Share on Facebook

Main News Page

ਘਾਟ ਕਿੱਥੇ ਰਹਿ ਗਈ... ?
-: ਗੁਰਜਾਪ ਸਿੰਘ

ਇਹ ਜ਼ਰੂਰੀ ਨਹੀਂ ਕਿ ਜੋ ਸ. ਗੁਰਜਾਪ ਸਿੰਘ ਜੀ ਨੇ ਅਤੇ ਜੋ ਸੰਪਾਦਕੀ ਟਿੱਪਣੀ ਲਿਖੀ ਗਈ ਹੈ, ਉਸ ਨਾਲ ਸਾਰੇ ਸਹਿਮਤ ਹੋਣ, ਕਿਰਪਾ ਕਰਕੇ ਜਿਨ੍ਹਾਂ ਪਾਠਕਾਂ ਨੇ ਕੁਮੈਂਟ ਕਰਨੇ ਹੋਣ, ਉਹ ਬਿਨ੍ਹਾਂ ਪੜ੍ਹੇ ਆਪਣੀ ਭੜਾਸ ਨਾ ਕੱਢਣ। ਆਸ ਹੈ ਕਿ ਬੇਨਤੀ ਪ੍ਰਵਾਨ ਕਰੋਗੇ। ... - ਸੰਪਾਦਕ ਖ਼ਾਲਸਾ ਨਿਊਜ਼


ਅੱਜ ਸਾਡੇ ਵਿੱਚ ਗਿਰਾਵਟ ਤੇ ਗਿਰਾਵਟ ਆ ਰਹੀ ਹੈ, ਅਸੀਂ ਸਿੱਖੀ ਤੋਂ ਬੇਮੁੱਖ ਹੋਈ ਜਾਨੇ ਹਾਂ, ਸਾਡੇ ਜੀਵਨ ਦਾ ਹਰ ਪੜਾਅ ਗੁਰੂ ਦੀ ਸੋਚ ਨਾਲ ਜੁੜਿਆ ਹੋਇਆ ਹੈ, ਸਾਡਾ ਧਾਰਮਿਕ ਤੇ ਸਮਾਜਿਕ ਹਰ ਢਾਂਚਾ ਮਰਿਯਾਦਾ ਵਿੱਚ ਬੱਝਾ ਪਿਆ ਹੈ, ਗੁਰੂ ਸਾਹਿਬਾਂ ਨੇ ਸਾਡੇ 'ਤੇ ਜਬਰੀ ਨਿਯਮ ਨਹੀਂ ਠੋਕੇ, ਉਨ੍ਹਾਂ ਨੇ ਸਾਨੂੰ ਇੱਕ ਨਿਯਮ ਵਿੱਚ ਬੰਨ ਦਿੱਤਾ, ਜਿਸ ਨੂੰ ਮਰਿਯਾਦਾ ਕਹਿ ਸਕਦੇ ਹਾਂ। ਸਮੁੰਦਰ ਕਦੇ ਵੀ ਤੂਫਾਨ ਨਹੀਂ ਲਿਆਉਂਦਾ, ਤੂਫਾਨ ਲਹਿਰਾਂ ਲੈ ਕੇ ਆਉਦੀਆਂ ਨੇ, ਕਿਉਂਕਿ ਲਹਿਰਾਂ ਮਰਿਯਾਦਾ ਤੋੜ ਦਿੰਦੀਆਂ ਨੇ। ਜਦੋਂ ਮਰਿਯਾਦਾ ਟੁੱਟ ਜਾਂਦੀ ਹੈ, ਫਿਰ ਪਰਲੋ ਆ ਜਾਂਦੀ ਹੈ, ਜੋ ਸਭ ਲਈ ਨੁਕਸਾਨਦੇਹ ਬਣਦੀ ਹੈ।

ਸਿੱਖ ਦਾ ਜੀਵਨ ੪ ਸੰਸਕਾਰਾਂ ਵਿੱਚ ਦੀ ਗੁਜ਼ਰਦਾ ਹੈ:

