ਇਹ ਉਪਰੋਕਤ ਲਾਈਨਾਂ ਭਲੇ ਹੀ ਹੀਰ ਰਾਂਝੇ
ਦੇ ਇਸ਼ਕ ਦੇ ਕਿੱਸੇ ਦੀਆਂ ਹਨ, ਪਰ ਇਸਦੇ ਦੇ ਅੰਤਰੀਵ ਭਾਵ ਵਿੱਚ ਇੱਕ ਦ੍ਰਿੜ ਇਰਾਦੇ ਅਤੇ
ਅਨੋਖੇ ਸਮਰਪਣ ਦਾ ਸੰਕਲਪ ਹੈ। ਜੋ ਹਰ ਉਸ ਥਾਂ ਢੁੱਕਦਾ
ਹੈ, ਜਿਥੇ ਕੋਈ ਮਨੁੱਖ ਆਪਣੇ ਅੰਦਰੋਂ ਕੀਤੇ ਕੌਲ ਨੂੰ ਨਿਭਾਉਣ ਵਾਸਤੇ ਪੈਰ ਜਮਾਕੇ ਖੜ੍ਹਾ
ਹੋ ਜਾਵੇ। ਪਿਛਲੇ ਕੁੱਝ ਦਿਨਾਂ ਤੋਂ ਨਾਨਕਸ਼ਾਹੀ ਕੈਲੰਡਰ ਨੂੰ ਕਤਲ ਕਰਨ ਦੀਆਂ ਹੋ
ਰਹੀਆਂ ਕੋਸ਼ਿਸ਼ਾਂ ਦੇ ਵਿਰੁੱਧ ਅਤੇ ਹੱਕ ਵਿੱਚ ਉਤਪੰਨ ਹੋਈਆਂ ਲਾਮਬੰਦੀਆਂ ਅਤੇ ਉਸਂ ਤੋਂ
ਬਾਅਦ ਤਖਤਾਂ ਦੇ ਜਥੇਦਾਰਾਂ ਵਿੱਚੋਂ ਜਥੇਦਾਰ ਤਖਤ ਦਮਦਮਾ ਸਾਹਿਬ ਜਥੇਦਾਰ ਬਲਵੰਤ ਸਿੰਘ
ਨੰਦਗੜ੍ਹ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਸਟੈਂਡ ਲੈਣ ਕਰਕੇ ਮਾਮਲਾ ਪੇਚੀਦਾ
ਹੋ ਗਿਆ ਹੈ, ਦੋਹਾਂ ਪਾਸਿਆਂ ਤੋਂ ਬੰਬਾਰੀ ਬੜੀ ਤੇਜ ਹੋ ਗਈ ਹੈ।
ਜਥੇਦਾਰ
ਨੰਦਗੜ ਨੂੰ ਦਬਾਉਣ ਵਾਸਤੇ ਅਤੇ ਆਪਣੇ ਦ੍ਰਿੜ ਸਟੈਂਡ ਤੋਂ ਥਿੜਕਾਉਣ ਲਈ, ਸਿੱਖੀ ਨੂੰ
ਨਿਗਲਨ ਦੀ ਅਸਫਲ ਕੋਸ਼ਿਸ਼ ਕਰਨ ਵਾਲੀ, ਜਮਾਤ ਆਰ.ਐਸ.ਐਸ. ਨੇ ਬਹੁਮੰਤਵੀ ਯੋਜਨਾਂ ਤਿਆਰ ਕੀਤੀ
ਹੈ।
ਇੱਕ ਪਾਸੇ ਤਾਂ ਆਪਣੀ ਪਲੇਠੀ ਰਾਜਸੀ ਧੀ
ਬੀ.ਜੇ.ਪੀ ਤੋਂ ਪੰਜਾਬ ਦੀ ਸਿੱਖ ਸਿਆਸਤ 'ਤੇ ਕਾਬਿਜ਼ ਬਾਦਲ ਪਰਿਵਾਰ ਉੱਤੇ ਦਬਾਅ ਪਾਵਾਇਆ
ਜਾ ਰਿਹਾ ਹੈ। ਇਸ ਕਰਕੇ ਹੀ ਬੀ.ਜੇ.ਪੀ. ਨੂੰ ਸ਼ਰਮ ਲਾਹਕੇ ਕੱਲ੍ਹ ਬਿਕਰਮਜੀਤ ਮਜੀਠੀਏ ਦੀ
ਵਿਧਾਨਸਭਾ ਵਿੱਚ ਨਸ਼ਾਤਸਕਰੀ ਦੇ ਮਾਮਲੇ ਵਿੱਚ ਵੀ ਮੱਦਦ ਵੀ ਕਰਨੀ ਪਈ, ਤਾਂ ਕਿ ਬਾਦਲ
ਪਰਿਵਾਰ ਤੋਂ ਸਿੱਖਾਂ ਦੀ ਬਰਬਾਦੀ ਦੇ ਤਬੂਤ ਵਿੱਚ ਕੁੱਝ ਹੋਰ ਕਿੱਲ ਠੁਕਵਾਏ ਜਾ ਸਕਣ?
