ਸਤਿਕਾਰ ਯੋਗ ਸਿੰਘ ਸਾਹਿਬਾਨ ਜੀਓ,
ਮਾਰਫ਼ਤ ਸਤਿਕਾਰ ਯੋਗ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ
ਕੰਪਲੈਕਸ, ਸ੍ਰੀ ਅੰਮ੍ਰਿਤਸਰ ਸਾਹਿਬ।ਅਤੇ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ। ਅਤੇ, ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ।
ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥
ਕਲ
ਮਿਤੀ 25 ਦਸੰਬਰ 2014 ਨੂੰ ਅਖ਼ਬਾਰਾਂ ਵਿੱਚ ਛਪੇ ਜੱਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ
ਜੀ ਦੇ ਸਤਿਕਾਰਤ ਜਥੇਦਾਰ ਸਾਹਿਬ ਨੇ ਇਹ ਗੁਰ ਸਿੱਖਾਂ ਨੂੰ ਕਿਹਾ ਹੈ ਕਿ ‘ਜੋ
ਨਾਨਕਸ਼ਾਹੀ ਕੈਲੰਡਰ ਮੁੱਦੇ ਨੂੰ ਲੈ ਕੇ ਤਤਪਰ ਹਨ, ਨੂੰ ਆਖਿਆ ਕਿ ਉਹ ਪੰਥ ਦੇ ਹੋਰ
ਚੁਣੌਤੀ ਪੂਰਨ ਮੁੱਦਿਆਂ ਵੱਲ ਵੀ ਧਿਆਨ ਦੇਣ।’ ਆਪ ਜੀ ਦੇ ਇਨ੍ਹਾਂ ਅਗਵਾਈ
ਭਰਪੂਰ ਸ਼ਬਦਾਂ ਨੇ ਹੀ ਮੈਨੂੰ ਇਹ ਚੁਣੌਤੀ ਭਰਪੂਰ ਗੰਭੀਰ ਅਤੇ ਸ਼੍ਰੋਮਣੀ ਮਸਲੇ ਤੇ ਆਪ
ਜੀ ਦਾ ਧਿਆਨ ਦਿਵਾਉਣ ਦੀ ਪ੍ਰੇਰਣਾ ਕੀਤੀ ਹੈ।
1. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਛਪੀ ‘ਗੁਰਮਤਿ
ਮਾਰਤੰਡ’ ਪੁਸਤਕ ਦੇ ਭਾਗ-1 ਵਿਚ ਪੰਨਾ 186 ਤੇ ‘ਸੰਤ’ ਸ਼ਬਦ ਸੰਬੰਧੀ ਅਰਥਾਂ
ਵਿਚ ਲਿਖਿਆ ਹੈ "ਸਿੱਖ ਧਰਮ ਅਨੁਸਾਰ ਸੰਤ ਕੋਈ ਖਾਸ ਜਮਾਤ
ਅਥਵਾ ਪੰਥ ਨਹੀਂ, ਅਰ ਨਾ ਉਸ ਲਈ ਕੋਈ ਖਾਸ ਲਿਬਾਸ ਨੀਯਤ ਹੈ”। ਫੁਟਨੋਟ ਵਿਚ
ਹੇਠਾਂ ਵਰਨਣ ਕੀਤਾ ਹੈ ਕਿ ‘‘ਇਸ ਸਮੇਂ ਵੇਖਣ ਵਿਚ ਆਉਂਦਾ
ਹੈ ਕਿ ਲੰਮਾ ਕੁੜਤਾ ਜਾਂ ਚੋਲਾ, ਸਿਰ ਤੇ ਛੋਟੀ ਪੱਗ, ਪਜਾਮੇ ਦਾ ਤਿਆਗ, ਪੈਰੀ ਪਉੂਏ,
ਇਹ ਸੰਤ ਦਾ ਖਾਸ ਭੇਖ ਹੋ ਗਿਆ ਹੈ, ਜੋ ਲੋਕਾਂ ਨੂੰ ਭੁਲੇਖੇ ਵਿਚ ਪਾਉਂਦਾ ਹੈ ਤੇ
ਅੰਨਧਿਕਾਰੀਆਂ ਦੀ ਮੰਨੀ ਹੰਕਾਰ ਵਧਾਉਂਦਾ ਹੈ।”
ਇੰਜ ਗੁਰਮਤਿ ਮਾਰਤੰਡ ਇਨ੍ਹਾਂ ਡੇਰੇਦਾਰਾਂ ਨੂੰ ‘ਸੰਤ’ ਨਹੀਂ ਸਵੀਕਾਰਦੀ ਅਤੇ ਸਮੁੱਚੇ
ਇਨ੍ਹਾਂ ਵਿਅਕਤੀ ਸੰਤਾਂ ਦਾ ਖੰਡਣ ਕਰਦੀ ਹੈ।
2. ਮਹਾਨ ਕੋਸ਼ ਦੇ ਲਿਖਾਰੀ ਭਾਈ ਕਾਨ੍ਹ ਸਿੰਘ ਨਾਭਾ ਦੇ
ਅਨੁਸਾਰ ‘ਸੰਤ’ ਸ਼ਬਦ ਦਾ ਅਰਥ ਸ਼ਾਂਤ, ਮਨ ਇੰਦਰੀਆਂ ਨੂੰ ਜਿਸ ਨੇ ਟਿਕਾਇਆ
ਹੈ। ਮਹਾਨ ਕੋਸ਼ ਦਾ ਲਿਖਾਰੀ ਲਿਖਦਾ ਹੈ ਕਿ ਸੰਗਿਯਾ ਰੂਪ ਵਿਚ ਗੁਰੂ ਨਾਨਕ ਦੇਵ ਜੀ
ਨੇ ‘ਸਿੱਖ-ਸੰਗਤ’ ਲਈ ‘ਸੰਤ’ ਸ਼ਬਦ ਦਾ ਇਸਤੇਮਾਲ ਕੀਤਾ ਹੈ ਜਿਵੇਂ ਗਉੜੀ ਮਹਲਾ 5ਵਾਂ
"ਸੰਤ ਸੰਗਿ ਹਰਿ ਮਨਿ ਵਸੈ ॥”
3. ਇੰਜ ਹੀ ਗੁਰਬਾਣੀ ਵਿਚ ਜਿੱਥੇ ‘ਸੰਤ ਸਭਾ’
ਦਾ ਵਰਨਨ ਕੀਤਾ ਗਿਆ ਹੈ ਉਸ ਦਾ ਅਰਥ ਗੁਰਸਿੱਖਾਂ ਦੀ ਸਭਾ ਹੈ । ਕਿਸੇ ਆਪੁ ਬਣੇ
ਸੰਤ-ਸਮਾਜ ਡੇਰੇਦਾਰੀ ਦੀ ਸਭਾ ਨਹੀਂ। ਇਹ ਗੁਰਸਿੱਖਾਂ ਦੀ ਸਭਾ, ਸਿੰਘ ਸਭਾ ਦੇ ਰੂਪ
ਵਿਚ ਜਾਣੀ ਜਾਂਦੀ ਹੈ। ਮਹਾਨ ਕੋਸ਼ ਵਿਚ ਇਸ ਦਾ ਉਦਾਹਰਣ ਇੰਜ ਦਿੱਤਾ ਹੈ: ਸ੍ਰੀ ਰਾਗ
ਮਹਲਾ 5 ਵਾਂ ਅਨੁਸਾਰ "ਥਾਨੁ ਸੁਹਾਵਾ ਪਵਿਤੁ ਹੈ ਜਿਥੈ
ਸੰਤ ਸਭਾ॥” ਇਸ ਦਾ ਸਿੱਧਾ ਅਰਥ ਹੈ ਕਿ ‘‘ਗੁਰੂ
ਗ੍ਰੰਥ ਸਾਹਿਬ’’ ਜੀ ਸਮੂਹਿਕ ਰੂਪ ਵਿਚ ‘ਗੁਰਸਿੱਖਾਂ’ ਨੂੰ ‘ਸੰਤ’ ਦਾ ਦਰਜਾ ਦਿੰਦੇ
ਹਨ। ਕਿਸੇ ਡੇਰੇਦਾਰ ਗੋਲ ਪਗੜੀਏ ਚਿਟਕਪੜੀਏ ਭੇਖੀ ਸਾਧ ਨੂੰ ਨਹੀਂ ।
4. ਭਗਤ ਧੰਨਾ ਜੀ ਨੇ ਮਹਲਾ 4ਥਾ ਵਿਚ ਗੁਰੂ ਨਾਨਕ ਪਾਤਿਸ਼ਾਹੀ ਲਈ ਇਉਂ ਲਿਖਿਆ ਹੈ "ਸੰਤ
ਸਾਧੁ ਜਿਨਿ ਪਾਇਆ ਤੇ ਵਡਪੁਰਖ॥” ਇਸੇ ਲਈ ਸ੍ਰੀ ਰਾਗ ਮਹਲਾ 4ਥਾ ਛੰਤ ਵਿਚ
ਮਹਾਰਾਜ ਲਿਖਦੇ ਹਨ "ਨਾਨਕ ਸੰਤ ਸੰਤ ਹਰਿ ਇਕੋ॥”
ਅਰਥਾਤ ਗੁਰੂ ਗ੍ਰੰਥ ਸਾਹਿਬ ਵਿਚ
ਅਤੇ ਗੁਰਬਾਣੀ ਗੁਰਮਤਿ ਅਨੁਸਾਰ ਕੇਵਲ ਤੇ ਕੇਵਲ ਗੁਰੂ ਆਪ ਵੀ ਸੰਤ ਹੈ ।
ਗੁਰੂ ਤੋਂ ਇਲਾਵਾ ਕੋਈ ਹੋਰ ਆਪਣੇ ਆਪ ਨੂੰ ਸੰਤ ਨਹੀਂ
ਅਖਵਾ ਸਕਦਾ।
5. ਵਾਰ ਗੂਜਰੀ ਮਹਲਾ 5ਵਾਂ ਵਿਚ "ਮੋਹਿ
ਨਿਰਗੁਣ ਦੀਚੈ ਥਾਉ ਸੰਤ ਧਰਮਸਾਲੀਐ” ਰਾਹੀਂ ਗੁਰੂ ਗ੍ਰੰਥ ਸਾਹਿਬ ਜੀ,
