ਨਵੀਂ
ਦਿੱਲੀ, 12 ਜਨਵਰੀ – ਸ਼੍ਰੋਮਣੀ ਅਕਾਲੀ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ
ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸ਼੍ਰੋਮਣੀ ਕਮੇਟੀ ਦੀ
ਬਣਾਈ ਗਈ ਕੰਮ-ਚਲਾਊ ਕਮੇਟੀ ਦੀ 17 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਵਿੱਚ ਤਖ਼ਤ ਸ੍ਰੀ ਦਮਦਮਾ
ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਦਾ ਕੋਈ ਮਤਾ
ਪਾਸ ਕੀਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਲੈ ਕੇ
ਜਾਵੇਗਾ।
ਸ੍ਰੀ ਸਰਨਾ ਨੇ ਕਿਹਾ ਕਿ ਇਸ ਵੇਲੇ ਸ਼੍ਰੋਮਣੀ ਕਮੇਟੀ ਦਾ ਕੋਈ ਚੁਣਿਆ
ਹੋਇਆ ਹਾਊਸ ਕੰਮ ਨਹੀਂ ਕਰ ਰਿਹਾ ਹੈ ਬਲਕਿ ਸੁਪਰੀਮ ਕੋਰਟ ਨੇ ਸਿਰਫ਼ ਕੰਮ-ਚਲਾਊ ਕਮੇਟੀ ਬਣਾ ਕੇ
ਉਸ ਦਾ ਚੇਅਰਮੈਨ ਅਵਤਾਰ ਸਿੰਘ ਮੱਕੜ ਨੂੰ ਥਾਪਿਆ ਹੈ ਤੇ ਕਮੇਟੀ ਵਿੱਚ ਕੁੱਲ 15 ਮੈਂਬਰ ਸ਼ਾਮਲ
ਕੀਤੇ ਗਏ ਹਨ। ਇਹ ਕਮੇਟੀ ਸਿਰਫ਼ ਰੋਜ਼ਮਰ੍ਹਾ ਦੇ ਜ਼ਰੂਰੀ ਕੰਮਕਾਰ ਕਰਨ ਦੇ ਅਧਿਕਾਰ ਰੱਖਦੀ ਹੈ ਤੇ
ਕਿਸੇ ਵੀ ਤਖ਼ਤ ਦੇ ਜਥੇਦਾਰ ਨੂੰ ਲਾਹੁਣ ਜਾਂ ਲਗਾਉਣ ਦਾ ਅਧਿਕਾਰ ਨਹੀਂ ਰੱਖਦੀ।
ਉਨ੍ਹਾਂ ਕਿਹਾ ਕਿ ਸੂਚਨਾ ਮੁਤਾਬਕ ਕਮੇਟੀ ਦੇ ਮੈਂਬਰਾਂ ਕੋਲੋਂ ਜਥੇਦਾਰ
ਨੰਦਗੜ੍ਹ ਨੂੰ ਲਾਹੁਣ ਵਾਲੇ ਮਤੇ ‘ਤੇ ਦਸਤਖਤ ਕਰਵਾਏ ਜਾ ਰਹੇ ਹਨ, ਪਰ ਕੁਝ ਮੈਂਬਰਾਂ ਨੇ ਹਾਲੇ
ਤੱਕ ਮਤੇ ‘ਤੇ ਦਸਤਖਤ ਨਹੀਂ ਕੀਤੇ ਹਨ।
ਉਨ੍ਹਾਂ ਕਮੇਟੀ ਮੈਂਬਰਾਂ ਨੂੰ ਸਲਾਹ ਦਿੱਤੀ ਕਿ ਉਹ ਮਤੇ ‘ਤੇ ਦਸਤਖਤ
ਕਰਨ ਤੋਂ ਪਹਿਲਾਂ ਪੰਥਕ ਰਾਇ ਨੂੰ ਜ਼ਿਹਨ ਵਿੱਚ ਜ਼ਰੂਰ ਰੱਖਣ, ਕਿਉਂਕਿ ਨਾਨਕਸ਼ਾਹੀ ਕੈਲੰਡਰ ਨੂੰ
ਬਚਾਉਣਾ ਤੇ ਲਾਗੂ ਕਰਵਾਉਣਾ ਉਨ੍ਹਾਂ ਦੀ ਵਿਸ਼ੇਸ਼ ਜ਼ਿੰਮੇਵਾਰੀ ਬਣਦੀ ਹੈ।