ਦੂਸਰੇ ਪਾਸੇ ਰਾਸ਼ਟਰੀਆ ਸਿੱਖ ਸੰਗਤ ਦੇ
ਮਰਹੂਮ ਮੁਖੀ ਰੁਲਦਾ ਸਿਹੁੰ ਰਾਹੀ ਸੰਤ ਯੂਨੀਅਨ ਵਿੱਚ ਬਣਾਏ ਤਾਲ ਮੇਲ ਰਾਹੀ, ਪੂਰੀ ਸਾਧ
ਯੂਨੀਅਨ ਅਤੇ ਕੁੱਝ ਨਿਹੰਗ ਜਥੇਬੰਦੀਆਂ ਨੂੰ ਚਾਬੀ ਭਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ
ਕੋਲ ਭੇਜਿਆ ਹੈ। ਜਿਸ ਨਾਲ ਇੱਕ ਤਾਂ ਸਿੱਖਾਂ ਨੂੰ ਭੁਲੇਖਾ ਰਹੇ ਕਿ ਵੇਖੋ ਜੀ !
ਸੰਤ ਮਹਾਂਪੁਰਖ ਤਾਂ ਸਾਰੇ ਕੈਲੰਡਰ ਨੂੰ ਰੱਦ ਕਰਨ ਦੇ ਹੱਕ ਵਿਚ ਹਨ?
ਦੂਸਰਾ ਜਥੇਦਾਰ ਨੰਦਗੜ੍ਹ ਨੂੰ ਇਹ ਪਤਾ ਲੱਗੇ ਕਿ ਓਹ ਇਕੱਲੇ ਹੀ
ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਹਨ, ਬਾਕੀ ਸਭ ਵਿਰੋਧ ਵਿੱਚ ਹੀ ਹਨ। ਸਾਧਾਰਣ ਅਤੇ ਭੋਲੇ
ਸਿੱਖ ਤਾਂ ਇਹ ਹੀ ਸੋਚਦੇ ਹਨ ਕਿ ਇਹ ਜਿਨ੍ਹਾਂ ਦੀਆਂ ਸ਼ਕਲਾਂ ਬੜੀਆਂ ਮੋਮਨਾ ਵਰਗੀਆਂ ਹਨ,
ਇਹ ਸਹੀ ਹੀ ਆਖ ਰਹੇ ਹੋਣੇ ਹਨ? ਪਰ ਸਿੱਖਾਂ ਨੂੰ ਕੀਹ ਪਤਾ ਹੈ
ਵਿਚਾਰਿਆਂ ਕਿ ਉਪਰੋਂ ਡੱਬਾ ਹੀ ਜਪਾਨੀ ਦਿੱਸਦਾ, ਅੰਦਰ ਤਾਂ ਚੀਨੀ ਮਾਲ ਹੀ ਭਰਿਆ ਹੋਇਆ
ਹੈ?
