Share on Facebook

Main News Page

ਬੇਦਾਵੇ ਤਾਂ ਬਹੁਤ ਹੋ ਗਏ ਸਿੰਘੋ ! ਹੁਣ ਟੁੱਟੀ ਗੰਢਣ ਬਾਰੇ ਕੀਹ ਖਿਆਲ ਹੈ ਖਾਲਸਾ ਜੀ .......
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨਕਾਲ ਨਾਲ ਜੁੜੇ ਇਤਿਹਾਸ ਨਾਲ ਸਬੰਧਤ ਸ਼ਹੀਦੀ ਜੋੜ ਮੇਲਿਆਂ ਦੀ ਲੜੀ ਅੱਜ ਮੁਕਤਸਰ ਸਾਹਿਬ ਵਿਖੇ ਆ ਪਹੁੰਚੀ ਹੈ। ਹਰ ਜਗਾ ਇੱਕ ਨਵਾਂ ਇਤਿਹਾਸ ਅਤੇ ਇੱਕ ਅਨੋਖਾ ਸੁਨੇਹਾ ਸ਼ਹੀਦਾ ਦੀ ਰੱਤ ਨਾਲ ਲਿਖਿਆ ਮਿਲਦਾ ਹੈ। ਮੁਕਤਸਰ ਸਾਹਿਬ ਦਾ ਇਤਿਹਾਸ ਸ਼ਹੀਦ ਭਾਈ ਮਹਾਂ ਸਿੰਘ ਅਤੇ ਉਹਨਾਂ ਦੇ ਚਾਲੀ ਸਾਥੀ ਸਿੰਘਾਂ ਦੀ ਸ਼ਹੀਦੀ ਨਾਲ ਸਬੰਧ ਰਖਦਾ ਹੈ। ਜਿਹਨਾਂ ਨੂੰ ਇਤਿਹਾਸ ਨੇ ਚਾਲੀ ਮੁਕਤਿਆਂ ਵਜੋਂ ਦਰਜ਼ ਕੀਤਾ ਹੈ।

ਅੱਜ ਦੇ ਦਿਨ ਬਾਰੇ ਸਿੱਖਾਂ ਵਿੱਚ ਇੱਕਸੁਰਤਾ ਨਹੀਂ ਹੈ। ਇੱਕ ਤਾਂ ਇਹ ਗੱਲ ਕਿ ਭਾਈ ਮਹਾਂ ਸਿੰਘ ਵਰਗੇ ਸਿਦਕੀ ਸਿੱਖ ਵੱਲੋਂ ਬੇਦਾਵਾ ਦੇਣ ਦੀ ਗੱਲ ਕਿਸੇ ਸੂਝਵਾਨ ਅਤੇ ਚੇਤਨ ਸਿੱਖ ਦੇ ਸੰਘੋਂ ਨਹੀਂ ਉਤਰਦੀ। ਦੂਸਰੀ ਗੱਲ ਇਹ ਕਿ ਖਿਦਰਾਣੇ ਦੀ ਢਾਬ ਦਾ ਯੁੱਧ ਅੱਤ ਦੀ ਗਰਮੀ ਭਾਵ ਹਾੜ ਦੇ ਮਹੀਨੇ ਹੋਇਆ ਲਿਖਿਆ ਮਿਲਦਾ ਹੈ। ਪਰ ਇਸ ਨੂੰ ਮਾਘ ਦੇ ਮਹੀਨੇ ਕਿਵੇ ਮਨਾਇਆ ਜਾ ਰਿਹਾ ਹੈ।

