ਸੱਭ ਤੋਂ ਵੱਡਾ ਸੱਚ ਇਹ ਹੈ ਕਿ ਵਾਰ ਦਾ ਸਿਰਲੇਖ ਸਿੱਖਾਂ ਦੇ ਅੱਖੀਂ
ਘੱਟਾ ਪਾ ਕੇ ਬਣਾਇਆ ਗਿਆ ਹੈ। ਇੱਸ ਸਿਰਲੇਖ ਵਿੱਚ ‘ਪਾ:10’ ਬਿਲਕੁਲ ਧੋਖੇ ਨਾਲ਼, ਸਿੱਖਾਂ ਨੂੰ
ਦੁਰਗਾ ਦੇਵੀ ਜਾਂ ਸ਼ਿਵਾ ਪੂਜਕ ਸਾਬਤ ਕਰਨ ਲਈ, ਜੋੜਿਆ ਗਿਆ ਹੈ। ਜਿੱਸ ਵਾਰ ਦੀ ਪਉੜੀ ਅਰਦਾਸਿ
ਵਿੱਚ ਪੜ੍ਹੀ ਜਾ ਰਹੀ ਹੈ, ਉਹ ਵਾਰ ਤਾਂ ਦੁਰਗਾ ਦੇਵੀ ਦਾ ਪਾਠ ਹੈ ਤੇ ਇਹ ਸੱਚਾਈ ਵਾਰ ਦੀ ਆਖ਼ਰੀ
ਪਉੜੀ ਨੰਬਰ 55 ਵਿੱਚ ਹੀ ਦਰਜ ਹੈ ਜੋ ਕਹਿੰਦੀ ਹੈ- ਦੁਰਗਾ ਪਾਠ
ਬਣਾਇਆ ਸਭੇ ਪਉੜੀਆਂ। ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ।
ਡਾਕਟਰ ਰਤਨ ਸਿੰਘ ਜੱਗੀ ਨੇ ਦਸ਼ਮ ਗ੍ਰੰਥ ਦੀ
ਪੀ.ਐੱਚ.ਡੀ. ਦੇ ਥੀਸਸ (E-book) ਵਿੱਚ ਇਹ ਗੱਲ, ‘ਬਚਿਤ੍ਰ ਨਾਟਕ’ ਦੀਆਂ ਹੱਥ-ਲਿਖਤਾਂ {ਪਟਨਾ
ਸਾਹਿਬ ਵਾਲੀ ਹੱਥ-ਲਿਖਤ ਵਿੱਚ ‘ਵਾਰ ਦੁਰਗਾ ਕੀ’ ਸਿਰਲੇਖ ਹੈ, ਸੰਗਰੂਰ ਵਾਲ਼ੀ ਹੱਥ-ਲਿਖਤ ਵਿੱਚ
‘ਵਾਰ ਦੁਰਗਾ ਕੀ’ ਰਚਨਾ ਹੈ ਹੀ ਨਹੀਂ, ਮੋਤੀ ਬਾਗ਼ ਗੁਰਦੁਆਰੇ ਵਿੱਚਲੀ ਹੱਥ-ਲਿਖਤ ਵਿੱਚ ‘ਵਾਰ
ਦੁਰਗਾ ਕੀ’ ਸਿਰਲੇਖ ਹੈ, ਭਾਈ ਮਨੀ ਸਿੰਘ ਦੇ ਨਾਂ ਵਾਲ਼ੀ ਕਹੀ ਜਾਂਦੀ ਹੱਥ-ਲਿਖਤ ਵਿੱਚ ‘ਵਾਰ
ਦੁਰਗਾ ਕੀ’ ਸਿਰਲੇਖ ਹੈ} ਦੇ ਹਵਾਲੇ ਦੇ ਕੇ, ਸਪੱਸ਼ਟ ਤੌਰ 'ਤੇ ਲਿਖੀ ਹੈ ਕਿ ਵਾਰ ਦਾ ਅਸਲੀ
ਨਾਂ ‘ਵਾਰ ਦੁਰਗਾ ਕੀ’ ਹੈ। ‘ਚੰਡੀ ਦੀ ਵਾਰ’ ਅਤੇ
‘ਵਾਰ ਸ਼੍ਰੀ ਭਗਉਤੀ ਜੀ ਕੀ ਪਾ:10’ ਅਸਲੀ ਨਾਂ ਨੂੰ ਬਦਲ ਕੇ ਬਣਾਏ ਗਏ ਸਿਰਲੇਖ ਹਨ ਤਾਂ ਜੁ