ਇਸ ਤਰਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਮੱਕੜ
ਪਤਾ ਨਹੀਂ ਕਿਉਂ ਕੋਰਾ ਹੀ ਝੂਠ ਬੋਲੀ ਜਾਂਦੇ ਹਨ? ਫੋਟੋਆਂ ਵੇਖਕੇ ਵੀ ਆਖੀ ਜਾਂਦੇ ਹਨ ਕਿ
2003 ਨੂੰ ਕੈਲੰਡਰ ਰਲੀਜ਼ ਵੇਲੇ ਬਾਦਲ ਸਾਹਿਬ ਸ਼ਾਮਲ ਨਹੀਂ ਸਨ। ਦਰਅਸਲ ਮਾਮਲਾ ਇਹ
ਨਹੀਂ ਜੇ ਬਾਦਲ ਸਾਹਿਬ ਰਲੀਜ਼ ਕਰਨ ਸਮੇਂ ਨਹੀਂ ਵੀ ਸਨ ਤਾਂ ਕੀਹ ਹੈ, ਆਖਿਰਕਾਰ ਇਹ
ਕੈਲੰਡਰ ਰਲੀਜ਼ ਤਾਂ ਸ਼੍ਰੋਮਣੀ ਕਮੇਟੀ ਦੀ ਸਹਿਮਤੀ ਨਾਲ ਅਕਾਲ ਤਖਤ ਸਾਹਿਬ ਤੋਂ ਹੀ ਹੋਇਆ?
ਉਸ ਵੇਲੇ ਸਭ ਧਿਰਾਂ ਦੀ ਸਹਿਮਤੀ ਸੀ, ਪਰ ਜਦੋਂ ਆਰ.ਐਸ.ਐਸ.ਨੂੰ ਪਤਾ ਲੱਗਾ ਕਿ ਇਹ ਤਾਂ
ਸਿੱਖਾਂ ਨੂੰ ਸਾਡੇ ਨਾਲੋਂ ਵੱਖ ਕਰ ਰਿਹਾ ਹੈ, ਤਾਂ ਉਨ੍ਹਾਂ ਨੇ ਆਪਣੇ ਫੀਲਿਆਂ ਰਾਹੀਂ
ਰੌਲਾ ਪਵਾ ਦਿੱਤਾ। ਲੇਕਿਨ ਮੱਕੜ੍ਹ ਸਾਹਿਬ ਸਿਰਫ ਬਾਦਲ ਦਲ ਦੇ ਆਖੇ ਹੁਣ ਇੱਕ ਤਾਂ ਬਾਦਲ
ਸਾਹਬ ਦੀ ਸਫਾਈ ਦੇ ਰਹੇ ਹਨ, ਦੂਜੇ ਪਾਸੇ ਜਥੇਦਾਰ ਨੰਦਗੜ੍ਹ ਨੂੰ ਸੰਕੇਤ ਸਮਝਾ ਰਹੇ ਹਨ
ਕਿ ਕੈਲੰਡਰ ਤਾਂ ਅਸੀਂ ਰੱਦ ਕਰਨਾ ਹੀ ਹੈ, ਕਿਉਂਕਿ ‘‘ਤਖਤ ਨਾਗਪੁਰ’’ ਦਾ ਸਖਤ ਹੁਕਮ ਆ
ਗਿਆ? ਇਸ ਵਾਸਤੇ ਤੁਹਾਨੂੰ ਵੀ ਮੁੜ੍ਹ ਆਉਣਾ ਚਾਹੀਦਾ ਹੈ।
ਬਹੁਤ
ਸਾਰੇ ਜਾਗਦੇ ਸਿਰਾਂ ਵਾਲੇ ਅਤੇ ਕੱਟੜਵਾਦੀ ਹਿੰਦੂਤਵੀ ਜਮਾਤ, ਆਰ.ਐਸ.ਐਸ. ਦੇ ਸਿੱਖੀ
ਪ੍ਰਤੀ ਮਾੜੇ ਮਨਸੂਬਿਆਂ ਨੂੰ ਸਮਝਣ ਵਾਲੇ ਸਿੱਖਾਂ ਨੇ, ਜਿਥੇ ਮੂਲ ਨਾਨਕਸ਼ਾਹੀ ਕੈਲੰਡਰ