ਗੁਰਸਿੱਖਾਂ ਦੀ ‘ਧਰਮਸ਼ਾਲਾ’ ਨੂੰ ਅਰਥਾਤ "ਗੁਰਦੁਆਰਾ” ਸਾਹਿਬ ਨੂੰ ਸੰਤ ਧਰਮਸ਼ਾਲਾ
ਦਰਸਾਉਂਦੇ ਹਨ। ਉਹ ਗੁਰਦੁਆਰਾ ਜੋ ਕਿਸੇ ਭੇਖਧਾਰੀ ਦਾ ਡੇਰਾ, ਮਠ, ਟਕਸਾਲ ਜਾਂ ਇੰਜ
ਦਾ ਹੀ ਕੋਈ ਸਥਾਨ ਨਾ ਹੋ ਕੇ ਪੰਥਕ ਮਰਿਆਦਾ ਨੂੰ ਮੰਨਣ ਅਤੇ ਲਾਗੂ ਕਰਨ ਵਾਲਾ
ਗੁਰਦੁਆਰਾ ਹੋਵੇ ।
6. ਗਉੜੀ ਮਹਲਾ 5ਵਾਂ ਵਿਚ ਗੁਰੂ ਸਾਹਿਬ ਆਖਦੇ ਹਨ "ਸੰਤ
ਪ੍ਰਸਾਦਿ ਹਰਿ ਕੀਰਤਨ ਗਾਉ” ਜਿਸਦਾ ਭਾਉ ਹੈ ਕਿ ਅਕਾਲ ਪੁਰਖ ਦੀ ਕਿਰਪਾ ਨਾਲ
ਹੀ ਅਕਾਲ ਦਾ ਜਸ ਗਾਇਆ ਜਾਂਦਾ ਹੈ।
7. ਮਹਾਨ ਕੋਸ਼ ਦਾ ਵਿਦਵਾਨ ਲਿਖਾਰੀ ਭਾਈ ਕਾਨ੍ਹ ਸਿੰਘ ਨਾਭਾ
ਪੰਨਾ 244 ਤੇ ਸੰਤ ਮਤਿ ਬਾਬਤ ਲਿਖਦਾ ਹੈ ਕਿ "ਸ੍ਰੀ ਗੁਰੂ
ਨਾਨਕ ਦੇਵ ਜੀ ਦਾ ਉਪਦੇਸ਼, ਅਰਥਾਤ ਗੁਰਮਤਿ ਹੀ ਸੰਤ ਹੈ। ਅੱਡ ਤੋਂ ਕਿਸੇ ਵਿਅਕਤੀ
ਸਾਧ ਜਾਂ ਮਠ ਦੇ ਉਪਦੇਸ਼ ਨੂੰ ਸੰਤ ਮਤਿ ਮੰਨਣਾ ਜਾਂ ਜਾਨਣਾ ਮਨਮਤਿ ਅਤੇ ਪਾਖੰਡ ਹੈ।"
8. ਇਸੇ ਲਈ ਭਾਈ ਰਣਧੀਰ ਸਿੰਘ ਜੀ ਆਪਣੀ ਪੁਸਤਕ "ਸੰਤ
ਪਦ ਨਿਰਣੈ ਵਿਚ” ਲਿਖਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਵਿਚ
‘ਸੰਤ’ ਪਦ ਦੇ 161 ਪ੍ਰਮਾਣ ਅਜਿਹੇ ਆਉਂਦੇ ਹਨ ਜਿਸ ਵਿਚ
ਸੰਤ ਸ਼ਬਦ ਗੁਰਸਿੱਖਾਂ ਪਰਥਾਏ ਗੁਰਬਾਣੀ ਲਿਖਦੀ ਹੈ । ਇਨ੍ਹਾਂ ਸਭਨਾਂ ਸ਼ਬਦਾਂ
ਦੀ ਵਿਆਖਿਆ ਸਮੇਤ, ਭਾਈ ਰਣਧੀਰ ਸਿੰਘ ਜੀ ਨਿਰਣੈ ਕਰਦੇ ਹਨ ਕਿ ਇਹ ਗੁਰਬਾਣੀ ਵਿਚ "ਸੰਤ”,
"ਗੁਰਸਿੱਖਾਂ” ਪਰਥਾਇ ਵਰਤਿਆ ਗਿਆ ਹੈ। ਕਿਸੇ ਪਦਵੀ ਬਣਾਈ
ਬੈਠੇ ਡੇਰਾਵਾਦੀ ਵਿਅਕਤੀ ਲਈ ਨਹੀਂ !
9. ਭਾਈ ਰਣਧੀਰ ਸਿੰਘ ਜੀ ਹੀ "ਨਾਮ ਤੇ ਨਾਮ ਦਾ ਦਾਤਾ ਸਤਿਗੁਰੂ’
ਸਿਰਲੇਖ ਹੇਠ ਆਪਣੀ ਪੁਸਤਕ ਵਿਚ ਦੁਬਾਰਾ ਗੁਰਸਿੱਖਾਂ ਨੂੰ ਸੰਤਵਾਦੀ-ਸਾਧ ਬਰਾਦਰੀ
ਤੋਂ ਅਜਾਦ ਕਰਾਉਣ ਲਈ ਪੰਨਾ 90 ਤੇ ‘ਸੰਤ’ ਪਦ ਦੇ ਨਿਰਣੈ ਬਾਰੇ ਹੋਰ ਸਪਸ਼ਟ ਕਰਕੇ
ਲਿਖਦੇ ਹਨ ਕਿ ਇਹ ਸਿਰਫ਼ ਤੇ ਸਿਰਫ਼ ਸਤਿਗੁਰੂ ਪਰਥਾਇ ਹੀ ਵਰਤਿਆ ਗਿਆ ਹੈ। ਭਾਈ ਸਾਹਿਬ
ਦੀ ਆਪਣੀ ਭਾਸ਼ਾ ’ਚ -‘ਬੇਸ਼ਕ ਗੁਰਬਾਣੀ ਵਿਚ ਅੱਗੇ ਗੁਰਵਾਕ ਹਨ, ਜਿਨ੍ਹਾਂ ਵਿਚ ਗੁਰੂ
ਕੇ ਸਿੱਖਾਂ ਪਰਥਾਇ ਭੀ ‘ਸੰਤ ਪਦ’ ਘਟਦਾ ਹੈ, ਪਰ ਸਾਰੀ ਬਾਣੀ ਵਿਚ ‘ਸੰਤ’ ਅਤੇ
‘ਸਾਧ’ ਪਦ ਦੀ ਬਹੁਤੀ ਸ਼ਲਾਘਾ, ਪੂਜਮਈ ਸ਼ਲਾਘਾ ਜੋ ਹੈ, ਸੋ, ਸਿਰਫ਼ ਗੁਰੂ ਸਾਹਿਬਾਨ
ਉਪਰ ਹੀ ਘਟਦੀ ਹੈ। ਸੁਖਮਨੀ ਸਾਹਿਬ ਵਿਚ ‘ਸੰਤ’, ‘ਸਾਧ’
ਤੇ ‘ਬ੍ਰਹਮ ਗਿਆਨੀ’ ਦੀ ਜੋ ਮਹਿਮਾ ਸ੍ਰੀ ਪੰਚਮ ਪਾਤਿਸ਼ਾਹ ਨੇ ਵਰਣਨ ਕੀਤੀ ਹੈ, ਉਹ
ਸਭ ਪਹਿਲੇ ਗੁਰੂ ਸਾਹਿਬਾਨ ਪਰਥਾਇ ਹੀ ਉਚਾਰਨ ਹੋਈ ਹੈ।”
10. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਕ 273-74 ਉਪਰ ਬ੍ਰਹਮ
ਗਿਆਨੀ ਦੀ "ਗੁਰਮਤਿ ਪਰਿਭਾਸ਼ਾ” ਇੰਝ ਦਿੰਦੇ ਹਨ: "ਬ੍ਰਹਮ
ਗਿਆਨੀ ਸਭ ਸ੍ਰਿਸਟਿ ਕਾ ਕਰਤਾ ॥ ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ ॥ ਬ੍ਰਹਮ ਗਿਆਨੀ
ਮੁਕਤਿ ਜੁਗਤਿ ਜੀਅ ਕਾ ਦਾਤਾ ॥ ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ ॥ ਬ੍ਰਹਮ ਗਿਆਨੀ
ਅਨਾਥ ਕਾ ਨਾਥੁ ॥ ਬ੍ਰਹਮ ਗਿਆਨੀ ਕਾ ਸਭ ਊਪਰਿ ਹਾਥੁ ॥ ਬ੍ਰਹਮ ਗਿਆਨੀ ਕਾ ਸਗਲ ਅਕਾਰੁ
॥ ਬ੍ਰਹਮ ਗਿਆਨੀ ਆਪਿ ਨਿਰੰਕਾਰੁ ॥ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ ॥
ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ॥”
ਕੀ
ਸਮੁੱਚਾ ਅਖੌਤੀ ਸੰਤ ਸਮਾਜ ਅਤੇ ਇਨ੍ਹਾਂ ਦਾ ਸਮਰਥਕ ਲਿਖਾਰੀ ਸਮਾਜ ਦਾਸ ਦੇ ਇਸ ਸਵਾਲ
ਦਾ ਜਵਾਬ ਦੇ ਸਕਦਾ ਹੈ ਕਿ ਪੂਰੇ ਗੁਰੂ ਕਾਲ ਵਿਚ ਅਤੇ ਸਿੱਖ ਮਿਸਲਾਂ ਦੇ ਸਮੇਂ ਕਾਲ
ਤਕ ਸਿੱਖ ਸਮਾਜ ਵਿਚ, ਪੰਥ ਖ਼ਾਲਸੇ ਵਿਚ ਕੋਈ ਵੀ ਸੰਤ ਵਿਅਕਤੀ ਅਤੇ ਸਖਸ਼ੀ
ਸਾਧ-ਡੇਰੇਦਾਰ ਵਰਤਮਾਨ ਪਾਖੰਡੀ ਰੂਪ ਵਿਚ ਕਿਉਂ ਨਾ ਜਨਮਿਆ?
