Share on Facebook

Main News Page

ਨਾਨਕਸ਼ਾਹੀ ਕੈਲੰਡਰ ਸਬੰਧੀ ਸਿੱਖ ਆਪਣੀਆਂ ਭਾਵਨਾਵਾਂ ਪ੍ਰਗਟਾਉਣ ਲਈ ਹਰ ਹਾਲਤ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਪਹੁੰਚਣਗੀਆਂ
-: ਭਾਈ ਪੰਥਪ੍ਰੀਤ ਸਿੰਘ, ਗਿਆਨੀ ਕੇਵਲ ਸਿੰਘ, ਕਿਰਪਾਲ ਸਿੰਘ

ਪ੍ਰੈੱਸ ਦੇ ਕੁਝ ਹਿੱਸੇ ਵਿਚ ਛਪੀਆਂ ਸ਼ੰਕੇ ਖੜ੍ਹੇ ਕਰਨ ਵਾਲੀਆਂ ਖਬਰਾਂ ਤੋਂ ਸਿੱਖ ਪੂਰੀ ਤਰ੍ਹਾਂ ਸੁਚੇਤ ਹਨ ਇਸ ਲਈ ਨਾਨਕਸ਼ਾਹੀ ਕੈਲੰਡਰ ਸਬੰਧੀ ਸਿੱਖ ਆਪਣੀਆਂ ਭਾਵਨਾਵਾਂ ਪ੍ਰਗਟਾਉਣ ਲਈ ਪਹਿਲੀ ਜਨਵਰੀ ਨੂੰ ਹਰ ਹਾਲਤ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਪਹੁੰਚਣਗੀਆਂ। ਇਹ ਸ਼ਬਦ ਗੁਰਮਤ ਸੇਵਾ ਲਹਿਰ ਭਾਈ ਬਖ਼ਤੌਰ ਦੇ ਮੁਖੀ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ, ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਅਤੇ ਨਾਨਕਸ਼ਾਹੀ ਕੈਲੰਡਰ ਤਾਲਮੇਲ ਕਮੇਟੀ ਬਠਿੰਡਾ ਦੇ ਕਨਵੀਨਰ ਭਾਈ ਕਿਰਪਾਲ ਸਿੰਘ ਨੇ ਕਹੇ।

ਉਨ੍ਹਾਂ ਕਿਹਾ ਬਾਕੀ ਸਿੱਖ ਮੰਗਾਂ ਤਾਂ ਸਰਕਾਰਾਂ ਨੇ ਪੂਰੀਆਂ ਕਰਨੀਆਂ ਹਨ, ਪਰ ਨਾਨਕਸ਼ਾਹੀ ਕੈਲੰਡਰ ਦਾ ਵਿਵਾਦ ਕੇਵਲ ਅਕਾਲ ਤਖ਼ਤ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਨੇ ਹੱਲ ਕਰਨਾ ਹੈ। ਇਸ ਲਈ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਇਹ ਬਿਆਨ ਪੂਰੀ ਤਰ੍ਹਾਂ ਗੁੰਮਰਾਹਕੁਨ ਹੈ ਕਿ ਨਾਨਕਸ਼ਾਹੀ ਕੈਲੰਡਰ ਲਾਗੂ ਕਰਵਾਉਣ ਲਈ ਅਕਾਲ ਤਖ਼ਤ ’ਤੇ ਇਕੱਠ ਕਰਨ ਦੀ ਥਾਂ ਜਥੇਬੰਦੀਆਂ ਸਿੱਖਾਂ ਦੇ ਬਾਕੀ ਮਸਲੇ ਹੱਲ ਕਰਵਾਉਣ ਲਈ ਸਰਕਾਰਾਂ ਕੋਲ ਜਾਣ।

