Share on Facebook

Main News Page

ਬਿਕ੍ਰਮੀ ਕੈਲੰਡਰ ਅਤੇ ਨਾਨਕਸ਼ਾਹੀ ਕੈਲੰਡਰ ਦਾ ਤੁਲਨਾਤਮਿਕ ਅਧਿਐਨ
-: ਕਿਰਪਾਲ ਸਿੰਘ ਬਠਿੰਡਾ ਮੋਬ: 9855480797

ਮਨੁੱਖੀ ਸਭਿਅਤਾ ਦੇ ਆਦਿ ਕਾਲ ਤੋਂ ਲੈ ਕੇ ਮਨੁੱਖ ਨੇ ਸਮੇਂ ਨੂੰ ਮਾਪਣ ਲਈ ਮੁੱਖ ਤੌਰ ’ਤੇ ਤਿੰਨ ਕੁਦਰਤੀ ਮਾਪ ਦੰਡ ਅਪਣਾਏ ਹਨ:

1. ਧਰਤੀ ਆਪਣੀ ਧੁਰੀ ਦੇ ਦੁਆਲੇ ਘੁੰਮਦੀ ਹੈ ਜਿਸ ਨਾਲ ਦਿਨ ਰਾਤ ਬਣਦੇ ਹਨ। ਧਰਤੀ ਆਪਣੀ ਧੁਰੀ ਦੇ ਦੁਆਲੇ 24 ਘੰਟੇ ਵਿੱਚ ਇੱਕ ਪੂਰਾ ਚੱਕਰ ਕਰਦੀ ਹੈ। 24 ਘੰਟੇ ਦੇ ਇਸ ਸਮੇਂ ਨੂੰ ਇੱਕ ਦਿਨ ਦਾ ਨਾਮ ਦਿੱਤਾ ਗਿਆ ਹੈ ਜਿਸ ਵਿੱਚ ਦਿਨ ਤੇ ਰਾਤ ਦੋਵੇਂ ਸ਼ਾਮਲ ਹੁੰਦੇ ਹਨ।

2. ਚੰਦ੍ਰਮਾ ਧਰਤੀ ਦੇ ਦੁਆਲੇ ਇੱਕ ਪੂਰਾ ਚੱਕਰ ਲਗਪਗ 29.53 ਦਿਨਾਂ (29 ਦਿਨ 12 ਘੰਟੇ 44 ਮਿੰਟ 2 ਸੈਕੰਡ) ਵਿੱਚ ਪੂਰਾ ਕਰਦਾ ਹੈ; ਜਿਸ ਨੂੰ ਚੰਦਰ ਮਹੀਨਾ ਕਿਹਾ ਜਾਂਦਾ ਹੈ। 12 ਮਹੀਨੇ ਦਾ ਇੱਕ ਸਾਲ ਹੋਣ ਕਰਕੇ ਚੰਦਰ ਸਾਲ ਲਗਪਗ 354.36 ਦਿਨਾਂ ਦਾ ਹੁੰਦਾ ਹੈ।

3. ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ ਤੇ ਤਕਰੀਬਨ 365 ਦਿਨ 5 ਘੰਟੇ 48 ਮਿੰਟ 45 ਸੈਕੰਡ ਵਿੱਚ ਆਪਣਾ ਚੱਕਰ ਪੂਰਾ ਕਰਦੀ ਹੈ ਜਿਸ ਨੂੰ ਮੌਸਮੀ ਸਾਲ ਕਹਿੰਦੇ ਹਨ।

ਵਿਸ਼ਵ ਦੀਆਂ ਵੱਖੋ-ਵੱਖਰੀਆਂ ਕੌਮਾਂ ਤੇ ਧਰਮਾਂ ਨੇ ਆਪੋ-ਆਪਣੀ ਸੂਝ ਅਨੁਸਾਰ ਆਪਣੇ ਕੈਲੰਡਰ ਬਣਾਏ ਹਨ। ਇਹ ਕੈਲੰਡਰ ਸੂਰਜੀ (Solar) ਜਾਂ ਫਿਰ ਚੰਦਰ (Lunar) ਸਾਲ ਦੀ ਲੰਬਾਈ ਉੱਪਰ ਅਧਾਰਿਤ ਹਨ। ਪੁਰਾਣੇ ਸਮਿਆਂ ਵਿੱਚ ਜਦੋਂ ਪੜ੍ਹਾਈ ਲਿਖਾਈ ਘੱਟ ਹੁੰਦੀ ਸੀ ਤਾਂ ਚੰਦ੍ਰਮਾ ਮਹੀਨੇ ਦੀਆਂ ਤਿਥਾਂ ਨੂੰ ਯਾਦ ਰੱਖਣਾ ਅਸਾਨ ਸੀ ਇਸ ਲਈ ਜਿਆਦਾਤਰ ਚੰਦਰ ਕੈਲੰਡਰ ਹੀ ਵਰਤੇ ਜਾਣ ਲੱਗੇ। ਚੰਦਰ ਕੈਲੰਡਰ ਵਿੱਚ ਜਿਸ ਸਾਰੀ ਰਾਤ ਪੂਰਾ ਚੰਦ੍ਰਮਾਂ ਵਿਖਾਈ ਦਿੰਦਾ ਹੈ ਉਸ ਨੂੰ ਪੂਰਨਮਾਸ਼ੀ ਕਿਹਾ ਜਾਂਦਾ ਹੈ। ਪੂਰਨਮਾਸ਼ੀ ਤੋਂ ਅਗਲੇ ਦਿਨ ਵਦੀ ਏਕਮ ਅਤੇ ਉਸ ਤੋਂ ਅਗਾਂਹ ਆਉਣ ਵਾਲੇ ਦਿਨਾਂ ਨੂੰ ਕ੍ਰਮਵਾਰ ਵਦੀ ਦੂਜ, ਵਦੀ ਤੀਜ, ਵਦੀ ਚੌਥ…… ਹੁੰਦੀ ਹੋਈ ਚੌਦਵੇਂ ਜਾਂ ਪੰਦ੍ਰਵੇਂ ਦਿਨ ਜਿਸ ਰਾਤ ਨੂੰ ਚੰਦ੍ਰਮਾਂ ਬਿਲਕੁਲ ਵਿਖਾਈ ਨਹੀਂ ਦਿੰਦਾ ਉਹ ਮੱਸਿਆ ਦਾ ਦਿਨ ਹੁੰਦਾ ਹੈ। ਉਸ ਤੋਂ ਅੱਗੇ ਫਿਰ ਸੁਦੀ ਏਕਮ, ਸੁਦੀ ਦੂਜ, ਸੁਦੀ ਤੀਜ, ਸੁਦੀ ਚੌਥ ਹੁੰਦੀ ਹੋਈ 14ਵੇਂ ਜਾਂ 15ਵੇਂ ਦਿਨ ਪੂਰਨਮਾਸ਼ੀ ਆ ਜਾਂਦੀ ਹੈ। ਇਸ ਤਰ੍ਹਾਂ ਮੱਸਿਆ ਤੋਂ ਮੱਸਿਆ ਤੱਕ ਜਾਂ ਪੂਰਨਮਾਸ਼ੀ ਤੋਂ ਪੂਰਨਮਾਸ਼ੀ ਤੱਕ ਦੇ ਸਮੇਂ ਨੂੰ ਇੱਕ ਮਹੀਨਾ ਮਿਥ ਲਿਆ ਜਾਂਦਾ ਹੈ। ਚੰਦ੍ਰਮਾਂ ’ਤੇ ਅਧਾਰਤ ਸਾਲ ਮੌਸਮਾਂ ਨਾਲ ਮੇਲ ਨਹੀਂ ਖਾਂਦਾ।

