣ ਵਾਲੇ ਕੌਣ ਹਨ, ਨੂੰ ਜਥੇਦਾਰੀ ਤੋਂ ਲਾਹੁਣਾ ਹੈ ਤਾਂ ਵੀ ਸਾਧ ਅੱਗੇ। ਹੁਣ ਅਗਲੀ ਸਕੀਮ ਇਹ ਹੈ ਕਿ ਜਥੇਦਾਰ ਹੀ ਆਪਣੇ ਲਵਾ ਲਵੋ ਕਿਸੇ ਦੀ ਖੁਸ਼ਾਮਦਗੀ ਦੀ ਲੋੜ ਹੀ ਨਾ ਰਹੇ। ਜੇ ਜਥੇਦਾਰ ਨੰਦਗੜ੍ਹ ਨੂੰ ਹਟਾਇਆ ਜਾਂਦਾ ਹੈ, ਤਾਂ ਸਾਧਾਂ ਵਿੱਚ ਸੁਖਚੈਨ ਸਿਹੁੰ ਧਰਮਪੁਰਾ ਪਜਾਮਾ ਪਾਉਣ ਨੂੰ ਤਿਆਰ ਬੈਠਾ ਹੈ, ਜਾਂ ਫਿਰ ਬਾਬਾ ਬੂਟਾ ਸਿੰਘ ਗੁੜਥੜੀ ਅਤੇ ਭਾਈ ਮਾਨ ਸਿੰਘ ਨੂੰ ਲਿਆਂਦਾ ਜਾ ਸਕਦਾ ਹੈ।

ਮਸਲਾ ਜਥੇਦਾਰ ਨੰਦਗੜ ਦੇ ਹਟਾਉਣ ਦਾ ਨਹੀਂ, ਬੰਦੇ ਤਾਂ ਅਕਸਰ ਉਮਰ ਅਨੁਸਾਰ ਉਂਜ ਵੀ ਸੇਵਾ ਮੁਕਤ ਹੋ ਹੀ ਜਾਂਦੇ ਹਨ। ਪਰ ਇਥੇ ਮਸਲਾ ਕੁੱਝ ਹੋਰ ਹੈ। ਜਥੇਦਾਰਾਂ ਤੋਂ ਹੀ ਪੰਥ ਵਿਰੋਧੀ ਕੰਮ ਕਰਵਾਕੇ ਬਿਪਰਵਾਦ ਸੁਥਰਾ ਭਲਾ ਮਾਨਸ ਰਹਿਣਾ ਚਾਹੁੰਦਾ ਹੈ। ਜਥੇਦਾਰ ਨੰਦਗੜ ਦੀ ਜਗਾ ਨਵਾਂ ਜਥੇਦਾਰ ਨਿਯੁਕਤ ਕਰਕੇ ਪਹਿਲਾਂ ਤਾਂ ਨਾਨਕਸ਼ਾਹੀ ਕੈਲੰਡਰ ਰੱਦ ਕਰਨਾ ਹੈ, ਕਿਉਂਕਿ ਸਾਧ ਯੂਨੀਅਨ ਦੀ ਨਾਗਪੁਰ ਵਾਲੀ ਭੂਆ ਨੂੰ 2003 ਤੋਂ ਪੇਡੂ ਵਿੱਚ ਦਰਦ ਹੋ ਰਿਹਾ ਹੈ, ਉਸਦਾ ਇਲਾਜ਼ ਨਾਨਕਸ਼ਾਹੀ ਕੈਲੰਡਰ ਦਾ ਖਾਤਮਾ ਹੀ ਹੈ। ਜੇ ਇਹ ਕੰਮ ਸਹੀ ਸਲਾਮਤ ਹੋ ਜਾਂਦਾ ਹੈ ਤਾਂ ਫਿਰ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ, ਜਿਸਨੂੰ ਸਾਧ ਯੂਨੀਅਨ ਤਾਂ ਭਾਵੇਂ ਮੰਨਦੀ ਹੀ ਨਹੀਂ,ਪਰ ਹੁਣ ਉਸਨੂੰ ਵੀ ਖਤਮ ਕਰਵਾਉਣਾ ਹੈ।

