Share on Facebook

Main News Page

ਆਰ.ਐਸ.ਐਸ. ਦੇ ਆਖੇ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਹਟਾਏ ਜਾਣ ਦੀ ਗ਼ੈਰ ਪੰਥਕ ਕਵਾਇਦ ਨੂੰ ਤਰੁੰਤ ਰੋਕਣ ਦੀ ਲੋੜ ਹੈ...
-: ਗੁਰਿੰਦਰਪਾਲ ਸਿੰਘ ਧਨੌਲਾ ਦੀ ਵਿਸ਼ੇਸ਼ ਰਿਪੋਰਟ 93161 76519

ਕਿਸੇ ਸਿੱਖ ਜਾਂ ਰਾਜਨੀਤੀਵਾਂਨ ਨੂੰ ਕੋਈ ਭੁਲੇਖਾ ਨਹੀਂ ਕਿ ਸ. ਪ੍ਰਕਾਸ਼ ਸਿੰਘ ਬਾਦਲ ਜਨਮ ਸਿੱਧ ਹੀ ਜਨਸੰਘੀ ਹਨ ਅਤੇ ਸ਼ੁਰੁਆਤੀ ਦੌਰ ਵਿੱਚ ਉਹ ਜਨਸੰਘ ਦੀ ਲੁੱਕਵੀ ਮਦਦ ਕਰਦੇ ਰਹੇ ਹਨ ਅਤੇ ਬਦਲੇ ਵਿੱਚ ਉਹਨਾਂ ਤੋਂ ਖੁਦ ਵੀ ਸਹਾਇਤਾ ਲੈਂਦੇ ਰਹੇ ਹਨ

ਉਸਦਾ ਵੱਡਾ ਕਾਰਨ ਇਹ ਸੀ ਕਿ ਸ. ਬਾਦਲ ਤੋਂ ਸੀਨੀਆਰ ਆਕਲੀਆਂ ਵਿੱਚੋਂ ਕਿਸੇ ਇੱਕ ਅਧੇ ਨੂੰ ਛੱਡਕੇ ਸਾਰੇ ਪੰਥਕ ਬਿਰਤੀ ਵਾਲੇ ਹੀ ਹੁੰਦੇ ਸਨ। ਇਹ ਵੱਖਰਾ ਵਿਸ਼ਾ ਹੈ ਕਿ ਉਨ੍ਹਾਂ ਨੂੰ ਰਾਜਨੀਤੀ ਦੀ ਉਸ ਡੂੰਘਾਈ ਤੱਕ ਸਮਝ ਨਾ ਹੋਵੇ। ਜਿਥੇ ਜਾ ਕੇ ਸਾਡੀਆਂ ਜੜ੍ਹਾਂ ਨੂੰ ਤੇਲ ਦੇਣ ਦੀਆਂ ਸਾਜਸ਼ਾਂ ਕੰਮ ਕਰਦੀਆਂ ਹਨ। ਪਰ ਉਹ ਇੱਕ ਦੂਜੇ ਤੇ ਵਿਸ਼ਵਾਸ਼ ਅਤੇ ਬਹੁਤੀਆਂ ਗੱਲਾਂ ਉੱਤੇ ਓਹ ਜਾਣੇ ਦੀ ਨੀਤੀ ਤੇ ਚੱਲਣ ਵਾਲੇ ਸਨ। ਲੇਕਿਨ ਉਹਨਾਂ ਦਾ ਇੱਕ ਭੈਅ ਸ. ਬਾਦਲ ਦੇ ਮਨ ਉੱਤੇ ਸੀ ਕਿ ਜੇਕਰ ਇਹਨਾਂ ਨੂੰ ਮੇਰੀ ਭਗਵੀ ਸੋਚ ਦੀ ਰਤਾ ਵੀ ਭਿਣਕ ਪਈ ਤਾਂ ਇਹਨਾਂ ਲੋਕਾਂ ਨੇ ਮੇਰੇ ਉੱਪਰ ਕਦੇ ਵੀ ਭਰੋਸਾ ਨਹੀਂ ਕਰਨਾ। ਆਰ.ਐਸ.