Share on Facebook

Main News Page

ਹਿੰਦੂਵਾਦੀ ਤਾਕਤਾਂ ਦੀ ਸਿੱਖ ਵਿਰੋਧੀ ਨਫ਼ਰਤ ਫ਼ਿਰ ਜੱਗ ਜਾਹਰ
-: ਜਸਪਾਲ ਸਿੰਘ ਹੇਰਾਂ
January 11, 2015

ਇਸ ਦੁਨੀਆਂ ਤੋਂ ਜ਼ੋਰ-ਜਬਰ, ਜ਼ੁਲਮ, ਭੇਦ-ਭਾਵ, ਊਚ-ਨੀਚ, ਪਾਖੰਡ ਤੇ ਮਨੁੱਖ ਦੀ ਲੁੱਟ-ਖਸੁੱਟ ਦੇ ਖ਼ਾਤਮੇ ਲਈ ਮਹਾਨ ਇਨਕਲਾਬੀ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੱਲੋਂ ਨਿਰਮਲੇ ਪੰਥ ਦੀ ਨੀਂਹ ਰੱਖਣ ਤੋਂ ਬਾਅਦ ਲੋਟੂ, ਪਾਖੰਡੀ ਤਾਕਤਾਂ ਵਲੋਂ ਇਸ ਨਿਰਮਲੇ ਪੰਥ ਦੀ ਹੋਂਦ ਨੂੰ ਖਤਮ ਕਰਨ ਵਿਰੁੱਧ ਨਿਰੰਤਰ ਲੜੀ ਜਾ ਰਹੀ ਜ਼ੁਲਮੀ ਜੰਗ ਜਿਹੜੀ ਸਿੱਖੀ ਦੀ ਨੀਂਹ ਰੱਖਣ ਤੋਂ ਲੈ ਕੇ ਅੱਜ ਤੱਕ ਨਿਰੰਤਰ ਜਾਰੀ ਹੈ, ਵਿਰੁੱਧ ਅਸੀਂ ਨਿਰੰਤਰ ਹੋਕਾ ਦਿੰਦੇ ਆ ਰਹੇ ਹਾਂ ਅਤੇ ਦਿੰਦੇ ਰਹਾਂਗੇ।

ਸਿੱਖੀ ਸਵੈਮਾਣ, ਸਿੱਖੀ ਦੀ ਚੜਦੀ ਕਲਾ, ਪੰਥ ਦੀ ਆਨ-ਸ਼ਾਨ ਦੀ ਬੁਲੰਦੀ, ਬ੍ਰਾਹਮਣਵਾਦੀ ਤਾਕਤਾਂ ਵੱਲੋਂ ਨਾ ਕਦੇ ਬਰਦਾਸ਼ਤ ਹੋਈ ਅਤੇ ਨਾ ਹੀ ਹੋਵੇਗੀ, ਇਹ ਚੜਦੇ ਸੂਰਜ ਵਰਗਾ ਸੱਚ ਹੈ। ਜੇਲਾਂ ਦੀਆਂ ਕਾਲ ਕੋਠੜੀਆਂ ‘ਚ ਸਿੱਖ ਸੰਘਰਸ਼ ਕਾਰਨ ਬੰਦ, ਜਿਹੜੇ ਸਿੱਖ ਆਪਣੀ ਸਜ਼ਾ ਦੀ ਮਿਆਦ ਲੰਘਾ ਚੁੱਕੇ ਹਨ, ਉਨਾਂ ਨੂੰ ਰਿਹਾਅ ਕਰਨਾ, ਕਾਨੂੰਨ ਤੇ ਸਰਕਾਰ ਦਾ ਫਰਜ਼ ਹੈ ਅਤੇ ਇਹ ਰਿਹਾਈ ਉਨਾ ਬੰਦੀਆਂ ਦਾ ਮਨੁੱਖੀ ਅਧਿਕਾਰ ਹੈ। ਮਾਮਲਾ ਸਿਰਫ ਐਨਾ ਹੈ।

