Share on Facebook

Main News Page

ਸਾਡਾ ਕਸੂਰ ਕੀ ਹੈ ?
-:
ਗਜਿੰਦਰ ਸਿੰਘ, ਦਲ ਖਾਲਸਾ
੧੧-੧-੨੦੧੫

ਸਾਡਾ ਕਸੂਰ ਇਹ ਹੈ ਕਿ ਅਸੀਂ ਆਪਣੀ ਕਿਸਮਤ ਦੇ ਆਪ ਮਾਲਕ ਬਣਨਾ ਚਾਹੁੰਦੇ ਹਾਂ। ਸਾਡਾ ਕਸੂਰ ਇਹ ਹੈ ਕਿ ਅਸੀਂ ਆਜ਼ਾਦ ਫਿਜ਼ਾ ਵਿੱਚ ਸਾਹ ਲੈਣਾ ਚਾਹੁੰਦੇ ਹਾਂ। ਸਾਡਾ ਕਸੂਰ ਇਹ ਹੈ ਕਿ ਅਸੀਂ ਆਜ਼ਾਦੀ ਚਾਹੁੰਦੇ ਹਾਂ।

ਉਹ ਕਹਿੰਦੇ ਨੇ ਅਸੀਂ ਵੱਖਵਾਦੀ ਹਾਂ। ਉਹ ਕਹਿੰਦੇ ਨੇ ਅਸੀਂ ਅਤਿਵਾਦੀ ਹਾਂ। ਉਹ ਕਹਿੰਦੇ ਨੇ ਅਸੀਂ ਦਹਿਸ਼ਤਗਰਦ ਹਾਂ। ਉਹ ਕੌਣ ਨੇ? ਉਹ ਕਦੇ ਮੁਗਲ ਸਨ, ਕਦੇ ਅੰਗਰੇਜ਼, ਤੇ ਹੁਣ ਗੰਗੂ ਦੇ ਵਾਰਿਸ ਨੇ।

ਜੱਦ ਵੀ ਅਸੀਂ ਆਪਣੇ ਹੱਕਾਂ ਲਈ ਸੰਘਰਸ਼ ਛੇੜਿਆ, ਅਸੀਂ ਕਸੂਰਵਾਰ ਹੋ ਗਏ। ਇੱਕ ਪਾਸੇ ਅਸੀਂ ਹਾਂ, ਜੋ ਆਪਣੇ ਹੱਕਾਂ ਲਈ ਲੜ੍ਹ ਰਹੇ ਹਾਂ, ਇੱਕ ਪਾਸੇ ਉਹ ਨੇ, ਜਿਹੜੇ ਸਾਨੂੰ ਸਾਡੇ ਹੱਕਾਂ ਤੋਂ ਮਹਿਰੂਮ ਰੱਖ ਰਹੇ ਹਨ। ਕੈਸੀ ਸਿਤਮ ਜ਼ਰੀਫੀ ਹੈ, ਫਿਰ ਵੀ ਕਸੂਰਵਾਰ ਅਸੀਂ ਹਾਂ

ਉਹ ਸਾਨੂੰ ਸੜ੍ਹਕਾਂ 'ਤੇ ਕੁੱਟਣ, ਗੋਲੀਆਂ ਮਾਰਨ, ਤਸੀਹੇਘਰਾਂ ਵਿੱਚ ਪੁੱਠੇ ਲਟਕਾਉਣ, ਤੇ ਕਦੇ ਸੁੰਨੀਆਂ ਥਾਵਾਂ ਤੇ ਲਿਜਾ ਕੇ ਗੋਲੀਆਂ ਮਾਰਨ, ਉਹ ਫਿਰ ਵੀ ਸਹੀ ਨੇ, ਕਾਨੂੰਨ ਦੇ ਰੱਖਵਾਲੇ ਨੇ। ਅਸੀਂ ਆਪਣੀ ਇਜ਼ੱਤ ਆਬਰੂ ਲਈ, ਆਪਣੀ ਜ਼ਿੰਦਗੀ ਤੇ ਸਵੈਮਾਣ ਨੂੰ ਬਚਾਉਣ ਲਈ ਡਾਂਗ ਚੁੱਕੀਏ, ਤਲਵਾਰ ਜਾਂ ਬੰਦੂਕ, ਅਸੀਂ ਕਸੂਰਵਾਰ, ਕਾਤਲ, ਤੇ ਪਤਾ ਨਹੀਂ ਕੀ ਕੀ ਹੋ ਜਾਂਦੇ ਹਾਂ।