ਉਕਤ ਆਗੂਆਂ ਨੇ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਬਹਾਲ ਕਰਨ ਦੀ ਮੰਗ ਕਰਨ ਵਾਲੀਆਂ ਜਥੇਬੰਦੀਆਂ ਨੇ ਬਾਕੀ ਦੀਆਂ ਸਿੱਖ ਮੰਗਾਂ ਤੋਂ ਕਦੀ ਵੀ ਮੂੰਹ ਨਹੀਂ ਮੋੜਿਆ ਬਲਕਿ ਸਾਡੀ ਤਾਂ ਹਮੇਸ਼ਾਂ ਮੁਖ ਮੰਗ ਹੀ ਸਿੱਖ ਮੰਗਾਂ ਦੀ ਪੂਰਤੀ ਕਰਵਾਉਣਾ ਰਹੀ ਹੈ ਤੇ ਅੱਗੇ ਤੋਂ ਵੀ ਰਹੇਗੀ। ਜੇ ਇਨ੍ਹਾਂ ਮੰਗਾਂ ਨੂੰ ਭੁੱਲਦੇ ਹਨ ਤਾਂ ਸਿਰਫ ਉਹ; ਜਿਹੜੇ ਰਾਜਗੱਦੀਆਂ ਜਾਂ ਤਖ਼ਤ ਸਾਹਿਬਾਨ ’ਤੇ ਬਿਰਾਜਮਾਨ ਹੋ ਜਾਂਦੇ ਹਨ।

ਸੋ, ਜਥੇਦਾਰ ਸਾਹਿਬ ਜੀ ਨੂੰ ਚਾਹੀਦਾ ਹੈ ਕਿ ਰਾਜ ਗੱਦੀਆਂ ’ਤੇ ਲੰਬੇ ਸਮੇਂ ਤੋਂ ਬੈਠੇ ਸਿੱਖ ਆਗੂਆਂ ਦੀ ਜਵਾਬ ਤਲਬੀ ਕਰਨ ਅਤੇ ਆਦੇਸ਼ ਦੇਣ ਕਿ ਕੇਵਲ ਬਿਆਨ ਦੇਣ ਨਾਲ ਮਸਲੇ ਹੱਲ ਨਹੀਂ ਹੋਣੇ ਸਗੋਂ ਗੁਰੂ ਦੀ ਬਖਸ਼ਿਸ਼ ਅਤੇ ਪੰਜਾਬ ਦੀ ਜੰਤਾ ਦੇ ਸਹਿਯੋਗ ਨਾਲ ਉਨ੍ਹਾਂ ਨੂੰ ਮਿਲੀਆਂ ਸੰਵਿਧਾਨਕ ਸ਼ਕਤੀਆਂ ਦੀ ਵਰਤੋਂ ਕਰਕੇ ਸਿੱਖ ਮੰਗਾਂ ਦੀ ਪੂਰਤੀ ਲਈ ਵਿਧਾਨ ਸਭਾ ਵਿੱਚ ਮਤੇ ਪਾਸ ਕਰਵਾ ਕੇ ਕੇਂਦਰ ਸਰਕਾਰ ਨੂੰ ਭੇਜਣ ਅਤੇ ਅਕਾਲੀ ਸਾਂਸਦ ਪਾਰਲੀਮੈਂਟ ਵਿੱਚ ਇਹ ਮੁੱਦੇ ਉਠਾਉਣ। ਧਾਰਾ 25 ਵਿੱਚ ਸੋਧ; ਸਿੱਖ ਕੈਦੀਆਂ ਦੀ ਰਿਹਾਈ ਅਤੇ ਸਿੱਖਾਂ ਦੀਆਂ ਕਾਲੀਆਂ ਸੂਚੀਆਂ ਖਤਮ ਕਰਵਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੱਖ ਸੰਗਤਾਂ ਨੂੰ ਜੋ ਵੀ ਪ੍ਰੋਗਰਾਮ ਦੇਣਗੇ ਅਸੀਂ ਉਸ ’ਤੇ ਪੂਰੀ ਤਨਦੇਹੀ ਨਾਲ ਅਮਲ ਕਰਾਂਗੇ ਬਸ਼ਰਤੇ ਕਿ ਪਹਿਲਾਂ ਨਾਨਕਸ਼ਾਹੀ ਕੈਲੰਡਰ ਦਾ ਮਸਲਾ ਉਹ ਰਾਜਨੀਤਕ ਤੌਰ ’ਤੇ ਨਹੀਂ, ਬਲਕਿ ਸਿੱਖਾਂ ਦੀਆਂ ਭਾਵਨਾਵਾਂ ਅਤੇ ਕੈਲੰਡਰ ਮਾਹਰਾਂ ਦੀ ਰਾਇ ਨਾਲ ਹੱਲ ਕਰਨ।