ਰੱਦ ਕਰਨ ਦਾ ਵਿਰੋਧ ਕੀਤਾ, ਉਥੇ ਜਥੇਦਾਰ ਨੰਦਗੜ੍ਹ ਦੇ ਵੱਲੋਂ ਲਏ ਸਟੈਂਡ ਦੀ ਪ੍ਰਸੰਸਾ
ਵੀ ਕੀਤੀ। ਦਾਸ ਸਮੇਤ ਕੁੱਝ ਨਿਧੜਕ ਕਲਮਾਂ ਵਾਲਿਆਂ ਨੇ ਵੀ ਬਿਪਰਵਾਦ ਦੇ ਢਹੇ ਚੜ੍ਹੀ ਸਾਧ
ਯੂਨੀਅਨ ਦੀ ਕੈਲੰਡਰ ਨੂੰ ਖਤਮ ਕਰਵਾਉਣ ਦੀ ਪੰਥ ਵਿਰੋਧੀ ਕਾਰਵਾਈ ਅਤੇ ਸਿੱਖਾਂ ਨੂੰ ਮੁੜ
ਬਿਪਰਵਾਦ ਵੱਲ ਧਕੇਲਣ ਦੀ ਨਾਪਾਕ ਸ਼ਰਾਰਤ ਦੇ ਖਿਲਾਫ਼ ਸਿੱਖਾਂ ਵਿੱਚ ਜਾਗ੍ਰਿਤੀ ਲਿਆਉਣ ਅਤੇ
ਜਥੇਦਾਰ ਨੰਦਗੜ ਵੱਲੋਂ ਪੰਥਕ ਹਿੱਤ ਵਿੱਚ ਲਏ ਸਟੈਂਡ ਦੀ ਪ੍ਰੋੜ੍ਹਤਾ ਵਿੱਚ ਕਾਫੀ ਲੇਖ ਤੇ
ਖਬਰਾਂ ਲਿਖਕੇ ਆਪਣੀ ਪੰਥਕ ਜਿੰਮੇਵਾਰੀ ਨਿਭਾਈ ਹੈ। ਇਹ ਕੁਦਰਤੀ ਗੱਲ ਹੈ ਕਿ ਲੇਖਕ ਜਦੋਂ
ਲਿਖਦਾ ਹੈ ਤਾਂ ਉਸਨੂੰ ਸਾਰੇ ਪੱਖਾਂ ਨੂੰ ਸਮਝਣਾ ਅਤੇ ਧਿਆਨ ਵਿੱਚ ਰੱਖਣਾ ਪੈਂਦਾ ਹੈ, ਨਹੀਂ
ਤਾਂ ਕਲਮ ਅਤੇ ਲੇਖਣੀ ਦਾ ਮਿਆਰ ਕਾਇਮ ਨਹੀਂ ਰੱਖਿਆ ਜਾ ਸਕਦਾ।
ਇਸ ਵਾਸਤੇ ਜਦੋਂ ਵੀ ਕਿਸੇ ਹੋਰ ਲਿਖਾਰੀ ਨੇ ਕੁੱਝ ਲਿਖਿਆ ਤਾਂ ਜਥੇਦਾਰ ਨੰਦਗੜ੍ਹ ਦੀ ਪੰਥ
ਪ੍ਰਸਤੀ ਦਾ ਜ਼ਿਕਰ ਕਰਦਿਆਂ ਬੀਤੇ ਦੀਆਂ ਕੁੱਝ ਉਧਾਰਣਾਂ ਦੇਕੇ ਇਹ ਵੀ ਕਿਹਾ ਕਿ ਜਥੇਦਾਰ
ਨੰਦਗੜ੍ਹ ਪਹਿਲਾਂ ਸਟੈਂਡ ਲੈ ਲੈਂਦੇ ਹਨ। ਪਰ ਫਿਰ ਆਖੀਰ ਨੂੰ ਦਸਤਖਤ ਵੀ ਕਰ ਹੀ ਦੇਂਦੇ
ਹਨ? ਇਹ ਸੁਭਾਵਿਕ ਹੈ ਕਿ ਇਸ ਤੋਂ ਜਥੇਦਾਰ ਜੀ ਦੇ ਮਨ ਨੂੰ ਗਿਲਾ ਹੁੰਦਾ ਹੈ ਕਿ ਮੈਂ ਤਾਂ
ਕਿੱਡਾ ਵੱਡਾ ਵਿਰੋਧ ਖੱਟ ਲਿਆ ਹੈ ਅਤੇ ਅੱਗੇ ਹੋਕੇ ਕੌਮ ਦੀ ਲੜਾਈ ਲੜ੍ਹ ਰਿਹਾ ਹਾਂ, ਪਰ
ਇਹ ਮੇਰੇ ਤੇ ਇਤਬਾਰ ਹੀ ਨਹੀਂ ਕਰ ਰਹੇ ?