ਗਰਮੀ ਵਿੱਚ ਹੋਏ ਯੁੱਧ ਦੀ ਯਾਦ ਸਰਦੀ ਵਿੱਚ ਮਨਾਏ ਜਾਣ ਬਾਰੇ ਕੁੱਝ ਲੋਕਾਂ ਦਾ ਮੰਨਣਾ ਹੈ ਕਿ ਗਰਮੀ ਦੀ ਰੁੱਤ ਅਤੇ ਪਾਣੀ ਦੀ ਥੁੜੋਂ ਕਰਕੇ ਆਉਂਦੀਆਂ ਮੁਸ਼ਕਿਲਾਂ ਦੇ ਮੱਦੇ ਨਜਰ ਸਾਡੇ ਬਜੁਰਗਾਂ ਨੇ ਇਸ ਸ਼ਹੀਦੀ ਜੋੜਮੇਲੇ ਨੂੰ ਸਰਦੀ ਵਿੱਚ ਮਨਾਉਣ ਦਾ ਫੈਸਲਾ ਲਿਆ ਹੋਵੇਗਾ। ਪਰ ਇਸ ਦਾ ਲੋਹੜੀ ਅਤੇ ਮਾਘੀ ਨਾਲ ਜੁੜ ਜਾਣਾ ਸਾਡੀ ਬਦਕਿਸਮਤੀ ਵੀ ਹੈ ਅਤੇ ਸਾਡਾ ਅਵੇਸਲਾਪਣ ਵੀ ਹੈ। ਸਾਡਾ ਦੁਸ਼ਮਨ ਬੜਾ ਚਲਾਕ ਹੈ ਅਤੇ ਹਮੇਸ਼ਾਂ ਦਾਅ ਉੱਤੇ ਹੀ ਰਹਿੰਦਾ ਹੈ, ਜਦੋਂ ਉਸ ਨੂੰ ਇਹ ਪਤਾ ਲੱਗਾ ਕਿ ਸਿੱਖ ਇਸ ਸ਼ਹੀਦੀ ਦਿਹਾੜੇ ਨੂੰ ਗਰਮੀ ਤੋਂ ਸਰਦੀ ਵਿੱਚ ਲਿਜਾਣਾ ਚਾਹੁੰਦੇ ਹਨ ਤਾਂ ਉਸਨੇ ਬੜੀ ਸਾਫਗੋਈ ਨਾਲ ਇਸ ਨੂੰ ਮਾਘੀ ਅਤੇ ਲੋਹੜੀ ਨਾਲ ਜੋੜ ਦਿੱਤਾ। ਮਕਰ ਸੰਕ੍ਰਾਤੀ ਭਾਵ ਮਾਘੀ ਦਾ ਸਿੱਧਾ ਸਬੰਧ ਹਿੰਦੂ ਧਰਮ ਨਾਲ ਹੈ, ਸਿੱਖਾਂ ਦਾ ਕਿਸੇ ਤਰੀਕੇ ਇਸ ਨਾਲ ਕੋਈ ਲਾਗਾ ਦੇਗਾ ਨਹੀਂ ਬਣਦਾ।

ਤਿੰਨ ਸਾਲ ਪਹਿਲਾਂ ਮੁਕਤਸਰ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਤੇ ਦਾਸ ਲੇਖਕ ਮੁਕਤਸਰ ਸਾਹਿਬ ਪਹੁੰਚ ਕੇ ਲੱਗਭੱਗ ਪੰਜ ਦਰਜਨ ਸ਼ਰਧਾਲੂ ਸਿੱਖਾਂ, ਜਿਨ੍ਹਾਂ ਵਿੱਚ ਬੱਚੇ ਅਤੇ ਬੀਬੀਆਂ ਵੀ ਸ਼ਾਮਲ ਸਨ , ਨੂੰ ਪੁੱਛਿਆ ਕਿ ਤੁਸੀਂ ਇਥੇ ਕਿਵੇ ਆਏ ਹੋ, ਤਾਂ ਸਿਰਫ ਇੱਕ ਸਿੰਘ ਨੇ ਆਖਿਆ ਕਿ ਅਸੀਂ ਸ਼ਹੀਦਾਂ ਨੂੰ ਨਮਸ਼ਕਾਰ ਕਰਨ ਆਏ ਹਾਂ, ਬਾਕੀ ਸਭ ਨੇ ਮਾਘੀ ਦਾ ਇਸ਼ਨਾਨ ਕਰਨ ਆਏ ਹੀ ਦੱਸਿਆ। ਦੋ ਚਾਰ ਬਜੁਰਗ ਬੀਬੀਆਂ ਨੇ ਕਿਹਾ ਕਿ ਮੇਰੀ ਨੂੰਹ ਕੋਲ ਜਾਂ ਧੀ ਕੋਲ ਕਾਕਾ ਹੋਇਆ ਹੈ, ਸੁੱਖਣਾ ਲਾਹੁਣ ਆਏ ਹਾ। ਇੱਕ ਬੀਬੀ ਨੂੰ ਮੈਂ ਇਹ ਵੀ ਪਲਟ ਸਵਾਲ ਕੀਤਾ ਕਿ ਤੁਹਾਡੇ ਘਰ ਪੋਤਰੀ ਜਾਂ ਦੋਹਤਰੀ ਵੀ ਹੈ, ਤਾਂ ਉਸ ਨੇ ਹਾਂ ਵਿੱਚ ਜਵਾਬ ਦਿੱਤਾ। ਪਰ ਜਦੋਂ ਮੈਂ ਇਹ ਪੁੱਛਿਆ ਕਿ ਉਹਨਾਂ ਬੱਚਿਆਂ ਦੀ ਲੋਹੜੀ ਦੀ ਸੁੱਖ ਵੀ ਲਾਹੁਣ ਆਏ ਸੀ ਤੁਸੀਂ । ਤਾਂ ਉਹਨਾਂ ਮਾਤਾਵਾਂ ਨੇ ਲੱਜਾ ਜਿਹੀ ਮਹਿਸੂਸ ਕਰਦਿਆਂ ਕਿਹਾ ਭਾਈ ਤੂੰ ਸਿਆਣਾ ਈ ਐ, ਕੁੜੀਆਂ ਵਿਚਾਰੀਆਂ ਦੀ ਲੋਹੜੀ ਕੌਣ ਮਨਾਉਂਦਾ ਐ।

ਚਲੋ ਖੈਰ ! ਕੁੱਝ ਵੀ ਹੋਵੇ ਸ਼ਹੀਦ ਸਾਡੇ ਸਤਿਕਾਰਯੋਗ ਹਨ ਅਤੇ ਸਾਡੇ ਪ੍ਰੇਰਨਾ ਸਰੋਤ ਵੀ ਹਨ। ਉਨ੍ਹਾਂ ਦਾ ਦਿਹਾੜਾ ਕਿਸੇ ਦਿਨ ਵੀ ਕੋਈ ਮਨਾਵੇ ਮੁਬਾਰਿਕ ਹੈ, ਪਰ ਕਿਸੇ ਹੋਰ ਫੋਕਟ ਕ੍ਰਮ ਨਾਲ ਰਲਾ ਕੇ ਸ਼ਹੀਦਾਂ ਦੇ ਦਿਨ ਮਨਾਉਣਾ ਸ਼ਹੀਦਾਂ ਦਾ ਆਪਮਾਨ ਹੀ ਆਖਿਆ ਜਾ ਸਕਦਾ ਹੈ। ਜੇ ਭਾਈ ਮਹਾਂ ਸਿੰਘ ਬਾਰੇ ਜੋ ਇਤਿਹਾਸ ਵਿੱਚ ਲਿਖਿਆ ਹੈ ਕਿ ਉਹਨਾਂ ਨੇ ਅਨੰਦਗੜ ਕਿਲੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇ ਦਿੱਤਾ ਸੀ ਅਤੇ ਆਪਣੇ ਪਿੰਡ ਆ ਗਏ ਸਨ। ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਸਾਰਾ ਪਰਿਵਾਰ ਕੌਮ ਦੇ ਲੇਖੇ ਲਾ ਕੇ, ਮਾਲਵਾ ਦੇਸ਼ ਵੱਲ ਆਏ ਤਾਂ ਮੁਗਲ ਹਕੂਮਤ ਪਿੱਛਾ ਕਰਦੀ ਖਿਦਰਾਣੇ ਦੀ ਢਾਬ ਤੱਕ ਆ ਅੱਪੜੀ, ਉਸ ਵੇਲੇ ਮਾਈ ਭਾਗੋ ਨੇ ਭਾਈ ਮਹਾਂ ਸਿੰਘ ਅਤੇ ਉਨ੍ਹਾਂ ਦੇ ਸਾਥੀ ਸਿੰਘਾਂ ਨੂੰ ਤਾਹਨੇ ਮਿਹਣੇ ਦਿੱਤੇ ਅਤੇ ਉਹ ਫਿਰ ਮੁਕਤਸਰ ਸਾਹਿਬ ਵੱਲ ਨੂੰ ਆਏ। ਜਿਥੇ ਉਹਨਾਂ ਨੇ ਮੁਗਲ ਫੌਜ ਨੂੰ ਗੁਰੂ ਸਾਹਿਬ ਵੱਲ ਜਾਣ ਤੋਂ ਪਹਿਲਾਂ ਹੀ ਰਸਤੇ ਵਿਚ ਉਲਝਾਅ ਲਿਆ ਅਤੇ ਘਮਾਸਾਨ ਦਾ ਯੁੱਧ ਹੋਇਆ। ਭਾਈ ਮਹਾਂ ਸਿੰਘ ਦੇ ਨਾਲ ਦੇ ਸਾਰੇ ਸਿੰਘ ਸ਼ਹੀਦੀਆਂ ਪਾ ਗਏ ਸਨ। ਜਿਨ੍ਹਾਂ ਦੇ ਚਿਹਰੇ ਸਾਫ਼ ਕਰ ਕਰ ਕੇ ਗੁਰੂ ਸਾਹਿਬ ਨੇ ਖਿਤਾਬ ਦਿੱਤੇ ਕਿ ਆਹ! ਮੇਰਾ ਦਸ ਹਜ਼ਾਰੀ ਹੈ, ਆਹ! ਮੇਰਾ ਵੀਹ ਹਜ਼ਾਰੀ ਹੈ, ਪਰ ਭਾਈ ਮਹਾਂ ਸਿੰਘ ਗੰਭੀਰ ਜਖਮੀਂ ਹਾਲਤ ਵਿੱਚ ਹਾਲੇ ਸਹਿਕ ਰਿਹਾ ਸੀ, ਜਦੋਂ ਗੁਰੂ ਸਾਹਿਬ ਨੇ ਬੀਰ ਆਸਨ ਹੋ ਕੇ ਭਾਈ ਮਹਾਂ ਸਿੰਘ ਦਾ ਸਿਰ ਆਪਣੇ ਗੋਡੇ ਉੱਪਰ ਟਿਕਾ ਕੇ, ਉਸ ਦਾ ਚਿਹਰਾ ਸਾਫ਼ ਕੀਤਾ ਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਭਾਈ ਮਹਾਂ ਸਿੰਘ ਦੇ ਜੁੱਸੇ ਵਿੱਚ ਇੱਕ ਵਾਰ ਫਿਰ ਗਰਮਾਹਟ ਅਤੇ ਸ਼ਕਤੀ ਆ ਗਈ ਸੀ। ਬੇਸ਼ੱਕ ਜਿਸਮ ਤੇ ਲੱਗੇ ਸੈਂਕੜੇ ਡੂੰਘੇ ਫੱਟਾਂ ’ਚ ਖੂਨ ਵਹਿ ਵਹਿ ਕੇ ਸਰੀਰ ਦੱਸ ਰਿਹਾ ਸੀ ਕਿ ਮੌਤ ਕੁੱਝ ਸਾਹਾਂ ਦੇ ਫਾਸਲੇ ਤੇ ਖੜੀ ਹੈ, ਲੇਕਿਨ ਸਤਿਗੁਰੁ ਜੀ ਨਾਲ ਮਿਲਾਪ ਕਰਕੇ ਇੱਕ ਅਜੀਬ ਰੂਹਾਨੀ ਅਨੰਦ ਵਿੱਚ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਦੀ ਗੋਦ ਵਿੱਚ ਆਪਣਾ ਸਿਰ ਵੇਖ ਕੇ ਅੱਖਾਂ ਨਮ ਸਨ। ਸਤਿਗੁਰੁ ਜੀ ਨੇ ਪੁੱਛਿਆਂ ਮਹਾਂ ਸਿੰਘਾ ਬੋਲ ਕੀਹ ਚਾਹੀਦਾ ਹੈ। ਲੰਬੀ ਜਿੰਦਗੀ ਜਾਂ ਰਾਜਭਾਗ, ਜੋ ਆਖੇਂ ਮਿਲ ਜਾਵੇਗਾ। ਅੱਜ ਮੰਗ ਲੈ ਜੋ ਮੰਗਣਾ ਹੈ ਤੇਰਾ ਗੁਰੂ ਤੁੱਠਾ ਹੈ । ਭਾਈ ਮਹਾਂ ਸਿੰਘ ਜੀ ਨੇ ਇਹੀ ਆਖਿਆ ਜੇ ਤੁੱਠੇ ਹੋ ਤਾਂ ਫਿਰ ਟੁੱਟੀ ਗੰਢ ਲਵੋ ਪਾਤਸ਼ਾਹ । ਇਹਨਾਂ ਸ਼ਬਦਾਂ ਜਾਂ ਗੁਰੂ ਗੋਬਿੰਦ ਸਿੰਘ ਜੀ ਅਤੇ ਇੱਕ ਮਹਾਨ ਸ਼ਹੀਦ ਭਾਈ ਮਹਾਂ ਸਿੰਘ ਵਿਚਕਾਰ ਹੋਏ ਇਸ ਰੂਹਾਨੀ ਵਾਰਤਾਲਾਪ ਨੂੰ ਸਮਝਣਾ ਨਾਂ ਤਾਂ ਕਿਸੇ ਕਿਤਾਬੀ ਗਿਆਨ ਦਾ ਹਿੱਸਾ ਹੈ ਅਤੇ ਨਾਂ ਹੀ ਕਿਸੇ ਅੰਧਵਿਸ਼ਵਾਸ਼ ਦਾ ਰਹੱਸ ਆਖਿਆ ਜਾ ਸਕਦਾ ਹੈ।

ਗੱਲ ਕਿਸੇ ਕਾਗਜ਼ੀ ਬੇਦਾਵੇ ਦੀ ਨਹੀਂ ਸੀ ਅਤੇ ਬੇਦਾਵਾ ਲਫਜ਼ ਸਿਰਫ ਕਾਗਜ਼ 'ਤੇ ਉਕਰੇ ਹਰਫ਼ ਨਹੀਂ ਹੁੰਦੇ। ਅੱਜ ਜੇ ਸਿੱਖਾਂ ਦੀ ਹਾਲਤ ਵੇਖੀਏ ਤਾਂ ਹਰ ਸਿੱਖ ਹੀ ਬੇਦਾਵੀਆ ਜਾਪਦਾ ਹੈ। ਭਾਈ ਮਹਾਂ ਸਿੰਘ ਨੇ ਕੋਈ ਗਦਾਰੀ ਜਾਂ ਗੁਨਾਹ ਨਹੀਂ ਕੀਤਾ ਸੀ। ਜੇ ਕਿਸੇ ਨਾਸਮਝ ਨੂੰ ਅਜਿਹਾ ਲੱਗਦਾ ਵੀ ਹੋਵੇ ਜਾਂ ਉਹਨਾਂ ਦੀ ਬੇਦਾਵੇ ਵਾਲੇ ਕਾਗਜ਼ ਦੀ ਦਲੀਲ ਉੱਤੇ ਕੁੱਝ ਸਮੇਂ ਵਾਸਤੇ ਯਕੀਨ ਵੀ ਕਰ ਲਈਏ ਤਾਂ ਫਿਰ ਬੇਦਾਵਾ ਪੜਵਾਉਣ ਵਾਸਤੇ ਮਹਾਂ ਸਿੰਘ ਨੇ ਤਾਂ ਆਪਣਾ ਸਰੀਰ ਤੂੰਬੇ ਤੂੰਬੇ ਤੁੜਵਾ ਲਿਆ ਅਤੇ ਆਪ ਤਾਂ ਮੁਕਤਾ ਬਣਿਆ ਹੀ ਸੀ, ਸਗੋਂ ਨਾਲ ਦੇ ਉਨਤਾਲੀ ਸਾਥੀਆਂ ਨੂੰ ਵੀ ਮੁਕਤਿਆਂ ਦਾ ਖਿਤਾਬ ਦਿਵਾਕੇ ਇਤਿਹਾਸ ਵਿੱਚ ਸਦੀਵੀ ਜੀਵਨ ਦੇ ਮਲਿਕ ਬਣਾ ਗਿਆ। ਉਸਨੂੰ ਕਿੱਡੀ ਵੱਡੀ ਕੀਮਤ ਚੁਕਵਾ ਕੇ, ਮੁੜ ਗੁਰੂ ਦੀ ਖੁਸ਼ੀ ਹਾਸਿਲ ਕਰਨ ਦਾ ਮੌਕਾ ਮਿਲਿਆ।

ਅੱਜ ਦੇ ਸਮੇਂ ਵਿੱਚ ਸਿਖ ਸਭ ਕੁੱਝ ਭੁੱਲਿਆ ਫਿਰਦਾ ਹੈ। ਇੱਕ ਬੇਦਾਵਾ ਨਹੀਂ ਹੁਣ ਤਾਂ ਇਹ ਆਖਣਾ ਬਣਦਾ ਹੈ ਕਿ ਸਿੱਖ ਦੇ ਬੇਦਾਵਿਆਂ ਦੀ ਫਾਈਲ ਉਸਦੇ ਸਰੀਰ ਦੇ ਵਜ਼ਨ ਨਾਲੋ ਵੀ ਭਾਰੀ ਹੋਈ ਪਈ ਹੈ ਅਤੇ ਇਸ ਫਾਨੀ ਸੰਸਾਰ ਤੋਂ ਜਾਣ ਤੋਂ ਪਹਿਲਾਂ ਭਾਈ ਮਹਾਂ ਸਿੰਘ ਨੂੰ ਇੱਕ ਬੇਦਾਵੀ ਕਾਗਜ਼ ਦਾ ਵਜਨ ਆਤਮਾ ਤੇ ਝੱਲਣਾ ਔਖਾ ਹੋਇਆ ਪਿਆ ਸੀ। ਪਰ ਸਾਡੀ ਆਤਮਾ ਜਿਹੜੀ ਬੇਦਾਵਿਆਂ ਦੇ ਢੇਰ ਥੱਲੇ ਦੱਬੀ ਪਈ ਹੈ, ਇਸ ਦਾ ਕੀਹ ਬਣੇਗਾਸ਼ਹੀਦਾਂ ਦੇ ਜਾਂ ਗੁਰੂ ਸਾਹਿਬਾਨ ਦੇ ਦਿਹਾੜਿਆਂ ਉੱਤੇ ਅਖੰਡ ਪਾਠ ਕਰ ਲੈਣੇ ਜਾਂ ਲੰਗਰ ਲਾ ਦੇਣੇ ਜਾਂ ਵੱਡੇ ਇਕਠ ਕਰ ਲੈਣੇ ਜਾਂ ਕੋਈ ਹੋਰ ਪੁੰਨ ਦਾਨ ਕਰ ਦੇਣ ਨਾਲ ਸਿੱਖ ਇਤਿਹਾਸ ਦੀ ਪ੍ਰੋੜਤਾ ਨਹੀਂ ਹੁੰਦੀ। ਜਿੰਨੀ ਦੇਰ ਅਸੀਂ ਗੁਰੂ ਸਹਿਬਾਨ ਜਾਂ ਸ਼ਹੀਦਾਂ ਦੀ ਜੀਵਨਸ਼ੈਲੀ ਦੇ ਅਮੋਲ ਸੰਸਕਾਰਾਂ ਅਤੇ ਰੂਹਾਨੀ ਮਾਹਣਿਆਂ ਨੂੰ ਸਮਝਕੇ ਆਪਣੇ ਜੀਵਨ ਦਾ ਹਿੱਸਾ ਨਾ ਬਣਾ ਲਈਏ, ਓਨੀ ਦੇਰ ਗੁਰੂ ਦੀ ਖੁਸ਼ੀ ਸੁਪਨੇ ਵਿਚ ਵੀ ਕਿਆਸੀ ਨਹੀਂ ਜਾ ਸਕਦੀ। ਗੁਰੂ ਬੜਾ ਬਖ਼ਸ਼ਿੰਦ ਹੈ ਆਪਣੇ ਸਿੱਖ ਨੂੰ ਅਖੀਰ ਤੱਕ ਉਡੀਕਦਾ ਹੈ ਕਿ ਸ਼ਾਇਦ ਇਸ ਨੂੰ ਸਮਝ ਆ ਜਾਵੇ ਅਤੇ ਜਦੋਂ ਸਿੱਖ ਸਮਰਪਿਤ ਹੋ ਕੇ ਆ ਜਾਂਦਾ ਹੈ, ਫਿਰ ਐਸੀ ਝੋਲੀ ਭਰਦਾ ਹੈ ਕਿ ਬੇਦਾਵੀਏ ਸਿੱਖ ਤੋਂ ਮੁਕਤਾ ਬਣਾ ਦਿੰਦਾ ਹੈ।

ਅੱਜ ਸਿੱਖ ਆਪ ਤਾਂ ਖਵਾਰ ਹੋ ਹੀ ਰਿਹਾ ਹੈ ਅਤੇ ਨਾਲ ਨਾਲ ਉਸ ਦੇ ਸਾਹਮਣੇ ਹਰ ਰੋਜ਼ ਸਿੱਖੀ ਸਿਧਾਂਤਾਂ ਨਾਲ ਵੀ ਖਿਲਵਾੜ ਹੋ ਰਿਹਾ ਹੈ। ਗੁਰੂ ਇਤਿਹਾਸ ਵਿੱਚ ਮਿਲਾਵਟ ਹੋ ਰਹੀ ਹੈ, ਗੁਰੂ ਦੀ ਬਾਣੀ ਨੂੰ ਚੈਲਿੰਜ ਕਰਨ ਵਾਸਤੇ ਮਨਸੂਬੇ ਘੜੇ ਜਾ ਰਹੇ ਹਨ। ਜਿਸ ਕੌਮ ਦੀਆਂ ਜੜ੍ਹਾਂ ਪੱਕੀਆਂ ਕਰਨ ਵਾਸਤੇ ਆਪਣੇ ਪੁੱਤਰਾਂ ਦੇ ਚਾਰ ਬੀਮ ਨੀਹਾਂ ਵਿੱਚ ਪਾਏ ਹੋਣ, ਉਹ ਕੌਮ ਅੱਜ ਮੁਕਤੀ ਦੇ ਦਾਤੇ ਨੂੰ ਵਿਸਾਰ ਕੇ ਬਿਪਰਵਾਦੀ ਟੋਲੇ ਦੇ ਰੰਗ ਵਿੱਚ ਰੰਗੀ ਜਾ ਰਹੀ ਹੈ। ਸਿਆਸਤਾਂ ਦੇ ਨਸ਼ੇ ਦੀ ਨੀਂਦ ਨੇ ਸੁੱਧ ਹੀ ਨਹੀਂ ਰਹਿਣ ਦਿੱਤੀ, ਵਿਰਸਾ ਲੁਟਾਈ ਜਾ ਰਹੇ ਹਾਂ। ਆਗੂ ਬੇਦਾਵੇ ਤੇ ਬੇਦਾਵਾ ਲਿਖੀ ਜਾ ਰਹੇ ਹਨ। ਪਰ ਅੱਜ ਜਦੋਂ ਚਾਲੀ ਮੁਕਤਿਆਂ ਨੂੰ ਯਾਦ ਕਰੋਗੇ, ਭਾਵੇ ਮਾਘੀ ਨਹਾਉਣ ਜਾਂ ਲੋਹੜੀ ਦੀ ਸੁੱਖ ਦੇਣ ਹੀ ਮੁਕਤਸਰ ਸਾਹਿਬ ਦੀ ਧਰਤੀ ਤੇ ਜਾਉਗੇ ਤਾਂ ਉਥੇ ਅੰਤਰ ਆਤਮਾਂ ਵਿੱਚ ਕੁੱਝ ਪਲ ਦੁਨੀਆਂ ਤੋਂ ਬੇਖਬਰ ਹੋ ਕੇ ਵੇਖਿਓ। ਕਿਤੇ ਕਲਗੀਧਰ ਬੀਰ ਆਸਨ ਹੋ ਕੇ ਬੈਠਾ ਤੁਹਾਡੇ ਵਿੱਚੋਂ ਕਿਸੇ ਦੀ ਉਡੀਕ ਕਰਦਾ ਹੋਵੇਗਾ। ਹੁਣ ਸੀਸ ਦੀ ਭੇਟਾ ਵੀ ਨਹੀਂ। ਸਿਰਫ ਗੁਰੂ ਵੱਲ ਮੁੰਹ ਕਰਨ ਦੀ ਲੋੜ ਹੈ ਦਸ਼ਮੇਸ਼ ਜੀ ਸੀਨੇ ਨਾਲ ਲਾ ਲੈਣਗੇ।

ਕੀਹ ਸਾਡਾ ਅੰਦਰਲਾ ਕਦੇ ਪਸੀਜਦਾ ਨਹੀਂ? ਸਾਨੂੰ ਚਮਕੌਰ ਦੀ ਕੱਚੀ ਗੜੀ, ਸਰਹਿੰਦ ਦੀਆਂ ਦੀਵਾਰਾਂ ਜਾਂ ਖਿਦਰਾਣੇ ਦੀ ਢਾਬ ਨੂੰ ਚੇਤੇ ਕਰਕੇ, ਉਸ ਪ੍ਰੀਤਮ ਪਿਆਰੇ ਦੀ ਯਾਦ ਨਹੀਂ ਆਉਂਦੀ। ਜਿਹੜਾ ਕਦੇ ਸਾਡੇ ਉੱਤੇ ਮਾਨ ਕਰਕੇ ਆਖਦਾ ਸੀ ‘ਇਨ ਪੁਤਰਨ ਕੇ ਸੀਸ ਪੁਰ ਵਾਰ ਦੀ ਸੁਤ ਚਾਰ, ਚਾਰ ਮੁਏ ਤੋ ਕਿਆ ਹੁਆ ਜੀਵਤ ਕਈ ਹਜ਼ਾਰ’ ਪਰ ਅਸੀਂ ਤਾਂ ਹੱਦ ਹੀ ਮੁਕਾ ਦਿੱਤੀ। ਉਸਦਾ ਕਰਜਾ ਤਾਂ ਕੀ ਮੋੜਣਾ ਸੀ, ਸੂਦ ਵੀ ਨਹੀਂ ਮੋੜ ਸਕੇ। ਆਓ! ਅੱਜ ਦਾ ਇਹ ਦਿਹਾੜਾ ਇੱਕ ਸੁਨੇਹਾ ਲੈਕੇ ਆਇਆ ਹੈ।

ਬਹੁਤ ਹੋ ਗਿਆ! ਹੁਣ ਬੇਦਾਵੇ ਕਾਫੀ ਹਨ, ਟੁੱਟੀ ਗੰਢਣ ਵੱਲ ਵੀ ਮੁੜੀਏ। ਇਸ ਜਿੰਦਗੀ ਨੇ ਤਾਂ ਮੁੱਕ ਹੀ ਜਾਣਾ ਹੈ। ਫਿਰ ਕਿਉਂ ਨਾ ਦਸ ਹਜ਼ਾਰੀ, ਵੀਹ ਹਜ਼ਾਰੀ ਅਤੇ ਮੁਕਤਿਆਂ ਦਾ ਖਿਤਾਬ ਲੈਕੇ ਕਲਗੀਧਰ ਦੇ ਪੁੱਤਰਾਂ ਦੀਆਂ ਕਲਮਾਂ ਅਤੇ ਪਿਤਾ ਮਾਤਾ ਦੀ ਰੱਤ ਦੀ ਸਿਆਹੀ ਨਾਲ ਲਿਖੇ ਸੁਰਖ ਪੰਨੇ ਉੱਤੇ ਆਪਣਾ ਨਾਮ ਦਰਜ਼ ਕਰਵਾਉਣ ਜੋਗੇ ਹੋ ਜਾਈਏ । ਗੁਰੂ ਸਮੱਤ ਬਖਸ਼ੇ ਜੀ !!!!!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top