ਮੌਸਮਾਂ ਨਾਲ ਮੇਲ ਖਾਣ ਲਈ ਸੂਰਜੀ ਕੈਲੰਡਰ ਹੀ ਸਭ ਤੋਂ ਉੱਤਮ ਹੈ। ਭਾਰਤ ਵਿੱਚ ਪ੍ਰਚਲਤ ਬਿਕ੍ਰਮੀ ਕੈਲੰਡਰ ਸੂਰਜੀ ਤੇ ਚੰਦਰ ਦੋਵੇਂ ਪ੍ਰਣਾਲੀਆਂ ਦਾ ਮਿਸ਼੍ਰਣ ਹੈ; ਜਿਸ ਅਨੁਸਾਰ ਧਾਰਮਿਕ ਦਿਹਾੜੇ ਚੰਦ੍ਰਮਾਂ ਦੀਆਂ ਤਿਥਾਂ ਮੁਤਾਬਿਕ ਅਤੇ ਹੋਰ ਇਤਿਹਾਸਕ ਦਿਹਾੜੇ ਸੂਰਜੀ ਸਾਲ ਦੀਆਂ ਤਰੀਖਾਂ ਅਨੁਸਾਰ ਨਿਸਚਤ ਕੀਤੇ ਜਾਂਦੇ ਹਨ। ਚੰਦਰ ਸਾਲ ਸੂਰਜੀ ਸਾਲ ਤੋਂ ਲਗਪਗ 11 ਦਿਨ ਛੋਟਾ ਹੋਣ ਕਰਕੇ ਜਿਹੜੇ ਗੁਰਪੁਰਬ ਇਸ ਸਾਲ ਆਏ ਜਾਂ ਆਉਣੇ ਹਨ ਉਹ ਅਗਲੇ ਸਾਲ 11 ਦਿਨ ਪਹਿਲਾਂ ਆ ਜਾਣਗੇ। ਉਸ ਤੋਂ ਅਗਲੇ ਸਾਲ 22 ਦਿਨ ਪਹਿਲਾਂ ਅਤੇ ਤੀਸਰੇ ਸਾਲ 33 ਦਿਨ ਪਹਿਲਾਂ ਆਉਣੇ ਚਾਹੀਦੇ ਸਨ। ਪਰ ਚੰਦਰ ਸਾਲ ਨੂੰ ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣ ਲਈ ਹਰ ਦੂਜੇ ਜਾਂ ਤੀਜੇ ਸਾਲ ਇੱਕ ਫਾਲਤੂ ਮਹੀਨਾ ਜੋੜ ਦਿੱਤਾ ਜਾਂਦਾ ਹੈ ਜਿਸ ਨੂੰ ਲੌਂਦ ਦਾ ਮਹੀਨਾ ਜਾਂ ਮਲ ਮਾਸ ਕਹਿੰਦੇ ਹਨ। ਪੰਡਿਤਾਂ ਅਨੁਸਾਰ ਮਲਮਾਸ ਅਸ਼ੁਭ ਮਹੀਨਾ ਹੁੰਦਾ ਹੈ ਅਤੇ ਇਸ ਮਹੀਨੇ ਦੌਰਾਨ ਕੋਈ ਵੀ ਧਾਰਮਿਕ ਜਾਂ ਸ਼ੁਭ ਕੰਮ ਨਹੀਂ ਕੀਤਾ ਜਾਂਦਾ ਸੋ ਇਸ ਮਹੀਨੇ ’ਚ ਆਉਣ ਵਾਲੇ ਗੁਰਪੁਰਬ ਅਗਲੇ ਮਹੀਨੇ ’ਚ ਮਨਾਏ ਜਾਣ ਕਰਕੇ 11 ਦਿਨ ਪਹਿਲਾਂ ਆਉਣ ਦੀ ਬਜਾਏ 18-19 ਦਿਨ ਪਛੜ ਕੇ ਆਉਣਗੇ।