ਸਿੱਖਾਂ ਦੇ ਅੱਖੀਂ ਘੱਟਾ ਪਾਉਣਾ ਸੌਖਾ ਹੋ ਸਕੇ।
ਹੁਣ ਦੇਖੋ ਪ੍ਰਸਿੱਧ ਸਿੱਖ ਵਿਦਵਾਨ ਭਾਈ
ਕਾਨ੍ਹ ਸਿੰਘ ਨਾਭਾ ‘ਵਾਰ ਦੁਰਗਾ ਕੀ’ ਦੀ ਅਸਲੀਅਤ ਕਿਵੇਂ ਬਿਆਨ ਕਰਦੇ ਹਨ:-
‘ਮਾਰਕੰਡੇ ਪੁਰਾਣ’ ਇੱਕ ਗ੍ਰੰਥ ਹੈ ਜੋ
ਮਾਰਕੰਡੇ ਰਿਖੀ ਨਾਲ਼ ਸੰਬੰਧਤ ਕਿਹਾ ਜਾਂਦਾ ਹੈ। ਇੱਸ ਵਿੱਚ ਨੌਂ ਹਜ਼ਾਰ ਸ਼ਲੋਕ ਹਨ। ਇੱਸ
ਵਿੱਚ ਲਿਖੇ ਕਈ ਪ੍ਰਸੰਗਾਂ ਵਿੱਚੋਂ ਇੱਕ ਪ੍ਰਸੰਗ ਦੁਰਗਾ ਦੇਵੀ ਦਾ ਹੈ ਜਿਸ ਦੇ ਸੱਤ ਸੌ
ਸ਼ਲੋਕ ਹਨ। ‘ਦਸ਼ਮ ਗ੍ਰੰਥ’ ਵਿੱਚ ਜੋੜੇ ਗਏ ਦੋ ‘ਚੰਡੀ ਚਰਿਤ੍ਰ’ ਅਤੇ ਦਰਜ ਕੀਤੀ ‘ਚੰਡੀ ਦੀ
ਵਾਰ’, ਅਸਲੀ ਨਾਂ ‘ਵਾਰ ਦੁਰਗਾ ਕੀ’, ਮਾਰਕੰਡੇ ਪੁਰਾਣ ਵਿੱਚ ਲਿਖੇ ‘ਦੁਰਗਾ ਸਪਤਸ਼ਤੀ’ ਦਾ
ਸੁਤੰਤਰ ਅਨੁਵਾਦ ਹਨ। ਇੱਸ ਦਾ ਸਿੱਧਾ ਅਰਥ ਇਹ ਹੋਇਆ ਕਿ ਦੋਵੇਂ ‘ਚੰਡੀ ਚਰਿਤ੍ਰ’
ਅਤੇ ‘ਵਾਰ ਦੁਰਗਾ ਕੀ’/ ‘ਵਾਰ ਸ਼੍ਰੀ ਭਗਉਤੀ ਜੀ ਕੀ’/ ‘ਚੰਡੀ ਦੀ ਵਾਰ’ ਦੁਰਗਾ ਦੇਵੀ ਦੀ
ਪੂਜਾ ਦੀਆਂ ਰਚਨਾਵਾਂ ਹਨ ਕਿਉਂਕਿ ਇਹ ਦੁਰਗਾ ਦੀਆਂ ਸਿਫ਼ਤਾਂ ਵਾਲ਼ੇ, ਮਾਰਕੰਡੇ ਪੁਰਾਣ
ਵਿੱਚ ਲਿਖੇ, ਪ੍ਰਸੰਗ ਦਾ ਸੁਤੰਤਰ ਅਨੁਵਾਦ ਜੁ ਹਨ।
ਦੁਰਗਾ ਦੇਵੀ ਦੇ ਹੋਰ ਨਾਂ ਵੀ ਇਨ੍ਹਾਂ
ਰਚਨਾਵਾਂ ਵਿੱਚ ਮਿਲ਼ਦੇ ਹਨ, ਜਿਵੇਂ:-
ਭਵਾਨੀ, ਦੁਰਗਸ਼ਾਹ, ਗਿਰਜਾ, ਕਾਲਿਕਾ, ਸ਼ਿਵਾ ਆਦਿਕ। ਕਿਸੇ ਨੂੰ ਅਜੇ
ਵੀ ਕੋਈ ਇਸ ਅਸਲੀਅਤ ਬਾਰੇ ਕੋਈ ਸ਼ੱਕ ਹੋਵੇ ਤਾਂ ਉਹ ‘ਮਹਾਨ ਕੋਸ਼’ {www.ik13.com,
library Bhai Daya Singh}, ਕ੍ਰਿਤ ਭਾਈ ਕਾਨ੍ਹ ਸਿੰਘ ਨਾਭਾ, ਵਿੱਚ ‘ਮਾਰਕੰਡੇ’ ਸ਼ਬਦ