ਜੇ ਜਥੇਦਾਰ ਸਾਹਿਬ ਆਪਣੀ ਸ਼ਕਤੀ ਆਪ ਵਰਤ ਕੇ ਕੈਲੰਡਰ ਦਾ ਮਸਲਾ ਹੱਲ ਨਹੀਂ ਕਰ ਸਕਦੇ, ਤਾਂ ਉਨ੍ਹਾਂ ਦਾ ਸਿੱਖ ਮੰਗਾਂ ਦੀ ਪੂਰਤੀ ਲਈ ਸਰਕਾਰਾਂ ਕੋਲ ਜਾਣ ਦੀ ਸਲਾਹ ਕੇਵਲ ਨਾਨਕਸ਼ਾਹੀ ਕੈਲੰਡਰ ਤੋਂ ਧਿਆਨ ਹਟਾਉਣ ਲਈ ਹੀ ਜਿਸ ਤੋਂ ਸੰਗਤਾਂ ਪੂਰੀ ਤਰ੍ਹਾਂ ਸੁਚੇਤ ਹਨ ਇਸ ਲਈ ਉਨ੍ਹਾਂ ਦੇ ਇਸ ਬਿਆਨ ਤੋਂ ਗੁੰਮਰਾਹ ਨਹੀਂ ਹੋਣਗੀਆਂ।

ਭਾਈ ਪੰਥਪ੍ਰੀਤ ਸਿੰਘ ਖ਼ਾਲਸਾ, ਗਿਆਨੀ ਕੇਵਲ ਸਿੰਘ ਅਤੇ ਭਾਈ ਕਿਰਪਾਲ ਸਿੰਘ ਨੇ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਸਾਡਾ ਭਾਵ ਉਥੇ ਧਰਨਾ ਲਾਉਣਾ, ਪ੍ਰਦਰਸ਼ਨ ਕਰਨਾ ਜਾਂ ਨਾਹਰੇ ਲਾਉਣਾ ਨਹੀਂ ਬਲਕਿ ਪੁਰਅਮਨ ਢੰਗ ਨਾਲ ਸ਼੍ਰਧਾਲੂ ਸਿੱਖਾਂ ਦੇ ਤੌਰ ’ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਆਪਣੀਆਂ ਭਾਵਨਾਵਾਂ ਦਾ ਪਗਟਾਵਾ ਕਰਨਾ ਹੈ, ਇਸ ਲਈ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਦਾ ਪੂਰਾ ਪੂਰਾ ਸਤਿਕਾਰ ਕੀਤਾ ਜਾਵੇ।


ਟਿੱਪਣੀ:

ਜਾਗਰੂਕ ਅਖਵਾਉਣ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਮੂਲ ਨਾਨਕਸ਼ਾਹੀ ਕੈਲੰਡਰ ਅਤੇ ਹੋਰ ਮਸਲੇ ਬਾਦਲ ਦੇ ਗੁਲਾਮ ਅਖੌਤੀ ਜਥੇਦਾਰ ਨੂੰ ਮਿਲਕੇ ਆਪਣਾ ਪੱਖ ਪੇਸ਼ ਕਰਨ ਦਾ ਜੋ ਹੰਭਲਾ ਮਾਰਿਆ ਜਾਣਾ ਸੀ, ਉਸ 'ਤੇ ਪੱਪੂ ਗੁਰਬਚਨ ਸਿੰਘ ਨੇ ਜੋ ਕਿਹਾ ਹੈ ਉਹ ਸਭ ਦੇ ਸਾਹਮਣੇ ਹੈ।