ਅੱਜ ਸਵੇਰ ਵੇਲੇ ਹੀ ਅਚਾਨਕ ਜਥੇਦਾਰ ਨੰਦਗੜ੍ਹ ਜੀ ਨਾਲ ਸੰਪਰਕ
ਜੁੜ ਗਿਆ। ਗੁਰੂ ਫਤਹਿ ਤੋਂ ਬਾਅਦ ਉਨ੍ਹਾਂ ਜਿਥੇ ਹੁਣ
ਤੱਕ ਦੀਆਂ ਲੇਖਣੀਆਂ ਦਾ ਧੰਨਵਾਦ ਕੀਤਾ, ਉੱਥੇ ਦੋ ਗੱਲਾਂ ਦਾ ਗਿਲਾ ਵੀ ਕੀਤਾ ਕਿ ਸਾਰੇ
ਅਖਬਾਰ ਵਾਲੇ ਮੈਨੂੰ ਤਨਖਾਹਦਾਰ ਆਖੀ ਜਾਂਦੇ ਹਨ? ਜਦੋਂ ਕਿ ਮੈਂ ਗੁਰੂ ਘਰ ਤੋਂ ਕੋਈ
ਤਨਖਾਹ ਵਗੈਰਾ ਨਹੀਂ ਲੈਂਦਾ ਹਾਂ ਅਤੇ ਜਦੋਂ ਤੋਂ ਤਖਤ ਸਾਹਿਬ ਦੀ ਸੇਵਾ ਦੀ ਬਖਸ਼ਿਸ਼ ਹੋਈ
ਹੈ, ਉਸ ਦਿਨ ਆਪਣੇ ਢੱਗੇ ਵੱਛੇ ਵੇਚਕੇ, ਗੁਰੂ ਦੇ ਚਰਨਾਂ ਵਿੱਚ ਰਹਿਕੇ ਨਿਸ਼ਕਾਮਤਾ ਨਾਲ
ਸੇਵਾ ਕਰਨ ਦਾ ਪ੍ਰਣ ਕਰ ਲਿਆ ਸੀ, ਜੋ ਅੱਜਤੱਕ ਗੁਰੂ ਦੀ ਕਿਰਪਾ ਨਾਲ ਕਾਇਮ ਹੈ। ਉਹਨਾਂ
ਇਹ ਵੀ ਦੱਸਿਆ ਕਿ ਮੇਰਾ ਆਪਣੇ ਘਰਦਿਆਂ ਨਾਲੋ ਹਿਸਾਬ ਵੱਖਰਾ ਹੈ। ਜੋ ਮੇਰੇ ਹਿੱਸੇ ਦੀ
ਜਾਇਦਾਦ ਜਮੀਨ ਹੈ, ਉਸਦਾ ਹਿੱਸਾ ਠੇਕਾ ਲੈਂਦਾ ਹਾਂ ਅਤੇ ਆਪਣੇ ਨਿੱਜੀ ਖਰਚਿਆਂ ਤੋਂ ਇਲਾਵਾ
ਜੋ ਬਚੇ ਧਰਮ ਕਰਮ ਤੇ ਖਰਚ ਕਰ ਦਿੰਦਾ ਹਾਂ। ਇਸ ਵਾਸਤੇ ਮੈਨੂੰ ਤਨਖਾਹਦਰ ਮੁਲਾਜਮ ਲਿਖਕੇ
ਮੇਰੀ ਸੇਵਾ ਭਾਵਨਾ ਦਾ ਮਜ਼ਾਕ ਨਾ ਉਡਾਇਆ ਜਾਵੇ। ਮੈਂ ਹੁਣ ਗੁਰੂ ਦਾ ਹਾਂ, ਤਖਤ ਸਾਹਿਬ ਦਾ
ਹਾਂ, ਰਹਿੰਦੀ ਜਿੰਦਗੀ ਗੁਰੂ ਆਪਣੇ ਚਰਨਾਂ ਵਿੱਚ ਹੀ ਪੂਰੀ ਕਰਵਾ ਲਵੇ।
ਗੱਲਬਾਤ ਲੰਬੀ ਅਤੇ ਬੜੀ ਦਿਲਚਸਪ ਸੀ। ਜਥੇਦਾਰ ਨੰਦਗੜ੍ਹ ਨੇ ਉਹਨਾਂ ਖਿਲਾਫ਼ ਪਿਛਲੀਆਂ