ਹਿੰਦੂਵਾਦੀ ਤਾਕਤਾਂ ਵੱਲੋਂ ਇਸ ਸੱਚੇ ਮੁੱਦੇ ਤੇ ਕੌਮ ਦੀ ਜਾਗਰੂਕਤਾ, ਰੋਹ ਤੇ ਰੋਸ ਬਰਦਾਸ਼ਤ ਨਹੀਂ ਹੋ ਰਿਹਾ। ਉਨਾਂ ਨੇ ਸਿੱਖ ਵਿਰੋਧੀ ਨਫ਼ਰਤ ਵਾਲਾ ਆਪਣਾ ਚਿਹਰਾ ਦਿਖਾਉਣਾ ਅਤੇ ਜ਼ਹਿਰ ਉਗਲਣਾ ਸ਼ੁਰੂ ਕਰ ਦਿੱਤਾ ਹੈ। ਇਹ ਸਾਰੀ ਦੁਨੀਆਂ ਜਾਣਦੀ ਹੈ ਕਿ ਸਰਕਾਰਾਂ ਦੇ ਜ਼ੋਰ-ਜਬਰ, ਜ਼ੁਲਮ, ਵਿਤਕਰੇ, ਧੱਕੇਸ਼ਾਹੀ ਤੇ ਲੁੱਟ-ਖਸੁੱਟ ਵਿਰੁੱਧ ਜੂਝਣ ਵਾਲੇ ਲੋਕਾਂ ਤੇ ਕੌਮਾਂ ਦੇ ਨਾਇਕ ਹੁੰਦੇ ਹਨ ਅਤੇ ਸਰਕਾਰਾਂ ਦੇ ਬਾਗੀ। ਅਸੀਂ ਕੱਲ ਵੀ ਲਿਖਿਆ ਸੀ ਕਿ ਸਿਆਸੀ ਸੰਘਰਸ਼ ਦੇ ਨਾਇਕ, ਸਮੇਂ ਦੀਆਂ ਸਰਕਾਰਾਂ ਦੀਆਂ ਅੱਖਾਂ ‘ਚ ਹਮੇਸ਼ਾਂ ਰੜਕਦੇ ਹਨ।

ਦੁਨੀਆਂ ਦੇ ਹਿੰਦੂਵਾਦੀ ਆਗੂ ਤੇ ਨਾਲ ਹੀ ਕਾਂਗਰਸ ਦੇ ਸਿੱਖੀ ਵਿਰੋਧੀ ਚਿਹਰਿਆਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਕਰਨਾ, ਉਨਾਂ ਦੀ ਅੰਦਰੂਨੀ ਭਾਵਨਾ ਦਾ ਪ੍ਰਗਟਾਵਾ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ, ਗ੍ਰਹਿ ਮੰਤਰੀ ਰਾਜਨਾਥ ਅਤੇ ਕਾਂਗਰਸੀ ਐਮ.ਪੀ. ਰਵਨੀਤ ਬਿੱਟੂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਇਸੇ ਮਾਨਸਿਕਤਾ ਦਾ ਹਿੱਸਾ ਹੈ। ਅਸੀਂ ਇਨਾਂ ਬ੍ਰਾਹਮਵਾਦੀ ਆਗੂਆਂ ਨੂੰ ਜਿਹੜੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਦਮਗਜ਼ੇ ਮਾਰਦੇ ਹਨ, ਇਹ ਜਰੂਰ ਪੁੱਛਣਾ ਚਾਹੁੰਦੇ ਹਾਂ ਕਿ ਗੋਧਰਾ ਕਾਂਡ ਅਤੇ ਘੱਟ ਗਿਣਤੀ ਦਾ ਕਤਲੇਆਮ ਕੀ “ਅੱਤਵਾਦ” ਨਹੀਂ ? ਇਸ ਅਮਿਤ ਸ਼ਾਹ ਵਰਗੇ ਨੂੰ ਆਪਣਾ ਪਾਰਟੀ ਪ੍ਰਧਾਨ ਬਣਾਉਣ ਵਾਲੀ ਧਿਰ ਦੀ ਸੋਚ ਕਿੱਥੇ ਖੜੀ ਹੈ? ਇਸ ਬਾਰੇ ਬਹੁਤ ਕੁੱਝ ਕਹਿਣ ਤੇ ਸੁਨਣ ਦੀ ਲੋੜ ਨਹੀਂ।