ਦੇ ਅਰਥ ਪੜ੍ਹੋ ਤੇ ਮੱਦ ਨੰਬਰ 2 ਹੇਠ ਇਹ ਸਚਾਈ ਦਰਜ ਹੈ।
ਅਗਿਆਨਤਾ ਤੇ ਗ਼ਫ਼ਲਤ ਦੀ ਗਹਿਰੀ ਨੀਂਦ ਵਿੱਚੋਂ
ਨਿਕਲਣ ਲਈ ਇਸ ਤੋਂ ਹੋਰ ਵੱਧ ਸਬੂਤ ਦੀ ਕੀ ਲੋੜ ਹੈ। ‘ਦਸ਼ਮ ਗ੍ਰੰਥ’ ਦੇ ਪੁਜਾਰੀਆਂ ਦੇ ਮੂੰਹ
'ਤੇ ਗਿਆਨ ਦੀ ਇਹ ਵੱਟ ਕੇ ਚਪੇੜ ‘ਮਹਾਨ ਕੋਸ਼’ ਨੇ ਮਾਰੀ ਹੈ। ਸੋਚੋ ਸਮਝੋ ਤੇ ਇਹ
ਰਚਨਾਵਾਂ ਗੁਰੂ ਉਸਤਤਿ ਵਾਲ਼ੀਆਂ ਮੰਨ ਕੇ ਧੰਨੁ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸੱਚੀ
ਤੇ ਸੁੱਚੀ ਸ਼ਾਨ ਨੂੰ ਵੱਟਾ ਨਾ ਲਾਓ। ਪੰਥ ਦੋਖੀਆਂ ਨੇ ਹੀ ‘ਵਾਰ ਦੁਰਗਾ ਕੀ’ ਦਾ ਨਾਂ ਬਦਲ ਕੇ
‘ਵਾਰ ਸ਼੍ਰੀ ਭਗਉਤੀ ਜੀ ਕੀ ਪਾਤਿਸ਼ਾਹੀ 10’ ਲਿਖ ਕੇ ਸਿੱਖਾਂ ਦੇ ਅੱਖੀਂ ਘੱਟਾ ਪਾ ਦਿੱਤਾ ਹੋਇਆ
ਹੈ।
ਜੇ
ਗ਼ਲਤੀ ਨਾਲ਼ ਜਾਂ ਜਾਣ ਬੁੱਝ ਕੇ ਜਾਂ ਅਣਭੋਲ਼ੇ ਹੀ ‘ਲਛਮਣ ਰੇਖਾ’ ਟੱਪੀ ਗਈ ਹੈ, ਤਾਂ ਧੰਨੁ ਸ਼੍ਰੀ
ਗੁਰੂ ਗ੍ਰੰਥ ਸਾਹਿਬ ਜੀ ਨੂੰ ਆਵਾਜ਼ ਮਾਰੋ ਤੇ ਫ਼ਰਿਆਦ ਕਰੋ ਤੇ ਆਖੋ ਪਿਤਾ ਜੀ! ਹੁਣ ਸਾਡੀ ਬੱਸ
ਹੋ ਗਈ ਹੈ; ਅਸੀਂ ਹੁਣ ਅਸਲੀਅਤ ਸਮਝ ਗਏ ਹਾਂ; ਸਾਨੂੰ ਕਰੀਬਨ ਸੰਨ 1931 ਤੋਂ ਲਿਖਤੀ
ਤੌਰ 'ਤੇ ਧੋਖੇ ਵਿੱਚ ਰੱਖਿਆ ਜਾ ਰਿਹਾ ਸੀ; ਸਾਨੂੰ ਹੁਣ ਰਾਵਣ (ਸਿੱਖੀ ਦੇ ਵੈਰੀਆਂ) ਦੇ ਪੰਜੇ
ਤੋਂ ਛੁਡਾ ਕੇ ਮੁੜ ਆਪਣੇ ਘਰ ਲੈ ਜਾਓ ਤੇ ਹੋਈਆਂ ਭੁੱਲਾਂ ਦੀ ਮੁਆਫ਼ੀ ਬਖ਼ਸ਼ੋ ਜੀ ਤੇ ਅੱਗੇ ਤੋਂ
ਦਸਵੇਂ ਗੁਰੂ ਜੀ ਵਲੋਂ ‘ਗੁਰੂ’ ਦਾ ਦਰਜਾ ਪ੍ਰਾਪਤ ਆਪ ਜੀ ਦੀ ਬਾਣੀ ਹੀ ਪੜ੍ਹਾਂਗੇ, ਗਾਵਾਂਗੇ
ਤੇ ਸੁਣਾਗੇ।
ਰੱਬ ਦਾ ਕੋਈ ਸ਼ਰੀਕ ਨਹੀਂ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਕੋਈ
ਸ਼ਰੀਕ ਨਹੀਂ ਕਿਉਂਕਿ ਇਸ ਵਿੱਚ ਵੀ ਰੱਬ ਦੀਆਂ ਕਹਾਣੀਆਂ ਹੀ ਹਨ; ਕਿਸੇ ਆਪਣੇ ਹੀ ਮੱਥੇ ਨੂੰ
ਤੋੜ ਕੇ ਕਾਲ਼ੀ ਜਾਂ ਕਾਲਿਕਾ ਪੈਦਾ ਕਰਨ ਵਾਲ਼ੀ (ਜਿਸ ਨੇ ਸਾਬਤ ਦੈਂਤਾਂ ਨੂੰ ਚੱਬਿਆ) ਦੁਰਗਾ
ਦੇਵੀ ਜਾਂ ਆਪਣੇ ਹੀ ਮੈਲ਼ ਨਾਲ਼ ਭਰੇ ਕੰਨ ਵਿੱਚੋਂ ਮੈਲ਼ ਕੱਢ ਕੇ ਸ੍ਰਿਸ਼ਟੀ ਸਾਜਣ ਵਾਲ਼ੇ ਮਹਾਂਕਾਲ
ਦੀਆਂ ਸਿਫ਼ਤਾਂ ਨਹੀਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ(ਰਾਗਮਾਲ਼ਾ ਤੋਂ ਬਿਨਾਂ) ਤਾਂ ਗੁਰੂ
ਪਰਮੇਸ਼ਰ ਦੀਆਂ ਸਿਫ਼ਤਾਂ ਦੇ ਅੰਮ੍ਰਿਤ ਜਲ ਦੇ ਝਰਨੇ ਚੱਲ ਰਹੇ ਹਨ। ਸਿੱਖ ਹੁੰਦੇ ਹੋਏ ਜਿਨ੍ਹਾਂ
ਨੂੰ ਇਨ੍ਹਾਂ ਅੰਮ੍ਰਿਤ ਜਲ ਦੇ ਝਰਨਿਆਂ ਵਿੱਚ ਨਹਾ ਕੇ ਅਨੰਦ ਨਹੀਂ ਲੱਭਾ, ਉਨ੍ਹਾਂ ਨੂੰ ਹੋਰ
ਕਿਤਿਓਂ ਵੀ ਨਹੀਂ ਲੱਭੇਗਾ ਤੇ ਉਹ ਬਾਹਰੋਂ ਅਨੰਦ ਲੱਭਣ ਦੀ ਆਸ ਵੀ ਛੱਡ ਦੇਣ।
ਬਾਣੀ ਉਚਰਹਿ ਸਾਧ ਜਨ ਅਮਿਉ ਚਲਹਿ ਝਰਣੇ॥
- ਪੰਨਾਂ 320/8
ਜੋ ਇੱਕ ਦਾ ਨਹੀਂ ਬਣਿਆਂ ਉਹ ਕਿਸੇ ਦਾ ਵੀ ਨਹੀਂ ਬਣ ਸਕਦਾ।
ਜੋ ਇਹ ਸਮਝਦਾ ਹੈ ਕਿ "ੴ"
ਤੋਂ ਬਿਨਾਂ ਕੋਈ ਦੂਜੀ ਸ਼ਕਤੀ ਦੁਰਗਾ/ਭਗਉਤੀ ਜਾਂ ਮਹਾਂਕਾਲ਼ ਵੀ ਹੈ,
ਜੋ ਜਗਤ ਰਚਨਾ ਕਰ ਸਕਦੀ ਹੈ ਤਾਂ ਉਸ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ‘ਸਿੱਖ’ ਆਖਣਾ
ਬਹੁਤ ਵੱਡੀ ਭੁੱਲ ਹੈ, ਕਿਉਂਕਿ ਗੁਰੂ ਜੀ ਅਜਿਹੀ ਕੱਚੀ ਤੇ ਮਨਮਤੀ ਸੋਚ ਨੂੰ ਪ੍ਰਵਾਨ ਹੀ ਨਹੀਂ
ਕਰਦੇ।