Share on Facebook

Main News Page

ਨਵਾਂ ਸਾਲ ਮੁਬਾਰਕ
-: ਗਜਿੰਦਰ ਸਿੰਘ, ਦਲ ਖਾਲਸਾ

੨੦੧੫, ਨਵਾਂ ਸਾਲ ਆਪ ਸੱਭ ਦੋਸਤਾਂ, ਮਿੱਤਰਾਂ, ਸਾਥੀਆਂ, ਪਰਿਵਾਰ, ਤੇ ਪਿਆਰ ਕਰਨ ਵਾਲਿਆਂ ਨੂੰ ਮੁਬਾਰਕ ਹੋਵੇ । ਵਾਹਿਗੁਰੂ ਮੇਹਰ ਕਰੇ ਇਹ ਨਵਾਂ ਸਾਲ, ਆਪ ਸੱਭ ਲਈ ਬਹੁਤ ਸਾਰੀਆਂ ਨਵੀਆਂ ਖੁਸ਼ੀਆਂ ਲੈ ਕੇ ਆਵੇ।

ਕੁੱਝ ਦੋਸਤ ਮਿੱਤਰ ਇਹ ਜ਼ਰੂਰ ਕਹਿਣ ਗੇ ਕਿ ਇਹ ਈਸਵੀ ਸਾਲ ਹੈ, ਤੇ ਇਹ ਸਿੱਖਾਂ ਦਾ ਕੈਲੰਡਰ ਤਾਂ ਹੈ ਹੀ ਨਹੀਂ, ਸੋ ਮੁਬਾਰਕ ਕਾਹਦੀ ਮੈਂ ਇਹਨਾਂ ਦੋਸਤਾਂ ਨੂੰ ਗਲਤ ਨਹੀਂ ਕਹਾਂਗਾ । ਅਮਲੀ ਤੌਰ ਤੇ ਸਾਡੀ ਜ਼ਿੰਦਗੀ ਦੇ ਸਾਰੇ ਕਾਰ ਵਿਹਾਰ ਇਸੀ ਕੈਲੰਡਰ ਦੇ ਹਿਸਾਬ ਨਾਲ ਹੁੰਦੇ ਹਨ, ਤੇ ਮੈਂ ਵੀ ਇਸੇ ਅਮਲੀ ਤੇ ਵਿਉਹਾਰਕ ਜ਼ਿੰਦਗੀ ਦੇ ਹਿਸਾਬ ਨਾਲ ਆਪ ਸੱਭ ਨੂੰ ਮੁਬਾਰਕ ਆਖ ਰਿਹਾ ਹਾਂ ……ਵੈਸੇ ਸਾਡੇ ਲਈ ਕੀ ਨਵਾਂ ਸਾਲ ਤੇ ਕੀ ਪੁਰਾਣਾ

ਸਾਡੇ ਲਈ ਤਾਂ ਮੁੱਦਤਾਂ ਤੋਂ ਨਾ ਕਦੇ ਰੁੱਤ ਬਦਲੀ ਹੈ, ਨਾ ਵਰ੍ਹਾ । ਜੇਲ੍ਹ ਦੀ ਜ਼ਿੰਦਗੀ ਦੌਰਾਨ ਕਦੇ ਇੱਕ ਸ਼ਤੂਤ ਦੇ ਮਿੱਤਰ ਦਰਖੱਤ ਨਾਲ ਗੱਲਾਂ ਕਰਦੇ ਕਦੇ ਇਹ ਵੀ ਲਿਖਿਆ ਸੀ...

ਤੇਰੇ 'ਤੇ ਜੋ ਪੱਤਝੜ੍ਹ ਆਈ ਸੀ
ਵਕਤ ਲੰਘਾ ਕੇ ਤੁਰ ਵੀ ਗਈ ਹੈ

ਸਾਡੇ ਤੇ ਜੋ ਪੱਤਝੜ੍ਹ ਆਈ
ਉਹ ਇੱਕੋ ਥਾਂ ਰੁਕੀ ਪਈ ਹੈ

ਨਾ ਸਾਡੇ ਲਈ ਮੌਸਮ ਬਦਲਣ
ਨਾ ਹਰਿਆਲੀ ਆਉਂਦੀ ਹੈ

ਲੂਹ ਵਿੱਚ ਤਾਂ ਸਾਰੇ ਹੀ ਸੜ੍ਹਦੇ ਨੇ
ਸਾਨੂੰ ਬਾਰਿਸ਼ ਵੀ ਝੁਲਸਾਉਂਦੀ ਹੈ

ਇੱਕ ਹੋਰ ਕਵਿਤਾ ਵਿੱਚ ਦਿਨ੍ਹਾਂ ਤੇ ਵਰ੍ਹਿਆਂ ਦੇ ਆਣ ਜਾਣ ਬਾਰੇ ਕਦੇ ਇੰਝ ਵੀ ਲਿਖਿਆ ਸੀ ……..

