ਸਾਡੀ
ਕੌਮ ਨੇ ਆਪਣੇ ਮੂਲ ਸਿਧਾਂਤਾਂ ਤੋਂ ਥਿੜਕਦਿਆਂ ਗੈਰਾਂ ਦੇ ਦਿਨ ਤਿਉਹਾਰ ਮੰਨਾਉਣ 'ਤੇ ਜ਼ਿਆਦਾ
ਰੁੱਝੀ ਹੋਈ ਹੈ। ਇਦ੍ਹਾਂ ਲੱਗਦਾ ਹੈ ਕਿ ਇਹ ਅਸੀਂ ਨਵਾਂ ਸ਼ੌਂਕ ਪਾਲ ਲਿਆ ਹੈ। ਦਸੰਬਰ ਦਾ ਮਹੀਨਾ
ਹੀ ਦੇਖ ਲਉ। ਸਾਡੇ ਬੱਚਿਆਂ ਨੂੰ ਆਪਣਾ ਇਤਿਹਾਸ ਨਹੀਂ ਪਤਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਕਦੋਂ ਤੇ
ਕਿਵੇਂ ਹੋਈ ਪਰ ਕ੍ਰਿਸਮਸ ਤੇ ਨਵੇਂ ਸਾਲ ਦਾ ਹਰੇਕ ਨੂੰ ਪਤਾ ਹੈ।
ਹਰੇਕ ਕੌਮ ਦੇ ਆਪੋ-ਆਪਣੇ ਦਿਨ ਤਿਉਹਾਰ ਹਨ, ਜਿੱਥੇ ਕਿ ਉਹ ਇੱਕ ਜਗ੍ਹਾ
ਇਕੱਠੇ ਹੋ ਕੇ ਉਹ ਦਿਨ ਮਨਾਉਂਦੇ ਹਨ। ਜਿਵੇਂ ਕਿ ਅਸੀਂ ਦੇਖ ਸਕਦੇ ਹਾਂ ਕਿ ਹਰੇਕ ਕੌਮ ਦਾ
ਆਪੋ-ਆਪਣਾ ਕਲੈਡੰਰ ਹੁੰਦਾ ਹੈ। ਮੁਸਲਮਾਨਾਂ ਦਾ ਕੈਲੰਡਰ ਵੱਖਰਾ ਹੈ, ਇਸਾਈਆਂ ਦਾ ਵੱਖਰਾ ਹੈ,
ਹਿੰਦੂਆਂ ਦਾ ਵੱਖਰਾ ਹੈ, ਸਿੱਖਾਂ ਦਾ ਆਪਣਾ ਕੈਲੰਡਰ ਹੈ ਜਿਸ ਨੂੰ ਨਾਨਕਸ਼ਾਹੀ ਕੈਲੰਡਰ ਆਖਦੇ
ਹਨ। ਭਾਵੇਂ ਕਿ ਇਸਦਾ ਵੀ ਕਤਲ ਹੋ ਚੁੱਕਾ ਹੈ ਇਸ ਨੂੰ ਲੀਰੋ-ਲੀਰ ਕਰ ਦਿੱਤਾ ਗਿਆ ਹੈ, ਪਰ ਮੇਰਾ
ਇਸ ਵਿਸ਼ੇ 'ਤੇ ਚਰਚਾ ਕਰਨ ਦਾ ਮਕਸਦ ਨਹੀਂ ਹੈ। ਮੈਂ ਤਾਂ ਸਾਡੀ ਸੋਚ ਤੇ ਹੋਰਨਾਂ ਦੀ ਪਰਤ 'ਤੇ
ਗਲੇਫ ਚੜ ਚੁੱਕਾ ਹੈ, ਉਸ ਬਾਰੇ ਧਿਆਨ ਦਿਵਾਉਣਾ ਚਾਹੁੰਦਾ ਹਾਂ।
ਅਕਸਰ ਮੇਰੀ ਕੌਸ਼ਿਸ਼ ਹੁੰਦੀ ਹੈ ਕਿ ਜੋ ਮੈਂ ਅੱਖੀਂ ਦੇਖੀਆਂ ਘਟਨਾਵਾਂ
ਨੂੰ ਆਪਣੀ ਕਲਮ ਨਾਲ ਜ਼ਾਹਰ ਕਰਾਂ। ਦਿਸੰਬਰ 2010 ਵਿੱਚ ਮਲੇਸ਼ੀਆ ਜਾਣ ਦਾ ਮੌਕਾ ਲੱਗਿਆ, ਉੱਥੋਂ
ਦੀ ਇੱਕ ਹੋਰ ਹੋਈ ਘਟਨਾ ਦਾ ਜ਼ਿਕਰ ਜਿਸਨੇ ਮੇਰਾ ਜੀਵਨ ਤੇ ਸੋਚ ਨੂੰ ਬਦਲਿਆ ਫਿਰ ਕਿਸੇ ਲੇਖ
ਵਿੱਚ ਕਰਾਂਗਾ।
ਮਲੇਸ਼ੀਆ ਦੀ ਰਾਜਧਾਨੀ ਕੁਲਾਲੰਪੁਰ ਤੋਂ ਤਕਰੀਬਨ ਦੋ ਕੁ ਘੰਟੇ ਦੀ ਦੂਰੀ
ਤੇ ਇੱਕ ਛੋਟਾ ਜਿਹਾ ਖੂਬਸੂਰਤ ਸ਼ਹਿਰ ਸਰੰਬਨ ਹੈ, ਜਿਸ ਵਿੱਚ 1947 ਤੋਂ ਪਹਿਲਾਂ ਦੇ ਬਹੁਤ ਸਾਰੇ
ਪੰਜਾਬੀ ਤੇ ਅਜੋਕੇ ਸਮੇਂ ਦੇ ਪੰਜਾਬੀ ਵੀ ਬਹੁਗਿਣਤੀ ਵਿੱਚ ਰਹਿ ਰਹੇ ਹਨ। ਮੈਨੂੰ ਉੱਥੋਂ ਦੇ
ਗੁਰਦੁਆਰਾ ਸਾਹਿਬ ਵਿਖੇ ਨਵੇਂ ਸਾਲ ਦੇ ਮੌਕੇ 'ਤੇ 31 ਦਿਸੰਬਰ ਦੀ ਸ਼ਾਮ ਨੂੰ ਕਥਾ ਕਰਨ ਦਾ ਮੌਕਾ
ਮਿਲਿਆ। ਵਿਚਾਰਾਂ ਸ਼ੁਰੂ ਕਰਦਿਆਂ ਸਾਰ ਹੀ ਮੈਂ ਸੰਗਤ ਵਿੱਚ ਇੱਕ
ਸਵਾਲ ਪੁੱਛਿਆ ਕਿ ਸਾਡੀ ਕੌਮ ਕਿ ਸਾਡੀ ਸਿੱਖ ਕੌਮ ਦਾ ਨਵਾਂ ਸਾਲ ਕਿਹੜਾ ਹੈ? ਸਾਰੇ
ਮੇਰੇ ਵੱਲ ਬੜੇ ਹੈਰਾਨ ਹੋ ਕੇ ਦੇਖ ਰਹੇ ਸਨ। ਜਿਵੇਂ ਮੈਂ ਕੋਈ ਗਲਤ ਚੀਜ਼ ਪੁੱਛ ਲਈ ਹੋਵੇ।
ਕੁੱਝ ਸਮੇਂ ਤੋਂ ਬਾਅਦ ਕੁੱਝ ਨੇ ਸੰਗਤ ਵਿੱਚੋਂ ਖੜੇ ਕੀਤੇ, ਕਿਸੇ ਨੇ ਕਿਹਾ ਵਿਸਾਖੀ ਦਾ ਦਿਨ