ਗੁਰੂ ਨਾਨਕ
ਜੀ ਨੇ ਭਾਈ ਲਹਿਣਾ ਜੀ ਨੂੰ, ਭਾਈ ਮਰਦਾਨਾ ਜੀ ਨੂੰ ਬਾਬਾ ਬੁੱਢਾ ਜੀ ਨੂੰ, ਭਾਈ ਲਾਲੋ
ਜੀ ਨੂੰ ਜਿੱਥੇ ਕਿ ਉਨ੍ਹਾਂ ਪਹਿਲੀ ਧਰਮਸਾਲ ਸਥਾਪਤ ਕਰ ਕੇ ਉਸ ਧਰਮਸਾਲ ਦਾ ਸੰਚਾਲਕ
ਭਾਈ ਲਾਲੋ ਨੂੰ ਹੀ ਥਾਪਿਆ, ਕੋਡੇ ਰਾਖਸ਼ ਨੂੰ ਆਪਣੇ ਚਰਨੀ ਪੈਣ ਤੋਂ ਬਾਅਦ ਸਿੱਖੀ ਦਾ
ਪਰਚਾਰਕ ਥਾਪ ਕੇ ਵੀ ਇਨ੍ਹਾਂ ਸਭਨਾ ਨੂੰ ਸਿੱਖ ਹੀ ਕਿਹਾ, ‘ਸੰਤ’ ਕਿਉਂ ਨਾ ਕਿਹਾ
ਗਿਆ ? ਇਹ ਤਾਂ ਬ੍ਰਹਮ-ਗਿਆਨੀ ਵੀ ਨਾ ਅਖਵਾ ਸਕੇ ? ਭਗਤ ਕਬੀਰ ਜੀ, ਧੰਨਾ ਜੀ ਆਦਿ
15 ਭਗਤਾਂ ਅਤੇ 11 ਭੱਟਾਂ ਦੇ ਨਾਲ ਹੀ ਨਾਲ ਮਾਤਾ ਖੀਵੀ ਜੀ ਅਤੇ ਸੱਤੇ ਤੇ ਬਲਵੰਡ
ਜੀ ਤਕ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੰਤ ਨਹੀਂ ਆਖਿਆ ਗਿਆ। ਗੁਰੂ ਸਾਹਿਬ ਨੇ
ਆਪ ਆਪਣੇ ਜੀਵਨ ਕਾਲ ਵਿਚ ਇਨ੍ਹਾਂ ਨੂੰ ਨਾ ਤਾਂ ਬ੍ਰਹਮ ਗਿਆਨੀ ਦੀ ਪਦਵੀ ਦਿੱਤੀ,
ਨਾਹ ਹੀ ਸਾਧ ਦੀ ਪਦਵੀ ਦਿੱਤੀ ਅਤੇ ਨਾਹ ਹੀ ਸੰਤ ਦੀ ਪਦਵੀ ਧਾਰੀ ਬਣਾਇਆ ?
ਤਾਂ ਫਿਰ ਕੀ ਇਹ ਚਿੱਟ ਕੱਪੜੀਏ,
ਗੋਲ ਪੱਗੜੀਏ, ਪਜਾਮਾ ਤਿਆਗੀਏ ਆਪਣੇ ਆਪ ਨੂੰ ਕਿਵੇਂ ਸੰਤ ਅਖਵਾ ਸਕਦੇ ਹਨ ?
ਬਾਬਾ ਬੁੱਢਾ
ਜੀ ਤੋ ਜਿਨ੍ਹਾਂ 6 ਗੁਰੂ ਸਾਹਿਬਾਨਾਂ ਨੂੰ ਗੁਰਗੱਦੀ ਤੇ ਬਿਠਾਇਆ, ਭਾਈ ਗੁਰਦਾਸ ਜੀ,
ਭਾਈ ਨੰਦ ਲਾਲ ਜੀ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ,
ਭਾਈ ਮੁਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਇਹ ਸਭ ਮਹਾਨ ਸਿੱਖ ਵੀ ਸੰਤ ਨਹੀਂ ਥਾਪੇ
ਗਏ। ਤਾਂ ਕਿ ਇਹ ਪਾਖੰਡੀ ਅਖੌਤੀ ਸੰਤ ਇਨ੍ਹਾਂ ਸਭ ਮਹਾਨ ਗੁਰਮੁਖਾਂ ਤੋਂ ਵੱਡੇ ਹਨ
? ਇਹ ਪੰਜ ਪਿਆਰੇ ਵੀ ਜਿਨ੍ਹਾਂ ਅੱਗੇ ਗੁਰੂ ਸਾਹਿਬ ਨੇ ਆਪ ਗੋਡੇ ਟੇਕ ਕੇ
ਅੰਮ੍ਰਿਤਪਾਨ ਕੀਤਾ ਅਤੇ ਜਿਨ੍ਹਾਂ ਨੂੰ ਪੰਥ ਰੂਪ ਵਿਚ ਗੁਰੂ ਸਾਹਿਬ ਨੇ ਖੁਦ ਪਦਵੀ
ਦਿੱਤੀ ਉਹ ਪੰਜ ਪਿਆਰੇ ਵੀ ਸੰਤ ਨਾ ਬਣ ਸਕੇ ਅਤੇ ਨਾ ਹੀ ਸਿੱਖ ਕੌਮ ਵਲੋਂ ਬਣਾਏ ਤੇ
ਥਾਪੇ ਗਏ ।
ਜ਼ਰਾ ਸੋਚੋ !