ਅਸੀਂ ਦੋ ਧਿਰਾਂ ਹਾਂ, ਇੱਕ ਆਪਣੇ ਹੱਕਾਂ ਲਈ ਲੜ੍ਹਨ ਵਾਲੇ ਤੇ ਇੱਕ ਸਾਡੇ ਹੱਕ ਉਤੇ ਮੱਲ ਮਾਰੀ ਬੈਠੇ ਦਿੱਲੀ ਦੇ ਹਾਕਮ। ਸਾਡਾ ਫੈਸਲਾ ਕੌਣ ਕਰੇਗਾ? ਕਹਿਣ ਨੂੰ ਤਾਂ ਇਹ ਹੱਕ ਯੂ ਐਨ ਓ ਕੋਲ ਹੈ, ਪਰ ਕੀ ਸੱਚਮੁਚ ਉਹ ਸੱਚ ਝੂਠ ਦੇ ਫੈਸਲੇ ਕਰਨ ਦੇ ਸਮਰੱਥ ਹੈ? ਅਸੀਂ ਕਿਸ ਤੋਂ ਉਮੀਦ ਕਰੀਏ?

ਜਗਤਾਰ ਸਿੰਘ ਹਵਾਰਾ ਹੋਵੇ, ਜਾਂ ਜਗਤਾਰ ਸਿੰਘ ਤਾਰਾ, ਬਲਵੰਤ ਸਿੰਘ ਰਾਜੋਆਣਾ ਹੋਵੇ, ਜਾਂ ਦਵਿੰਦਰਪਾਲ ਸਿੰਘ ਭੁੱਲਰ, ਹੋਰ ਵੀ ਬਹੁਤ ਸਾਰੇ ਨਾਮ ਲਏ ਜਾ ਸਕਦੇ ਹਨ, ਸੱਭ ਦਾ ਕਸੂਰ ਇੱਕ ਹੀ ਹੈ, ਕਿ ਉਹਨਾਂ ਆਜ਼ਾਦੀ ਦਾ ਸੁਪਨਾ ਦੇਖਿਆ, ਉਹਨਾਂ ਆਪਣੀ ਕੌਮ ਦਾ ਆਜ਼ਾਦ ਘਰ ਸਿਰਜਣ ਦੀ ਖਵਾਹਿਸ਼ ਕੀਤੀ, ਤੇ ਬੰਦੂਕ ਦੇ ਮੁਕਾਬਲੇ ਲਈ ਬੰਦੂਕ ਚੁੱਕੀ।

ਕਸੂਰ ਕਿਸ ਦਾ ਹੈ, ਜ਼ਿਆਦਤੀ ਕਿਸ ਨਾਲ ਹੋ ਰਹੀ ਹੈ? ਕੋਈ ਤਾਂ ਹੋਣਾ ਚਾਹੀਦਾ ਹੈ, ਜੋ ਫੈਸਲਾ ਕਰੇ । ਜੇ ਕੋਈ ਫੈਸਲਾ ਕਰਨ ਲਈ ਸਾਹਮਣੇ ਨਾਂ ਆਵੇ, ਤਾਂ ਸਾਡੇ ਕੋਲ ਕੀ ਰਾਹ ਰਹਿ ਜਾਂਦਾ ਹੈ? ਬੇਗੈਰਤਾਂ ਵਾਂਗ ਜਿਊਣਾ ਕਬੂਲ ਕਰੀਏ ਤਾਂ ਆਤਮਾ ਮਰਦੀ ਹੈ, ਲੜ੍ਹ ਮਰਨ ਦਾ ਰਾਹ ਚੁਣੀਏਂ ਤਾਂ ਕਸੂਰਵਾਰ ਬਣਦੇ ਹਾਂ, ਸਜ਼ਾ ਦੇ ਹੱਕਦਾਰ ਬਣਦੇ ਹਾਂ। ਆਖਿਰ ਅਸੀਂ ਕੀ ਕਰੀਏ? ਬੇਗੈਰਤੀ ਤੇ ਗੁਲਾਮੀ ਤਾਂ ਕਬੂਲ ਨਹੀਂ ਹੁੰਦੀ। ਕਦੇ ਜੇਲ੍ਹ ਵਿੱਚ ਰਹਿੰਦੇ ਲਿਖਿਆ ਸੀ …