੧. ਜਨਮ ਅਤੇ ਨਾਮ ਸੰਸਕਾਰ
੨. ਖੰਡੇ ਦੀ ਪਾਹੁਲ
੩. ਆਨੰਦ ਸੰਸਕਾਰ
੪. ਮ੍ਰਿਤਕ ਸੰਸਕਾਰ

ਗੁਰੂ ਸਾਹਿਬਾਂ ਨੇ ਪੁਰਾਤਨ ਬ੍ਰਾਹਮਣਵਾਦੀ ਰੀਤਾਂ ਦੀ ਕੰਧ ਤੋੜ ਕੇ, ਸਿੱਖ ਨੂੰ ਵਧੀਆ ਜੀਵਨ ਜਾਚ ਸਿਖਾਈ, ਕਿ ਸਿੱਖਾ ਹਰ ਸੰਸਕਾਰ ਗੁਰੂ ਤੋਂ ਪੁੱਛ ਕੇ ਕਰੀਂ... ਕਿ ਕਾਰਜ ਗੁਰਮਤਿ ਅਨੁਸਾਰ ਹੀ ਹੋਣੇ ਚਾਹਿਦੇ ਨੇ... ਆਨੰਦ ਕਾਰਜ ਜਾਂ ਵਿਆਹ.. ਖੁਸ਼ੀ ਦਾ ਨਾਮ ਦੋ ਵਿਭਿੰਨ ਰੂਹਾਂ ਦਾ ਮੇਲ "
ਨਾਨਕ ਏਕ ਜੋਤਿ ਦੁਇ ਮੂਰਤੀ ਸਬਦਿ ਮਿਲਾਵਾ ਹੋਇ ॥"

ਅੱਜਕੱਲ ਸਿੱਖ ਗੁਰਮਤਿ ਦੇ ਨਿਯਮਾਂ ਨੂੰ ਛੱਡ ਕੇ, ਆਪ ਹੁਦਰੀਆਂ ਕਰਨ ਲੱਗ ਪਏ ਹਨ। ਪੈਸੇ ਦੇ ਲਾਲਚ, ਜਾਂ ਹੋਰ ਕਾਰਨ ਕਰਕੇ ਉਹ ਇਹ ਵੀ ਨਹੀਂ ਸੋਚ ਦੇ ਇਹ ਗੁਰਮਤਿ ਅੁਨਸਾਰ ਠੀਕ ਹੈ ਜਾਂ ਨਹੀਂ... ਰਹਿਤ ਮਰਿਯਾਦਾ ਅਨੁਸਾਰ ਬੱਚੇ ਬੱਚੀ ਦਾ ਅਮ੍ਰਿੰਤਧਾਰੀ ਹੋਣਾ ਜਰੂਰੀ ਹੈ, ਗੁਰੂ ਸਾਹਿਬਾਂ ਨੇ ਜੋ ਲਾਵਾਂ ਦੀ ਬਾਣੀ ਉਚਾਰੀ ਹੈ, ਬੇਸ਼ੱਕ ਮਨ ਨੂੰ ਸੰਬੋਧਨ ਹੈ, ਪਰ ਸਤਿਗੁਰਾਂ ਦੋ ਸਰੀਰਾਂ ਦੀ ਇੱਕ ਜੋਤਿ ਬਣਨ ਨੂੰ ਕਿਹਾ ਹੈ, ਇੱਕ ਦੀ ਜੋਤਿ ਤਾਂ ਹੀ ਬਣ ਸਕਦੇ ਨੇ, ਜੇ ਇੱਕ ਗੁਰੂ ਦੇ ਧਾਰਨੀ ਹੋਣਗੇ, ਇੱਕ ਵਿਚਾਰ ਅਧੀਨ ਜੀਵਨ ਦੀ ਗੱਡੀ ਚਲਾਉਣਗੇ...

ਸਾਡੇ ਵਿੱਚ ਇਹ ਗਿਰਾਵਟ ਆ ਵੀ ਗਈ... ਖੰਡੇ ਬਾਟੇ ਦੀ ਪਾਹੁਲ ਤੋਂ ਦੂਰ ਹੋ ਗਏ, ਸਾਡੇ ਬੱਚੇ ਪੱਤਿਤ ਹੋ ਗਏ, ਮਾਂ ਬਾਪ ਦੇ ਨਾਲ -ਨਾਲ ਸਾਡੀਆਂ ਧਾਰਮਿਕ ਸੰਸਥਾਵਾਂ ਵੀ ਇਸ ਗਿਰਾਵਟ ਦੀ ਜਿੰਮੇਵਾਰ ਨੇ.. ਅੱਜ ਸਾਡੇ ਬੱਚੀ ਬੱਚੇ ਗੈਰ ਸਿੱਖਾਂ ਵਿੱਚ ਵਿਆਹ ਕਰਾਉਣ ਲੱਗ ਪਏ, ਫਿਰ ਅਸੀਂ ਇੱਕ ਗੁਰੂ ਦੇ ਵਿਚਾਰ ਦੇ ਕਿਵੇਂ ਧਾਰਨੀ ਬਣਾਂਗੇ... ਬੇਸ਼ਕ ਸਾਡੇ ਵਿੱਚ ਗਿਰਾਵਟ ਆ ਗਈ, ਸਾਡੇ ਬੱਚੇ ਬੱਚੀਆਂ ਸਿੱਖੀ ਦੇ ਨਿਆਰੇਪਣ ਤੋਂ ਦੂਰ ਹੋ ਗਏ, ਉਨਾਂ ਦੇ ਆਨੰਦ ਕਾਰਜ ਗੁਰਮਤਿ ਮਰਿਯਾਦਾ ਨਾਲ ਨਹੀਂ ਹੋ ਸਕਦੇ... ਇੱਥੇ ਆਸ ਰੱਖਦੇ ਹਾਂ ਸਤਿਗੁਰੂ ਜੀਉ ਅਸੀਂ ਗਲਤ ਹਾਂ ਸਾਨੂੰ ਮੁੜ ਰਸਤਾ ਦਿਖਾ ਦੇਣਾ। ਆਪਣੇ ਘਰ ਨਾਲੋਂ ਸਾਨੂੰ ਤੋੜਨਾ ਨਾ... ਪਰ ਜਦ ਸਾਡੇ ਬੱਚੇ ਗੈਰ ਸਿੱਖਾਂ ਵਿੱਚ ਵਿਆਹ ਕਰਾਉਂਦੇ ਨੇ, ਫਿਰ ਕੀ ਆਸ ਰੱਖਾਂਗੇ?

ਪਿੱਛਲੇ ਦਿਨੀਂ ਟੋਰਾਂਟੋ ਵਿੱਚ ਇੱਕ ਮੁਸਲਮਾਨ ਲੜਕੇ ਨਾਲ ਸਿੱਖ ਨਾਮ ਵਾਲੀ ਬੱਚੀ ਦਾ ਵਿਆਹ ਹੋਇਆ, ਜਿਸ ਦਾ ਹਰ ਸਿੱਖ ਦਾ ਦਿਲ ਦੁਖਿਆ, ਕਿ ਇਹ ਕੀ ਹੋ ਰਿਹਾ ਹੈ? ਗੁਰਦਵਾਰੇ ਦੀ ਕਮੇਟੀ ਜਿੰਮੇਵਾਰ ਜਾਂ ਮਾਂ ਪਿਉ... ਦੋਨੇਂ ਹੀ ਜਿੰਮੇਵਾਰ ਹਨ...

ਇੰਗਲੈਡ ਵਿੱਚ ਇਹ ਸਭ ਕੁਝ ਹੋ ਰਿਹਾ ਹੈ, ਸਿੱਖ ਬੱਚੀਆਂ ਗੈਰ ਸਿੱਖਾਂ ਦੇ ਡਹੇ ਚੜ ਕੇ ਲਾਹੌਰ ਦੇ ਕੋਠਿਆਂ 'ਤੇ ਆਪਣਾ ਜਿਸਮ ਵੇਚ ਰਹੀਆਂ ਨੇ, ਮਜਬੂਰ ਕੀਤਾ ਜਾ ਰਿਹਾ ਹੈ... ਮੁਸਲਮਾਨ ਲੜਕੇ ਸਾਡੀਆਂ ਬੱਚੀਆਂ ਨਾਲ ਵਿਆਹ ਕਰ, ਫਿਰ ਉਹ ਕੀ ਕਰਦੇ ਨੇ ਇਹ ਸਾਰਾ ਕੁਝ ਸਾਹਮਣੇ ਆ ਚੁੱਕਾ ਹੈ... ਭਾਈ ਮਨਮੋਹਨ ਸਿੰਘ ਜੋ ਇੱਕ ਕਮੇਟੀ ਬਣਾ ਕੇ ਇਗਲੈਂਡ ਵਿੱਚ ਸਿੱਖ ਪਰਿਵਾਰਾਂ ਨੂੰ ਸੁਚੇਤ ਕਰ ਰਹੇ ਨੇ, ਕਿ ਭਾਈ, ਸੰਭਲ ਜਾਉ ਆਪਣੇ ਬੱਚੇ ਸਾਂਭ ਲਵੋ, ਖਾਸ ਕਰਕੇ ਬੱਚੀਆਂ, ਕਿਉਂਕਿ ਅੱਜ ਇੱਕ ਨਹੀਂ ਹਜ਼ਾਰਾਂ ਸਿੱਖ ਬੱਚੀਆਂ ਲਾਹੌਰ ਜਾਂ ਹੋਰ ਥਾਂਵਾ 'ਤੇ ਲਿਜਾ ਕੇ, ਇਹ ਮੁਸਲਮਾਨ ਲੜਕੇ ਵੇਚ ਦਿੰਦੇ ਨੇ... ਲਿਖਣ ਨੂੰ ਬਹੁਤ ਕੁਝ ਹੈ, ਮੇਰਾ ਇਹ ਲਿਖਣਾ ਕਿਸੇ ਨਾਲ ਜਾਤੀ ਤੌਰ 'ਤੇ ਵਿਤਕਰਾ ਨਹੀਂ, ਸਗੋਂ ਆਪਣੇ ਸਿੱਖ ਭਾਈਚਾਰੇ ਨੂੰ ਸੁਚੇਤ ਕਰਨਾ ਹੈ... ਕਿ ਦੇਖਿਉ ਕਿਤੇ ਦੇਰ ਨਾ ਹੋ ਜਾਵੇ...

ਜੇ ਸਿੱਖ ਬੱਚਾ ਬੱਚੀ ਕਿਸੇ ਗੈਰ ਸਿੱਖ ਨਾਲ ਵਿਆਹ ਕਰਨਾ ਚਾਹੁੰਦੇ ਨੇ, ਜੀ ਸਦਕੇ ਕਰਨ, ਪਰ ਆਨੰਦ ਕਾਰਜ ਨਹੀਂ ਹੋ ਸਕਦਾ। ਆਨੰਦ ਕਾਰਜ ਉਸ ਦਾ ਹੀ ਹੋਵੇਗਾ, ਜੋ ਗੁਰਮਤਿ ਅਨੁਸਾਰ ਹੋਵੇਗਾ, ਇੱਕ ਗੁਰੂ ਦੇ ਬਣਾਂਗੇ ਤੱਦ ਹੀ... ਮੈਂ ਲਿਖਣ ਵਿੱਚ ਕੋਈ ਗਲਤੀ ਕੀਤੀ ਹੋਵੇ ਕਿਰਪਾ ਕਰਕੇ ਸੋਧ ਜਰੂਰ ਕਰ ਦੇਣਾ ਜੀ... ਆਪ ਦੇ ਵਿਚਾਰਾਂ ਦੀ ਉਡੀਕ ਵਿੱਚ...


ਟਿੱਪਣੀ:

ਗੁਰਜਾਪ ਸਿੰਘ ਜੀ, ਆਪ ਜੀ ਦੀ ਚਿੰਤਾ ਸਹੀ ਹੈ, ਜਾਇਜ਼ ਵੀ ਹੈ, ਪਰ ਕੀ -

- ਕੀ ਇਹ ਸਿਰਫ ਗੁਰਦੁਆਰੇ ਵਾਲਿਆਂ ਦੀ ਗਲਤੀ ਹੈ?
- ਕੀ ਇਸ ਵਿੱਚ ਸਿੱਖ ਮਾਪਿਆਂ ਦੀ ਪਰਵਰਿਸ਼ ਦਾ ਮਸਲਾ ਨਹੀਂ? ਜਿਸ ਕਾਰਣ ਇਹ ਵਾਪਰ ਰਿਹਾ ਹੈ, ਕਿ ਇੱਕ ਸਿੱਖ ਨਾਮ ਵਾਲੀ ਲੜਕੀ, ਦਾ ਵਿਆਹ, ਇੱਕ ਮੁਸਲਮਾਨ ਲੜਕੇ ਨਾਲ ਹੋ ਰਿਹਾ ਹੈ?
- ਕੀ ਗੁਰਦੁਆਰਿਆਂ ਵਿੱਚ ਬਾਕੀ ਹੋ ਰਹੇ 99% ਵਿਆਹ, ਜਿਸ ਵਿੱਚ ਸਿੱਖ ਅਖਵਾਉਣ ਵਾਲਿਆਂ ਦੇ ਮੁੰਡੇ ਸਿਰਫ ਅਨੰਦ ਕਾਰਜ ਦੇ ਸਮੇਂ ਲਈ ਹੀ ਥੋੜ੍ਹੇ ਦਿਨਾਂ ਲਈ ਉਸਤਰਾ ਨਹੀਂ ਫੇਰਦੇ, ਤੇ ਲਾਵਾਂ ਹੋਣ ਤੋਂ ਬਾਅਦ, ਉਹ ਸਿਰ ਮੂੰਹ ਮੁਨਾ ਛੱਡਦੇ ਹਨ... ਕੀ ਇਹ ਵਿਆਹ ਜਾਇਜ਼ ਹਨ, ਕੀ ਇਹ ਸਿੱਖ ਰਹਿਤ ਮਰਿਆਦਾ ਅਨੁਸਾਰ ਹੋ ਰਹੇ ਹਨ ਜਾਂ ਉਹ ਲੋਕ ਸਿੱਖ ਰਹਿਤ ਮਰਿਆਦਾ ਨੂੰ ਮੰਨਦੇ ਹਨ?
- ਜਦੋਂ ਕਿਸੇ ਸਿੱਖ ਅਖਵਾਉਣ ਵਾਲੇ ਦਾ ਮੁੰਡੇ ਦਾ ਵਿਆਹ, ਕਿਸੀ ਗੋਰੀ ਜਾਂ ਗੈਰ ਸਿੱਖ ਨਾਲ ਹੁੰਦਾ ਹੈ, ਤਾਂ ਉਸ ਵੇਲੇ ਇਹ ਚਿੰਤਾ ਕਿਉਂ ਨਹੀਂ ਜਤਾਈ ਜਾਂਦੀ? ਉਦੋਂ ਸਿੱਖ ਰਹਿਤ ਮਰਿਆਦਾ ਕਿੱਥੇ ਜਾਂਦੀ ਹੈ?

ਗੱਲ ਸਿੱਖ ਰਹਿਤ ਮਰਿਆਦਾ ਦੀ ਨਹੀਂ, ਇਥੇ ਹੈ ਸਿੱਖ ਅਖਵਾਉਣ ਵਾਲਿਆਂ ਦੀ ਆਪਣੀ ਨਾਲਾਇਕੀ ਦੀ, ਗੁਰਬਾਣੀ ਤੋਂ ਪ੍ਰੇਰਣਾ ਨਾ ਲੈਣ ਦੀ, ਗੁਰਮਤਿ ਵਿਰੋਧੀ ਹੋਣ ਦੀ, ਸਿੱਖ ਰਹਿਤ ਮਰਿਆਦਾ ਨਾਲੋਂ ਗੁਰੂ ਦੀ ਸਿਖਿਆ ਦੀ ਘਾਟ ਦੀ। ਸਾਨੂੰ ਸਿਰਫ ਉਪਰਲੇ ਤਲ 'ਤੇ ਨਹੀਂ, ਹੋ ਰਹੀ ਕਾਰਵਾਈਆਂ ਦੀ ਜੜ੍ਹ ਘੋਗਣ ਦੀ ਜ਼ਰੂਰਤ ਹੈ, ਇਹ ਇਕ ਜਗ੍ਹਾ ਦੀ ਮੁਸੀਬਤ ਨਹੀਂ, ਸਾਰੇ ਸਿੱਖ ਅਖਵਾਉਣ ਵਾਲਿਆਂ ਦੀ ਨਾਲਾਇਕੀ ਦਾ ਸਬੂਤ ਹੈ।