ਕਿਸੇ ਨੇ ਕਿਹਾ 1 ਜਨਵਰੀ, ਕਿਸੇ ਨੇ ਕੁੱਛ ਕਿਹਾ ਕਿਸੇ ਨੇ ਕੁੱਛ, ਪਰ ਮੈਨੂੰ ਲਿਖਦਿਆਂ ਬੜਾ
ਦੁੱਖ ਹੋ ਰਿਹਾ ਹੈ ਕਿ ਭਰੇ ਦਰਬਾਰ ਦਰਬਾਰ ਅੰਦਰ ਕਿਸੇ ਨੂੰ ਇਹ ਨਹੀਂ
ਪਤਾ ਸੀ ਕਿ ਸਿੱਖਾਂ ਦਾ ਨਵਾਂ ਸਾਲ ਕਿਹੜਾ ਹੈ? ਜੇ ਕਿਸੇ ਨੂੰ ਪਤਾ ਵੀ ਹੋਵੇਗਾ ਉਸ
ਨੇ ਸ਼ਰਮ ਜਾਂ ਡਰ ਦੇ ਮਾਰੇ ਦੱਸਿਆ ਨਹੀਂ। ਫਿਰ ਗੁਰਮਤਿ ਵਿਚਾਰਾਂ ਦੱਸਿਆ ਕਿ ਸਾਡਾ ਨਵਾਂ ਸਾਲ
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਏ ਬਾਰਾਂ ਮਹੀਨਿਆਂ ਦੇ ਮੁਤਾਬਿਕ, ਬਾਰਹ ਮਾਹ ਦੀ ਬਾਣੀ
ਅਨੁਸਾਰ 1 ਜਨਵਰੀ ਨਹੀਂ ਇੱਕ ਚੇਤ ਹੈ। ਅਸੀਂ ਅੱਜ ਇਸਾਈਆਂ ਦਾ ਨਵਾਂ ਸਾਲ ਮਨਾ ਰਹੇ ਹਾਂ ਨਾ
ਕਿ ਆਪਣਾ।
ਅਜੋਕੇ ਸਮੇਂ ਅੰਦਰ ਵੀ ਇੱਕ ਜਨਵਰੀ ਨੂੰ ਦੇਸ਼ਾਂ-ਵਿਦੇਸ਼ਾਂ ਦੇ ਸਾਡੇ
ਗੁਰਦੁਆਰਾਂ ਵਿੱਚ ਵਿਸ਼ੇਸ਼ ਕਰਕੇ ਸਮਾਗਮ ਕਰਵਾਏ ਜਾਂਦੇ ਹਨ। ਸਮਾਗਮ ਕਰਵਾ ਕੇ ਸੰਗਤ ਨੂੰ
ਗੁਰਬਾਣੀ ਨਾਲ ਜੋੜਨਾ ਮਾੜੀ ਗੱਲ ਨਹੀਂ ਹੈ। ਪਰ ਯਾਦ ਰਹੇ ਜਿਹੜੀ ਕੌਮ ਆਪਣੇ ਦਿਨ ਤੇ ਤਿਉਹਾਰ
ਛੱਡ ਕੇ ਗੈਰਾਂ ਦੇ ਦਿਨ ਤਿਉਹਾਰਾਂ ਨੂੰ ਮਾਨਤਾ ਦੇਣ ਲੱਗ ਪਏ, ਉਸ ਕੌਮ ਨੂੰ ਸਿਆਣੀ ਨਹੀਂ ਕਿਹਾ