ਐਸ. ਜਾਂ ਜਨਸੰਘ ਦੇ ਏਜੰਡੇ ਬੜੇ ਗੁੰਝਲਦਾਰ ਅਤੇ ਲਮੇਰੇ ਪੰਧ ਵਾਲੇ ਹੁੰਦੇ ਹਨ,ਉਹਨਾਂ ਦੀ ਸ. ਬਾਦਲ ਨੂੰ ਹਰ ਮੋੜ ਤੋਂ ਸੰਭਲਕੇ ਚਲਣ ਦੀ ਸਲਾਹ ਸੀ ਅਤੇ ਉਹ ਸਮੇਂ ਦੀ ਉਡੀਕ ਵਿੱਚ ਸਨ ਕਿ ਕਦੋਂ ਇੱਕ ਕਰਕੇ ਇਹ ਥੋੜੀ ਬਹੁਤੀ ਪੰਥ ਪ੍ਰਸਤੀ ਵਾਲੇ ਅਕਾਲੀ ਖਤਮ ਹੋ ਜਾਣ ਅਤੇ ਰਸਤੇ ਦੇ ਸਾਰੇ ਰੋੜੇ ਸਾਫ਼ ਹੋ ਜਾਣਗੇ।

ਉਂਜ ਤਾਂ ਸ. ਬਾਦਲ ਤੋਂ ਅਕਾਲੀ ਦਲ ਦੇ ਪੰਝੱਤਰ ਸਾਲੇ ਮੌਕੇ ਅਕਾਲੀ ਦਲ ਨੂੰ ਪੰਥਕ ਜਥੇਬੰਦੀ ਤੋਂ ਪੰਜਾਬੀ ਪਾਰਟੀ ਦਾ ਐਲਾਨ ਕਰਵਾ ਲੈਣ ਤੋਂ ਪਿਛੋਂ ਹੀ ਆਰ.ਐਸ.ਐਸ. ਨੇ, ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜਿਉਂਦੇ ਜੀ ਹੀ ਪੰਥ ਤੇ ਵੱਡਾ ਹਮਲਾ ਕਰਦਿਆਂ, ਉਹਨਾਂ ਦੀ ਸਤਾਈ ਵਰਿ੍ਹਆਂ ਦੀ ਪ੍ਰਧਾਨਗੀ ਖੋਹਣ, ਅਕਾਲ ਤਖਤ ਸਾਹਿਬ ਦੇ ਸਰਬ ਪ੍ਰਵਾਨਿਤ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਜਥੇਦਾਰੀ ਤੋਂ ਲਾਂਭੇ ਕਰਨ ਦੇ ਨਾਲ ਨਾਲ ਪੰਥਕ ਆਗੂਆਂ ਨੂੰ ਖਾਸਲੇ ਤੇ ਤਿੰਨ ਸੌ ਸਾਲਾ ਜਸ਼ਨਾਂ ਤੋਂ ਇੱਕ ਦਮ ਲਾਂਭੇ ਕਰਕੇ, ਆਪਣੀ ਹੋਂਦ ਦਾ ਅਹਿਸਾਸ ਕਰਵਾ ਦਿੱਤਾ ਸੀ। ਪਰ ਜਥੇਦਾਰ ਟੌਹੜਾ ਦੇ ਅਕਾਲ ਚਲਾਣੇ ਤੋਂ ਬਾਅਦ ਤਾਂ ਹਿੰਦੁਤਵ ਦਾ ਭਗਵਾ ਝੰਡਾ ਫੜਨ ਵਾਲਾ ਹੀ ਕੋਈ ਨਹੀਂ ਰਿਹਾ। ਜਿਹੜੇ ਆਗੂ ਜਾਂ ਨੌਜਵਾਨ ਪੰਥਕ ਸੋਚ ਵਾਲੇ ਸਨ, ਉਹਨਾਂ ਨੂੰ ਅੱਤਵਾਦੀ ਅਤੇ ਗਰਮ ਦਲੀਏ ਆਖਕੇ ਸਮਾਜ਼ ਤੋਂ ਅਲੱਗ ਥਲੱਗ ਹੀ ਪਾ ਦਿੱਤਾ। ਇਹ ਸਿੱਖਾਂ ਦੀ ਬਦਕਿਸਮਤੀ ਹੈ ਕਿ ਆਪਣੇ ਆਗੂਆਂ ਬਾਰੇ ਜੇ ਕੋਈ ਥੋੜੀ ਜਿਹੀ ਵੀ ਸ਼ੰਕਾ ਖੜੀ ਕਰ ਦੇਵੇ ਤਾਂ ਸਿੱਖ ਹੀ ਉਹਨਾਂ ਆਗੂਆਂ ਨੂੰ ਕਬਰਾਂ ਤੱਕ ਖੁਦ ਹੀ ਛੱਡ ਆਉਂਦੇ ਹਨ। ਆਪਣੇ ਆਗੂਆਂ ਵਿੱਚ ਕੋਈ ਸੁਧਾਰ ਦੀ ਗੱਲ ਕਰਵਾਉਣ ਦੀ ਬਜਾਇ ਬੇਗਾਨਿਆਂ ਦੀਆਂ ਜੁੱਤੀਆਂ ਖਾਣ ਵਿੱਚ ਬੜਾ ਮਾਨ ਮਹਿਸੂਸ ਕਰਦੇ ਹਨ।

ਹੁਣ ਸ. ਬਾਦਲ ਦੇ ਨਾਲ ਦੇ ਸਾਥੀ ਜਿਹੜੇ ਰੱਤੀ ਮਾਸਾ ਪੰਥਕ ਸਨ ਜਾਂ ਤਾਂ ਪ੍ਰਲੋਕ ਸੁਧਾਰ ਗਏ ਹਨ, ਜਾਂ ਬਾਦਲ ਦੇ ਭਗਵੇਂਪਣ ਤੋਂ ਖਿਝਕੇ, ਕੋਈ ਨਵਾਂ ਅਕਾਲੀ ਦਲ ਬਣਾਕੇ, ਅੱਕੀਂ ਪਲਾਹੀਂ ਹੱਥ ਮਾਰਦੇ ਨਜਰ ਆ ਰਹੇ ਹਨ। ਜਿਹੜੇ ਦੋ ਚਾਰ ਨਾਲ ਰਹੇ, ਉਹਨਾਂ ਨੂੰ ਹੌਲੀ ਹੌਲੀ ਭਗਵੀ ਚਟਨੀ ਦਾ ਸਵਾਦ ਲਾ ਕੇ ਕਾਣੇ ਕਰ ਲਿਆ ਹੈ। ਜੇ ਕੁੱਝ ਬੋਲਦੇ ਹਨ ਤਾਂ ਉਹ ਗੱਲ ਹੋ ਜਾਂਦੀ ਹੈ , ਜਿਵੇਂ ਪੁਰਾਣੀ ਕਹਾਵਤ ਹੈ ਕਿ ਕਿਸੇ ਨੇ ਕਿਸੇ ਨੂੰ ਕਿਹਾ ਕਿ ਤੇਰੀ ਮਾਂ ਗੁਹਾਰਿਆਂ ਓਹਲੇ ਫਿਰਦੀ ਸੀ,ਤਾਂ ਦੂਸਰੇ ਨੇ ਕਿਹਾ ਕਿ ਤੈਨੂੰ ਕਿਵੇ ਪਤਾ । ਤਾਂ ਉਹ ਆਖਣ ਲੱਗਾ ਕਿ ਮੇਰੀ ਮਾਂ ਨੇ ਵੇਖਿਆ ਸੀ, ਦੂਜੇ ਨੇ ਫਿਰ ਅੱਗੋ ਸਵਾਲ ਕਰਕੇ ਲਾਜਵਾਬ ਕਰ ਦਿੱਤਾ ਕਿ ਤੇਰੀ ਮਾਂ ਉਥੇ ਕੀਹ ਕਰਨ ਗਈ ਸੀ । ਇਸ ਕਰਕੇ ਹੁਣ ਇਸ ਹਮਾਮ ਵਿਚ ਸਾਰੇ ਹੀ ਨੰਗੇ ਹਨ, ਕੋਈ ਵੀ ਕਿਸੇ ਦੀ ਜਵਾਬਦੇਹੀ ਜੋਗਾ ਨਹੀਂ ਹੈ।

