ਅੰਮ੍ਰਿਤਸਰ
26 ਦਸੰਬਰ (ਜਸਬੀਰ ਸਿੰਘ): ਗਿਆਨੀ ਗੁਰਬਚਨ ਸਿੰਘ ਨੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ
ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੂੰ ਪੱਤਰ ਲਿਖ ਕੇ ਆਦੇਸ਼ ਜਾਰੀ ਕੀਤੇ ਹਨ ਕਿ ਭਾਈ
ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਕਾਰਨ ਹਾਲਤ ਕਾਫੀ ਚਿੰਤਾਜਨਕ ਬਣੀ ਹੋਈ ਹੈ, ਇਸ ਲਈ ਤੁਰੰਤ
ਸਰਕਾਰ ਨਾਲ ਰਾਬਤਾ ਕਾਇਮ ਕਰਕੇ ਸਜਾਵਾਂ ਪੂਰੀਆ ਕਰ ਚੁੱਕੇ ਸਿੱਖ ਕੈਦੀਆਂ ਨੂੰ ਤੁਰੰਤ ਰਿਹਾਅ
ਕਰਵਾਇਆ ਜਾਵੇ।
ਸ੍ਰੀ ਅਕਾਲ ਤਖਤ ਸਾਹਿਬ ਦੇ ਸੂਤਰਾਂ ਤੇ ਮਿਲੀ ਜਾਣਕਾਰੀ ਅਨੁਸਾਰ ਗਿਆਨੀ
ਗੁਰਬਚਨ ਸਿੰਘ ਨੇ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਪੱਤਰ ਲਿਖ ਕੇ ਆਦੇਸ਼
ਜਾਰੀ ਕੀਤੇ ਹਨ ਕਿ ਲੰਮੇ ਸਮੇਂ ਤੋ ਜੇਲਾਂ ਵਿੱਚ ਬੰਦ ਸਿੱਖ ਨੋਜਵਾਨਾਂ ਦੀ ਰਿਹਾਈ ਲਈ ਤੁਰੰਤ
ਉਪਰਾਲੇ ਕੀਤੇ ਜਾਣ। ਉਹਨਾਂ ਕਿਹਾ ਕਿ ਭਾਈ ਗੁਰਬਖਸ਼ ਸਿੰਘ ਨੇ ਵੀ ਭੁੱਖ ਹੜਤਾਲ ਬੰਦੀ ਸਿੱਖਾਂ
ਦੀ ਰਿਹਾਈ ਇੱਕ ਪੰਥਕ ਕਾਜ ਰੱਖੀ ਹੋਈ ਹੈ ਤੇ ਭਾਈ ਸਾਹਿਬ ਦੀ ਹਾਲਤ ਕਾਫੀ ਨਿਘਰਦੀ ਜਾ ਰਹੀ
ਹੈ। ਉਹਨਾਂ ਕਿਹਾ ਕਿ ਜਿਥੇ ਬੰਦੀ ਸਿੰਘਾਂ ਦੀ ਰਿਹਾਈ ਜਰੂਰੀ ਹੈ, ਉਥੇ ਭਾਈ ਗੁਰਬਖਸ਼ ਸਿੰਘ
ਨੂੰ ਜਿੰਦਾ ਰੱਖਣਾ ਵੀ ਬਹੁਤ ਜਰੂਰੀ ਹੈ, ਇਸ ਲਈ ਸਰਕਾਰ ਨਾਲ ਤੁਰੰਤ ਰਾਬਤਾ ਕਾਇਮ ਕੀਤਾ ਜਾਵੇ
ਤੇ ਬੰਦੀ ਸਿੱਖਾਂ ਨੂੰ ਰਿਹਾਈ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਭਾਈ ਗੁਰਬਖਸ਼ ਸਿੰਘ ਦੀ ਭੁੱਖ
ਹੜਤਾਲ ਖਤਮ ਕਰਵਾਈ ਜਾਵੇ। ਜਥੇਦਾਰ ਜੀ ਨੇ ਪ੍ਰਧਾਨ ਨੂੰ ਬਾਕੀ ਸਾਰੇ ਰੁਝੇਵਿਆਂ ਨੂੰ ਰੱਦ ਕਰਕੇ
ਪਹਿਲ ਦੇ ਆਧਾਰ ਤੇ ਕਾਰਵਾਈ ਕਰਨ ਲਈ ਕਿਹਾ ਗਿਆ ਹੈ।
ਇਸੇ ਤਰ੍ਹਾਂ ਨਾਨਕਸ਼ਾਹੀ ਕੈਲੰਡਰ ਬਾਰੇ ਵੀ
ਜਥੇਦਾਰ ਜੀ ਨੇ ਪ੍ਰਧਾਨ ਨੂੰ ਆਦੇਸ਼ ਜਾਰੀ ਕੀਤੇ ਇਸ ਮਾਮਲੇ ਦੇ ਹੱਲ ਵੀ ਯਤਨ ਕੀਤੇ ਜਾਣ ਅਤੇ
ਸਿੱਖਾਂ ਨੂੰ ਕੇਸਾਂਧਾਰੀ ਹਿੰਦੂ ਦੱਸਣ ਵਾਲੀ ਸੰਵਿਧਾਨ ਦੀ ਧਾਰਾ 25 ਬੀ ਨੂੰ ਸੰਵਿਧਾਨ ਵਿੱਚੋ
