ਅੰਮ੍ਰਿਤਸਰ
30 ਦਸੰਬਰ (ਜਸਬੀਰ ਸਿੰਘ): ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਅਕਾਲ ਤਖਤ ਸਾਹਿਬ ‘ਤੇ 2
ਜਨਵਰੀ ਨੂੰ ਹੋਣ ਵਾਲੀ ਪੰਜ ਜਥੇਦਾਰਾਂ ਦੀ ਮੀਟਿੰਗ ਜਰੂਰੀ ਰੁਝੇਵਿਆਂ ਕਾਰਨ ਰੱਦ ਕਰ ਦਿੱਤੀ
ਹੈ ਅਤੇ ਅਗਲੀ ਤਰੀਕ ਬਾਅਦ ਵਿੱਚ ਦੱਸੀ ਜਾਵੇਗੀ।
ਜਾਰੀ ਇੱਕ ਬਿਆਨ ਰਾਹੀ ਜਥੇਦਾਰ ਸਾਹਿਬ ਜੀ ਦੇ ਨਿੱਜੀ ਸਹਾਇਕ ਸ੍ਰ.
ਭੁਪਿੰਦਰ ਸਿੰਘ ਸਰਪੰਚ ਨੇ ਦੱਸਿਆ ਕਿ 2 ਜਨਵਰੀ ਨੂੰ ਸਿੰਘ ਸਾਹਿਬ ਜੀ ਦੇ ਹੋਰ ਰੁਝੇਵਿਆਂ
ਕਾਰਨ ਮੀਟਿੰਗ ਰੱਦ ਕਰ ਦਿੱਤੀ ਹੈ। ਉਹਨਾਂ ਦੱਸਿਆ ਕਿ ਅਗਲੀ ਮੀਟਿੰਗ ਬਾਰੇ ਹਾਲੇ ਕੋਈ ਵੀ
ਫੈਸਲਾ ਨਹੀਂ ਲਿਆ ਗਿਆ। ਇਸ ਤੋਂ ਅੱਗੇ ਉਹਨਾਂ ਨੇ ਹੋਰ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ
ਦਿੱਤਾ।
ਕੁਝ ਹੋਰ ਸੂਤਰਾਂ ਤੋਂ ਮਿਲੀ ਜਾਣਕਾਰੀ
ਅਨੁਸਾਰ ਤਖਤ ਸ੍ਰੀ ਦਮਾਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵੱਲੋਂ ਸੋਧ
ਹੋਏੇ ਨਾਨਕਸ਼ਾਹੀ ਕੈਲੰਡਰ ਨੂੰ ਪ੍ਰਵਾਨਗੀ ਨਾ ਦੇਣ ਕਾਰਨ ਤੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਹੱਕ
ਵਿੱਚ ਭੁਗਤਣ ਕਰਕੇ ਇਹ ਮੀਟਿੰਗ ਰੱਦ ਕੀਤੀ ਗਈ ਹੈ, ਕਿਉਂਕਿ ਮੀਟਿੰਗ ਵਿੱਚ ਉਹਨਾਂ ਨੇ ਸੋਧੇ
ਹੋਏ ਨਾਨਕਸ਼ਾਹੀ ਕੈਲੰਡਰ ਤੇ ਸੰਤ ਸਮਾਜ ਵੱਲੋਂ ਬਿਕਰਮੀ ਕੈਲੰਡਰ ਨੂੰ ਲਾਗੂ ਕਰਨ ਦਾ ਡੱਟ ਕੇ
ਵਿਰੋਧ ਕਰਨਾ ਸੀ। ਮੀਟਿੰਗ ਵਿੱਚ ਨਾਨਕਸ਼ਾਹੀ ਕੈਂਲਡਰ ਤੇ ਨਵਜੋਤ ਸਿੱਧੂ ਵੱਲੋਂ
ਗੁਰਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਮਾਮਲਾ ਵਿਚਾਰਿਆ ਜਾਣਾ ਸੀ। ਸਿਆਸੀ ਬੁੱਧੀਜੀਵੀਆਂ
ਅਨੁਸਾਰ ਪੰਜ ਸਾਹਿਬਾਨ ਦੀ ਅਗਲੀ ਮੀਟਿੰਗ ਹੁਣ ਤਖਤ ਸ੍ਰੀ ਦਮਦਮਾ ਸਾਹਿਬ ਦੇ ਨਵੇਂ ਜਥੇਦਾਰ ਦੀ
