ਸੁਖਬੀਰ: ਨੋਟਾਂ ਦੇ ਟਰੱਕ ਅਜੇ
ਤੀਕ, ਨਹੀਉਂ ਆਏ ਭਾਪਾ
ਕਿੰਨਾ ਈ ਚਿਰ ਹੋਇਆ, ਬਣੇ ਮੋਦੀ ਸਰਕਾਰ ਨੂੰ
ਖਾਲੀ ਜੇਬ ਨਾਲ ਕਿਵੇਂ, ਹੋਊਗਾ ਵਿਕਾਸ ਸਾਡਾ
ਜੇਤਲੀ ਨੂੰ ਕਹੋ ਪੂਰਾ ਕਰੇ, ਆਪਣੇ ਇਕਰਾਰ ਨੂੰ
ਬਾਦਲ: ਚੋਣਾਂ ਵੇਲੇ ਹੋਈ ਜੇੜ੍ਹੀ, ਭੁੱਲਦੀ ਨਹੀਂ
ਕਾਕਾ ਉਹਨੂੰ
ਰਹਿੰਦਾ ਖੂੰਹਦਾ ਚੰਦ, ਤੇਰੇ ਸਾਲ਼ੇ ਨੇ ਸੀ ਚਾੜ੍ਹਿਆ
ਏਥੋਂ ਗਿਆ ਸੀ ਬੇਰੰਗ, ਜ਼ਮਾਨਤ ਬਚਾਈ ਮਸਾਂ
ਇਹੋ ਜਿਹੀ ਹਾਰ ਨੇ ਸੀ, ਸੀਨਾ ਉਹਦਾ ਸਾੜਿਆ
ਖ਼ਜ਼ਾਨੇ ਵਾਲ਼ੀ ਚਾਬੀ ਬੰਨ੍ਹੀਂ, ਜੇਤਲੀ ਨੇ ਨਾਲ਼ੇ ਨਾਲ਼
ਫੁੱਲ ਵੀ ਮੈਂ ਲੈ ਕੇ ਜਾਨਾਂ, ਗੱਲ ਸੁਣਦਾ ਨਹੀਂ ਮੇਰੀ
ਕੀਤੀਆਂ ਮੈਂ ਉਹਦੇ ਨਾਲ਼, ਦਿੱਲੀ ਕਈ ਮੁਲਾਕਾਤਾਂ
ਉਲ਼ਟਾ ਉਹ ਮੰਗਦੈ ਹਿਸਾਬ ਸਾਥੋਂ, ਸਹੁੰ ਮੈਨੂੰ ਤੇਰੀ |
ਕਹਿੰਦਾ ਮੋਹਣੇ ਕੋਲੋਂ ਲਏ,
ਕਰੋੜਾਂ ਦਾ ਹਿਸਾਬ ਦੇਵੋ
ਖੜਕਾਇਓ ਫੇਰ ਆ ਕੇ ਤੁਸੀਂ, ਠੂਠਾ ਓ ਅਕਾਲੀਓ
ਰੇਤਾ, ਬਜਰੀ, ਸ਼ਰਾਬ, ਤੇ ਜ਼ਮੀਨਾਂ, ਖਾ ਖਾ ਸਭ ਕੁਛ
ਭੁੱਖ ਤੁਹਾਡੀ ਕਦੇ ਵੀ ਨਾ, ਤ੍ਰਿਪਤਾਈ ਓਏ ਅਕਾਲੀਓ
ਪੁੱਤਰਾ ਓਏ, ਜਿੱਤ ਲਏ ਮਰਾਠਾ, ਹਰਿਆਣਾ ਏਹਨੀਂ
ਰੱਖੀ ਇਹਨੀਂ ਅੱਖ ਕਾਕਾ, ਹੁਣ ਜੰਮੂ ਕਸ਼ਮੀਰ 'ਤੇ
ਸਾਡੀਆਂ ਗ਼ਦਾਰੀਆਂ ਨੇ ਹੁਣ ਡੋਬਣੈ ਪੰਜਾਬ ਸਾਰਾ
ਲਾਨ੍ਹਤਾਂ ਨੇ ਪਾਉਂਦੇ ਲੋਕੀਂ ਸਾਡੀ ਮਰ ਗਈ ਜ਼ਮੀਰ 'ਤੇ
ਮੰਗਣਗੇ ਲਾਲੇ ਹੁਣ, ਪਾਈ ਪਾਈ ਦਾ ਹਿਸਾਬ ਸਾਥੋਂ
ਮੈਨੂੰ ਲਗਦੈ ਖ਼ਿਲਾਫ਼ ਸਾਡੇ, ਇਹ ਕਮਿਸ਼ਨ ਬੈਠਾਉਣਗੇ
ਚਲਾਈਆਂ ਅਸੀਂ ਚੰਮ ਦੀਆਂ, ਧੋਖਾ ਕੀਤੈ ਕੌਮ ਨਾਲ਼
ਭੂਤਰੇ ਹੋਏ ਭਾਜਪਾਈ, ਹੁਣ ਵੱਟੋ ਵੱਟ ਸਾਨੂੰ ਪਾਉਣਗੇ। |
|