ਭਾਈ ਮਨੀ ਸਿੰਘ ਜੀ, ਭਾਈ ਸੁੱਖਾ ਸਿੰਘ ਮਹਿਤਾਬ ਸਿੰਘ, ਭਾਈ ਦਇਆ ਸਿੰਘ, ਭਾਈ ਦਇਆਲਾ
ਜੀ, ਬਾਬਾ ਦੀਪ ਸਿੰਘ, ਭਾਈ ਤਾਰੂ ਸਿੰਘ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ,
ਬਾਬਾ ਬੰਦਾ ਸਿੰਘ ਜੀ, ਭਾਈ ਸੁਬੇਗ ਸਿੰਘ ਸ਼ਾਹਬਾਜ਼ ਸਿੰਘ, ਤਾਰੂ ਸਿੰਘ, ਤਾਰਾ ਸਿੰਘ
ਵਾਂ, ਬਾਜ਼ ਸਿੰਘ ਆਦਿ ਮਹਾਨ ਗੁਰਸਿੱਖ ਵੀ ਆਪਣੇ ਆਪ ਨੂੰ ਸੰਤ ਨਾ ਅਖਵਾ ਸਕੇ, ਅਤੇ
ਪੰਥ ਵਲੋਂ ਸੰਤ ਨਾ ਬਣਾਏ ਜਾ ਸਕੇ। ਸੰਤ ਦੀ ਪਦਵੀ ਤਾਂ ਗੁਰੂ ਗ੍ਰੰਥ ਸਾਹਿਬ
ਜੀ ਅਤੇ ਗੁਰੂ ਪੰਥ ਮਹਾਰਾਜ ਨੇ ਅਤੇ ਖੁਦ ਗੁਰੂ ਸਾਹਿਬਾਨ ਨੇ ਵੀ ਇਨ੍ਹਾਂ ਸ਼ਖਸੀਅਤਾਂ
ਤਕ ਨੂੰ ਵੀ ਨਾ ਦਿੱਤੀ। ਤਾਂ ਫਿਰ ਆਪੋ ਆਪਣੀ ਦੁਕਾਨ ਖੋਲੀ ਬੈਠੇ ਹੰਕਾਰੀ ਦੰਭੀ, ਇਹ
ਚਿੱਟ ਕੱਪੜੀਏ, ਗੋਲ ਪੱਗੜੀਏ, ਬ੍ਰਾਹਮਣ ਦੇ ਥਾਪੇ ਠੱਗ ਵਿਅਕਤੀ ਸੰਤ ਕਿਵੇਂ ਹੋ ਗਏ
? ਗੁਰੂ ਗ੍ਰੰਥ ਸਾਹਿਬ ਜੀ ਆਖਦੇ ਹਨ "ਆਸਾ ॥ ਗਜ ਸਾਢੇ
ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ
ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥1॥ ਐਸੇ ਸੰਤ ਨ ਮੋ ਕਉ ਭਾਵਹਿ ॥ ਡਾਲਾ ਸਿਉ
ਪੇਡਾ ਗਟਕਾਵਹਿ ॥1॥ ਰਹਾਉ ॥ ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ ॥
ਬਸੁਧਾ ਖੋਦਿ ਕਰਹਿ ਦੁਇ ਚੂਲੇ੍ ਸਾਰੇ ਮਾਣਸ ਖਾਵਹਿ ॥2॥ ਓਇ ਪਾਪੀ ਸਦਾ ਫਿਰਹਿ
ਅਪਰਾਧੀ ਮੁਖਹੁ ਅਪਰਸ ਕਹਾਵਹਿ ॥ ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ
॥3॥” (ਅੰਕ 476)
ਟਕਸਾਲਾਂ ਤੋਂ ਲੈ ਕੇ ਡੇਰੇਦਾਰਾਂ ਤਕ ਦੇ
ਕੀ ਅਜਿਹੇ ਹੀ ਕਰਮ ਨਹੀਂ ਹਨ ? ਕੀ ਇਹ ਲੋਕ ਫਿਰ 10 ਗੁਰੂ ਸਾਹਿਬਾਨ ਤੋਂ ਵੱਡੇ ਹਨ
ਜੇ ਵੱਡੇ ਹਨ ਤਾਂ ਹੀ ਸੰਤ ਹੋ ਸਕਦੇ ਹਨ, ਕਿਉਂਕਿ ਗੁਰੂ ਤਾਂ ਆਪ ਸਰੀਰ ਰੂਪ ਵਿਚ
ਆਪਣੇ ਆਪ ਨੂੰ ਸਿੱਖ ਅਖਵਾ ਰਿਹਾ ਹੈ, ਸੰਤ ਨਹੀਂ।
ਮੁੱਦਾ ਬੜਾ
ਸਪਸ਼ਟ ਹੈ ਕਿ ਜੋ ਮੰਡਲੀ ਅਤੇ ਸਮਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ
ਸੰਕਲਪ, ਸਿਧਾਂਤ, ਉਪਦੇਸ਼ ਅਤੇ ਹੁਕਮਾਂ ਨੂੰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ
ਪੰਥਕ ਸਿੱਖ ਰਹਿਤ ਮਰਿਆਦਾ ਨੂੰ ਹੀ ਨਹੀਂ ਮੰਨਦਾ ਉਨ੍ਹਾਂ ਦੀ ਦਰਖ਼ਾਸਤ ਸ੍ਰੀ ਅਕਾਲ
ਤਖ਼ਤ ਸਾਹਿਬ ਕਿਵੇਂ ਸਵੀਕਾਰ ਕਰ ਸਕਦਾ ਹੈ ? ਫਿਰ ਅਜਿਹੇ ਆਪਣੇ ਆਪ ਨੂੰ ਸੰਤ
ਅਖਵਾਉਂਦੇ ਲੋਕਾਂ ਤੋਂ ਅਤੇ ਇਨ੍ਹਾਂ ਦੇ ਹੱਥੀ ਚੜ੍ਹ ਕੇ ਪੰਥ ਨੂੰ ਗੁਰਮਤਿ ਮਾਰਗ
ਤੋਂ ਥਿੜਕਾਉਣ ਵਾਲੇ ‘ਸਿੰਘ ਸਾਹਿਬਾਨਾਂ’ ਤੋਂ ਪੰਥ ਖ਼ਾਲਸਾ ਸਪਸ਼ਟੀਕਰਣ ਚਾਹੁੰਦਾ ਹੈ।
ਸਿੱਖ ਸੰਸਥਾਵਾਂ ਨੂੰ ਸੰਦ ਵਜੋਂ
ਵਰਤ ਕੇ ਅਜਿਹੇ ਲੋਕ ਸਿੱਖ ਕੌਮ ਦਾ ਹਿੰਦੂਤਵਾਕਰਨ ਕਰ ਦੇਣ ਲਈ ਬਜ਼ਿਦ ਹਨ।
ਸਬਰ ਅਤੇ ਸਹਿਜ ਨਾਲ ਆਪਣੀ ਆਤਮਾ ਦੀ ਜ਼ਮੀਰ ਵਿਚ, ਸੰਤ ਵਿਅਕਤੀ ਦੀ ਗੁਲਾਮੀ ਤੋਂ
ਮੁਕਤ ਹੋ ਕੇ "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ‘ਸ਼ਬਦ’ ਦੇ ਗਿਆਨ ਨਾਲ ਸਿੱਖ ਨੂੰ
ਆਤਮ ਪੜਚੋਲ ਕਰਕੇ ਵੇਖਣਾ ਚਾਹੀਦਾ ਹੈ ਕਿ ਕੀ ਸੱਚ ਹੈ ਕੀ ਝੂਠ ?
11. ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ "ਪੰਥਕ ਸਿੱਖ ਰਹਿਤ
ਮਰਿਆਦਾ” ਸਿਰਲੇਖ "ਗੁਰਮਤਾ ਕਰਨ
ਦੀ ਵਿਧੀ” ਵਿੱਚ ਇਹ ਨਿਜ਼ਾਮ ਨਿਰਧਾਰਿਤ ਕਰਦੀ ਹੈ ਕਿ "
(ੳ) ਗੁਰਮਤਾ
ਕੇਵਲ ਉਨ੍ਹਾਂ ਸਵਾਲਾਂ ਤੇ ਹੀ ਹੋ ਸਕਦਾ ਹੈ, ਜੋ ਸਿੱਖ ਧਰਮ ਦੇ ਮੁੱਢਲੇ ਅਸੂਲਾਂ
ਦੀ ਪੁਸ਼ਟੀ ਲਈ ਹੋਣ, ਅਰਥਾਤ ਗੁਰੂ ਸਾਹਿਬਾਨ ਜਾਂ ਗੁਰੂ ਗ੍ਰੰਥ ਸਾਹਿਬ ਦੀ ਪਦਵੀ,
ਬੀੜ੍ਹ ਦੀ ਨਿਰੋਲਤਾ, ਅੰਮ੍ਰਿਤ, ਰਹਿਤ-ਬਹਿਤ, ਪੰਥ ਦੀ ਬਣਾਵਟ ਆਦਿ ਨੂੰ ਕਾਇਮ
ਰੱਖਣ ਬਾਬਤ। ਹੋਰ ਕਿਸੇ ਕਿਸਮ ਦੇ ਸਾਧਾਰਨ (ਧਾਰਮਿਕ, ਵਿਦਿਅਕ, ਸਮਾਜਿਕ,
ਪੁਲੀਟੀਕਲ) ਸਵਾਲ ਉੱਤੇ ਕੇਵਲ ਮਤਾ ਹੋ ਸਕਦਾ ਹੈ।
(ਅ) ਇਹ
ਗੁਰਮਤਾ ਗੁਰੂ ਪੰਥ ਦਾ ਚੁਣਿਆ ਹੋਇਆ ਕੇਵਲ ਸ਼੍ਰੋਮਣੀ ਜੱਥਾ ਜਾਂ ਗੁਰੂ ਪੰਥ ਦਾ
ਪ੍ਰਤੀਨਿਧ ਇਕੱਠ ਹੀ ਕਰ ਸਕਦਾ ਹੈ।” ਇਸ ਨਿਰਧਾਰਿਤ ਮਰਿਆਦਾ ਦੇ ਲਿਖਤ ਅਨੁਸ਼ਾਸਨ
ਤੋਂ ਬਾਹਰ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਬਾਕੀ ਦੇ ਚਾਰ ਤਖ਼ਤ ਸਾਹਿਬ ਅਤੇ ਇਨ੍ਹਾਂ
ਤੇ ਸੇਵਾ ਸੰਭਾਲ ਕਰ ਰਹੇ ਸਤਿਕਾਰਤ ਪਦਵੀ ਧਾਰੀ ਵੀ ਨਹੀਂ ਜਾ ਸਕਦੇ। ਅਗਰ ਉਹ
ਇੰਝ ਕਰਦੇ ਹਨ ਤਾਂ ਫਿਰ ਉਹ "ਰਹਿਤ ਮਰਿਆਦਾ” ਅਨੁਸਾਰ ਦੋਸ਼ੀ ਕਹਾਉਂਦੇ ਹਨ।
12. ਹਰ ਕਾਨੂੰਨ, ਨਿਯਮ, ਮਰਿਆਦਾ, ਰਹਿਤ ਅਤੇ ਲਿਖਤ ਖਰੜਿਆਂ
ਨੂੰ ਛਿੱਕੇ ਟੰਗ ਕੇ ਗਲਤ ਕੀਤਾ ਜਾ ਰਿਹਾ ਹੈ ਉਹ ਉਪਰੋਕਤ ਦੇ ਨਾਲ ਇੰਝ ਹੈ -
ਨਾਨਕਸ਼ਾਹੀ ਕੈਲੰਡਰ ਮੂਲ ਰੂਪ ਵਿੱਚ 2003 ਨੂੰ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਜਨਰਲ ਇਜਲਾਸ ਨੇ ਆਪ ਪਾਸ ਕੀਤਾ ਹੈ। ਇਸ
ਲਈ ਵਰਤਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ‘ਐਡਹਾਕ’ ਪ੍ਰਧਾਨ ਅਤੇ
ਅਗਜ਼ੈਕਟਿਵ ਓਦੋਂ ਤਕ ਕਿਸੇ ਵੀ ਪੰਥਕ ਮੁੱਦੇ ਤੇ ਕੋਈ ਵੀ ਰਾਏ ਦੇਣ ਦੇ ਸਮਰਥ ਕਾਨੂੰਨੀ,
ਵਿਧਾਨਿਕ ਅਤੇ ਭਾਰਤ ਦੀ ਸੁਪ੍ਰੀਮ ਕੋਰਟ ਦੇ ਹੁਕਮ ਅਨੁਸਾਰ ਵੀ ‘ਅਧਿਕਾਰਤ ਸੰਸਥਾ’
ਨਹੀਂ ਹੈ ਜਦ ਤਕ ਸਤੰਬਰ 2011 ਵਿੱਚ ਨਵੀਂ ਚੁਣੀ ਹੋਈ ਕਮੇਟੀ ਦਾ ਕਾਨੂੰਨੀ ਅਤੇ
ਸੰਵਿਧਾਨਕ ਤੋਰ ਤੇ ਗਠਨ ਨਹੀਂ ਹੋ ਜਾਂਦਾ। ਆਪ ਜੀ ਨੂੰ ਚੇਤਾ ਕਰਾਉਣ ਦੀ ਫਿਰ ਲੋੜ
ਪੈ ਗਈ ਹੈ, ਕਿ ਵਰਤਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਾਂ ਹਾਲੇ ਤਕ
‘ਵਿਧੀਵਤ ਰੂਪ ਵਿੱਚ ਗਠਨ’ ਤਕ ਨਹੀਂ ਹੋਇਆ ਹੈ। ਇਹ ਤਾਂ ਸਤੰਬਰ 2011 ਤੋਂ ਪਿਛਲੇ 3
ਸਾਲਾਂ ਤੋਂ ਵੱਧ ਸਮੇਂ ਤੋਂ ਆਪਣੀ ‘ਖੁਦ ਦੀ ਹੋਂਦ ਲਈ’ ਅਤੇ ਆਪਣਾ ਇਜਲਾਸ ਸੱਦਣ ਲਈ
ਵੀ ਅਦਾਲਤਾਂ ਦੇ ਗੇੜ ਵਿੱਚ ਫਸੀ ਹੋਈ ਹੈ।
ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਣੇ ਐਕਟ
ਅਨੁਸਾਰ ਜਨਰਲ ਇਜਲਾਸ ਵੱਲੋਂ ਲਏ ਗਏ ਫੈਸਲਿਆਂ ਨੂੰ ਸਿਰਫ਼ ਤੇ ਕੇਵਲ ਜਨਰਲ ਇਜਲਾਸ
ਵਿੱਚ ਹੀ ਮਤਾ ਲਿਆ ਕੇ ਸੋਧਿਆ ਜਾ ਸਕਦਾ ਹੈ, ਬਦਲਿਆ ਨਹੀਂ ਜਾ ਸਕਦਾ, ਵਿਧਾਨ ਕੇਵਲ
ਸੋਧੇ ਜਾਣ ਦਾ ਹੀ ਨੀਅਤ ਹੈ। ਇਸ ਕਾਨੂੰਨੀ ਬਣਤਰ ਅਨੁਸਾਰ ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਜਿਹੜੀ ਆਪ ਜੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ
ਸਾਹਿਬ ਜੀ ਦੇ ਗੁਰਪੁਰਬ ਦੀ ਮਿਤੀ ਬਦਲਣ ਦੀ ਅਤੇ ਨਾਨਕ ਸ਼ਾਹੀ ਕੈਲੰਡਰ ਵਿਚ ਸੋਧ ਕਰਨ
ਦੀਆਂ ਬੇਨਤੀਆਂ ਕੀਤੀਆਂ ਹਨ ਉਹ ਆਪਣੇ ਆਪ ਵਿੱਚ ਹੀ ਗੈਰ ਵਿਧਾਨਿਕ, ਗੈਰ ਕਾਨੂੰਨੀ,
ਇਖਲਾਕ ਹੀਣੀ ਅਪਰਾਧਿਕ ਕਾਰਵਾਈ ਸਵੈ ਸਿੱਧ ਹੈ। ਇਹ ਤਾਂ ਆਪ ਜੀ ਨੂੰ ਵੀ ਪਤਾ ਹੀ
ਹੈ। ਇਸ ਨਿਮਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਪੰਜ ਸਿੰਘ ਸਾਹਿਬਾਨਾਂ