ਖਤਮ ਕਰਵਾ ਕੇ ਸਿੱਖਾਂ ਦੀ ਵੱਖਰੀ ਤੇ ਅੱਡਰੀ ਹੋਂਦ ਦਾ ਜਮਾਉਣ ਦੀ ਵੀ ਯਤਨ ਕੀਤੇ ਜਾਣੇ ਚਾਹੀਦੇ
ਹਨ। ਉਹਨਾਂ ਕਿਹਾ ਕਿ ਪੰਥਕ ਮਾਮਲਿਆਂ ਵਿੱਚ ਸ਼੍ਰੋਮਣੀ ਕਮੇਟੀ ਪਹਿਲਾਂ ਵੀ ਪਹਿਲ ਕਦਮੀ
ਕਰਕੇ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਪੰਥਕ ਮਸਲੇ ਹੱਲ ਕਰਦੀ ਰਹੀ ਹੈ ਅਤੇ ਇਸ ਵਾਰੀ ਵੀ ਆਪਣੀ
ਜਿੰਮੇਵਾਰੀ ਨੂੰ ਨਿਭਾਵੇ। ਇਸ ਸਬੰਧੀ ਜਦੋ ਗਿਆਨੀ ਗੁਰਬਚਨ ਸਿੰਘ ਨਾਲ ਰਾਬਤਾ ਕਾਇਮ ਕੀਤਾ ਤਾਂ
ਉਹਨਾਂ ਨੇ ਪੱਤਰ ਲਿਖਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਨਾਲ
ਭਾਈ ਗੁਰਬਖਸ਼ ਸਿੰਘ ਵਰਗੇ ਯੋਧਿਆਂ ਦਾ ਵੀ ਪੰਥ ਨੂੰ ਕਾਫੀ ਲੋੜ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ
ਕਮੇਟੀ ਪ੍ਰਧਾਨ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਅਤੇ ਨਾਲ ਹੀ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ
ਕਿ ਉਹ ਸਿੱਖ ਪੰਥ ਦਾ ਹੋਰ ਇਮਤਿਹਾਨ ਨਾ ਲੈਣ, ਤੇ ਸਜਾਵਾਂ ਪੂਰੀਆ ਕਰ ਚੁੱਕੇ ਸਾਰੇ ਬੰਦੀ
ਸਿੰਘਾਂ ਨੂੰ ਰਿਹਾਅ ਕੀਤਾ ਜਾਵੇ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਨੇ
ਜਥੇਦਾਰ ਵੱਲੋ ਲੈ ਗਏ ਸਟੈਂਡ ਦੀ ਹਮਾਇਤ ਕਰਦਿਆਂ ਕਿਹਾ ਕਿ ਜਥੇਦਾਰ ਨੂੰ ਇਹ ਸਖਤ ਐਕਸ਼ਨ ਪਹਿਲਾਂ
ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਤੇ
ਧਾਰਾ 25 ਬੀ ਨੂੰ ਖਤਮ ਕਰਾਉਣ ਲਈ ਜਥੇਦਾਰ ਜੀ ਜਿਹੜੀ ਦੀ ਸੇਵਾ ਉਹਨਾਂ ਦੀ ਲਗਾਉਣਗੇ ਉਹ
ਬਾਖੂਬੀ ਨਿਭਾਉਣਗੇ। ਉਹਨਾਂ ਕਿਹਾ ਕਿ ਭਾਈ ਗੁਰਬਖਸ਼ ਸਿੰਘ ਦੇ ਕੋਲ ਜਾ ਕੇ ਜਥੇਦਾਰ ਸਾਹਿਬ ਨੂੰ
ਵੀ ਇੱਕ ਦਿਨ ਦੀ ਭੁੱਖ ਹੜਤਾਲ ਰੱਖਣੀ ਚਾਹੀਦੀ ਹੈ, ਕਿਉਕਿ ਭਾਈ ਸਾਹਿਬ ਦੀ ਸਿਰੜ, ਦ੍ਰਿੜ
ਇਰਾਦਾ ਤੇ ਪੰਥਕ ਜ਼ਜ਼ਬਾ ਇਸ ਗੱਲ ਦੀ ਗਵਾਹੀ ਭਰਦਾ ਹੈ, ਕਿ ਭਾਈ ਸਾਹਿਬ ਗੁਰੂ ਗਰੰਥ ਤੇ ਗੁਰੂ
ਪੰਥ ਨੂੰ ਪੂਰੀ ਤਰ੍ਹਾਂ ਸਮੱਰਪਿੱਤ ਹਨ।