ਇੰਗਲੈਂਡ ਸਮੇਤ ਭਾਰਤ ਅਤੇ ਹੋਰ ਦੇਸ਼ਾਂ ਵਿੱਚ "ਲਵ ਜਿਹਾਦ" ਦੇ ਨਾਮ ਹੇਠ ਮੁਸਲਮਾਨ ਲੜਕੇ ਦਾ ਹੋਰ ਧਰਮਾਂ ਦੀਆਂ ਲੜਕੀਆਂ ਖ਼ਾਸ ਕਰਕੇ ਹਿੰਦੂ ਅਤੇ ਸਿੱਖ ਅਖਵਾਉਣ ਵਾਲੀਆਂ ਲੜਕੀਆਂ ਨੂੰ ਆਪਣੇ ਇਸ਼ਕ ਦੇ ਜਾਲ 'ਚ ਫਸਾਉਂਦੇ ਨੇ, ਅਤੇ 99% ਲੜਕੀਆਂ ਆਪਣੇ ਘਰ ਦਿਆਂ ਤੋਂ ਬਾਗੀ ਹੋ ਕੇ ਉਨ੍ਹਾਂ ਨਾਲ ਵਿਆਹ ਕਰਵਾਉਂਦੀਆਂ ਨੇ, ਤੇ ਬਾਅਦ ਵਿੱਚ ਪਛਤਾਉਂਦੀਆਂ ਨੇ। ਪਰ ਇੱਥੇ ਇਹ ਨਹੀਂ, ਇਹ ਵਿਆਹ ਮਾ ਪਿਆਂ ਦੀ ਰਜ਼ਾਮੰਦੀ ਨਾਲ, ਗੁਰਦੁਆਰੇ (ਗੋਲਕਦੁਆਰੇ) ਵਿੱਚ ਹੋਇਆ ਹੈ।

ਅਜਕੱਲ 99% ਗੁਰਦੁਆਰੇ, ਵਾਪਾਰਿਕ ਅਦਾਰੇ ਹਨ, ਮੈਰਿਜ ਪੈਲਿਸ ਹਨ, ਲੰਗਰ ਦੇ ਨਾਮ 'ਤੇ ਖਾਣ ਪੀਣ ਦੇ ਥਾਂ ਹਨ, ਟਾਈਮ ਪਾਸ ਕਰਨ ਦੀ ਜਗ੍ਹਾ ਹਨ, ਗੁਰਮਤਿ ਵਿਰੋਧੀ ਕਾਰਵਾਈਆਂ ਦੇ ਕੇਂਦਰ ਹਨ... ਗੁਰਦੁਆਰੇ ਦੀ ਥਾਂ 'ਤੇ ਇਨ੍ਹਾਂ ਗੋਲਕਦੁਆਰੇ ਕਹਿਣਾ ਜਿਆਦਾ ਵਾਜਿਬ ਰਹੇਗਾ। ਇਨ੍ਹਾਂ ਗੋਲਕਦੁਆਰਿਆਂ ਤੋਂ ਗੁਰਮਤਿ ਦੀ ਆਸ ਰੱਖਣੀ, ਸਿੱਖ ਰਹਿਤ ਮਰਿਆਦਾ ਅਨੁਸਾਰ ਇੱਥੇ ਕੋਈ ਕਾਰਗੁਜ਼ਾਰੀ ਭਾਲਣੀ, ਸਮਾਂ ਖਰਾਬ ਕਰਨ ਤੋਂ ਵੱਧ ਕੁੱਝ ਨਹੀਂ। ...ਕੋਈ ਹਰਿਆ ਬੂਟੁ ਰਹਿਓ ਰੀ, ਜੇ ਕੋਈ ਗੁਰਦੁਆਰਾ ਇਨ੍ਹਾਂ ਸਾਰੀਆਂ ਲੋਟੂ ਕਾਰਵਾਈਆਂ ਤੋਂ ਸੱਖਣਾ ਹੈ, ਤਾਂ ਉਥੇ ਜਾ ਕੇ ਵੀ ਗੁਰਮਤਿ ਸਿੱਖੀ ਜਾ ਸਕਦੀ ਹੈ।

ਉਦਾਹਰਣ ਦੇ ਤੌਰ 'ਤੇ: ਸੰਸਾਰ ਵਿੱਚ ਜੁਇਸ਼ Jewish ਕੌਮ ਕਾਫੀ ਛੋਟੀ ਹੈ, ਪਰ ਸਮਾਜਿਕ, ਆਰਥਿਕ, ਵਿਦਿਯਕ, ਵਾਪਾਰਿਕ ਤੌਰ 'ਤੇ ਸੰਸਾਰ ਦੀਆਂ ਬਾਕੀ ਕੌਮਾਂ ਨਾਲੋਂ ਕਿਤੇ ਅੱਗੇ ਹੈ। ਅਮਰੀਕਾ ਵਰਗਾ ਦੇਸ਼ ਇਨ੍ਹਾਂ ਦੇ ਹੱਥ 'ਚ ਹੈ। ਉਹ ਲੋਕ ਧਾਰਮਿਕ ਬਿਲਡਿੰਗਾਂ ਵੱਲ ਘੱਟ ਤਵੱਜੋ ਦਿੰਦੇ ਹਨ, ਪਰ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਸਕੂਲਾਂ, ਕਾਲਜਾਂ ਵੱਲ ਜ਼ਿਆਦਾ ਧਿਆਨ ਦਿੰਦੇ ਹਨ, ਹਸਪਤਾਲਾਂ ਵਲ ਜ਼ਿਆਦਾ ਖਰਚ ਕਰਦੇ ਹਨ... ਉਨ੍ਹਾਂ ਦੇ ਨਿਆਣੇ ਕਿਸੇ ਵੀ ਬਾਹਰਲੀ ਕੌਮ ਨਾਲ ਵਿਆਹ ਨਹੀਂ ਰਚਾਉਂਦੇ... ਕਾਰਣ... ਉਨ੍ਹਾਂ ਨੇ ਆਪਣੀਆਂ ਜੜ੍ਹਾਂ ਪੱਕੀਆਂ ਕੀਤੀਆਂ...

... ਤੇ ਅਸੀਂ... ਆਪਣੀਆਂ ਜੜ੍ਹਾ ਵੱਢ ਰਹੇ ਹਾਂ... ਸਿਰਫ ਦਿਖਾਵਾ... ਹਰ ਇੱਕ ਸਮੱਸਿਆ ਦਾ ਹਲ ਅਸੀਂ ਸੜਕਾਂ 'ਤੇ ਭਾਲਦੇ ਹਾਂ, ਲੜਾਈਆਂ 'ਚ ਭਾਲਦੇ ਹਾਂ... ਤਾਹੀਓਂ ਤਾਂ ਸਿੱਖ ਅਖਵਾਉਣ ਵਾਲਿਆਂ ਦੀ ਈਮੇਜ ਹੀ "ਸੜਕ ਛਾਪ" ਬਣ ਚੁਕੀ ਹੈ...