ਆਜ਼ਾਦੀ ਲਈ ਲੜ੍ਹਦੇ ਹਾਂ, ਏਸੇ ਲਈ ਤਾਲੇ'ਚ ਬੰਦ ਹਾਂ ਚਿੜੀਓ
ਬੇਘਰੇ ਹਾਂ, ਬੇਅਣਖੇ ਨਹੀਂ, ਏਸੇ ਲਈ "ਦਹਿਸ਼ੱਤਪਸੰਦ" ਹਾਂ ਚਿੜੀਓ


ਕਿਸੇ ਸ਼ੌਂਕ ਵਿੱਚ ਘਰ ਬਾਰ ਨਹੀਂ ਛੱਡੇ, ਪਰਿਵਾਰਾਂ ਨੂੰ ਰੁਲਣ ਲਈ ਨਹੀਂ ਛਡਿਆ, ਜੇਲ੍ਹਾਂ ਤੇ ਜਲਾਵਤਨੀਆਂ ਨਹੀਂ ਕੱਟੀਆਂ, ਗੋਲੀਆਂ ਨਹੀਂ ਖਾਦੀਆਂ, ਬਾਰੂਦ ਛਾਤੀ ੇ ਤੇ ਨਹੀਂ ਬੰਨ੍ਹਿਆਂ । ਕਿਸੇ ਸ਼ੌਂਕ ਵਿੱਚ ਜ਼ਿੰਦਗੀ ਤੇ ਮੌਤ ਦਾ ਫਰਕ ਭੁੱਲ ਕੇ ਜਿਊਣਾ ਨਹੀਂ ਚਾਹਿਆ।

ਕਹਿੰਦੇ ਨੇ ਦੁਨੀਆਂ ਬਹੁਤ ਤਰੱਕੀ ਕਰ ਗਈ ਹੈ, ਬਹੁਤ ਬਦਲ ਗਈ ਹੈ, ਪਰ ਸਾਡੇ ਲਈ ਤਾਂ ਡਾਹਢੇ ਦਾ ਹੀ ਸੱਤੀਂ ਵੀਹਵੀਂ ਸੌ ਹੈ। ਸਾਨੂੰ ਤਾਂ ਨਾਂ ਕੋਈ ਅਮ੍ਰਤਿਸਰ ਸਾਹਿਬ ਵਿੱਚ ਬਚਾਉਣ ਆਇਆ, ਤੇ ਨਾਂ ਦਿੱਲੀ ਵਿੱਚ। ਸਾਡੇ ਕਾਤਲਾਂ ਨੂੰ ਤਾਂ ਕਿਸੇ ਨੇ, ਕਿਤੇ ਸਜ਼ਾ ਨਹੀਂ ਦਿੱਤੀ। ਫਿਰ ਹਵਾਰਾ ਜਾਂ ਤਾਰਾ ਨਾ ਬਣੀਏਂ ਤਾਂ ਕੀ ਕਰੀਏ? ਹਾਂ ਇਹ ਸੱਚ ਹੈ ਕਿ ਸੱਚ ਮੰਨਵਾਣ ਲਈ ਕਈ ਵਾਰੀ ਸਦੀਆਂ ਲੱਗ ਜਾਂਦੀਆਂ ਹਨ। "ਹਵਾਰੇ ਤੇ ਤਾਰੇ" ਨੂੰ "ਸੁੱਖਾ ਸਿੰਘ ਮਹਿਤਾਬ ਸਿੰਘ" ਬਣਨ ਨੂੰ ਸਦੀਆਂ ਲੱਗ ਜਾਂਦੀਆਂ ਹਨ।

ਪੰਜਾਬ ਹੋਵੇ ਜਾਂ ਕਸ਼ਮੀਰ, ਤਾਮਿਲ ਹੋਣ ਜਾਂ ਨਾਗੇ ਸੱਭ ਦਾ ਦਰਦ ਇੱਕ ਹੀ ਹੈ। ਦੱਖਣੀ ਅਫਰੀਕਾ, ਨੈਮਿੰਬੀਆ, ਫਲਸਤੀਨ ਸੱਭ ਨੂੰ ਇਸੇ ਦਰਦ ਨੂੰ ਹੰਢਾਉਣਾ ਪਿਆ ਹੈ, ਤੇ ਕਈਆਂ ਨੂੰ ਹਾਲੇ ਹੰਢਾਉਣਾ ਪੈ ਵੀ ਰਿਹਾ ਹੈ।