ਸਿਆਸੀ ਮਾਮਲਿਆਂ ਨੂੰ ਕਾਨੂੰਨ ਦੇ ਅੰਨੇ ਡੰਡੇ ਨਾਲ ਅੱਜ ਤੱਕ ਦੁਨੀਆਂ ਭਰ ‘ਚ ਨਾ ਕਿਤੇ ਹੱਲ ਕੀਤਾ ਜਾ ਸਕਿਆ ਹੈ ਅਤੇ ਨਾ ਹੀ ਕੀਤਾ ਜਾ ਸਕੇਗਾ। ਉਸਦਾ ਹੱਲ ਗੱਲਬਾਤ ਅਤੇ ਪੀੜਤ ਧਿਰ ਦੀਆਂ ਹੱਕੀ ਮੰਗਾਂ ਮੰਨਣ ਨਾਲ ਹੀ ਨਿਕਲਦਾ ਹੈ, ਸਿੱਖੀ ਦੀ ਬੁਨਿਆਦ ਸਰਬੱਤ ਦਾ ਭਲੇ ਦੇ ਮਿਸ਼ਨ ਤੇ ਰੱਖੀ ਗਈ ਹੈ ਅਤੇ ਜੇ ਇਸ ਕੌਮ ਨੂੰ “ਅੱਤਵਾਦੀ” ਮੰਨਿਆ ਤੇ ਸਮਝਿਆ ਜਾਂਦਾ ਹੈ ਫਿਰ ਇਸ ਨੂੰ ਸਿੱਖੀ ਵਿਰੁੱਧ ਅੰਨੀ ਨਫਰਤ ਤੋਂ ਇਲਾਵਾ ਹੋਰ ਕੁੱਝ ਨਹੀਂ ਮੰਨਿਆ ਜਾ ਸਕਦਾ। ਦੇਸ਼ ਦਾ ਕਾਨੂੰਨ ਜੇ ਦੇਸ਼ ਦੇ ਸਾਰੇ ਨਾਗਰਿਕਾਂ ਲਈ ਬਰਾਬਰ ਦਾ ਹੋਵੇ ਤਾਂ ਦੇਸ਼ ਦੀ ਸੁੱਖ ਸ਼ਾਂਤੀ, ਏਕਤਾ-ਅਖੰਡਤਾ ਨੂੰ ਕਦੇ ਕੋਈ ਖਤਰਾ ਪੈਦਾ ਨਹੀਂ ਹੁੰਦਾ। ਪ੍ਰੰਤੂ ਜਦੋਂ ਦੇਸ਼ ਦਾ ਕਾਨੂੰਨ ਹੀ ਘੱਟਗਿਣਤੀਆਂ ਨੂੰ ਹੋਰ ਐਨਕ ਨਾਲ ਅਤੇ ਬਹੁ-ਗਿਣਤੀ ਨੂੰ ਹੋਰ ਐਨਕ ਨਾਲ ਦੇਖਦਾ ਹੋਵੇ, ਫਿਰ ਘੱਟ ਗਿਣਤੀ ’ਚ ਦਹਿਸ਼ਤ, ਵਖਰੇਵਾਂ, ਰੋਸ ਤੇ ਰੋਹ ਪੈਦਾ ਹੋਣਾ ਕੁਦਰਤੀ ਹੋ ਜਾਂਦਾ ਹੈ। ਇਸਨੂੰ ਕੋਈ “ਅੱਤਵਾਦ” ਆਖੀ ਜਾਵੇ ਜਾਂ “ਵੱਖਵਾਦ”। ਦੇਸ਼ ਦੀ ਆਜ਼ਾਦੀ ਲਈ ਸ਼ਹਾਦਤਾਂ ਦੇਣ ਵਾਲਿਆਂ ਨੂੰ ਵੀ ਇਸ ਦੇਸ਼ ਦੇ ਕਥਿਤ ਰਾਸ਼ਟਰਪਿਤਾ ਨੇ ਭੁੱਲੜ ਆਖਿਆ ਸੀ ਅੱਜ ਉਸਦੇ ਵਾਰਿਸ ਸਿੱਖਾਂ ਨੂੰ ਜਿੰਨਾਂ ਨੇ ਇਸ ਦੇਸ਼ ਦੀ ਅਤੇ ਹਿੰਦੂ ਧਰਮ ਦੀ ਹੋਂਦ ਨੂੰ ਆਪਣੀਆਂ ਸ਼ਹਾਦਤਾਂ ਨਾਲ ਬਚਾਇਆ ਹੈ। ਉਨਾਂ ਨੂੰ ਉਨਾਂ ਦੇ ਬਣਦੇ ਹੱਕ ਦੇਣ ਲਈ ਤਿਆਰ ਨਹੀਂ ਹਨ।