ਲੇਕਿਨ ਸਿਰਫ ਬਾਦਲ ਦੀ ਵਿਰੋਧਤਾ ਕਰਨ ਨਾਲ ਪੰਥ ਪ੍ਰਸਤੀ ਨਹੀਂ ਆਖੀ ਜਾ ਸਕਦੀ। ਮੇਰੇ ਵਰਗੇ ਕੁੱਝ ਲੇਖਕ ਚਾਰ ਲੇਖ ਲਿਖ ਕੇ ਥੋੜੀ ਬਹੁਤੀ ਜਾਗ੍ਰਿਤੀ ਤਾਂ ਪੈਦਾ ਕਰ ਸਕਦੇ ਹਨ ਜਾਂ ਕੁਝ ਬਾਦਲ ਵਿਰੋਧੀ ਸਿਖ ਸਿਆਸਤਦਾਨ ਦੋ ਚਾਰ ਅਖਬਾਰੀ ਬਿਆਨ ਦੇਕੇ ਖੁਸ਼ ਹੋਈ ਜਾਣ ਤਾਂ ਇਹ ਫੋਕੀ ਤਸੱਲੀ ਤੋਂ ਵੱਧ ਕੁਝ ਵੀ ਨਹੀਂ ਅਤੇ ਇਸ ਨਾਲ ਪੰਥ ਦੇ ਮਸਲੇ ਹੱਲ ਨਹੀਂ ਹੁੰਦੇ । ਜਦੋਂ ਤੱਕ ਜਮੀਨੀ ਹਕੀਕਤ ਨੂੰ ਬਰੀਕੀ ਨਾਲ ਸਮਝਦਿਆਂ ਸਾਰੇ ਖਤਰਿਆਂ ਦੇ ਪਿੱਛੇ ਛੁਪੀਆਂ ਅਲਾਮਤਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਦੁਰ ਕਰਨ ਦਾ ਇਲਾਜ਼ ਨਹੀਂ ਲਭ ਲੈਂਦੇ।

ਅੱਜ ਸ.ਬਾਦਲ ਦੀ ਛਤਰ ਛਾਇਆ ਹੇਠ ਕੱਟੜਵਾਦੀ ਹਿੰਦੁਤਵ ਸਾਡੀ ਧੁੰਨੀ ਤੱਕ ਪਹੁੰਚ ਚੁੱਕਿਆ ਹੈ ਅਤੇ ਉਸਨੇ ਸਾਡੀਆਂ ਤਿੰਨ ਮਹਾਨ ਸੰਸਥਾਵਾਂ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਗ੍ਰਿਫਤ ਵਿੱਚ ਲੈ ਲਿਆ ਹੈ, ਆਰ.ਐਸ.ਐਸ. ਦੇ ਲਮੇਰੇ ਏਜੰਡੇ ਅਨੁਸਾਰ ਹਰ ਸਮੇਂ ਸਿੱਖਾਂ ਦੀਆਂ ਗਤੀਵਿਧੀਆਂ ਤੇ ਕਰੜੀ ਨਜਰ ਰੱਖੀ ਜਾਂਦੀ ਹੈ ਅਤੇ ਸਿੱਖਾਂ ਦੀਆਂ ਕਮਜ਼ੋਰ ਕੜੀਆਂ ਦੀ ਨਿਸ਼ਾਨਦੇਹੀ ਕਰਕੇ, ਉਹਨਾਂ ਨੂੰ ਆਪਣੇ ਨਾਲ ਤੋਰਨ ਵਾਸਤੇ ਹਰ ਤਰਾਂ ਦੇ ਲਾਲਚ ਜਾਂ ਡਰ ਦੇ ਕੇ ਰਾਜ਼ੀ ਕਰ ਲਿਆ ਜਾਂਦਾ ਹੈ, ਜਿਵੇ ਪਿਛਲੇ ਕਈ ਦਹਾਕਿਆਂ ਤੋਂ ਸਿੱਖ ਪੰਥ ਵਿੱਚ ਸਤਿਕਾਰ ਕਮਾਉਣ ਵਾਲੇ ਸਿੱਖ ਸੰਤਾਂ ਦੀ ਯੂਨੀਅਨ ਬਣਾਕੇ, ਉਹਨਾਂ ਨੂੰ ਸਬਜਬਾਗ ਵਿਖਾਉਂਦਿਆਂ ਆਪਣੀਆਂ ਕੱਠ ਪੁਤਲੀਆਂ ਵਾਂਗੂੰ ਨੱਚਣਾ ਸਿਖਾ ਲਿਆ ਹੈ। ਹੁਣ ਹਿੰਦੁਤਵ ਨੂੰ ਸਿੱਧੇ ਮੱਥੇ ਬਦਨਾਮੀ ਲੈਣ ਦੀ ਲੋੜ ਨਹੀਂ ਪੈਂਦੀ, ਇੱਕ ਪਾਸੇ ਇਹ ਸਾਧ ਯੂਨੀਅਨ ਉਹਨਾਂ ਦੀ ਬੋਲੀ ਬੋਲਦੀ ਹੈ, ਦੂਜੇ ਪਾਸੇ ਸਿੱਖ ਰਾਜਨੀਤੀ ਦਾ ਬੋਹੜ ਸ. ਬਾਦਲ ਹਿੰਦੁਤਵ ਦਾ ਦਾਸ ਬਣਕੇ ਰਹਿ ਗਿਆ ਹੈ।