ਸਿੱਖਾਂ ਦਾ ਕੋਈ ਵਿਦਿਯਕ ਅਦਾਰਾ ਨਹੀਂ, ਜੋ ਸਿੱਖਾਂ ਲਈ ਦੁਨਿਆਵੀ ਪੜ੍ਹਾਈ ਦੇ ਨਾਲ ਨਾਲ ਧਾਰਮਿਕ ਸਿਖਿਆ ਵੀ ਆਲਾ ਦਰਜੇ ਦੀ ਦੇਵੇ... ਸਿੱਖਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ... ਕਮੀ ਹੈ ਤਾਂ ਸਿਰਫ ਖਰਚ ਕਰਣ ਦੇ ਤਰੀਕਿਆਂ 'ਤੇ... ਦਿਖਾਵੇ ਖਾਤਿਰ ਗੁਰਦੁਆਰਿਆਂ 'ਤੇ ਸੋਨਾ ਚੜ੍ਹਾਈ ਜਾਣਾ, ਗੁਰਪੁਰਬ ਮਨਾਈ ਜਾਣੇ (ਗੁਰੂ ਨੂੰ ਨਹੀਂ ਮਨਾਉਣਾ, ਨਾ ਹੀ ਗੁਰੂ ਦੀ ਮੰਨਣਾ), ਬੇਹਿਸਾਬ ਤੇ ਫਾਲਤੂ ਦੇ ਜਲੂਸ ਕੱਢਣੇ (ਜਿਨ੍ਹਾਂ ਨੂੰ ਨਗਰ ਕੀਰਤਨ ਕਹੀ ਜਾਂਦੇ ਨੇ... ਪਰ ਹੈ ਸਿੱਖ ਅਖਵਾਉਣ ਵਾਲਿਆਂ ਦੀ ਅਕਲ ਦਾ ਜਲੂਸ), ਕੀਰਤਨ ਦਰਬਾਰ... ਤੇ ਹੋਰ ਪਤਾ ਨਹੀਂ ਕਿੰਨੇ ਫਜ਼ੂਲ, ਫੋਕਟ ਕਰਮ, ਜਿਨ੍ਹਾਂ ਵਿੱਚ ਸਮਾਂ ਅਤੇ ਪੈਸਾ ਦੋਨੋਂ ਬਰਬਾਦ ਕਰ ਰਹੇ ਨੇ...

... ਤੇ ਜੇ ਇਹੀ ਪੈਸਾ, ਇਹ ਸਿੱਖ ਅਖਵਾਉਣ ਵਾਲੇ Jewish ਲੋਕਾਂ ਤੋਂ ਕੁੱਝ ਸਿੱਖ ਕੇ, ਆਪਣੇ ਬੱਚਿਆਂ ਦੀ ਦੁਨਿਆਵੀ ਅਤੇ ਧਾਰਮਿਕ ਪੜ੍ਹਾਈ 'ਤੇ ਲਾਉਣ, ਨੌਜਵਾਨਾਂ ਲਈ ਨੌਕਰੀਆਂ ਅਤੇ ਬਿਜ਼ਨਿਸ ਆਦਿ ਦਾ ਜੁਗਾੜ ਕਰਨ, ਤਾਂ ਸਿੱਖਾਂ ਦਾ ਕੁੱਝ ਹੋ ਸਕਦਾ ਹੈ...

ਜੇ ਦਰਖ਼ਤ ਦੀਆਂ ਜੜ੍ਹਾਂ ਸਜ਼ਬੂਤ ਹੋਣ, ਕੋਈ ਵੀ ਝਖੜ ਉਸ ਦਰਖ਼ਤ ਨੂੰ ਹਿਲਾ ਨਹੀਂ ਸਕਦਾ... ਪਰ ਸਿੱਖ ਅਖਵਾਉਣ ਵਾਲਿਆਂ ਨੇ ਆਪਣੀਆਂ ਜੜ੍ਹਾਂ, ਗੁਰੂ ਨਾਲੋਂ ਤੋੜ ਲਈਆਂ ਹਨ, ਇਸੇ ਲਈ ਹਲਕੀ ਜਿਹੀ ਹਵਾ ਨਾਲ ਹੀ ਬਾਹਰੀ ਦਿਖਾਵੇ ਵਾਲਾ ਦਰਖ਼ਤ ਹਿੱਲਣ ਲੱਗ ਜਾਂਦਾ ਹੈ।

ਇਸ ਮੁਸ਼ਕਿਲ ਦਾ ਹਲ ਹੈ ਸਿੱਖਾਂ ਦੇ ਆਪਣੇ ਘਰਾਂ ਦਾ ਗੁਰਮਤਿ ਅਨੁਸਾਰੀ ਹੋਣਾ, ਜੇ ਮਾਂ ਪਿਓ ਗੁਰਮਤਿ ਅਨੁਸਾਰੀ ਹੋਣਗੇ, ਬੱਚਿਆਂ ਨੂੰ ਦੁਨਿਆਵੀ ਪੜ੍ਹਾਈ ਅਤੇ ਗੁਰਮਤਿ ਦੀ ਸਿਖਿਆ ਵੀ ਦਿੰਦੇ ਹਨ, ਤਾਂ ਇਸ ਮੁਸ਼ਕਿਲ ਦਾ ਹਲ ਸੰਭਵ ਹੈ।

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top