ਪਿਛਲੇ ਕਿੰਨੇ ਹੀ ਸਾਲਾਂ ਤੋਂ ਇਹ ਚਲਦਾ ਆ ਰਿਹਾ ਹੈ, ਆਪਣੇ ਆਪ ਨੂੰ ਜਾਗਰੂਕ ਅਖਵਾਉਣ ਵਾਲੇ, ਹਾਲੇ ਵੀ ਅਖੌਤੀ ਜਥੇਦਾਰ ਦੀ ਗ਼ੁਲਾਮੀ ਤੋਂ ਬਾਹਰ ਨਹੀਂ ਆ ਸਕੇ। ਹਾਲੇ ਵੀ ਉਹ ਆਸ ਰੱਖਦੇ ਹਨ ਕਿ ਇਹ ਟੁੱਕੜਬੋਚ ਇਨ੍ਹਾਂ ਦੀ ਕੋਈ ਗੱਲ ਸੁਣੇਗਾ। ਹਾਲੇ ਵੀ ਕੋਈ ਕਸਰ ਬਾਕੀ ਹੈ, ਪਰ ਫਿਰ ਵੀ ਜਦੋਂ ਨਾਮੀ ਗਿਰਾਮੀ ਲੋਕ ਜਥੇਦਾਰਾਂ ਤੋਂ ਆਸਾਂ ਲਾਈ ਬੈਠੇ ਹੋਣ, ਕਿ ਉਹ ਸਿੱਖ ਕੌਮ ਦੇ ਮਸਲੇ ਹੱਲ ਕਰੇਗਾ, ਤਾਂ ਨਮੋਸ਼ੀ ਹੁੰਦੀ ਹੈ।

ਖ਼ਾਲਸਾ ਨਿਊਜ਼ ਦੀ ਇਸ ਟਿੱਪਣੀ ਦਾ ਗ਼ਲਤ ਮਤਲਬ ਨਾ ਕੱਢਿਆ ਜਾਵੇ, ਨਾ ਹੀ ਖ਼ਾਲਸਾ ਨਿਊਜ਼ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਵਿਰੁੱਧ ਹੈ, ਨਾ ਹੀ 01 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਇੱਕਠੇ ਹੋ ਰਹੇ ਸਿੱਖਾਂ, ਪ੍ਰਚਾਰਕਾਂ, ਜਥੇਬੰਦੀਆਂ ਦੀ ਮਨਸ਼ਾ 'ਤੇ ਕੋਈ ਕਿੰਤੂ ਹੈ..., ਹਰਖ਼ ਇਤਨਾ ਹੀ ਹੈ ਕਿ, ਜਾਗਰੂਕ ਅਖਵਾਉਣ ਵਾਲੇ ਹਾਲੇ ਵੀ ਅਖੌਤੀ ਜਥੇਦਾਰਾਂ ਦੀ ਗ਼ੁਲਾਮੀ ਤੋਂ ਬਾਹਰ ਨਹੀਂ ਨਿਕਲ ਰਹੇ, ਉਨ੍ਹਾਂ ਤੋਂ ਆਸਾਂ ਲਾਈ ਬੈਠੇ ਹਨ।

ਤੇ ਇਹ ਕਹਿਣਾ ਕਿ "ਜੇ ਜਥੇਦਾਰ ਸਾਹਿਬ ਆਪਣੀ ਸ਼ਕਤੀ ਆਪ ਵਰਤ ਕੇ ...", ਬੜੀ ਨਿਰਾਸ਼ਾ ਹੁੰਦੀ ਹੈ। ਸੋਚੋ, ਕੀ ਇਸ ਪੱਪੂ ਕੋਲ਼ ਕੋਈ ਸ਼ਕਤੀ ਹੈ??? 

ਜਦੋਂ ਤੱਕ ਇਨ੍ਹਾਂ ਕੋਲ਼ ਜਾ ਜਾ ਕੇ ਬੇਨਤੀਆਂ ਕਰਨੀਆਂ ਹਟੋਗੇ ਨਹੀਂ, ਉਨਾਂ ਚਿਰ ਇਹ ਲੋਕ ਆਪਣੇ ਆਪ ਨੂੰ ਰੱਬ ਸਮਝੀ ਜਾਣਗੇ। ਹੱਲ ਇੱਕੋ ਹੀ ਹੈ, ਇਨ੍ਹਾਂ ਆਰ.ਐਸ.ਐਸ. ਦੇ ਪਾਲਤੂਆਂ ਦਾ ਪੂਰਣ ਤੌਰ 'ਤੇ ਬਾਈਕਾਟ ਅਤੇ ਸਿਧਾਂਤਕ ਏਕਤਾ ਕਰਕੇ ਇਨ੍ਹਾਂ ਕੋਲੋਂ ਗੁਰੁਦੁਆਰੇ ਤੇ ਤਖ਼ਤ ਆਜ਼ਾਦ ਕਰਵਾਉਣੇ।

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top