ਨੂੰ ਸਿੱਖ ਕੌਮ ਦਾ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਹੈ ਕਿ ਉਸ ਵਿੱਚੋਂ ਕਿਸੇ ਸਿੱਖ ਨੇ
ਪੰਥ ਦੀ ਇੱਜ਼ਤ ਨੂੰ ਢੱਕੀ ਰੱਖਣ ਦੀ ਮਹਾਨ ਸੋਚ ਅਨੁਸਾਰ; ਸਵੈ ਪੰਥਕ ਅਨੁਸ਼ਾਸਨ ਵਿੱਚ
ਰਹਿੰਦੇ ਹੋਏ ਇਸ ਸਾਰੇ ਗੈਰ ਵਿਧਾਨਿਕ ਅਤੇ ਗੈਰ ਕਾਨੂੰਨੀ ਤੇ ਗੈਰ ਇਖਲਾਕੀ ਕਰਮਾਂ
ਲਈ ‘ਸਹਿਜ ਧਾਰੀ ਫੈਡਰੇਸ਼ਨ’ ਵਾਂਗ ਅਦਾਲਤ ਵਿੱਚ ਨਹੀਂ ਘਸੀਟ ਲਿਆ। ਪਰ ਦਾਸ ਵਾਂਗ ਹੀ
ਬਹੁ ਸੰਖਿਅਕ ਸਿੱਖ ਅਵਾਮ ਨੂੰ ਹੁਣ ਮਹਿਸੂਸ ਹੋਣ ਲੱਗ ਗਿਆ ਹੈ ਕਿ ਪੰਥ ਦੀਆਂ ਇਹ
ਜਿੰਮੇਵਾਰ ਸੰਸਥਾਵਾਂ ਸਿੱਖ ਕੌਮ ਨੂੰ ਸਵੈ ਅਨੁਸ਼ਾਸਨ ਤੋਂ ਬਾਹਰ ਨਿਕਲ ਆਉਣ ਲਈ ਹੁਣ
ਲਲਕਾਰਨ ਲੱਗ ਪਈਆਂ ਹਨ । ਇਨ੍ਹਾਂ ਸੰਸਥਾਵਾਂ ਵੱਲੋਂ ਆਪਣੀ ਗੈਰ ਜਿੰਮੇਵਾਰਾਨਾਂ
ਅਜਿਹੀ ਸੋਚ ਨਾਲ ਕੰਮ ਕਰਨ ਦੀ ਮਨਮਤੀ ਪ੍ਰਣਾਲੀ ਕਰਕੇ ਕੀਤੇ ਜਾ ਰਹੇ ਅਜਿਹੇ ਕੰਮਾਂ
ਦੇ ਨਤੀਜੇ ਬਹੁਤ ਹੀ ਭਿਆਨਕ ਹੋਣਗੇ।
13. ਨਾਨਕਸ਼ਾਹੀ ਕੈਲੰਡਰ ਦਾ ਮੁਆਮਲਾ ਹੁਣ ਰਹਿਤ ਮਰਿਆਦਾ ਦੀ
ਇਸੇ ‘ਗੁਰਮਤਿ ਵਿਧੀ ਵਿਧਾਨ’ ਦੀ ਪੈਰਾ ਨੰਬਰ 11 ਦੀ ਮਦ
ਅਧੀਨ ਹੀ ਆਉਂਦਾ ਹੈ ਕਿਉਂਕਿ ਮੂਲ ਨਾਨਕਸ਼ਾਹੀ ਕੈਲੰਡਰ 2003 ਨੂੰ ਖ਼ਾਲਸਾ
ਪੰਥ ਨੇ ਸਵੀਕਾਰ ਕਰਨ ਦੀ ਆਪ ਥਾਪੀ ਦੇ ਕੇ, ਆਪਣੇ ਆਪ ਤੇ ਅੰਗੀਕਾਰ ਕੀਤਾ ਹੈ। ਇਸ
ਲਈ ਇਸ ਵਿੱਚ ਹੁਣ ਕੋਈ ਵੀ ਤਬਦੀਲੀ ਖੁਦ ਗੁਰੂ ਸਮਰਥ "ਖ਼ਾਲਸਾ ਪੰਥ” ਨਿਰੋਲ ਇਸ ਮੁੱਦੇ
ਤੇ "ਗੁਰੂ ਪੰਥ ਦਾ ਪ੍ਰਤਿਨਿਧ ਇਕੱਠ” ਹੀ ਕਰ ਸਕਦਾ ਹੈ। ਸਿੱਖ ਰਹਿਤ ਮਰਿਆਦਾ
ਅਨੁਸਾਰ ਸਤਿਕਾਰ ਨਾਲ ਆਪ ਜੀ ਨੂੰ ਚੇਤੇ ਕਰਵਾਉਣ ਦੀ ਲੋੜ ਆਨ ਪਈ ਹੈ ਕਿ ‘ਪੰਜ ਸਿੰਘ
ਸਾਹਿਬਾਨ’ "ਗੁਰੂ ਪੰਥ ਖ਼ਾਲਸਾ” ਨਹੀਂ ਹਨ ਤੇ ਨਾ ਹੀ ਇਨ੍ਹਾਂ ਨੂੰ ਅਜਿਹਾ ਬਣਨ ਦੀ
ਮਨਮਤਿ ਕਰਨੀ ਹੀ ਚਾਹੀਦੀ ਹੈ। ਇਹ ਵੀ ਸਪਸ਼ਟ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਵੀ ਖੁਦ "ਗੁਰੂ ਪੰਥ ਖ਼ਾਲਸਾ” ਨਹੀਂ ਹੈ। ਉਹ ਖੁਦ ਭਾਰਤ ਸਰਕਾਰ ਦੇ ਇੱਕ ਅਦਨੇ
ਜਿਹੇ ਡੀ ਸੀ ਦੀ ਮਾਤਹਿਤ ਅਜਿਹੀ ਸੰਸਥਾ ਹੈ ਜਿਸ ਪਾਸ ਸਿਰਫ਼ ਤੇ ਕੇਵਲ ਉਸ ਅਧੀਨ
ਆਉਂਦੇ ਗੁਰਦੁਆਰਿਆਂ ਦੀ ਗੋਲਕ ਅਤੇ ਸੇਵਾਦਾਰੀ ਦੇ ਸਰਕਾਰੀ ਪ੍ਰਬੰਧਕੀ ਨੀਅਤ ਕੀਤੇ
ਅਧਿਕਾਰੀ ਹਨ।
"ਗੁਰੂ ਪੰਥ ਖ਼ਾਲਸਾ” ਤੁਲ ਇਸ ਚੁਣੀ ਹੋਈ ਪ੍ਰਤਿਨਿਧ ਸਭਾ ਨੂੰ
ਅਹਿਮੀਅਤ ਨਾ ਮਿਲਣੀ ਚਾਹੀਦੀ ਹੈ ਤੇ ਨਾ ਹੀ ਦਿੱਤੀ ਜਾਣੀ ਚਾਹੀਦੀ ਹੈ। ਇਹ ਗੁਰੂ
ਗੋਬਿੰਦ ਸਿੰਘ ਸਾਹਿਬ ਜੀ ਵੱਲੋਂ "ਗੁਰੂ ਪੰਥ ਖ਼ਾਲਸਾ” ਨੂੰ ਆਪ ਬਖਸ਼ਿਸ਼ ਕੀਤੀ "ਗੁਰਿਆਈ”
ਨੂੰ ਖੋਹੇ ਜਾਣ ਦੇ ਤੁਲ ਅਪਰਾਧ ਬਣਦਾ ਹੈ। "ਸਿੱਖ ਰਹਿਤ ਮਰਿਆਦਾ” ਦੀ ਜਗ੍ਹਾ ਭਾਰਤ
ਸਰਕਾਰ ਵੱਲੋਂ ਬਣਾਇਆ ਗਿਆ ਕੋਈ ਐਕਟ ਨਹੀਂ ਲੈ ਸਕਦਾ।"ਸਿੱਖ ਰਹਿਤ ਮਰਿਆਦਾ” ਅਤੇ
‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਦੀਆਂ ਧਾਰਾਵਾਂ’ ਅਨੁਸਾਰ ਹੁਣ
ਨਾਨਕਸ਼ਾਹੀ ਕੈਲੰਡਰ ਵਿੱਚ ਕਿਸੇ ਵੀ ਤਬਦੀਲੀ ਦਾ ਅਧਿਕਾਰ ਨਾ ਤਾਂ ਸਿੰਘ ਸਾਹਿਬਾਨਾਂ
ਪਾਸ ਹੀ ਰਿਹਾ ਹੈ ਅਤੇ ਨਾ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਪਾਸ ਹੀ ਹੁਣ ਇਹ ਅਧਿਕਾਰ
ਰਿਹਾ ਹੈ। "ਗੁਰਮਤਿ ਵਿਧੀ ਵਿਧਾਨ ਅਨੁਸਾਰ” ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ
ਸਤਿਕਾਰਤ ਜਥੇਦਾਰ ਸਾਹਿਬ ਪਾਸ ਹੁਣ ਸਿਰਫ਼ ਇੱਕੋ ਇਕ ਅਧਿਕਾਰ ਹੈ ਕਿ ਉਹ ਇਸ ਖ਼ਾਸੁਲ
ਖ਼ਾਸ ਮੁੱਦੇ ਤੇ ਨਿਰਣਾ ਕਰਨ ਲਈ "ਗੁਰੂ ਪੰਥ ਖ਼ਾਲਸਾ” ਦਾ ਪ੍ਰਤਿਨਿਧ ਇਕੱਠ "2003 ਦੇ
ਮੂਲ ਨਾਨਕਸ਼ਾਹੀ ਕੈਲੰਡਰ” ਤੇ ਵਿਚਾਰ ਕਰਨ ਹਿਤ ਬਕਾਇਦਾ ਹੁਕਮਾ ਨਾਮਾ ਜਾਰੀ ਕਰ ਕੇ