ਜੇ ਇਹ ਸਾਰਾ ਕੁੱਝ ਸਾਨੂੰ ਸਮਝ ਆ ਰਿਹਾ ਤਾਂ ਇੱਕ ਗੱਲ ਹੋਰ ਵੀ ਸਮਝ ਲੈਣੀ ਚਾਹੀਦੀ ਹੈ ਕਿ ਜੇ ਅਜਿਹੇ ਬਦਲਾਓ ਬਰਦਾਸ਼ਤ ਕਰਨ ਦੀ ਆਦਤ ਪੈ ਗਈ ਤਾਂ ਇੱਕ ਦਿਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਸੋਧ ਹੋ ਜਾਣੀ ਹੈ। ਕੁੱਝ ਤਾਂ ਸਾਧ ਯੂਨੀਅਨ ਦੇ ਮੁਖੀ ਬਾਬੇ ਹਰਨਾਮ ਸਿਹੁੰ ਧੁੰਮੇਂ ਨੇ ਬ੍ਰਹਮ ਗਿਆਨ ਰਾਹੀ, ਬਿੰਦੀਆਂ ਕੰਨੇ ਲਾ ਕੇ ਚੁੱਪ ਚੁਪੀਤੇ ਕਰ ਵੀ ਦਿੱਤੀ ਹੈ, ਕਿਸੇ ਨੂੰ ਭਿਣਕ ਤੱਕ ਨਹੀਂ ਪੈਣ ਦਿੱਤੀ। ਇਸ ਤਰਾਂ ਹੀ ਇੱਕ ਇੱਕ ਕਰਕੇ ਸਭ ਕੁੱਝ ਲੁੱਟ ਲਿਆ ਜਾਵੇਗਾ। ਹੁਣ ਜਥੇਦਾਰ ਨੰਦਗੜ੍ਹ ਨੂੰ ਲਾਹੁਣ ਦੀ ਤਿਆਰੀ ਹੈ, ਬਿਪਰਵਾਦ ਅਤੇ ਸਾਧ ਯੂਨੀਅਨ ਅਜਿਹਾ ਕਰਵਾਕੇ ਹੀ ਦਮ ਲੈਣਗੇ। ਪਰ ਅਸੀਂ ਕੀਹ ਕਰਨਾ ਹੈ ਸਾਡੇ ਵਾਸਤੇ ਵੀ ਪਰਖ ਦੀ ਘੜੀ ਹੈ ਅਤੇ ਸਮਝਕੇ ਚਲਣ ਦੀ ਲੋੜ ਹੈ।

ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਸਾਰੇ ਸਿੱਖ ਭਾਵ ਪੂਰਤ ਅਪੀਲ ਜਾਰੀ ਕਰਨ ਜਿਹੜੀ ਸੁਖਬੀਰ ਸਿੰਘ ਬਾਦਲ ਦੇ ਹਿਰਦੇ ਉੱਪਰਲੇ ਬਿਪਰਵਾਦੀ ਪੜਦੇ ਨੂੰ ਪਾੜ ਦੇਵੇ ਅਤੇ ਉਸਨੂੰ ਦਿੱਸ ਪਵੇ ਕਿ ਅਜਿਹਾ ਕਰਨਾ ਪੰਥਕ ਸਿਧਾਂਤਾਂ ਅਤੇ ਗੁਰੂ ਕਿਆਂ ਤਾਂ ਧੋਖਾ ਹੈ ਹੀ, ਨਾਲ ਨਾਲ ਅਕਾਲੀ ਦਲ ਬਾਦਲ ਵਾਸਤੇ ਵੀ ਬਰਬਾਦੀ ਦਾ ਪੈਗਾਮ ਹੈ। ਫਿਰ ਦੂਸਰੀ ਗੱਲ ਸ. ਅਵਤਾਰ ਸਿੰਘ ਮਕੜ ਜੋ ਸਿਰਫ ਬਾਦਲਾਂ ਦੇ ਦਬਾਓ ਕਰਕੇ ਅਜਿਹਾ ਕਰ ਰਿਹਾ ਅਤੇ ਅੰਤ੍ਰਿੰਗ ਕਮੇਟੀ ਦੇ ਮੈਂਬਰ ਸਹਿਬਾਨ ਨੂੰ ਵੀ ਇੱਕ ਵਾਰ ਸਮਝਾਇਆ ਜਾਵੇ ਕਿ ਉਹ ਆਪਣੇ ਹੀ ਪੈਰੀ ਕੁਹਾੜਾ ਮਾਰ ਰਹੇ ਹਨ। ਜਿਸਦੇ ਛਿੱਟੇ ਆਉਂਦੀਆਂ ਪੀੜੀਆਂ ਦੇ ਚਿਹਰੇ ਤੇ ਵੀ ਸਾਫ਼ ਦਿਸਦੇ ਰਹਿਣਗੇ ਅਤੇ ਲੋਕ ਲਾਹਨਤਾਂ ਪਾਉਣਗੇ।

ਜਥੇਦਾਰ ਨੰਦਗੜ੍ਹ ਨੇ ਬਹੁਤ ਤਕੜਾ ਸਟੈਂਡ ਲਿਆ ਹੈ ਅਤੇ ਹੁਣ ਉਸ ਦਾ ਖਮਿਆਜਾ ਜਥੇਦਾਰੀ ਦੀ ਬਲੀ ਦੇ ਕੇ ਭੁਗਤਨਾ ਪੈਣਾ ਹੈ। ਪਰ ਗੁਰੂ ਸਿਧਾਂਤਾਂ ਤੋਂ ਵੱਡਾ ਕੁੱਝ ਵੀ ਨਹੀਂ ਹੈ ਅਤੇ ਹੁਣ ਸਿਰਫ ਪਹਿਲੇ ਸਟੈਂਡ ਦੇ ਰੁਕਿਆਂ ਨਹੀਂ ਸਰਨਾ, 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣ ਵਾਲੇ ਉਪਰਾਲੇ ਵਾਂਗੂੰ ਇੱਕ ਹੰਬਲਾ ਹੋਰ ਮਾਰਨਾ ਚਾਹੀਦਾ ਹੈ ਅਤੇ ਸਾਰੀਆਂ ਅਲਾਮਤਾਂ ਦੇ ਇੱਕੋ ਵੇਲੇ ਹੱਲ ਵਾਸਤੇ 20 ਫਰਵਰੀ ਨੂੰ ਸਾਕਾ ਨਨਕਾਣਾ ਸਾਹਿਬ ਦੇ ਸਾਕੇ ਵਾਲੇ ਦਿਨ, ਭਾਈ ਲਛਮਣ ਸਿੰਘ ਧਾਰੋਕੀ ਵਰਗੇ ਮਹਾਨ ਸ਼ਹੀਦਾਂ ਨੂੰ ਚੇਤੇ ਕਰਦਿਆਂ, ਜਿਵੇ ਉਹਨਾਂ ਨੇ ਗੁਰਦਵਾਰੇ ਅਜਾਦ ਕਰਵਾਉਣ ਦਾ ਉਦਮ ਆਰੰਭ ਕੀਤਾ ਸੀ, ਜਥੇਦਾਰ ਨੰਦਗੜ੍ਹ ਜੀ ਨੂੰ ਬਤੌਰ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਆਪਣੇ ਪੰਥਕ ਫਰਜਾਂ ਦਾ ਪਾਲਣ ਕਰਦਿਆਂ, ਅਕਾਲ ਤਖਤ ਸਾਹਿਬ ਵਿਖੇ ਸਰਬੱਤ ਖਾਲਸਾ ਬਲਾਉਣ ਦਾ ਐਲਾਨ ਕਰ ਦੇਣਾ ਚਾਹੀਦਾ ਹੈ ਅਤੇ ਉਥੇ ਸ਼ਾਮਲ ਹੋਣੇ ਵਾਲੇ ਸਾਰੇ ਸਿੱਖਾਂ ਨੂੰ ਹਦਾਇਤ ਕਰਨੀ ਚਾਹੀਦੀ ਹੈ ਕਿ ਹਰ ਸਿੱਖ ਗੁਰੂ ਭੈਅ ਵਿੱਚ ਰਹਿੰਿਦਆਂ ਇੱਕ ਨਿਮਾਣੇ ਸਿੱਖ ਵਜੋਂ ਸਰਬੱਤ ਖਾਲਸਾ ਵਿੱਚ ਸ਼ਾਮਲ ਹੋਵੇ ਅਤੇ ਕੋਈ ਵੀ ਕਿਸੇ ਕਿਸਮ ਦਾ ਹਥਿਆਰ ਵਗੈਰਾ ਨਾ ਲੈਕੇ ਆਵੇ।

ਅਜਿਹੇ ਐਲਾਨ ਮਗਰੋਂ ਪੰਥਕ ਲੋਕਾਂ ਨੂੰ ਇਸ ਸਮਾਗਮ ਦੀ ਕਾਮਯਾਬੀ ਵਾਸਤੇ ਕਮਰਕੱਸੇ ਕਰ ਲੈਣੇ ਚਾਹੀਦੇ ਹਨ ਅਤੇ ਵਿਦੇਸ਼ ਦੇ ਸਿੱਖਾਂ ਨੂੰ ਵੀ ਬੁਲਾਇਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ 26 ਜਨਵਰੀ ਤੱਕ ਬੰਦੀ ਸਿੰਘਾਂ ਦੀ ਰਿਹਾਈ ਨਾ ਹੋਣ ਤੇ ਸਿੱਖਾਂ ਨੂੰ ਆਪਣੇ ਘਰਾਂ ਅਤੇ ਗੱਡੀਆਂ ਉੱਪਰ ਉਸ ਦਿਨ ਕਾਲੇ ਝੰਡੇ ਲਾਉਣੇ ਚਾਹੀਦੇ ਹਨ ਅਤੇ ਦਸਤਾਰਾਂ ਉੱਪਰ ਕਾਲੀਆਂ ਪੱਟੀਆਂ ਬੰਨਣੀਆਂ ਚਾਹੀਦੀਆਂ ਹਨ। ਇਹਨਾਂ ਸਾਰੇ ਪ੍ਰੋਗਰਾਮਾਂ ਦੀ ਕਾਮਯਾਬੀ ਵਾਸਤੇ ਸਾਰੇ ਪੰਥ ਦਰਦੀ ਸਿੱਖਾਂ ਨੂੰ ਹੁਣ ਤੋਂ ਮੋਰਚੇ ਸੰਭਾਲ ਲੈਣੇ ਚਾਹੀਦੇ ਹਨ। ਜਥੇਦਾਰੀ ਰਹੇ ਜਾਂ ਨਾ ਰਹੇ। ਲੇਕਿਨ ਜੇ ਜਥੇਦਾਰ ਨੰਦਗੜ੍ਹ ਅਜਿਹਾ ਮਜਬੂਤ ਪੰਥਕ ਕਦਮ ਦਲੇਰੀ ਨਾਲ ਚੁੱਕਣ ਵਿਚ ਸਫਲ ਰਹਿੰਦੇ ਹਨ, ਤਾਂ ਇਤਿਹਾਸ ਵਿੱਚ ਜਥੇਦਾਰ ਨੰਦਗੜ੍ਹ ਸੁਨਿਹਰੀ ਪੰਨੇ ਦੇ ਅਧਿਕਾਰੀ ਬਣ ਸਕਦੇ ਹਨ। ਗੁਰੂ ਰਾਖਾ !!!!!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top