ਬਿਕ੍ਰਮੀ ਕੈਲੰਡਰ ਵਿੱਚ ਵੱਡਾ ਦੋਸ਼ ਇਹ ਹੈ ਕਿ ਇਹ ਕੈਲੰਡਰ ਇਸ ਮਿੱਥ ਦੇ ਅਧਾਰ ’ਤੇ ਤਿਆਰ ਕੀਤਾ ਜਾ ਰਿਹਾ ਹੈ ਕਿ ਧਰਤੀ ਖੜ੍ਹੀ ਹੈ ਅਤੇ ਸੂਰਜ ਇਸ ਦੇ ਦੁਆਲੇ ਘੁੰਮ ਰਿਹਾ ਹੈ। ਧਰਤੀ ਦੇ ਸੂਰਜ ਦੁਆਲੇ ਘੁੰਮਣ ਬਾਰੇ ਸਭ ਤੋਂ ਪਹਿਲਾਂ ਜਾਣਕਾਰੀ ਕੂਪਰ ਨੀਕਸ (Coprenicus Nicolas, 1473-1543) ਜਿਸ ਨੂੰ ਮੌਜੂਦਾ ਤਾਰਾ ਵਿਗਿਆਨ ਦਾ ਪਿਤਾਮਾ ਮੰਨਿਆ ਜਾਂਦਾ ਹੈ; ਨੂੰ ਹੋਈ ਸੀ। ਉਸ ਨੇ ਕੁਝ ਫਾਰਮੂਲੇ ਇਜ਼ਾਦ ਕੀਤੇ ਸਨ। ਉਸ ਵੱਲੋਂ ਕੀਤੇ ਗਏ ਕੰਮ ਦੀ ਪੜਤਾਲ ਕਰਕੇ ਗਲੀਲੀਓ (Galileo Galilei  1564-1642) ਨੇ ਦੁਨੀਆਂ ਨੂੰ ਦੱਸਿਆ ਸੀ ਕਿ ਧਰਤੀ ਗੋਲ ਹੈ ਅਤੇ ਸੂਰਜ ਦੁਆਲੇ ਘੁੰਮਦੀ ਹੈ। ਇਸ ਮਹਾਨ ਖੋਜ ਤੋਂ ਚਾਰ ਸਦੀਆਂ ਬਾਅਦ ਬਿਕ੍ਰਮੀ ਕੈਲੰਡਰ ਅੱਜ ਵੀ ਇਹ ਮੰਨ ਕੇ ਹੀ ਬਣਾਇਆ ਜਾਂਦਾ ਹੈ ਕਿ ਸੂਰਜ ਧਰਤੀ ਦੁਆਲੇ ਘੁੰਮਦਾ ਹੈ। ਸੰਗ੍ਰਾਂਦਾਂ ਦੀ ਪ੍ਰੀਭਾਸ਼ਾ ਅੱਜ ਵੀ ਇਹ ਹੀ ਹੈ ਕਿ ਜਦੋਂ ਸੂਰਜ ਇਕ ਰਾਸ਼ੀ ਤੋਂ ਦੂਜੀ ਰਾਸ਼ੀ ’ਚ ਪ੍ਰਵੇਸ਼ ਕਰਦਾ ਹੈ ਤਾਂ ਉਸ ਦਿਨ ਸੰਗ੍ਰਾਂਦ ਹੁੰਦੀ ਹੈ; ਭਾਵ ਨਵਾਂ ਮਹੀਨਾ ਸ਼ੁਰੂ ਹੁੰਦਾ ਹੈ। ਜਦੋਂ ਕਿ ਤਕਨੀਕੀ ਤੌਰ ’ਤੇ ਜਦੋਂ ਧਰਤੀ 30 ਡਿਗਰੀ ਅੱਗੇ ਵਧਦੀ ਹੈ ਤਾਂ ਮਹੀਨਾ ਬਦਲ ਜਾਂਦਾ ਹੈ। ਹੈਰਾਨੀ ਇਹ ਹੈ ਕਿ ਅੱਜ ਵੀ ਬਾਈਬਲ ਵਿੱਚ ਲਿਖਿਆ ਪਿਆ ਹੈ: ‘ਧਰਤੀ ਚਪਟੀ ਹੈ ਅਤੇ ਖੜ੍ਹੀ ਹੈ ਜਿਸ ਦੇ ਦੁਆਲੇ ਸੂਰਜ ਘੁੰਮ ਰਿਹਾ ਹੈ’। ਗਲੀਲੀਓ ਵੱਲੋਂ ਬਾਈਬਲ ਦੀ ਲਿਖਤ ਦੇ ਉਲਟ ਕਹੇ ਜਾਣ ਕਰਕੇ ਹੀ ਈਸਾਈ ਚਰਚ ਵੱਲੋਂ ਉਸ ਨੂੰ ਸਜਾ ਦਿੱਤੀ ਗਈ ਸੀ। ਬਾਈਬਲ ’ਚ ਇਸ ਲਿਖਤ ਦੇ ਬਾਵਯੂਦ ਦੁਨੀਆਂ ਨੂੰ ਸੱਚ ਦੱਸਣ ਵਾਲੇ ਗਲੀਲੀਓ ਨੂੰ ਸਜਾਵਾਂ ਦੇਣ ਵਾਲੇ ਚਰਚ ਨੇ ਆਪਣੀ ਗਲਤੀ ਮੰਨ ਲਈ ਚਰਚ ਨੇ ਆਪਣੀ ਗਲਤੀ ਸਵੀਕਾਰ ਕਰ ਲਈ ਹੈ ਹੈ ਕਿ ਗਲੀਲੀਓ ਠੀਕ ਸੀ ਤੇ ਅਸੀਂ ਗਲਤ। ਜਦੋਂ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਜਿਹੀਆਂ ਮਨੌਤਾਂ ਦਾ ਪਹਿਲਾਂ ਹੀ ਖੰਡਨ ਕੀਤਾ ਹੋਇਆ ਇਸ ਦੇ ਬਾਵਯੂਦ ਪੂਰਨ ਬ੍ਰਹਮਗਿਆਨੀ ਸੰਤ ਮਹਾਂਪੁਰਖਾਂ ਤੋਂ ਆਪਣੇ ਆਪ ਨੂੰ ਵਰੋਸਾਏ ਹੋਏ ਹੋਣ ਦਾ ਦਾਅਵਾ ਕਰਨ ਵਾਲੇ ਸੰਤ ਸਮਾਜ ਦੇ ਆਗੂ ਇਸ ਗੱਲ ਲਈ ਬ-ਜ਼ਿਦ ਹਨ ਕਿ ਸੰਗ੍ਰਾਂਦ ਸਿਰਫ ਉਸ ਦਿਨ ਹੀ ਹੋ ਸਕਦੀ ਹੈ ਜਦੋਂ ਸੂਰਜ ਇੱਕ ਰਾਸ਼ੀ ਤੋਂ ਦੂਸਰੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ਪਰ ਪੁਰੇਵਾਲ ਨੇ ਅਪਣੇ ਤੌਰ ’ਤੇ ਸੰਗ੍ਰਾਂਦਾਂ ਮਿਥ ਦਿੱਤੀਆਂ ਹਨ ਜਿਸ ਨੂੰ ਕਦਾਚਿਤ ਵੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ।

ਭਾਰਤ ਵਿੱਚ ਸੂਰਯ ਸਿਧਾਂਤ ਵਾਲਾ ਪ੍ਰਚਲਤ ਬਿਕ੍ਰਮੀ ਕੈਲੰਡਰ ਦਾ ਸਾਲ ਮੌਸਮੀ ਸਾਲ ਨਹੀਂ ਹੈ। ਸਮੇਂ ਦੇ ਬੀਤਣ ਨਾਲ ਇਸ ਦੇ ਮਹੀਨੇ ਮੌਸਮਾਂ ਤੋਂ ਅਲਾਹਿਦਾ ਹੋ ਜਾਣਗੇ। ਇਸ ਦਾ ਮੁੱਖ ਕਾਰਣ ਬਿਕ੍ਰਮੀ ਸਾਲ ਦਾ ਮੌਸਮੀ ਸਾਲ ਨਾਲੋਂ ਤਕਰੀਬਨ 20 ਮਿੰਟ ਵੱਧ ਹੋਣਾ ਹੈ। ਜਿਸ ਕਾਰਣ ਬਿਕ੍ਰਮੀ ਕੈਲੰਡਰ ਵਿੱਚ 70/71 ਸਾਲਾਂ ਵਿੱਚ ਇੱਕ ਦਿਨ ਦਾ ਫਰਕ ਪੈ ਜਾਂਦਾ ਹੈ। ਜਦੋਂ ਕਿ ਸਾਂਝੇ ਸਾਲ (ਈਸਵੀ) ਦਾ ਮੌਸਮੀ ਸਾਲ ਨਾਲੋਂ 3300 ਸਾਲਾਂ ਵਿੱਚ ਸਿਰਫ ਇੱਕ ਦਿਨ ਦਾ ਫਰਕ ਪਵੇਗਾ। ਉਪ੍ਰੋਕਤ ਕਾਰਣਾਂ ਕਰਕੇ ਬਿਕ੍ਰਮੀ ਕੈਲੰਡਰ ਅਨੁਸਾਰ ਆਈਆਂ ਜਾਂ ਆਉਣ ਵਾਲੀਆਂ ਵੈਸਾਖੀ ਦੀਆਂ ਤਰੀਖਾਂ ਤੋਂ ਭਲੀਭਾਂਤ ਸਪੱਸ਼ਟ ਹੋ ਜਾਂਦਾ ਹੈ:

ਈਸਵੀ = ਵੈਸਾਖੀ
1753 = 9 ਅਪ੍ਰੈਲ
1799 = 10 ਅਪ੍ਰੈਲ
1899 = 12 ਅਪ੍ਰੈਲ
1999 = 14 ਅਪ੍ਰੈਲ
2100 = 15 ਅਪ੍ਰੈਲ
2199 = 16 ਅਪ੍ਰੈਲ

ਉਪਰੋਕਤ ਦ੍ਰਿਸ਼ਟੀ ਤੋਂ ਬਿਕ੍ਰਮੀ ਸਾਲ ਪਹਿਲੀ ਵੈਸਾਖ ਭਾਵ ਵੈਸਾਖੀ ਤਕਰੀਬਨ 1100 ਸਾਲ ਬਾਅਦ ਅਪ੍ਰੈਲ ਦੀ ਬਜਾਇ ਮਈ ਮਹੀਨੇ ਵਿੱਚ ਚਲੀ ਜਾਵੇਗੀ। ਜੇ ਕਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ 13000 ਸਾਲ ਬਾਅਦ ਇਹ ਵੈਸਾਖੀ ਅਕਤੂਬਰ ਦੇ ਅੱਧ ਵਿੱਚ ਆਵੇਗੀ। ਸੂਰਜ ਦਾ ਇੱਕ ਰਾਸ਼ੀ ਤੋਂ ਦੂਸਰੀ ਰਾਸ਼ੀ ਵਿੱਚ ਪ੍ਰਵੇਸ਼ ਕਰਨ ਦਾ ਸਮਾਂ ਵੀ ਵੱਖ ਵੱਖ ਸਾਲਾਂ ਵਿੱਚ ਵੱਖ ਵੱਖ ਹੈ ਇਸ ਕਾਰਣ ਹਰ ਸਾਲ ਹੀ ਇਸ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਬਦਲਦੀ ਰਹਿੰਦੀ ਹੈ। ਜਿਵੇਂ ਕਿ ਪਿਛਲੇ ਸਾਲਾਂ ਦੀਆਂ ਜੰਤਰੀਆਂ ਵੇਖਣ ਤੋਂ ਪਤਾ ਲਗਦਾ ਹੈ ਕਿ:

ਚੇਤ ਦਾ ਮਹੀਨਾ ਸਾਲ 2011 ਵਿੱਚ 31 ਦਿਨ ਦਾ ਸੀ; ਸਾਲ 2012 ਅਤੇ 2013 ਵਿੱਚ 30 ਦਿਨਾਂ ਦਾ ਪਰ 2014 ਵਿੱਚ ਫਿਰ 31 ਦਿਨਾਂ ਦਾ ਹੋ ਗਿਆ।
ਵੈਸਾਖ ਦਾ ਮਹੀਨਾ ਸਾਲ 2011, 2012 ਅਤੇ 2013 ਵਿੱਚ 31 ਦਿਨ ਦਾ ਸੀ; ਪਰ ਸਾਲ 2014 ਵਿੱਚ 30 ਦਿਨਾਂ ਦਾ।
ਜੇਠ ਦਾ ਮਹੀਨਾ ਸਾਲ 2011, 2012 ਅਤੇ 2013 ਵਿੱਚ 31 ਦਿਨ ਦਾ ਸੀ; ਪਰ ਸਾਲ 2014 ਵਿੱਚ 32 ਦਿਨਾਂ ਦਾ ਹੋ ਗਿਆ।
ਹਾੜ ਦਾ ਮਹੀਨਾ ਸਾਲ 2011, ਵਿੱਚ 31 ਦਿਨਾਂ ਦਾ ਸੀ, 2012 ਅਤੇ 2013 ਵਿੱਚ 32 ਦਿਨਾਂ ਦਾ ਸੀ; ਪਰ ਸਾਲ 2014 ਵਿੱਚ ਫਿਰ 31 ਦਿਨਾਂ ਦਾ।
ਸਾਉਣ ਦਾ ਮਹੀਨਾ ਸਾਲ 2011 ਵਿੱਚ 32 ਦਿਨ ਦਾ; 2012 ਅਤੇ 2013 ਵਿੱਚ 31 ਦਿਨਾਂ ਦਾ ਸੀ; ਪਰ 2014 ਵਿੱਚ ਫਿਰ 32 ਦਿਨ ਦਾ ਹੋ ਗਿਆ।
ਭਾਦੋਂ ਦਾ ਮਹੀਨਾ ਸਾਲ 2011, 2012 ਅਤੇ 2013 ਵਿੱਚ 31 ਦਿਨ ਦਾ ਸੀ; ਪਰ ਸਾਲ 2014 ਵਿੱਚ 32 ਦਿਨਾਂ ਦਾ ਹੋ ਗਿਆ।
ਅੱਸੂ ਦਾ ਮਹੀਨਾ ਸਾਲ 2011, 2012 ਵਿੱਚ 30 ਦਿਨਾਂ ਦਾ; 2013 ਅਤੇ 2014 ਵਿੱਚ 31 ਦਿਨਾਂ ਦਾ ਹੋ ਗਿਆ।
ਮੱਘਰ ਦਾ ਮਹੀਨਾ ਸਾਲ 2011, 2012 ਵਿੱਚ 30 ਦਿਨ ਦਾ ਸੀ; 2013 ਵਿੱਚ 29 ਦਿਨ; ਪਰ ਸਾਲ 2014 ਵਿੱਚ ਫਿਰ 30 ਦਿਨਾਂ ਦਾ ਹੋ ਗਿਆ।
ਪੋਹ ਦਾ ਮਹੀਨਾ ਸਾਲ 2012 ਅਤੇ 2013 ਵਿੱਚ 29 ਦਿਨ ਦਾ ਸੀ; 2014 ਵਿੱਚ 30 ਦਿਨ; ਪਰ ਸਾਲ 2015 ਵਿੱਚ ਫਿਰ 29 ਦਿਨਾਂ ਦਾ ਹੋ ਗਿਆ।
ਮਾਘ ਦਾ ਮਹੀਨਾ ਸਾਲ 2012 ਅਤੇ 2013 ਵਿੱਚ 30 ਦਿਨ ਦਾ ਸੀ; 2014 ਵਿੱਚ 29 ਦਿਨ; ਪਰ ਸਾਲ 2015 ਵਿੱਚ ਫਿਰ 30 ਦਿਨਾਂ ਦਾ ਹੋ ਗਿਆ।
ਫੱਗਣ ਦਾ ਮਹੀਨਾ ਸਾਲ 2012, 2013 ਅਤੇ 2014 ਵਿੱਚ 30 ਦਿਨ ਦਾ ਸੀ; 2015 ਵਿੱਚ 29 ਦਿਨਾਂ ਦਾ ਰਹਿ ਗਿਆ।

ਚੰਦਰ ਸਾਲ ਦਾ ਹਾਲ ਤਾਂ ਹੋਰ ਵੀ ਮਾੜਾ ਹੈ। ਜਿਸ ਮਹੀਨੇ ਵਿੱਚ ਰਾਸ਼ੀ ਪਰਿਵਰਤਨ ਨਹੀਂ ਹੁੰਦਾ ਉਸ ਨੂੰ ਅਧਿਕ ਮਹੀਨਾ ਜਾਂ ਵਾਧੂ ਮਹੀਨੇ ਦਾ ਨਾਮ ਦਿੰਦੇ ਹਨ। ਇਸ ਤਰ੍ਹਾਂ ਬਾਰਾਂ ਦੀ ਥਾਂ ਚੰਦਰ ਸਾਲ ਦੇ ਤੇਰਾਂ ਮਹੀਨੇ ਬਣ ਜਾਂਦੇ ਹਨ। ਇਸੇ ਤਰ੍ਹਾਂ ਕਦੇ ਸੂਰਜ ਕਿਸੇ ਇੱਕ ਮਹੀਨੇ ਵਿੱਚ ਦੋ ਵਾਰੀ ਰਾਸ਼ੀ ਪ੍ਰੀਵਰਤਨ ਕਰ ਲੈਦਾ ਹੈ, ਇਸ ਮਹੀਨੇ ਨੂੰ ਵਿਗਿਆਨੀ ਕਸ਼ਿਆ ਜਾਂ ਘਟਿਆ ਮਹੀਨਾ ਆਖ ਦਿੰਦੇ ਹਨ। ਇੱਥੇ ਚੰਦਰ ਸਾਲ ਦੇ ਬਾਰਾਂ ਦੀ ਬਜਾਏ ਗਿਆਰਾਂ ਮਹੀਨੇ ਰਹਿ ਜਾਂਦੇ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਇੱਕੇ ਨਾਮ ਦੇ ਦੋ ਮਹੀਨੇ ਆ ਜਾਣ ਤਾਂ ਉਸ ਮਹੀਨੇ ਵਿੱਚ ਆਉਣ ਵਾਲੇ ਗੁਰਪੁਰਬ ਤੁਸੀਂ ਕਿਹੜੇ ਮਹੀਨੇ ਵਿੱਚ ਮਨਾਓਗੇ ਅਤੇ ਕਿਉਂ? ਜੇ ਕਿਸੇ ਸਾਲ ਇੱਕ ਮਹੀਨਾ ਹੀ ਖਤਮ ਹੋ ਗਿਆ ਤਾਂ ਉਸ ਮਹੀਨੇ ਵਿੱਚ ਆਉਣ ਵਾਲੇ ਗੁਰਪੁਰਬ ਕਿਹੜੇ ਮਹੀਨੇ ਵਿੱਚ ਮਨਾਓਗੇ ਅਤੇ ਕਿਉਂ? ਇੱਥੇ ਹੀ ਬੱਸ ਨਹੀਂ ਬਿਕ੍ਰਮੀ ਕੈਲੰਡਰ ਨੂੰ ਧਿਆਨ ਨਾਲ ਵੇਖਿਆਂ ਪਤਾ ਲਗਦਾ ਹੈ ਕਿ ਹਰ ਮਹੀਨੇ ਚੰਦ੍ਰਮਾਂ ਮਹੀਨੇ ਦੀ ਇੱਕੋ ਤਿੱਥ ਲਗਾਤਾਰ ਦੋ ਦਿਨ ਆ ਜਾਂਦੀ ਹੈ; ਜਿਵੇਂ ਕਿ 2015 ਦੀ 5 ਫਰਵਰੀ ਨੂੰ ਵੀ ਫੱਗਣ ਵਦੀ ਦੂਜ ਹੈ ਅਤੇ 6 ਫਰਵਰੀ ਨੂੰ ਵੀ ਫੱਗਣ ਵਦੀ ਦੂਜ ਹੈ। 8 ਮਾਰਚ ਨੂੰ ਵੀ ਚੇਤ ਵਦੀ ਤੀਜ ਹੈ ਅਤੇ 9 ਮਾਰਚ ਨੂੰ ਵੀ ਚੇਤ ਵਦੀ ਤੀਜ ਹੈ। ਕਦੀ ਐਸਾ ਵੀ ਹੁੰਦਾ ਹੈ ਕਿ ਇੱਕੋ ਦਿਨ ਦੋ ਤਿਥਾਂ ਇਕੱਠੀਆਂ ਹੀ ਆ ਜਾਂਦੀਆਂ ਹਨ ਜਿਵੇਂ ਕਿ 18 ਫਰਵਰੀ ਨੂੰ ਫੱਗਣ ਵਦੀ ਚੌਦਸ ਵੀ ਹੈ ਅਤੇ ਮੱਸਿਆ ਵੀ ਹੈ। ਇਸੇ ਤਰ੍ਹਾਂ 16 ਮਾਰਚ ਨੂੰ ਚੇਤ ਵਦੀ ਦਸਵੀਂ ਵੀ ਹੈ ਅਤੇ ਚੇਤ ਵਦੀ ਇਕਾਦਸੀ ਵੀ ਹੈ। ਇਸ ਘਟੀ ਹੋਈ ਤਿਥ ਨੂੰ ਕਹਿੰਦੇ ਹਨ ਕਿ ਇੱਕ ਤਿਥ ‘ਖੈ’ ਹੋ ਗਈ ਭਾਵ ਖਤਮ ਹੋ ਗਈ। ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਜੇ ਕਦੀ ਗੁਰਪੁਰਬ ਵਾਲੀ ਤਿਥ ਲਗਾਤਾਰ ਦੋ ਦਿਨ ਆ ਜਾਵੇ ਤਾਂ ਗੁਰਪੁਰਬ ਕਿਹੜੇ ਦਿਨ ਮਨਾਇਆ ਜਾਵੇਗਾ ਅਤੇ ਜੇ ਗੁਰਪੁਰਬ ਵਾਲੀ ਤਿਥ ਖੈ ਹੋ ਜਾਵੇ ਤਾਂ ਗੁਰਪੁਰਬ ਕਿਹੜੀ ਤਿਥ ਨੂੰ ਮਨਾਇਆ ਜਾਵੇਗਾ? ਸੋ ਇਸ ਗੋਰਖ ਧੰਦੇ ਦੇ ਚਲਦਿਆਂ ਕੋਈ ਵੀ ਮਨੁੱਖ ਜੰਤਰੀ ਵੇਖੇ ਬਿਨਾਂ ਨਹੀਂ ਦੱਸ ਸਕਦਾ ਕਿ ਕੱਲ੍ਹ ਨੂੰ ਕਿਹੜੀ ਤਿਥ ਹੋਵੇਗੀ ਅਤੇ ਚਾਲੂ ਮਹੀਨਾ ਕਿੰਨੇ ਦਿਨਾਂ ਦਾ ਹੈ? ਅਤੇ ਇਸ ਸਾਲ ਦੇ ਮਹੀਨੇ 11 ਹੋਣਗੇ ਜਾਂ 12 ਹੋਣਗੇ ਜਾਂ 13 ਹੋਣਗੇ?

ਹੋਰ ਉਲਝਣ ਇਹ ਬਣੀ ਰਹਿੰਦੀ ਹੈ ਕਿ ਕਈ ਵਾਰ ਪੋਹ ਸੁਦੀ 7; ਮਾਘ ਮਹੀਨੇ ਵਿੱਚ ਆ ਜਾਂਦੀ ਹੈ ਜਿਵੇਂ ਕਿ 2013 ਵਿੱਚ ਇਹ 6 ਮਾਘ ਨੂੰ ਆਈ ਸੀ। ਆਮ ਬੰਦਾ ਇਸ ਸਸ਼ੋਪੰਜ ਵਿੱਚ ਪੈ ਜਾਂਦਾ ਹੈ ਕਿ ਪੋਹ 7, ਪੋਹ ਦੀ ਬਜਾਏ ਮਾਘ ਮਹੀਨੇ ਵਿੱਚ ਕਿਵੇਂ ਆ ਗਈ?