ਸਿੱਖ ਸਿਰਫ ਤੇ ਸਿਰਫ ਇਨਸਾਫ ਮੰਗਦੇ ਹਨ, ਮਾਮਲਾ ਚਾਹੇ ਸਾਕਾ 1984 ‘ਚ ਬੇਦੋਸ਼ੀਆਂ ਸਿੱਖ ਸੰਗਤਾਂ ਦਾ ਸਮੂਹਿਕ ਕਤਲੇਆਮ ਦਾ ਹੋਵੇ, ਸਿੱਖ ਦੇ ਬੋਧਿਕ ਖਜ਼ਾਨੇ ਨੂੰ ਜਾਣਬੁੱਝ ਕੇ ਤਬਾਹ ਕਰਨ ਦਾ ਹੋਵੇ, ਨਵੰਬਰ 84 ਦੇ ਸਿੱਖ ਕਤਲੇਆਮ ਦੇ ਇਨਸਾਫ ਦਾ ਹੋਵੇ, ਚਾਹੇ 25 ਹਜ਼ਾਰ ਅਣਪਛਾਤੀਆਂ ਆਖ ਕੇ ਸਿੱਖ ਨੌਜੁਆਨਾਂ ਦੀਆਂ ਲਾਸ਼ਾਂ ਦਾ ਹੋਵੇ, ਪ੍ਰੰਤੂ ਇਨਸਾਫ ਦੀ ਹਰ ਮੰਗ ਨੂੰ ‘ਅੱਤਵਾਦ’ ਦਾ ਮੁਲੰਮਾ ਚਾੜ ਕੇ ਸਿੱਖ ਨੂੰ ਚਿੜਾਇਆ ਜਾਂਦਾ ਹੈ ਉਨਾਂ ਦੇ ਅੱਲੇ ਜਖਮਾਂ ਤੇ ਲੂਣ ਛਿੜਕਿਆ ਜਾਂਦਾ ਹੈ। ਉਨਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ। ਜਿਵੇਂ ਅਸੀਂ ਕੱਲ ਵੀ ਆਖਿਆ ਸੀ ਕਿ ਸਾਨੂੰ ਇਨਸਾਫ ਕਿਸੇ ਸਰਕਾਰ ਨੇ ਨਹੀਂ ਦੇਣਾ, ਜੋ ਲੈਣਾ ਉਹ ਨਿੱਜ ਬਲ ਨਾਲ ਹੀ ਮਿਲਦਾ ਹੈ। ਕੌਮ ਨੂੰ ਇੱਕ ਜੁੱਟ ਹੋ ਕੇ ਇਸ ਸੰਘਰਸ਼ ‘ਚ ਕੁੱਦਣਾ ਚਾਹੀਦਾ ਹੈ ਅਤੇ ਸਬਰ ਨਾਲ ਸਰਕਾਰ ਦੇ ਜਬਰ ਨੂੰ ਲਲਕਾਰਣਾ ਚਾਹੀਦਾ ਹੈ। ਜਬਰ ਆਖਰ ਸਬਰ ਅੱਗੇ ਹਾਰਦਾ ਆਇਆ ਹੈ, ਹੁਣ ਵੀ ਜ਼ਰੂਰ ਹਾਰੇਗਾ, ਇਹ ਸਾਡਾ ਪੱਕਾ ਭਰੋਸਾ ਹੈ, ਪ੍ਰੰਤੂ ਇਸ ਲਈ ਕੌਮ ‘ਚ ਇੱਕਜੁੱਟਤਾ, ਗੁਰੂ ਪ੍ਰਤੀ ਸਮਰਪਿਤ ਭਾਵਨਾ ਜ਼ਰੂਰੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top