ਸੱਦਣ। ਜਿਸ ਲਈ ਸੰਸਾਰ ਭਰ ਵਿੱਚ ਵਿਚਰ ਰਹੇ ਪੰਥ ਖ਼ਾਲਸਾ ਦੇ ਹਰ ਇੱਕ ਪਿੰਡ ਤੇ ਸ਼ਹਿਰ
ਤੋਂ ਨੁਮਾਇੰਦੇ (ਜਿਸ ਨੂੰ ਪੰਥ ਮਿਸਲ ਕਾਲ ਤੋਂ ‘ਸਰਬਤ ਖ਼ਾਲਸਾ’ ਦਾ ਇਕੱਠ ਸਵੀਕਾਰਦਾ
ਆ ਰਿਹਾ ਹੈ) ਸੱਦਣ। ਜਿਸ ਵਿੱਚ ਹੀ ਅਗਲੇਰਾ ਕੋਈ ਵੀ ਫੈਸਲਾ ਹੋ ਸਕਦਾ ਹੈ। ਇਹ ਦਾਸ
ਨਹੀਂ ਕਹਿ ਰਿਹਾ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਪੰਥਕ ਸਿੱਖ ਰਹਿਤ ਮਰਿਆਦਾ
ਹੀ ਨਿਰਧਾਰਿਤ ਕਰ ਰਹੀ ਹੈ । ਜਿਸ ਦਾ ਹਵਾਲਾ ਦਾਸ ਨੇ ਆਪਣੇ ਖ਼ਤ ਦੇ ਪੈਰਾ ਨੰਬਰ 11
ਵਿੱਚ ਦਿੱਤਾ ਹੈ। ਬੜੀ ਸਪਸ਼ਟ ਗੱਲ ਹੈ ਕਿ ਨਾਨਕਸ਼ਾਹੀ ਕੈਲੰਡਰ ਖ਼ਾਲਸਾ ਪੰਥ ਨੇ ਆਪ
ਸਵੀਕਾਰ ਕਰਨ ਤੋਂ ਬਾਅਦ ਹੀ ਆਪਣੇ ਤਖ਼ਤ ਸਾਹਿਬ ਤੋਂ ਜਾਰੀ ਕੀਤਾ ਹੈ। ਇਸ ਤੇ ਪੁਨਰ
ਵਿਚਾਰ ਦਾ ਕੰਮ ਅਤੇ ਸੋਧ ਦਾ ਅਧਿਕਾਰੀ ਵੀ ਖ਼ਾਲਸਾ ਪੰਥ ਦਾ ਆਪਣਾ ਹੀ ਹੈ। ਖ਼ਾਲਸਾ
ਪੰਥ ਵੱਲੋਂ ਆਪਣੇ ਨਿਰਨਿਆਂ ਨੂੰ ਅਧਿਕਾਰਤ ਤੌਰ ਤੇ ਜਾਰੀ ਕਰਨ ਵਾਲੀ ਸੰਸਥਾ ਜਾਂ
ਵਿਅਕਤੀ ਦਾ ਨਹੀਂ।
17. ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਪੰਜਾਂ ਤਖਤ ਸਾਹਿਬਾਨਾਂ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਵਿੱਚ ਸੱਤਾ ਧਾਰੀ ਅਕਾਲੀ ਦਲ ਦੇ
ਪ੍ਰਧਾਨ ਅਤੇ ਮੁੱਖ ਮੰਤ੍ਰੀ ਨੇ ਸੈਂਕੜੇ ਵਾਰ ਜਨਤਕ ਤੌਰ ਤੇ ਅਤੇ ਮੀਡੀਏ ਵਿੱਚ ਇਹ
ਮੱਤ ਪ੍ਰਗਟ ਕੀਤਾ ਹੈ ਕਿ ‘ਸਿੱਖ ਕੌਮ ਦੀ ਅੱਡਰੀ ਵਿਲੱਖਣ
ਸੁਤੰਤਰ ਪ੍ਰਭੁਤਾ ਸੰਪੰਨ’ ਹੋਂਦ ਹੈ ਅਤੇ ਰਹੇਗੀ। ਨਾਲ ਹੀ ਭਾਰਤੀ ਸੰਵਿਧਾਨ
ਦੀ ਧਾਰਾ 25 ਬੀ ਵਿੱਚੋਂ ਸਿੱਖਾਂ ਨੂੰ ਕੱਢਣ ਦੀਆਂ ਗੱਲਾਂ ਕਰਦੇ ਹਨ ਪਰ ਅਮਲੀ
ਕਾਰਵਾਈ ਵਿੱਚ ਸਿੱਖਾਂ ਦਾ ਹਿੰਦੁਤਵਾ ਕਰਨ ਕਰਨ ਵਿੱਚ ਆਪ ਮੂਹਰਲੀ ਭੂਮਿਕਾ ਅਦਾ ਕਰਦੇ
ਚਲੇ ਆ ਰਹੇ ਹਨ। ਨਾਨਕਸ਼ਾਹੀ ਕੈਲੰਡਰ ਦੇ ਵਿਚਾਰ ਅਧੀਨ ਮਸਲੇ ਤੋਂ ਇਹੋ ਗੰਭੀਰ ਮੁੱਦਾ
ਅਤੇ ਚੁਣੌਤੀ ਖ਼ਾਲਸਾ ਪੰਥ ਦੇ ਸਨਮੁਖ ਆਨ ਖੜੀ ਹੈ। ਬਹੁਤ ਗੰਭੀਰ ਸਵਾਲ ਪੈਦਾ ਕਰ
ਦਿੱਤਾ ਗਿਆ ਹੈ ਕਿ ਜਦ ਸਿੰਘ ਸਾਹਿਬਾਨ ਤੋਂ ਲੈ ਕੇ ਹਰ ਸਿੱਖ ਤਕ ਖ਼ਾਲਸਾ ਪੰਥ ਦੀ
ਅੱਡਰੀ ਵਿਲੱਖਣ ਅਤੇ ਸੁਤੰਤਰ ਪਹਿਚਾਣ ਨੂੰ ਘੜੇ ਜਾਣ ਲਈ ਚਿੰਤਤ ਹੈ ਤਾਂ ਫਿਰ ਇਸੇ
ਕੌਮੀ ਅੱਡਰੇਪਨ ਅਤੇ ਸੁਤੰਤਰ ਪ੍ਰਭੁਤਾ ਦੀ ਪਹਿਲੀ ਨਿਸ਼ਾਨੀ "2003 ਵਾਲਾ ਨਾਨਕਸ਼ਾਹੀ
ਕੈਲੰਡਰ” ਨੂੰ ਕੁਝ ਤਾਕਤਾਂ ਰੱਦ ਕਰਵਾ ਕੇ ਇਸ ਦੀ ਥਾਂ ਤੇ ਹਿੰਦੁਤਵਾ ਬਿਕਰਮੀ
ਕੈਲੰਡਰ ਲਾਗੂ ਕਰਵਾਉਣ ਲਈ ਕਿਉਂ ਵਿਚਲਿਤ ਹਨ ?
ਸਪਸ਼ਟ ਹੀ ਹੁਣ ਸਿਰਫ਼ ਮੁੱਦਾ
ਨਾਨਕਸ਼ਾਹੀ ਕੈਲੰਡਰ ਤਕ ਸੀਮਤ ਨਹੀਂ ਰਹਿ ਗਿਆ ਹੈ। ਉਪਰੋਕਤ ਅਨੁਸਾਰ ਗੰਭੀਰ ਹੀ ਨਹੀਂ
ਅਤਿ ਸ਼੍ਰੋਮਣੀ ਮਾਰੂ ਗੰਭੀਰ ਅਤੇ ਹੰਗਾਮੀ ਪੱਧਰ ਤੇ "ਗੁਰਮਤਿ ਪ੍ਰਣਾਲੀ ਦੇ ਨਸਲ ਘਾਤ”
ਦਾ ਬਣਾ ਦਿੱਤਾ ਗਿਆ ਹੈ। ਦੁਸ਼ਮਣਾਂ ਵੱਲੋਂ ਹੁਣ ਸਿੱਖ ਕੌਮ ਦੀ ਅੱਡਰੀ, ਵਿਲੱਖਣ,
ਸੁਤੰਤਰ ਅਤੇ ਪ੍ਰਭੁਤਾ ਧਾਰੀ ਖ਼ਾਲਸਾਈ ਪਹਿਚਾਣ ਨੂੰ ਬਚਾਉਣ ਦਾ ਮੁੱਦਾ ਬਣਾ ਦਿੱਤਾ
ਗਿਆ ਹੈ । ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਖ਼ਾਲਸਾ ਪੰਥ ਨੂੰ ਇਹੋ ਆਸ ਅਤੇ
ਵਿਸ਼ਵਾਸ ਰਹਿੰਦਾ ਹੈ ਕਿ ਉਹ "ਗੁਰਬਾਣੀ ਸਿਧਾਂਤ, ਸੰਕਲਪ” ਦੀ ਰੱਖਿਆ ਲਈ ਹਰ ਜੰਗ
ਫ਼ਤਹਿ ਹਾਸਲ ਕਰਨ। ਮੁੱਦਾ ਇਹ ਹੈ ਕਿ ਕੀ ਸਿੱਖ ਕੌਮ ਦੇ ਸਿੰਘ ਸਾਹਿਬਾਨ, ਜੱਥੇਦਾਰ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖ਼ਤ ਸਾਹਿਬਾਨ ਸਿੱਖ ਕੌਮ ਦੀ ਅੱਡਰੀ,
ਵਿਲੱਖਣ ਪਹਿਚਾਣ ਦੇ ਨਾਨਕਸ਼ਾਹੀ ਚਿੰਨ੍ਹ "2003 ਦੇ ਨਾਨਕਸ਼ਾਹੀ ਕੈਲੰਡਰ ਨੂੰ ਬਚਾ
ਸਕਦੇ ਹਨ ਜਾਂ ਨਹੀਂ ?