ਬਹੁਤ ਸਾਰੇ ਕੱਲ ਦੇ "ਦਹਿਸ਼ਤਗਰਦ" ਅੱਜ ਦੇ ਸਤਿਕਾਰਤ ਨੇਤਾ ਹਨ। ਅੱਜ ਦੇ "ਦਹਿਸ਼ੱਤਗਰਦਾਂ" ਨੂੰ ਆਣ ਵਾਲੇ ਕੱਲ ਦੇ ਸਤਿਕਾਰਤ ਨੇਤਾ ਬਣਦਿਆਂ ਪਤਾ ਨਹੀਂ ਵਰ੍ਹੇ ਲੱਗਣੇ ਨੇ, ਦਹਾਕੇ ਜਾਂ ਸਦੀਆਂ। ਇਹ ਸੁਪਨਿਆਂ ਤੇ ਸੋਚਾਂ ਦਾ ਸਫਰ ਹੈ, ਕਿਸ ਦਾ ਕਦੋਂ ਮੁੱਕੇ, ਕੀ ਪਤਾ।

ਸੁਪਨਿਆਂ ਤੇ ਸੋਚਾਂ ਦੇ ਸਫਰ ਤੇ ਤੁਰੇ ਜਾਂਦੇ, ਅੰਮ੍ਰਿਤਸਰ ਤੋਂ ਚੰਡੀਗੜ੍ਹ ਤੱਕ, ਲੰਡਨ ਤੋਂ ਵਾਸ਼ਿੰਗਟਨ ਤੱਕ, ਸੱਭ ਪਾਂਧੀਆਂ ਦੀ ਪੈੜਚਾਪ ਦੇ ਸੰਗੀਤ ਦੀ ਸੁਰ ਇੱਕ ਹੀ ਹੈ। ਪੈਰਾਂ ਥੱਲ੍ਹੇ ਦੀ ਜ਼ਮੀਨ ਦੇ ਨਾਮ ਭਾਵੇਂ ਵੱਖ ਵੱਖ ਹੋਣ, ਪਰ ਸਫਰ ਇੱਕ ਹੀ ਹੈ।

ਗਜਿੰਦਰ ਸਿੰਘ ਕੱਲਾ ਹੀ ਇੰਝ ਨਹੀਂ ਸੋਚਦਾ, ਵਧਾਵਾ ਸਿੰਘ ਵੀ ਇੰਝ ਹੀ ਸੋਚਦਾ ਹੈ, ਪਰਮਜੀਤ ਸਿੰਘ ਪੰਜਵੜ੍ਹ ਤੇ ਰਣਜੀਤ ਸਿੰਘ ਨੀਟਾ ਵੀ ਇੰਝ ਹੀ ਸੋਚਦਾ ਹੈ। ਮਨਮੋਹਣ ਸਿੰਘ, ਰੇਸ਼ਮ ਸਿੰਘ, ਸੁਰਿੰਦਰ ਸਿੰਘ, ਪਰਮਜੀਤ ਸਿੰਘ, ਤੇ ਹੋਰ ਸੱਭ ਇਸ ਸਫਰ ਦੇ ਸੱਭ ਪਾਂਧੀ ਇੰਝ ਹੀ ਸੋਚਦੇ ਨੇ। ਸਾਡੇ ਲਈ ਇੰਨਾ ਹੀ ਕਾਫੀ ਹੈ, ਕਿ ਅਸੀਂ ਦਸਮ ਪਾਤਸ਼ਾਹ ਵੱਲ ਮੂੰਹ ਕਰਕੇ ਇੱਕ ਵਾਰ ਤੁਰਨ ਬਾਦ ਕਿਤੇ ਭਟਕੇ ਨਹੀਂ ਹਾਂ, ਤੁਰੇ ਜਾ ਰਹੇ ਹਾਂ, ਤੁਰੇ ਜਾ ਰਹੇ ਹਾਂ, ਤੁਰੇ ਜਾ ਰਹੇ ਹਾਂ। ਤੇ ਇਹੀ ਸਾਡਾ ਕਸੂਰ ਹੈ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top