ਨਿਯੁਕਤੀ ਤੋਂ ਉਪਰੰਤ ਹੀ ਹੋਵੇਗੀ ਤੇ ਗਿਆਨੀ ਬਲਵੰਤ ਸਿੰਘ ਸ਼ਾਇਦ ਮੁਕਤਸਰ ਦੀ ਮਾਘੀ ਦਾ ਮੇਲਾ
ਵੀ ਨਹੀਂ ਦੇਖ ਪਾਉਣਗੇ। ਉਹਨਾਂ ਦੇ ਜਾਨਸ਼ੀਨ ਦੀ ਭਾਲ ਜੰਗੀ ਪੱਧਰ
'ਤੇ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਵੀ ਇਸ ਲਾਈਨ ਵਿੱਚ ਪਿਛਲੇ
ਲੰਮੇ ਸਮੇਂ ਤੋਂ ਲੱਗੇ ਹੋਏ ਹਨ। ਇਹ ਵੀ ਚਰਚਾ ਹੈ ਕਿ ਸ੍ਰੀ ਕੇਸਗੜ ਸਾਹਿਬ ਦੇ
ਜਥੇਦਾਰ ਗਿਆਨੀ ਮੱਲ ਸਿੰਘ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦਾ ਐਡੀਸ਼ਨਲ ਚਾਰਜ ਵੀ ਦਿੱਤਾ ਜਾ
ਸਕਦਾ ਹੈ।
ਗਿਆਨੀ ਬਲਵੰਤ ਸਿੰਘ ਨੰਦਗੜ੍ਹ ਆਪਣੇ ਖਾੜਕੂ ਸੁਭਾਅ ਕਾਰਨ ਸ਼ੁਰੂ ਤੋਂ
ਚਰਚਾ ਵਿੱਚ ਰਹੇ ਹਨ ਅਤੇ ਜਦੋਂ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੁੰਦਿਆਂ ਗਿਆਨੀ
ਕੇਵਲ ਸਿੰਘ ਨੂੰ ਲਾਂਭੇ ਕਰਕੇ ਜਥੇਦਾਰ ਬਣਾਇਆ ਗਿਆ ਸੀ, ਤਾਂ ਉਸ ਸਮੇਂ ਵੀ ਅਖਬਾਰਾਂ ਵਿੱਚ
ਉਹਨਾਂ ਦੇ ਕਿਰਦਾਰ ਤੇ ਪਿਛੋਕੜ ਨੂੰ ਲੈ ਕੇ ਕਾਫੀ ਚਰਚਾ ਰਹੀ ਸੀ। ਉਹਨਾਂ ਤੇ ਦੋਸ਼ ਸੀ ਕਿ ਉਹਨਾਂ
ਨੇ ਇੱਕ ਵਿਅਕਤੀ ਦੀਆਂ ਅੱਖਾਂ ਵਿੱਚ ਨੀਲਾ ਥੋਥਾ ਪਾ ਕੇ ਉਸ ਨੂੰ ਅੰਨਿਆ ਕਰਨ ਦੀ ਕੋਸ਼ਿਸ਼ ਕੀਤੀ
ਸੀ ਤੇ ਇਸ ਸਬੰਧ ਵਿੱਚ ਉਹਨਾਂ ਦੇ ਖਿਲਾਫ ਇੱਕ ਮੁਕੱਦਮਾ ਵੀ ਦਰਜ ਹੋਇਆ ਸੀ, ਜਿਸ ਦੀਆਂ ਉਹਨਾਂ
ਨੂੰ ਤਰੀਕਾਂ ਵੀ ਭੁਗਤਣੀਆਂ ਪਈਆਂ ਸਨ। ਉਹ ਬੜਕ ਤਾਂ ਕਈ ਵਾਰੀ ਮਾਰ
ਚੁੱਕੇ ਹਨ, ਪਰ ਕੁਝ ਸਮੇਂ ਬਾਅਦ ਫਿਰ ਬਾਦਲ ਮਰਿਆਦਾ ਆ ਕੇ ਆਪਣੇ ਸਟੈਂਡ ਤੋਂ ਪਿੱਛੇ ਹੱਟਦੇ
ਰਹੇ ਹਨ, ਪਰ ਇਸ ਵਾਰੀ ਜਿਸ ਤਰੀਕੇ ਨਾਲ ਉਹ ਬਾਦਲਾਂ ਦੀ ਗਲੇ ਦੀ ਹੱਡੀ ਬਣੇ ਹਨ, ਉਸ ਤੋਂ ਤਾਂ
ਇੰਝ ਹੀ ਜਾਪਦਾ ਹੈ, ਕਿ ਉਹਨਾਂ ਨੂੰ ਕਿਸੇ ਵੇਲੇ ਵੀ ਤਖਤ ਦੀ ਜਥੇਦਾਰੀ ਤੋਂ ਪੈਵਲੀਅਨ ਦਾ ਰਸਤਾ
ਵਿਖਾਇਆ ਜਾ ਸਕਦਾ ਹੈ। ਰੱਬ ਖੈਰ ਕਰੇ!