18. ਦਾਸ ਦੀ ਬੇਨਤੀ ਹੈ ਕਿ ਆਪ ਜੀ ਨੂੰ ਹਰ ਹੀਲੇ ਮੂਲ
ਨਾਨਕਸ਼ਾਹੀ ਕੈਲੰਡਰ ਨਾਲ ਖੜਨਾ ਚਾਹੀਦਾ ਹੈ ਅਤੇ ਉਪਰੋਕਤ ਅਨੁਸਾਰ ਹਰ ਗੁਰਮਤਿ ਵਿਰੋਧੀ
ਮੰਡਲੀਆਂ ਨੂੰ ਕੌਮ ਦੇ "ਗੁਰਮਤਿ ਸੰਕਲਪ ਅਤੇ ਸਿਧਾਂਤ” ਅਧੀਨ ਕਟਹਿਰੇ ਵਿੱਚ ਖੜਾ
ਕਰਕੇ ਸਿੱਖ ਕੌਮ ਵਿੱਚੋਂ ‘ਰਾਮ ਰਾਈਆਂ’, ‘ਧੀਰ ਮਲੀਆਂ’ ਵਾਂਗ ਹਮੇਸ਼ਾਂ ਲਈ ਬਾਹਰ
ਕੱਢ ਦੇਣਾ ਚਾਹੀਦਾ ਹੈ। ਮੂਲ
ਨਾਨਕਸ਼ਾਹੀ ਕੈਲੰਡਰ ਨਾਲ ਕੋਈ ਵੀ ਛੇੜ ਛਾੜ ਬਰਦਾਸ਼ਤ ਨਹੀਂ ਕੀਤੀ ਜਾਣੀ ਚਾਹੀਦੀ,
ਕਿਉਂਕਿ ਇਹ ਹੁਣ ਸਿੱਖ ਕੌਮ ਦੀ ਨਾਨਕਸ਼ਾਹੀ ਅੱਡਰੀ, ਵਿਲੱਖਣ, ਸੁਤੰਤਰ, ਪ੍ਰਭੁਤਾ
ਧਾਰੀ ਆਜ਼ਾਦ ਹਸਤੀ ਦੀ ਅਣਖ ਅਤੇ ਸਵੈਮਾਨ ਦਾ ਪ੍ਰਤੀਕ ਬਣ ਕੇ ਸਥਾਪਿਤ ਹੋ ਚੁਕਾ ਹੈ।
ਇਸ ਨੂੰ ਰੱਦ ਕਰਨ ਅਤੇ ਬਿਕਰਮੀ ਕੈਲੰਡਰ ਨੂੰ ਅਪਣਾਉਣ ਦਾ ਮਤਲਬ ਹੀ ਇਹੋ ਲਿਆ ਜਾਵੇਗਾ
ਕਿ ਸਿੱਖਾਂ ਨੇ ਆਪਣੀ ਨਾਨਕਸ਼ਾਹੀਅਤ ਖ਼ਾਲਸਤਾਈਤਾ ਨੂੰ ਖੁਦ ਆਪ ਛੱਡ ਕੇ ਹਿੰਦੁਤਵਾਧਾਰੀ
ਬਿਕਰਮੀ ਪਹਿਚਾਣ ਨੂੰ ਵਾਪਸ ਧਾਰ ਲਿਆ ਹੈ। ਜਿਸ ਦਾ ਕਿ ਬੀੜਾਂ ਆਰ.ਐਸ.ਐਸ. ਨੇ ਧਰਮ
ਪਰਿਵਰਤਨ ਦੀ ਚਲਾਈ ਹੋਈ ਮੁਹਿੰਮ ਤਹਿਤ ਭਾਰਤ ਦਾ ਹਿੰਦੂਤਵਾਕਰਨ ਕਰਨ ਨਿਮਿਤਨ
‘ਹਿੰਦੂ ਧਰਮ ਵਿੱਚ ਸਭ ਦੀ ਘਰ ਵਾਪਸੀ’ ਦੇ ਆਪਣੇ ਮੰਤਵ ਅਤੇ ਅਜੰਡੇ ਅਧੀਨ ਆਰੰਭ ਕੀਤਾ
ਹੋਇਆ ਹੈ।
ਸਤਿਕਾਰ ਯੋਗ ਸਿੰਘ ਸਾਹਿਬਾਨ ਜੀਓ, ਕੋਈ ਵੀ ਸੰਸਥਾ ਆਪਣੀ
ਗੌਰਵਤਾ, ਵਿਸ਼ਵਾਸ, ਭਰੋਸੇ ਯੋਗਤਾ, ਸਤਿਕਾਰ, ਪਰਮਾਣਿਕਤਾ, ਲੋਕਾਈ ਤੇ ਆਪਣਾ ਅਧਿਕਾਰ
ਜਾਂ ਇਖਤਾਰ ਅਤੇ ਪ੍ਰਭੁਤਾ ਓਦੋਂ ਗਵਾ ਲੈਂਦੀ ਹੈ ਜਦੋਂ ਉਸ ਸੰਸਥਾ ਦੇ ਪਦ ਅਧਿਕਾਰੀ
ਆਪਣੀਆਂ ਹੀ ਮਰਿਆਦਾਵਾਂ, ਘੜੇ ਕਾਨੂੰਨਾਂ ਅਤੇ ਮਿਥੀ ਲਿਖਤ ਬਧ ਰਹਿਤ ਦਾ ਆਪ ਹੀ
ਉਲੰਘਣ ਕਰਨ ਲਗ ਜਾਂਦੇ ਹਨ। ਸਿੱਖ ਕੌਮ ਅਤੇ ਖ਼ਾਲਸਾ ਪੰਥ ਦੇ ਸਨਮੁਖ ਹੁਣ ਇਹੋ
ਸ਼੍ਰੋਮਣੀ ਤੇ ਅਵਲੀਨ ਚੁਣੌਤੀ ਖ਼ੁਦ ਸਿੱਖਾਂ ਦੇ ਜਿੰਮੇਵਾਰ ਪਦ ਅਧਿਕਾਰੀਆਂ ਨੇ ਆਪ ਖੜੀ
ਕਰ ਦਿੱਤੀ ਹੈ। ਇਸ ਦਾ ਹੱਲ ਕੱਢਣਾ ਪੈਣਾ ਹੈ। ਨਿਰਭੈ, ਨਿਰਵੈਰ ਅਤੇ ਨਿਰਪੱਖ
ਇਤਿਹਾਸਕ ਵਿਸ਼ਲੇਸ਼ਣ ਸਮੇਂ ਨੂੰ ਵੀ ਮੁਆਫ਼ ਨਹੀਂ ਕਰਦਾ, ਵਿਅਕਤੀ ਤਾਂ ਬਹੁਤ ਦੂਰ ਦੀ
ਗੱਲ ਹੁੰਦੇ ਹਨ। ਸਪਸ਼ਟ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਪੰਜਾਂ ਤਖ਼ਤ ਸਾਹਿਬਾਨਾਂ
ਸਨਮੁਖ ਹੁਣ ਇਹ ਸਵਾਲ ਦਰਪੇਸ਼ ਆਨ ਖੜਾ ਹੈ।
ਦਾਸ ਆਸ
ਰੱਖਦਾ ਹੈ ਕਿ ਆਪ ਜੀ ਖ਼ਾਲਸਾ ਪੰਥ ਦੇ ਉਸ ਵਿਸ਼ਵਾਸ ਅਤੇ ਸ਼ਰਧਾ ਨੂੰ ਨਾ ਮਿਟਣ ਦੇਣ ਲਈ
"ਗੁਰਮਤਿ ਵਿਧੀ ਵਿਧਾਨ ਅਤੇ ਸਿਧਾਂਤ, ਸੰਕਲਪ” ਨਾਲ ਹੀ ਇੱਕ ਮਤ ਹੋ ਕੇ ਸਿੱਖ ਅਵਾਮ
ਦੇ ਭਰੋਸੇ ਨੂੰ ਸਿੰਘ ਸਾਹਿਬਾਨਾਂ, ਜੱਥੇਦਾਰਾਂ ਅਤੇ ਸ੍ਰੀ ਤਖ਼ਤ ਸਾਹਿਬਾਨਾਂ ਤੋਂ
ਟੁੱਟਣ ਨੂੰ ਬਚਾ ਲਿਆ ਜਾਵੇਗਾ । ਜੋ ਕਿ ਪਹਿਲਾਂ ਹੀ ਬਿਨਾ ਕਿਸੇ ਵੀ ਅਧਾਰ
ਨੂੰ ਦਿੱਤੇ ਨਾਨਕਸ਼ਾਹੀ ਕੈਲੰਡਰ ਵਿੱਚ ਦੋ ਵਾਰ ਤਬਦੀਲੀ ਕਰ ਕੇ ਤੇ ਹੁਣੇ ਹੀ ਸ੍ਰੀ
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਤਾਰੀਖ਼ਾਂ ਇੱਕੋ ਹੀ ਮਹੀਨੇ
ਵਿੱਚ ਵਾਰ ਵਾਰ ਬਦਲ ਕੇ ਆਪ ਹੀ ਬੇਭਰੋਸਗੀ ਦੇ ਕਟਹਿਰੇ ਵਿੱਚ ਖੜਾ ਕੀਤਾ ਜਾ ਚੁਕਾ
ਹੈ।