ਵਾਪਰੀਆਂ ਕੁੱਝ ਘਟਨਾਵਾਂ ਦੇ ਹਵਾਲੇ ਦੇ ਕੇ ਕੀਤੇ ਜਾਂਦੇ ਕਿੰਤੂ ਪ੍ਰੰਤੂ ਅਤੇ ਫੋਕੀਆਂ
ਕਿਆਸ ਆਰਾਈਆਂ ਜਾਂ ਫੋਕੀਆਂ ਭਵਿੱਖਬਾਣੀਆਂ ਤੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਸਵਾਲ ਹੀ
ਪੈਦਾ ਨਹੀਂ ਹੁੰਦਾ ਕਿ ਮੈਂ ਹੁਣ ਆਪਣੇ ਸਟੈਂਡ ਤੋਂ ਪਿਛੇ ਹਟ ਜਾਵਾਂ। ਉਨ੍ਹਾਂ ਕਿਹਾ ਕਿ
ਅਜਿਹੀਆਂ ਗੱਲਾਂ ਓਹ ਲੋਕ ਕਰਦੇ ਹਨ, ਜੋ ਮੇਰੇ ਪਿਛੋਕੜ ਨੂੰ ਨਹੀਂ ਜਾਣਦੇ ? ਜਦੋਂ ਮੇਰੇ
ਪਿਓ ਦਾਦੇ ਨੇ ਕੌਮ ਵਾਸਤੇ ਚੁੱਕੇ ਕਦਮਾਂ ਤੋਂ ਬਾਅਦ ਮੁੜਕੇ ਪਰਿਵਾਰ ਵੱਲ ਨਹੀਂ ਵੇਖਿਆ,
ਹਰ ਜਬਰ ਆਪਣੇ ਪਿੰਡੇ 'ਤੇ ਹੰਢਾਕੇ ਕੌਮ ਪ੍ਰਸਤੀ ਨੂੰ ਤਰਜੀਹ ਦਿੱਤੀ ਤਾਂ ਫਿਰ ਮੇਰੇ
ਵਿੱਚ ਵੀ ਤਾਂ ਓਹੀ ਖੂਨ ਦੌਰਾ ਕਰਦਾ ਹੈ? ਨਾਲੇ ਨਾਨਕਸ਼ਾਹੀ ਕੈਲੰਡਰ ਬਾਰੇ ਇਹ ਸਟੈਂਡ ਮੈਂ
ਬਲਵੰਤ ਸਿੰਘ ਨੰਦਗੜ੍ਹ ਵਜੋਂ ਨਹੀਂ ਲਿਆ, ਸਗੋਂ ਬਤੌਰ ਜਥੇਦਾਰ ਤਖਤ ਦਮਦਮਾ ਸਾਹਿਬ ਲਿਆ
ਹੈ। ਜਿੱਥੋਂ ਬਾਬਾ ਦੀਪ ਸਿੰਘ ਜੀ ਵੀ ਕਿਸੇ ਸਮੇਂ ਪੰਥਕ ਹਿੱਤਾਂ ਦੀ ਰਾਖੀ ਵਾਸਤੇ ਕੌਲ
ਕਰਕੇ ਤੁਰੇ ਸਨ ਅਤੇ ਆਖੀਰ ਸਿਰ ਦੇਕੇ ਇਕਰਾਰ ਨਿਭਾਏ ਸਨ।
ਜਥੇਦਾਰ ਨੰਦਗੜ੍ਹ ਨੇ ਬੜੇ ਹੀ ਬੀਰ ਰਸੀ ਅੰਦਾਜ਼ ਵਿੱਚ ਆਪਣੇ
ਪਰਿਵਾਰਕ ਪਿਛੋਕੜ ਬਾਰੇ ਦਸਦਿਆਂ ਕਿਹਾ ਮੇਰੇ ਉੱਤੇ ਪਿੱਛੇ ਮੁੜਣ ਜਾਂ ਵਚਨ ਤੋਂ
ਮੁਕਰ ਜਾਣ ਦੀ ਭਵਿੱਖਬਾਣੀ ਕਰਨ ਵਾਲੇ ਕਾਗਜ਼ੀ ਜਿਓਤਸ਼ੀਆਂ ਨੂੰ ਮੇਰੇ ਪਰਿਵਾਰ ਦਾ ਇਤਿਹਾਸ