ਸਿੱਖ ਪੰਥ ਵਿੱਚ ਜਦੋਂ ਵੀ ਕੋਈ ਪੰਥਕ ਚੇਤਨਾ ਦੀ ਗੱਲ ਹੁੰਦੀ ਹੈ ਜਾਂ ਸਿੱਖ ਆਪਣੇ ਭਵਿਖ ਬਾਰੇ ਕੋਈ ਫੈਸਲਾ ਕਰਦੇ ਹਨ ਤਾਂ ਹਿੰਦੁਤਵ ਆਪਣੀਆਂ ਸਿਉਂਕਾਂ ਨੂੰ ਹੁਕਮ ਕਰ ਦਿੰਦਾ ਹੈ ਕਿ ਸਿੱਖਾਂ ਦੇ ਇਸ ਮੁੱਦੇ ਨੂੰ ਚਟਮ ਕਰ ਦਿੱਤਾ ਜਾਵੇ। ਇਹਨਾਂ ਵਿੱਚ ਹੀ ਨਾਨਕਸ਼ਾਹੀ ਕੈਲੰਡਰ ਦਾ ਮਾਮਲਾ ਵੀ ਸ਼ਾਮਲ ਹੈ। ਲੇਕਿਨ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਅਜਿਹੀ ਸਪਰੇ ਕੀਤੀ ਕਿ ਸਿਉਂਕ ਦੇ ਨਾਲ ਨਾਲ ਟਿੱਡੀਆਂ ਨੂੰ ਵੀ ਜੁਕਾਮ ਹੋ ਗਿਆ। ਪਰ ਨਾਨਕਸ਼ਾਹੀ ਕੈਲੰਡਰ ਬਚ ਗਿਆ। ਉਸ ਦਿਨ ਤੋਂ ਹੀ ਕੈਲੰਡਰ ਦੀ ਢਾਲ ਬਣੇ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਸ਼ਹੀਦ ਕਰਨ ਦੇ ਮਨਸੂਬੇ ਆਰੰਭ ਕਰ ਦਿੱਤੇ ਗਏ ਸਨ, ਪਰ ਹੁਣ ਸਮਾਂ ਵੀ ਤਹਿ ਕਰ ਦਿੱਤਾ ਗਿਆ ਕਿ 17 ਜਨਵਰੀ ਨੂੰ ਸ਼੍ਰੋਮਣੀ ਕਮੇਟੀ ਦੀ ਐਗਜੈਕਟਿਵ ਵੱਲੋਂ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਜਥੇਦਾਰੀ ਤੋਂ ਲਾਂਭੇ ਕਰ ਦਿੱਤਾ ਜਾਵੇਗਾ। ਇਸ ਸਬੰਧੀ ਇੱਕ ਗੁਪਤ ਚਿੱਠੀ ਬਣਾਕੇ ਐਗਜੈਕਟਿਵ ਮੈਂਬਰਾਂ ਦੇ ਘਰੋ ਘਰੀ ਦਸਤਖਤ ਕਰਵਾਏ ਜਾ ਰਹੇ ਹਨ। ਪਰ ਟੌਹੜਾ ਧੜੇ ਦੇ ਮੈਂਬਰ ਹਾਲੇ ਦਸਤਖਤ ਕਰਨ ਦੇ ਰੌਂਅ ਵਿਚ ਨਹੀਂ ਜਾਪ ਰਹੇ