ਹੋਰ ਵੇਖੋ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 2014 ਵਿੱਚ ਪਹਿਲਾਂ 7 ਜਨਵਰੀ ਨੂੰ ਆਇਆ ਤੇ ਫਿਰ 355 ਦਿਨਾਂ ਬਾਅਦ ਦੂਜੀ ਵਾਰ 28 ਦਸੰਬਰ ਨੂੰ ਆ ਗਿਆ। 2015 ਵਿੱਚ ਇਹ ਗੁਰਪੁਰਬ ਆਉਣਾ ਹੀ ਨਹੀਂ ਅਤੇ 2016 ਵਿੱਚ 5 ਜਨਵਰੀ ਨੂੰ ਭਾਵ 373 ਦਿਨ ਬਾਅਦ ਆਵੇਗਾ। ਪਰ ਜੇ ਇਹ ਗੁਰਪੁਰਬ ਪੋਹ ਸੁਦੀ 7 ਦੀ ਬਜਾਏ 23 ਪੋਹ ਨੂੰ ਮਨਾ ਲਿਆ ਜਾਵੇ (ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੋਹ ਸੁਦੀ 7, 23 ਪੋਹ ਸੰਮਤ 1723 ਨੂੰ ਹੋਇਆ ਸੀ) ਤਾਂ ਨਾਨਕਸ਼ਾਹੀ ਕੈਲੰਡਰ ਅਨੁਸਾਰ ਹਰ ਸਾਲ 365 ਦਿਨ ਜਾਂ ਲੀਪ ਦੇ ਸਾਲ 366 ਦਿਨਾਂ ਬਾਅਦ 5 ਜਨਵਰੀ ਨੂੰ ਹੀ ਆਵੇਗਾ। ਇਸੇ ਤਰ੍ਹਾਂ ਪ੍ਰਚੱਲਤ ਪ੍ਰੰਪਰਾ ਅਨੁਸਾਰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ ਪਰ ਕਈ ਵਾਰ ਦਿਹਾੜਾ ਮੱਘਰ ਮਹੀਨੇ ਵਿੱਚ ਆ ਜਾਂਦਾ ਹੈ ਜਿਵੇਂ ਕਿ 2013 ਵਿੱਚ 2 ਮੱਘਰ ਨੂੰ ਆਇਆ ਸੀ ਅਤੇ 2015 ਵਿੱਚ 10 ਮੱਘਰ ਨੂੰ ਆਵੇਗਾ। ਇੱਥੇ ਵੀ ਉਹੋ ਸਸ਼ੋਪੰਜ ਕਿ ਕਤਕ ਦੀ ਪੂਰਨਮਾਸ਼ੀ ਮੱਘਰ ਵਿੱਚ ਕਿਵੇਂ ਆ ਗਈ?

ਸ: ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤਾ ਨਾਨਕਸ਼ਾਹੀ ਕੈਲੰਡਰ ਬਹੁਤ ਹੀ ਢੁੱਕਵਾਂ ਹੈ; ਕਿਉਂਕਿ ਇਸ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਪੱਕੇ ਤੌਰ ’ਤੇ ਨਿਸਚਤ ਕਰ ਦਿੱਤੀ ਗਈ ਹੈ। ਪਹਿਲੇ ਪੰਜ ਮਹੀਨੇ ਚੇਤ, ਵੈਸਾਖ, ਜੇਠ, ਹਾੜ, ਸਾਵਣ 31-31 ਦਿਨਾਂ ਦੇ; ਅਖੀਰਲੇ ਸੱਤ ਮਹੀਨੇ ਭਾਦੋਂ, ਅੱਸੂ, ਕੱਤਕ, ਮੱਘਰ, ਪੋਹ, ਮਾਘ, ਫੱਗਣ 30-30 ਦਿਨਾਂ ਦੇ ਹੋਣਗੇ। ਜਿਸ ਸਾਲ ਲੀਪ ਦੇ ਸਾਲ ਵਿੱਚ ਫਰਵਰੀ 29 ਦਿਨਾਂ ਦੀ ਹੋਵੇਗੀ ਉਸ ਸਾਲ ਇਸ ਮਹੀਨੇ ਵਿੱਚ ਅਰੰਭ ਹੋਣ ਵਾਲਾ ਮਹੀਨਾ ਫੱਗਣ ਆਪਣੇ ਆਪ 31 ਦਿਨ ਦਾ ਹੋ ਜਾਵੇਗਾ। ਮਹੀਨਿਆਂ ਦੇ ਦਿਨਾਂ ਦੀ ਗਿਣਤੀ ਪੱਕੇ ਤੌਰ ’ਤੇ ਨਿਸਚਤ ਹੋਣ ਕਰਕੇ ਹਰ ਮਹੀਨੇ ਦਾ ਆਰੰਭ ਭਾਵ ਪਹਿਲੀ ਤਰੀਖ (ਜਿਸ ਨੂੰ ਬਿਕ੍ਰਮੀ ਕੈਲੰਡਰ ਨਾਲ ਜੁੜੇ ਰਹਿਣ ਦੀ ਵਕਾਲਤ ਕਰਨ ਵਾਲੇ ਬਿਪ੍ਰਵਾਦੀ ਸੋਚ ਦੇ ਲੋਕ ਧੱਕੇ ਨਾਲ ਹੀ ਸੰਗ੍ਰਾਂਦ ਦਾ ਨਾਮ ਦੇ ਰਹੇ ਹਨ) ਹਮੇਸ਼ਾਂ ਲਈ ਪੱਕੇ ਤੌਰ ’ਤੇ ਨਿਸਚਤ ਹੋ ਗਈ ਹੈ।

ਜਿਸ ਅਨੁਸਾਰ ਪਹਿਲੇ ਦੋ ਮਹੀਨਿਆਂ ਦਾ ਅਰੰਭ 14 ਤਰੀਖ ਨੂੰ, ਭਾਵ ਚੇਤ= 14 ਮਾਰਚ, ਵੈਸਾਖ= 14 ਅਪ੍ਰੈਲ;

ਅਗਲੇ ਦੋ ਮਹੀਨੇ ਦਾ ਆਰੰਭ 15 ਤਰੀਖ ਨੂੰ ਭਾਵ ਜੇਠ= 15 ਮਈ, ਹਾੜ= 15 ਜੂਨ;

ਅਗਲੇ ਦੋ ਮਹੀਨੇ ਦਾ ਆਰੰਭ 16 ਤਰੀਖ ਨੂੰ ਭਾਵ ਸਾਵਣ= 16 ਜੁਲਾਈ, ਭਾਦੋਂ= 16 ਅਗਸਤ।

6 ਮਹੀਨੇ ਤੋਂ ਬਾਅਦ ਹੁਣ ਦੋ ਦੋ ਦੇ ਜੁੱਟ ਦੇ ਮਹੀਨਿਆਂ ਦੇ ਆਰੰਭ ਦੀ ਤਰੀਖ ਇੱਕ ਇੱਕ ਕਰਕੇ ਘਟਣੀ ਸ਼ੁਰੂ ਹੋ ਜਵੇਗੀ, ਜਿਵੇਂ ਕਿ:-

ਅੱਸੂ= 15 ਸਤੰਬਰ, ਕੱਤਕ= 15 ਅਕਤੂਬਰ;

ਮੱਘਰ= 14 ਨਵੰਬਰ, ਪੋਹ= 14 ਦਸੰਬਰ;