ਦਿਨਾਂ ਦਾ ਕੀ ਹੈ
ਇਹ ਚੜ੍ਹਦੇ ਲਹਿੰਦੇ ਨੇ
ਮੌਸਮ ਦਾ ਕੀ ਹੈ
ਬਦਲਦੇ ਰਹਿੰਦੇ ਨੇ।

ਵਰ੍ਹਿਆਂ ਦਾ ਕੀ ਹੈ
ਵਰ੍ਹੇ ਕਈ ਲੰਘ ਗਏ
ਯਾਦਾਂ ਦੇ ਕੈਲੰਡਰ

ਸੀਨੇ ਟੰਗ ਗਏ।

ਦਿਨ ਤੇਰੇ ਚਰਨਾਂ ਵਿਚ
ਬੀਤੇ ਚੰਗੇ ਨੇ
ਆਪਣੇ ਨੇ, ਜੋ ਜੂਝ ਕੇ
ਮੌਸਮ ਲੰਘੇ ਨੇ।

ਵਰ੍ਹੇ ਉਹੀ ਜੋ
ਰੁੱਖ ਇਤਿਹਾਸ ਦਾ ਮੋੜ ਗਏ
ਸੁੱਤੀਆਂ ਕੌਮਾਂ ਨੂੰ
ਜਗਾ ਝੰਜੋੜ ਗਏ।


ਵੱਡੀਆਂ ਖੁਸ਼ੀਆਂ ਤਾਂ ਜਦੋਂ ਕਦੇ ਮਿਲਣ ਗੀਆਂ ਤਾਂ ਦੇਖਾਂਗੇ, ਅਸੀਂ ਤਾਂ ਵਿਹੜੇ ਦੀ ਕਿਆਰੀ ਵਿੱਚ ਹੀ ਸਰੋਂ ਦੇ ਕੁੱਝ ਫੁੱਲ ਖਿੜਾ ਕੇ ਬਹਾਰ ਨੂੰ ਮਾਣਦੇ ਰਹੇ ਹਾਂ ……

ਕੁੱਝ ਫੁੱਲ ਸਰੋਂ ਦੇ ਖਿੜ੍ਹੇ ਨੇ, ਸਾਡੇ ਵਿਹੜੇ ਦੀ ਕਿਆਰੀ
ਬਸ ਇੰਨੀ ਕੂ ਬਹਾਰ ਆਈ ਹੈ, ਸਾਡੇ ਹਿੱਸੇ ਵਿੱਚ ਸਾਰੀ


ਇਸ ਦੇ ਬਾਵਜੂਦ ਹਰ ਨਵੇਂ ਦਿਨ ਨੂੰ, ਹਰ ਨਵੀਂ ਰੁੱਤ ਨੂੰ, ਤੇ ਹਰ ਨਵੇਂ ਵਰ੍ਹੇ ਨੂੰ ਬਾਹਾਂ ਖੋਲ੍ਹ ਕੇ ਜੀ ਆਇਆਂ ਕਿਹਾ ਹੈ । ਲੰਮੀ ਜੇਲ੍ਹ ਤੇ ਜਲਾਵਤਨੀ ਨੇ ਜ਼ਿੰਦਗੀ ਦੇ ਕਈ ਨਵੇਂ ਅਰਥ ਸਮਝਾ ਦਿੱਤੇ ਹਨ…………।

ਇਸ ਨਵੇਂ ਸਾਲ ਨੂੰ ਵੀ ਜੀ ਆਇਆਂ ਕਹਿੰਦਾ ਹਾਂ, ਇਸ ਉਮੀਦ ਨਾਲ…ਕਿ…

ਇੱਕ ਦਿਨ ਸਾਡੇ ਘਰ ਵੀ ਚਾਨਣ ਹੋਵੇਗਾ,
ਮੂੰਹ ਸਾਡੇ ਬਚਿਆਂ ਦੇ ਚਾਨਣ ਧੋਵੇਗਾ
ਇੱਕ ਦਿਨ ਸਾਡੀ ਪੱਤਝੜ੍ਹ ਵੀ ਮੁੱਕ ਜਾਵੇਗੀ,
ਇੱਕ ਦਿਨ ਸਾਡੇ ਲਈ ਬਸੰਤ ਵੀ ਆਵੇਗੀ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top