ਜਥੇਦਾਰ ਬਦਲਣੇ ਜਾਂ ਹੋਰ ਫੈਸਲੇ ਸਿੱਖਾਂ ਨੂੰ ਕਰਨ ਦਾ ਹੱਕ ਹੈ ਅਤੇ ਪਿਛਲੇ ਸਮੇਂ ਵਿੱਚ ਅਜਿਹੇ ਫੈਸਲੇ ਹੁੰਦੇ ਵੀ ਰਹੇ ਹਨ ਅਤੇ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਜਥੇਦਾਰ ਹਟਾਉਣ ਜਾਂ ਬਣਾਉਣ ਵਾਲਾ ਮਸਲਾ ਕੋਈ ਵੱਡਾ ਨਹੀਂ, ਜੇਕਰ ਇਹ ਫੈਸਲਾ ਪੰਥ ਕਰੇ। ਪਰ ਹੁਣ ਤਾਂ ਸਭ ਕੁੱਝ ਆਰ.ਐਸ. ਐਸ. ਦੇ ਆਖੇ ਲੱਗ ਕੇ ਕੀਤਾ ਜਾ ਰਿਹਾ, ਜਿਸਨੂੰ ਸਿੱਖ ਕਿਸੇ ਵੀ ਹਾਲ ਵਿੱਚ ਬਰਦਾਸ਼ਿਤ ਨਹੀਂ ਕਰ ਸਕਦੇ ਕਿਉਂਕਿ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਕਿਸੇ ਅਵੱਗਿਆ ਕਰਕੇ ਨਹੀਂ ਹਟਾਇਆ ਜਾ ਰਿਹਾ, ਸਗੋਂ ਸਿੱਖਾਂ ਦੀ ਵੱਖਰੀ ਹਸਤੀ ਦੇ ਪਰਤੀਕ ਨਾਨਕਸ਼ਾਹੀ ਕੈਲੰਡਰ ਦੀ ਰਾਖੀ ਕਰਨ ਬਦਲੇ ਹਟਾਇਆ ਜਾ ਰਿਹਾ। ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਬੰਦੀ ਸਿੱਖਾਂ ਦੀ ਰਿਹਾਈ ਉਪਰ ਚੱਲ ਰਹੇ, ਸੂਬਾ ਸਰਕਾਰਾਂ ਅਤੇ ਕੇਂਦਰੀ ਹਕੂਮਤ ਦੇ ਡਰਾਮੇਂ ਦੀ ਫੂਕ ਕੱਢਦਿਆਂ ਐਲਾਨ ਕਰ ਦਿੱਤਾ ਹੈ ਕਿ ਜੇਕਰ ਬੰਦੀ ਸਿੰਘਾਂ ਦੀ ਰਿਹਾਈ ਨਾ ਹੋਈ ਤਾਂ 26 ਜਨਵਰੀ ਨੂੰ ਸਿੱਖ ਆਪਣੇ ਘਰਾਂ ਅਤੇ ਗੱਡੀਆਂ ਉਤੇ ਕਾਲੇ ਝੰਡੇ ਲਾਕੇ ਰੋਸ ਦਾ ਪ੍ਰਗਟਾਵਾ ਕਰਨ। ਇਸ ਐਲਾਨ ਨੇ ਮੋਦੀ ਨਿਜ਼ਾਮ ਦੀ ਨੀਂਦ ਉਡਾ ਕੇ ਰੱਖ ਦਿਤੀ ਕਿਉਂਕਿ ਮੋਦੀ ਨੇ ਇਹ ਦੱਸਣ ਵਾਸਤੇ ਕਿ ਜਿਸ ਮੋਦੀ ਨੂੰ ਅਮਰੀਕਾ ਵੀਜ਼ਾ ਨਹੀਂ ਦਿੰਦਾ ਸੀ, ਅੱਜ ਅਮਰੀਕੀ ਰਾਸ਼ਟਰਪਤੀ ਖੁਦ ਭਾਰਤ ਆਕੇ ਮੋਦੀ ਦਾ ਮਹਿਮਾਨ ਬਣ ਰਿਹਾ ਹੈ। ਮੋਦੀ ਨੇ ਬੜੀਆਂ ਸ਼ੇਖੀਆਂ ਮਾਰਨੀਆਂ ਸਨ ਕਿ ਭਾਰਤ ਵਿੱਚ ਸਭ ਅੱਛਾ ਹੈ। ਪਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਉਲਟੇ ਬਾਂਸ ਬਰੇਲੀ ਨੂੰ ਕਰ ਦਿੱਤੇ ਹਨ। ਹੁਣ ਸ.ਬਾਦਲ ਨੇ ਆਪਣੀ ਨੂੰਹ ਨੂੰ ਮੰਤਰੀ ਰੱਖਣਾ ਹੈ ਤਾਂ ਮੋਦੀ ਦੀ ਖੁਸ਼ਨੂੰਦੀ ਤਾਂ ਜਰੂਰੀ ਹੈ ਇਸ ਤੋਂ ਇਲਾਵਾ ਨੇੜ ਭਵਿੱਖ ਵਿੱਚ ਬਾਦਲ ਤੋਂ ਬਾਗੀ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਸਰਬੱਤ ਖਾਲਸਾ ਵੀ ਸੱਦ ਸਕਦੇ ਹਨ। ਜਿਸ ਨਾਲ ਬਾਦਲ ਵਾਸਤੇ ਧਰਮ ਸੰਕਟ ਵੀ ਖੜਾ ਹੋ ਸਕਦਾ ਹੈ। ਇਸ ਕਰਕੇ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਹਟਾਉਣ ਬੜਾ ਜਰੂਰੀ ਹੋ ਗਿਆ ਹੈ।

ਇਹ ਕੰਮ ਦਾ ਆਰ.ਐਸ.ਐਸ. ਅਤੇ ਸਾਧ ਯੂਨੀਅਨ ਦੇ ਮੋਹਰੇ ਬਣੇ ਸ. ਬਾਦਲ ਵਾਸਤੇ ਜਰੂਰੀ ਹੈ। ਪਰ ਪੰਥ ਨੇ ਹੁਣ ਕੀਹ ਕਰਨਾ ਹੈ, ਇਹ ਕਿਸੇ ਨਹੀਂ ਦੱਸਣਾ ਪੰਥ ਨੂੰ ਖੁਦ ਸੋਚਣਾ ਪਵੇਗਾ । ਪਹਿਲੀ ਗੱਲ ਤਾਂ ਇਹ ਕਿ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਆਰ.ਐਸ.ਐਸ. ਜਾਂ ਉਸਦੇ ਪਿੱਠੂ ਸਾਧਾਂ ਵੱਲੋਂ ਹਟਾਏ ਜਾਣ ਦਾ ਸਿਰਫ ਵਿਰੋਧ ਹੀ ਨਾ ਕੀਤਾ ਜਾਵੇ, ਸਗੋਂ ਹਰ ਹੀਲੇ ਇਸ ਨੂੰ ਰੋਕਣਾ ਜਰੂਰੀ ਹੈ। ਇਸ ਨਾਲ ਇੱਕ ਤਾਂ ਸਿੱਖਾਂ ਦੇ ਮਾਮਲਿਆਂ ਵਿੱਚ ਬਾਹਰੀ ਦਖਲ ਅੰਦਾਜੀ ਨੂੰ ਬਰੇਕ ਲੱਗ ਸਕਦੀ ਹੈ ਅਤੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਰੁਕ ਸਕਦਾ ਹੈ। ਜਿਹੜੇ ਆਪਣੇ ਆਪ ਨੂੰ ਪੰਥਕ ਅਖਵਾਉਂਦੇ ਹਨ, ਹੁਣ ਉਹਨਾਂ ਨੂੰ ਆਪਣੀਆਂ ਹੈਂਕੜਾਂ ਛੱਡਕੇ, ਪੰਥ ਵਾਸਤੇ ਏਕਾ ਕਰਨਾ ਚਾਹੀਦਾ ਹੈ। ਜਿਹੜੇ ਕੁਝ ਲੋਕ ਹਾਲੇ ਥੋੜੀ ਬਹੁਤੀ ਜਮੀਰ ਸਾਬਿਤ ਰੱਖੀ ਬੈਠੇ ਹਨ ਅਤੇ ਬਾਦਲ ਦਲ ਤੋਂ ਬਾਹਰ ਆਉਣਾ ਚਾਹੁੰਦੇ ਹਨ, ਉਹਨਾਂ ਨੂੰ ਵੀ ਕਿਸੇ ਪਾਸੇ ਜਮੀਨ ਨਹੀਂ ਦਿੱਸ ਰਹੀ। ਜੇ ਸਾਰੇ ਪੰਥਕ ਅਖਵਾਉਣ ਵਾਲੇ ਕੋਈ ਪਲੇਟਫਾਰਮ ਬਣਾ ਲੈਣ ਤਾਂ ਕਾਫਲਾ ਵੱਡਾ ਹੋ ਸਕਦਾ ਹੈ।

ਹੁਣ ਸਿਰਫ ਬਾਦਲ ਨੂੰ ਨਿੰਦਕੇ ਡੰਗ ਟਪਾਈ ਨਹੀਂ ਹੋਣੀ, ਇਤਿਹਾਸ ਸਾਡਾ ਵੀ ਲੇਖਾ ਜੋਖਾ ਕਰੇਗਾ, ਜਿੱਥੇ ਬਾਦਲ ਜੁੰਡਲੀ ਕੌਮ ਦੀ ਬਰਬਾਦੀ ਵਾਸਤੇ ਜਿੰਮੇਵਾਰਾਂ ਵਿੱਚ ਲਿਖੀ ਜਾਵੇਗੀ, ਉਥੇ ਸਾਡਾ ਨਾਮ ਵੀ ਅਵੇਸਲਿਆਂ ਅਤੇ ਕਪੁੱਤਰਾਂ ਦੀ ਸੂਚੀ ਵਿੱਚ ਹੀ ਲਿਖਿਆ ਜਾਵੇਗਾ। ਅੱਜ ਸਮਾਂ ਬੜਾ ਭਿਆਨਕ ਹੈ, ਜੇ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਸਟੈਂਡ ਲਿਆ ਹੈ ਤਾਂ ਹੁਣ ਸਾਨੂੰ ਪੰਥਕ ਭਾਵਨਾਂ ਅਧੀਨ ਉੱਠ ਖੜੇ ਹੋਣਾ ਚਾਹੀਦਾ ਹੈ ਅਤੇ ਪੰਥ ਦੀ ਪਹਿਰੇਦਾਰੀ ਕਰਨੀ ਚਾਹੀਦੀ ਹੈ। ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵੱਲੋਂ ਦਿੱਤੇ 26 ਜਨਵਰੀ ਦੇ ਪ੍ਰੋਗ੍ਰਾਮ ਤੇ ਪਹਿਰਾ ਦੇਕੇ ਪੰਥਕ ਜਜਬਾਤਾਂ ਦਾ ਇਜਹਾਰ ਕਰਨਾ ਚਾਹੀਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top