ਜਾ ਸਕਦਾ ਹੈ। ਇਸ ਤੋਂ ਇਲਾਵਾ ਹੋਰ ਵੀ ਐਸੇ ਬਹੁਤ ਸਾਰੇ ਦਿਨ ਅਸੀਂ ਅਨਮਤੀਆਂ ਦੇ ਮਨਾਉਂਦੇ
ਹਾਂ।
ਚੱਲੋ ਇੱਕ ਹੋਰ ਨੁਕਤਾ ਖੋਲ ਦਿਆਂ ਕਹਿਣ ਵਾਲੇ ਕਹਿੰਦੇ ਨੇ ਬੜਾ ਰੌਲਾ
ਪਾਇਆ ਜਾਂਦਾ ਹੈ ਕਿ ਹਿੰਦੂ ਸਿੱਖ ਦਾ ਨਹੁੰ ਮਾਸ ਦਾ ਰਿਸ਼ਤਾ ਹੈ, ਉਨ੍ਹਾਂ ਵੱਲੋਂ ਗੁਰੂ ਤੇਗ
ਬਹਾਦਰ ਸਾਹਿਬ ਜੀ ਦਾ ਸ਼ਹੀਦੀ ਕਿੰਨੀ ਕੁ ਜਗ੍ਹਾਂ ਜਾਂ ਕਿੰਨੇ ਕੁ ਵੱਡੇ ਪੱਧਰ 'ਤੇ ਮਨ੍ਹਾਇਆ
ਜਾਂਦਾ ਹੈ? ਕੀ ਅਸੀਂ ਹੀ ਦੂਸਰਿਆਂ ਦੀਆਂ ਖੁੱਸ਼ੀਆਂ ਗਮੀਆਂ ਵਿੱਚ
ਸ਼ਰੀਕ ਹੁੰਦੇ ਰਹਾਂਗਾ, ਉਨ੍ਹਾਂ ਦੇ ਦਿਨ ਤਿਉਹਾਰ ਮਨਾਉਂਦੇ ਰਹਾਂਗੇ? ਸਾਡੀਆਂ ਖੁਸ਼ੀਆਂ –ਗਮੀਆਂ
ਵਿੱਚ ਕਦੋਂ ਦੂਸਰੇ ਮੱਤਾਂ ਵਾਲੇ ਕਦੋਂ ਸ਼ਾਮਿਲ ਹੋਣਗੇ? ਅਸੀਂ ਆਪਣੇ ਨਿਆਰੇਪਨ ਨੂੰ
ਕਾਇਮ ਰੱਖੀਏ। ਅਸੀਂ ਦਿਨ-ਤਿਉਹਾਰਾਂ ਨੂੰ ਵਿਸ਼ਵ ਪੱਧਰ 'ਤੇ ਮਨਾਈਏ। ਦੂਸਰੇ ਦੀ ਲਕੀਰ ਛੋਟੀ
ਕਰਨ ਲਈ ਸਾਨੂੰ ਆਪਣੀ ਲਕੀਰ ਵੱਡੀ ਕਰਨੀ ਪਏਗੀ, ਤਾਂ ਕਿ ਦੁਨੀਆਂ ਸਿੱਖੀ ਸਿਧਾਂਤਾਂ ਤੋਂ ਜਾਣੂ
ਹੋ ਸਕੇ। ਇਹ ਤਾਂ ਹੀ ਹੋ ਸਕਦਾ ਜੇ ਅਸੀਂ ਆਪਣੀ ਸੁਰਤ ਨੂੰ ਉੱਚਾ ਰੱਖਕੇ ਅਨਮਤੀਆਂ ਦੇ ਪ੍ਰਭਾਵ
ਤੋਂ ਬਚਾਅ ਸਕੀਏ। ਅਸੀਂ ਆਪ ਗੁਰੂ ਗ੍ਰੰਥ ਸਾਹਿਬ ਹੀ ਦੀ ਬਾਣੀ ਨੂੰ ਵਿਚਾਰਨ 'ਤੇ ਜ਼ੋਰ ਦਈਏ ਤੇ
ਆਪਣੇ ਅਣਮੁੱਲੇ ਇਤਿਹਾਸ ਤੋਂ ਜਾਣੂ ਹੋਈਏ।