Share on Facebook

Main News Page

ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਹਟਾਉਣ ਦੀ ਗਲਤੀ ਕੌਮ ਨੂੰ ਖਾਨਾ ਜੰਗੀ ਵੱਲ ਮੋੜ ਸਕਦੀ ਹੈ...?
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਪਿਛਲੇ ਕੁੱਝ ਦਿਨਾਂ ਤੋਂ ਆਰ.ਐਸ.ਐਸ. ਦੇ ਆਖੇ ਲੱਗਕੇ, ਸੰਤ ਸਮਾਜ ਵੱਲੋਂ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨ ਵਾਸਤੇ, ਸ਼ੁਰੂ ਕੀਤੀ ਕਵਾਇਦ ਨੇ ਸਿੱਖ ਪੰਥ ਅੰਦਰ ਸ਼ੀਆ ਸੁੰਨੀ ਵਾਲਾ ਝਗੜਾ ਖੜਾ ਕਰਨ ਤੱਕ ਨੌਬਤ ਲੈ ਆਂਦੀ ਹੈ। ਜਦੋਂ ਤੋਂ ਨਾਨਕਸ਼ਾਹੀ ਕੈਲੰਡਰ ਲਾਗੂ ਹੋਇਆ ਸੀ, ਉਸ ਦਿਨ ਤੋਂ ਹੀ ਕੱਟੜਵਾਦੀ ਹਿੰਦੁਤਵ ਉਸਲਵੱਟੇ ਲੈ ਰਿਹਾ ਸੀ ਅਤੇ ਉਸਨੇ ਸੋਧ ਦੇ ਨਾਮ ਹੇਠ ਇੱਕ ਹੋਰ ਕੈਲੰਡਰ ਜਾਰੀ ਕਰਵਾ ਕੇ ਮੂਲ ਨਾਨਕਸ਼ਾਹੀ ਕੈਲੰਡਰ ਦੀ ਪ੍ਰਮਾਣਿਕਤਾ ਨੂੰ ਚੈਲਿੰਜ ਕਰਨ ਦੀ ਸ਼ਰਾਰਤ ਕੀਤੀ ਸੀ।

ਪਰ ਹੁਣ ਜਦੋਂ ਗੁਰੂ ਗੋਬਿੰਦ ਸਿੰਘ ਜੀ ਜਨਮ ਦਿਹਾੜਾ ਅਤੇ ਸਾਹਿਬਜਾਦਿਆਂ ਦਾ ਸ਼ਹੀਦੀ ਦਿਨ ਇੱਕ ਦਿਨ ਆ ਗਿਆ ਤਾਂ ਸੋਧੇ ਹੋਏ ਕੈਲੰਡਰ ਨੂੰ ਆਪਣੇ ਆਪ ਹੀ ਸੋਧਾ ਲੱਗ ਗਿਆ ਸੀ ਤਾਂ ਆਰ.ਐਸ.ਐਸ. ਨੇ ਇਸ ਭੰਬਲਭੂਸੇ ਦੇ ਵਿੱਚ ਹੀ ਸੰਤ ਸਮਾਜ ਨੂੰ ਕੈਲੰਡਰ ਦਾ ਮੁਕੰਮਲ ਭੋਗ ਪਾਉਣ ਦੀ ਸਲਾਹ ਦਿੱਤੀ। ਸੰਤ ਸਮਾਜ ਨੇ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਨਾਲ ਹਮਮਸ਼ਵਰਾ ਹੋਕੇ ਫਾਤਿਹਾ ਪੜਣ ਦੀ ਤਿਆਰੀ ਕਰ ਲਈ ਸੀ, ਪਰ ਅਚਾਨਕ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੇ ਮਨ ਦੀ ਸੋਚ ਵਿੱਚ ਗੁਰੂ ਭੈਅ ਵੱਸ ਜਾਣ ਤੇ ਆਰ.ਐਸ.ਐਸ., ਸਾਧ ਲਾਣੇ ਅਤੇ ਅਕਾਲੀ ਦਲ ਦੀ ਰਿੱਝਦੀ ਖੀਰ ਵਿੱਚ ਮਿਰਚਾਂ ਪੈ ਗਈਆਂ।

ਹੁਣ ਇਸ ਅਨਰਥ ਦੇ ਸਿਰੇ ਨਾ ਚੜਣ ਤੋਂ ਉਪਰੋਕਤ ਸਾਰੀਆਂ ਧਿਰਾਂ ਖਫਾ ਹੋਈਆ ਪਈਆਂ ਹਨ ਅਤੇ ਸਭ ਦੀ ਅੱਖ ਵਿੱਚ ਇਸ ਵੇਲੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਲੋਹੇ ਦੇ ਕਣ ਵਾਂਗੂੰ ਰੜਕ ਰਹੇ ਹਨ ਅਤੇ ਹੁਣ ਕੈਲੰਡਰ ਤੋਂ ਪਹਿਲਾਂ ਜਥੇਦਾਰ ਨੰਦਗੜ ਨੂੰ ਹਲਾਲ ਕਰਨ ਵਾਸਤੇ ਛੁਰੀਆਂ ਤਿੱਖੀਆਂ ਕੀਤੀਆਂ ਜਾ ਰਹੀਆਂ ਹਨ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਸਾਧ ਯੂਨੀਅਨ ਦੇ ਆਗੂ, ਮਰਨ ਵਰਤ ਤੇ ਬੈਠੇ ਭਾਈ ਗੁਰਬਖਸ਼ ਸਿੰਘ ਵੱਲੋਂ ਰੱਖੀਆਂ ਮੰਗਾਂ ਦਾ ਬਹਾਨਾ ਲੈਕੇ ਗ੍ਰਹਿ ਮੰਤਰੀ ਨੂੰ ਮਿਲਣ ਵਾਸਤੇ ਦਿੱਲੀ ਬੈਠੇ ਹਨ, ਪਰ ਅਸਲ ਵਿੱਚ ਓਹ ਉਥੇ ਆਰ.ਐਸ.ਐਸ. ਦੇ ਆਗੂਆਂ ਅਤੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮਸ਼ਵਰੇ ਕਰ ਰਹੇ ਹਨ ਅਤੇ ਜਥੇਦਾਰ ਨੰਦਗੜ੍ਹ ਨੂੰ ਹਟਾਉਣ ਦੀਆਂ ਵਿਉਂਤਬੰਦੀਆਂ ਵਿੱਚ ਮਸ਼ਰੂਫ ਹਨ। ਸਿਰਫ ਇਹ ਨਹੀਂ ਕਿ ਨੰਦਗੜ੍ਹ ਨੂੰ ਹਟਾਉਣਾ ਹੈ, ਹੁਣ ਤਾਂ ਸਾਧ ਯੂਨੀਅਨ ਇਹ ਵੀ ਚਾਹੁੰਦੀ ਹੈ ਕਿ ਨਵਾਂ ਜਥੇਦਾਰ ਉਹਨਾਂ ਦੇ ਪੱਖ ਦਾ ਹੋਵੇ ਕਿਉਂਕਿ ਇਸ ਤੋਂ ਅਗਲਾ ਪ੍ਰੋਗ੍ਰਾਮ ਪ੍ਰਚਲਿਤ ਰਹਿਤ ਮਰਯਾਦਾ ਤੇ ਹਮਲਾ ਕਰਨ ਦਾ ਹੈ ਅਤੇ ਕੋਈ ਜਥੇਦਾਰ ਅੜਿੱਕਾ ਨਾ ਪਾਵੇ ?

ਲੇਕਿਨ ਇਸ ਸਮੇਂ ਜਥੇਦਾਰ ਨੰਦਗੜ੍ਹ ਇਕੱਲੇ ਨਹੀਂ ਦੇਸ਼ ਵਿਦੇਸ਼ ਦੇ ਸਿੱਖ ਉਹਨਾਂ ਦੇ ਨਾਲ ਖੜੇ ਹਨ ਅਤੇ ਜਥੇਦਾਰ ਨੰਦਗੜ ਨੇ ਕੋਈ ਕਿਸੇ ਚੇਅਰਮੈਨੀ ਲੈਣ ਜਾਂ ਖੁੱਦ ਵੱਡਾ ਰੁਤਬਾ ਲੈਣ ਵਾਸਤੇ ਕੋਈ ਕਦਮ ਨਹੀਂ ਚੁੱਕਿਆ, ਸਗੋਂ ਪੰਥ ਦੀ ਪਹਿਰੇਦਾਰੀ ਕੀਤੀ ਹੈ। ਇਸ ਕਰਕੇ ਜਾਗਦਾ ਸਿੱਖ ਸਮਾਜ਼ ਜਥੇਦਾਰ ਨੰਦਗੜ੍ਹ ਦੀ ਪਿਠ 'ਤੇ ਆ ਖੜਾ ਹੋਇਆ ਹੈ। ਹੁਣ ਇਹਨਾਂ ਹਾਲਾਤਾਂ ਵਿੱਚ ਜੇ ਕਰ ਜਥੇਦਾਰ ਨੰਦਗੜ੍ਹ ਨੂੰ ਹਟਾਉਣ ਦੀ ਕੋਈ ਗਲਤੀ ਹੁੰਦੀ ਹੈ ਤਾਂ ਇਹ ਕਾਬਲ-ਏ-ਬਰਦਾਸ਼ਤ ਨਹੀਂ ਹੋਵੇਗੀ ਅਤੇ ਅਕਾਲੀ ਦਲ ਬਾਦਲ, ਸਾਧ ਯੂਨੀਅਨ ਅਤੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰਾਂ ਨੂੰ ਸਿੱਖ ਪੰਥ ਦੇ ਬੜੇ ਵੱਡੇ ਹਿੱਸੇ ਦੇ ਰੋਹ ਅਤੇ ਵਿਦ੍ਰੋਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ?

ਹੁਣ ਸਮਾਂ ਦੱਸੇਗਾ ਕਿ ਅਮਨ ਦਾ ਢੰਡੋਰਾ ਪਿੱਟਣ ਵਾਲਾ ਅਕਾਲੀ ਦਲ ਕਿਤੇ ਕੌਮ ਨੂੰ ਖਾਨਾ ਜੰਗੀ ਵਿੱਚ ਹੀ ਨਾ ਝੋਕ ਦੇਵੇ? ਪਰ ਕੁੱਝ ਵੀ ਹੋਵੇ ਸਿੱਖ ਹੁਣ ਜਥੇਦਾਰ ਨੰਦਗੜ੍ਹ ਦੀ ਬਰਤਰਫੀ 'ਤੇ ਚੁੱਪ ਬੈਠਣ ਦੀ ਹਾਲਤ ਵਿੱਚ ਨਹੀਂ ਦਿੱਸ ਰਹੇ? ਇਥੇ ਹੁਣ ਸੁਖਬੀਰ ਬਾਦਲ ਵਾਸਤੇ ਪਰਖ ਦੀ ਘੜੀ ਹੈ, ਕਿ ਉਹ ਬਿਪ੍ਰਵਾਦੀਆਂ ਅਤੇ ਸਾਧ ਯੂਨੀਅਨ ਦੇ ਆਖੇ ਲੱਗਕੇ ਕੌਮ ਦੀ ਬਰਬਾਦੀ ਸਹੇੜਦੇ ਹਨ ਜਾਂ ਹਾਲਾਤਾਂ ਨੂੰ ਵੇਖਕੇ ਸਮਝ ਤੋਂ ਕੰਮ ਲੈਂਦੇ ਹਨ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top