ਮਾਘ= 13 ਜਨਵਰੀ ਅਤੇ ਫੱਗਣ= 12 ਫਰਵਰੀ।

ਇਸ ਤਰ੍ਹਾਂ ਇਸ ਕੈਲੰਡਰ ਵਿੱਚ ਜਿਥੇ ਇੱਕ ਵਾਰ ਨਿਸਚਤ ਕੀਤੀਆਂ ਤਰੀਖਾਂ ਸਦਾ ਲਈ ਹੀ ਸਥਿਰ ਰਹਿਣਗੀਆਂ ਉਥੇ ਇਸ ਦੇ ਸਾਲ ਦੀ ਔਸਤਨ ਲੰਬਾਈ (365 ਦਿਨ 5 ਘੰਟੇ 49 ਮਿੰਟ 12 ਸੈਕੰਡ); ਮੌਸਮੀ ਸਾਲ (365 ਦਿਨ 5 ਘੰਟੇ 48 ਮਿੰਟ 45 ਸੈਕੰਡ) ਦੇ ਬਹੁਤ ਹੀ ਨਜ਼ਦੀਕ ਹੋਣ ਕਰਕੇ ਮੌਸਮੀ ਰੁੱਤਾਂ ਨਾਲ ਤਕਰੀਬਨ ਜੁੜਿਆ ਰਹੇਗਾ, ਭਾਵ 3300 ਸਾਲ ਵਿੱਚ ਕੇਵਲ 1 ਦਿਨ ਦਾ ਫਰਕ ਪਏਗਾ। ਜਦੋਂ ਕਿ ਬਿਕ੍ਰਮੀ ਸਾਲ ਦੀ ਲੰਬਾਈ ਮੌਸਮੀ ਸਾਲ ਤੋਂ ਤਕਰੀਬਨ 20 ਮਿੰਟ ਵੱਧ ਹੋਣ ਕਰਕੇ 70-71 ਸਾਲਾਂ ਵਿੱਚ ਹੀ 1 ਦਿਨ ਦਾ ਫਰਕ ਪੈ ਜਾਂਦਾ ਹੈ।

ਸੋ, ਸਮਝਣ ਅਤੇ ਯਾਦ ਰੱਖਣ ਵਿੱਚ ਬਹੁਤ ਹੀ ਅਸਾਨ ਅਤੇ ਗੁਰਬਾਣੀ ਵਿੱਚ ਵਰਨਣ ਕੀਤੇ ਮਹੀਨਿਆਂ ਦੀਆਂ ਰੁੱਤਾਂ ਨਾਲ ਹਮੇਸ਼ਾਂ ਲਈ ਜੁੜੇ ਰਹਿਣ ਵਾਲੇ ਨਾਨਕਸ਼ਾਹੀ ਕੈਲੰਡਰ ਦੀ ਵਿਰੋਧਤਾ ਸਿਰਫ ਉਹ ਲੋਕ ਕਰਦੇ ਹਨ ਜਿਨ੍ਹਾਂ ਨੂੰ ਦਸਵੀਆਂ, ਪੂਰਨਮਾਸ਼ੀਆਂ, ਮੱਸਿਆ ਅਤੇ ਸੰਗ੍ਰਾਂਦਾਂ ਮਨਾਉਣ ਦੇ ਬਹਾਨੇ ਆਪਣੇ ਡੇਰਿਆਂ ਦੀ ਆਮਦਨ ਵਧਾਉਣ ਦੀ ਹਮੇਸ਼ਾਂ ਚਿੰਤਾ ਰਹਿੰਦੀ ਹੈ। ਇਨ੍ਹਾਂ ਦਿਨਾਂ ਨੂੰ ਪਵਿੱਤਰ ਦਿਹਾੜੇ ਅਤੇ ਜਨ ਜੀਵਨ ’ਤੇ ਵਿਸ਼ੇਸ਼ ਅਸਰ ਪਾਉਣ ਦਾ ਭ੍ਰਮਜਾਲ ਪੈਦਾ ਕਰਕੇ ਭੋਲ਼ੇ ਲੋਕਾਂ ਤੋਂ ਦਾਨ ਦਖ਼ਸ਼ਣਾਂ ਲੈਣ ਲਈ ਇਨ੍ਹਾਂ ਦਿਨਾਂ ਨੂੰ ਵਿਸ਼ੇਸ਼ ਮਹੱਤਵ ਦੇਣ ਦਾ ਪ੍ਰਚਾਰ ਕਰਨ ਵਾਲੇ ਬ੍ਰਾਹਮਣ ਨੂੰ ਸੁਬੋਧਨ ਕਰਦੇ ਹੋਏ ਭਗਤ ਕਬੀਰ ਸਾਹਿਬ ਜੀ ਨੇ ਗੁਰਬਾਣੀ ਵਿੱਚ ਵੀ ਜ਼ਿਕਰ ਕੀਤਾ ਹੈ: ‘ਆਪਨ ਊਚ, ਨੀਚ ਘਰਿ ਭੋਜਨੁ; ਹਠੇ ਕਰਮ ਕਰਿ, ਉਦਰੁ ਭਰਹਿ ॥ ਚਉਦਸ ਅਮਾਵਸ, ਰਚਿ ਰਚਿ ਮਾਂਗਹਿ; ਕਰ ਦੀਪਕੁ ਲੈ, ਕੂਪਿ ਪਰਹਿ ॥’ (ਪੰਨਾ 970) ਜਿਸ ਦੇ ਅਰਥ ਹਨ:- ਹੇ ਬ੍ਰਾਹਮਣ! ਤੂੰ ਆਪਣੇ ਆਪ ਨੂੰ ਉੱਚੀ ਕੁਲ ਦਾ (ਸਮਝਦਾ ਹੈਂ), ਪਰ ਭੋਜਨ ਪਾਂਦਾ ਹੈਂ (ਆਪਣੇ ਤੋਂ) ਨੀਵੀਂ ਕੁਲ ਵਾਲਿਆਂ ਦੇ ਘਰ ਵਿਚ। ਤੂੰ ਹਠ ਵਾਲੇ ਕਰਮ ਕਰ ਕੇ ਆਪਣਾ ਪੇਟ ਪਾਲਦਾ ਹੈਂ। ਚੌਦੇਂ ਤੇ ਮੱਸਿਆ (ਆਦਿਕ ਕਪਲਿਤ ਤੌਰ ’ਤੇ ਸ਼ਭ ਥਿੱਤਾਂ) ਥਾਪ ਥਾਪ ਕੇ ਤੂੰ (ਜਜਮਾਨਾਂ ਪਾਸੋਂ) ਮੰਗਦਾ ਹੈਂ; ਤੂੰ (ਆਪਣੇ ਆਪ ਨੂੰ ਵਿਦਵਾਨ ਸਮਝਦਾ ਹੈਂ ਪਰ ਇਹ ਵਿੱਦਿਆ-ਰੂਪ) ਦੀਵਾ ਹੱਥਾਂ ਉੱਤੇ ਰੱਖ ਕੇ ਖੂਹ ਵਿਚ ਡਿੱਗ ਰਿਹਾ ਹੈਂ।

ਗੁਰਬਾਣੀ ਵਿੱਚ ਤਾਂ ਸਗੋਂ ਇਨ੍ਹਾਂ ਤਿੱਥਾਂ ਵਾਰਾਂ ਪੂਜਣ ਵਾਲਿਆਂ ਨੂੰ ਮੂਰਖ ਗਵਾਰ ਤੱਕ ਕਿਹਾ ਗਿਆ ਹੈ:

ਆਪੇ ਪੂਰਾ ਕਰੇ, ਸੁ ਹੋਇ ॥ ਏਹਿ ਥਿਤੀ ਵਾਰ, ਦੂਜਾ ਦੋਇ ॥ ਸਤਿਗੁਰ ਬਾਝਹੁ, ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ, ਮੁਗਧ ਗਵਾਰ ॥ ਨਾਨਕ! ਗੁਰਮੁਖਿ ਬੂਝੈ; ਸੋਝੀ ਪਾਇ ॥ ਇਕਤੁ ਨਾਮਿ, ਸਦਾ ਰਹਿਆ ਸਮਾਇ ॥’ (ਮ: 3, ਪੰਨਾ 843) ਜਿਸ ਦੇ ਅਰਥ ਹਨ:- ਹੇ ਭਾਈ! ਪੂਰਨ ਪ੍ਰਭੂ ਆਪ ਹੀ (ਜੋ ਕੁਝ) ਕਰਦਾ ਹੈ ਉਹ ਹੁੰਦਾ ਹੈ (ਖ਼ਾਸ ਖ਼ਾਸ ਥਿੱਤਾਂ ਨੂੰ ਚੰਗੀਆਂ ਜਾਣ ਕੇ ਭਟਕਦੇ ਨਾਹ ਫਿਰੋ, ਸਗੋਂ) ਇਹ ਥਿੱਤਾਂ ਇਹ ਵਾਰ ਮਨਾਣੇ ਤਾਂ ਮਾਇਆ ਦਾ ਮੋਹ ਪੈਦਾ ਕਰਨ ਦਾ ਕਾਰਣ ਬਣਦੇ ਹਨ, ਮੇਰ-ਤੇਰ ਪੈਦਾ ਕਰਦੇ ਹਨ। ਗੁਰੂ ਦੀ ਸ਼ਰਨ ਆਉਣ ਤੋਂ ਬਿਨਾ ਮਨੁੱਖ (ਆਤਮਕ ਜੀਵਨ ਵਲੋਂ) ਪੂਰੇ ਤੌਰ ’ਤੇ ਅੰਨ੍ਹਾ ਹੋਇਆ ਰਹਿੰਦਾ ਹੈ, (ਗੁਰੂ ਦਾ ਆਸਰਾ-ਪਰਨਾ ਛੱਡ ਕੇ) ਮੂਰਖ ਮਨੁੱਖ ਹੀ ਥਿੱਤਾਂ ਤੇ ਵਾਰ ਮਨਾਂਦੇ ਫਿਰਦੇ ਹਨ। ਹੇ ਨਾਨਕ! ਗੁਰੂ ਦੀ ਸ਼ਰਨ ਪੈ ਕੇ (ਜਿਹੜਾ ਮਨੁੱਖ) ਸਮਝਦਾ ਹੈ, ਉਸ ਨੂੰ (ਆਤਮਕ ਜੀਵਨ ਦੀ) ਸੂਝ ਆ ਜਾਂਦੀ ਹੈ, ਉਹ ਮਨੁੱਖ ਸਦਾ ਸਿਰਫ਼ੳਮਪ; ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ।

ਸੋ, ਉਕਤ ਦਿੱਤੀ ਸਾਰੀ ਵੀਚਾਰ ਨੂੰ ਗੁਰੂ ਦਾ ਹਰ ਸਿੱਖ ਆਪਣੇ ਮਨ ਵਿੱਚ ਵਾਰ ਵਾਰ ਸੋਚ ਵੀਚਾਰ ਕੇ ਵੇਖੇ ਕਿ ਕੀ ਸਾਡੇ ਲਈ ਦੋਸ਼ ਭਰਪੂਰ ਬਿਕ੍ਰਮੀ ਕੈਲੰਡਰ; ਜੋ ਸਮਝਣ ਅਤੇ ਯਾਦ ਰੱਖਣ ਵਿੱਚ ਵੀ ਅਤਿ ਮੁਸ਼ਕਲ ਹੈ; ਹੀ ਠੀਕ ਹੈ ਜਾਂ ਵਿਗਿਆਨ ਅਤੇ ਗੁਰਬਾਣੀ ਨਾਲ ਮੇਲ ਖਾਣ ਵਾਲਾ ਨਾਨਕਸ਼ਾਹੀ ਕੈਲੰਡਰ ਜੋ ਹਣ ਤੱਕ ਦੁਨੀਆਂ ਵਿੱਚ ਬਣੇ ਕੈਲੰਡਰਾਂ ਵਿੱਚੋਂ ਮੌਸਮੀ ਕੈਲੰਡਰ ਦੇ ਸਭ ਤੋਂ ਵੱਧ ਨੇੜੇ ਹੈ, ਸਮਝਣ ਅਤੇ ਯਾਦ ਰੱਖਣ ਵਿੱਚ ਸਭ ਤੋਂ ਆਸਾਨ ਹੈ; ਅਪਨਾਉਣਾ ਯੋਗ ਹੈ। ਇਹ ਸਵਾਲ ਵੀ ਬਿਲਕੁਲ ਨਿਰਅਧਾਰ ਹੈ ਕਿ ਗੁਰੂ ਸਾਹਿਬ ਜੀ ਦੇ ਸਮੇਂ ਜੋ ਕੈਲੰਡਰ ਲਾਗੂ ਸੀ ਸਾਨੂੰ ਉਹੀ ਅਪਨਾਉਣਾ ਚਾਹੀਦਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਗੁਰੂ ਸਾਹਿਬ ਜੀ ਸਮੇਂ ਭਾਰ ਦੀਆਂ ਇਕਾਈਆਂ ਰੱਤੀ, ਮਾਸਾ, ਤੋਲਾ, ਸੇਰ, ਮਣ ਆਦਿਕ ਵਰਤੇ ਜਾਂਦੇ ਸਨ। ਲੰਬਾਈ ਦੀਆਂ ਇਕਾਈਆਂ ਉਂਗਲਾਂ, ਹੱਥ, ਕਦਮ, ਕੋਹ, ਜੋਜਨ ਆਦਿਕ ਵਰਤੇ ਜਾਂਦੇ ਸਨ। ਸਮੇਂ ਦੀਆਂ ਇਕਾਈਆਂ ਵਿਸੂਏ, ਚੱਸੇ, ਘੜੀਆਂ, ਪਹਿਰ ਆਦਿਕ ਵਰਤੇ ਜਾਂਦੇ ਸਨ। ਅੱਜ ਕੱਲ੍ਹ ਇਹ ਸਾਰੀਆਂ ਇਕਾਈਆਂ ਦੀ ਥਾਂ ਐੱਮ.ਕੇ.ਐੱਸ ਸਿਸਟਮ ਦੀਆਂ ਇਕਾਈਆਂ ਵਰਤੀਆਂ ਜਾਣ ਲੱਗ ਪਈਆਂ ਹਨ, ਕਿਉਂਕਿ ਇਨ੍ਹਾਂ ਵਿੱਚ ਹਿਸਾਬ ਕਿਤਾਬ ਕਰਨ ਵਿੱਚ ਬਹੁਤ ਹੀ ਆਸਾਨੀ ਰਹਿੰਦੀ ਹੈ।

ਸੋ, ਜੇ ਹੋਰ ਸਾਰੀਆਂ ਇਕਾਈਆਂ ਆਪਣੀ ਸਹੂਲਤ ਲਈ ਅਪਣਾ ਲਈਆਂ ਗਈਆਂ ਹਨ, ਤਾਂ ਆਪਣੀ ਸਹੂਲਤ ਨੂੰ ਮੁੱਖ ਰੱਖਕੇ ਨਾਨਕਸ਼ਾਹੀ ਕੈਲੰਡਰ ਅਪਨਾਉਣ ਵਿੱਚ ਵੀ ਕੀ ਹਰਜ਼ ਹੈ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top