ਵੇਖ ਲੈਣਾ ਚਾਹੀਦਾ ਹੈ, ਕਿ ਮੇਰੇ ਦਾਦਾ ਜੀ ਸ. ਮਿੱਤ ਸਿੰਘ ਦਾ ਨਾਮ ਮਾਲਵਾ ਇਤਿਹਾਸ ਦੀ
ਤੀਸਰੀ ਜਿਲਦ ਅਕਾਲੀ ਲਹਿਰ ਦੇ ਸੂਰਬੀਰ ਦੇ ਪੰਨਾਂ 835 ਤੇ ਦਰਜ਼ ਹੈ। ਉਹਨਾਂ ਨੇ ਮੁਲਤਾਨ
ਅਤੇ ਜੈਤੋ ਦੇ ਮੋਰਚੇ ਦੀਆਂ ਸਖਤ ਕੈਦਾਂ ਕੱਟੀਆਂ ਸਨ। ਉਨ੍ਹਾਂ ਕਿਹਾ ਕਿ ਮੇਰੇ ਦਾਦਾ ਜੀ
ਜਿਸ ਸਮੇਂ ਜੈਤੋ ਮੋਰਚੇ ਵਿੱਚ ਜਾਣ ਵਾਲੇ ਦੂਜੇ ਜਥੇ ਵਿੱਚ ਸ਼ਾਮਲ ਹੋ ਕੇ ਜਾ ਰਹੇ ਸਨ ਤਾਂ
ਅਠਵੇ ਪੜਾਅ ਤੇ ਪੰਡਿਤ ਜਵਾਹਰ ਲਾਲ ਨਹਿਰੂ ਦੀ ਚਿੱਠੀ ਪਹੁੰਚੀ ਕਿ ਅੱਗੇ ਨਾ ਜਾਓ, ਸਰਕਾਰ
ਸਖਤੀ ਕਰ ਰਹੀ ਹੈ। ਪਹਿਲਾ ਜਥਾ ਸ਼ਹੀਦ ਕਰ ਦਿੱਤਾ ਗਿਆ ਹੈ। ਲੇਕਿਨ ਮੇਰੇ ਦਾਦਾ ਜੀ ਨੇ
ਚਿੱਠੀ ਲੈਕੇ ਪਹੁੰਚੇ ਏਲਚੀ ਨੂੰ ਕਿਹਾ ਕਿ ‘‘ਖਾਲਸਾ ਅਰਦਾਸ
ਕਰਕੇ ਤੁਰਿਆ ਹੈ ਮੌਤ ਰਸਤਾ ਨਹੀਂ ਰੋਕ ਸਕਦੀ’’ ਅਤੇ ਜਥਾ ਜੈਤੋਂ ਨੂੰ ਰਵਾਨਾ
ਹੋਇਆ, ਜਿੱਥੋਂ ਛੇ ਮਹੀਨੇ ਦੀ ਸਖਤ ਕੈਦ ਹੋਈ। ਫਿਰੇ ਜੇ ਮੇਰੇ ਦਾਦਾ ਜੀ ਨਹੀਂ ਮੁੜੇ ਤਾਂ
ਮੇਰੇ ਤੋਂ ਮੁੜਣ ਦੀ ਆਸ ਰੱਖਣ ਵਾਲੇ ਆਪਣਾ ਭੁਲੇਖਾ ਕੱਢ ਦੇਣ। ਜਥੇਦਾਰ ਨੰਦਗੜ੍ਹ ਨੇ
ਪਰਿਵਾਰਕ ਬਿਓਰਾ ਦਿੰਦਿਆਂ ਦੱਸਿਆ ਕਿ ਮੇਰੇ ਦਾਦਾ ਸ. ਮਿੱਤ ਸਿੰਘ ਜੀ ਕਾਮਗਾਟਾ ਮਾਰੂ
ਜਹਾਜ ਵਿੱਚ ਵੀ ਸਨ ਅਤੇ ਬਜਬਜ਼ ਦੇ ਘਾਟ ਤੇ ਗੋਲੀ ਨਾਲ ਜਖਮੀ ਹੋਏ, ਜਿਥੋਂ ਉਨ੍ਹਾਂ ਨੂੰ
ਮੁਲਤਾਨ ਦੀ ਸਖਤ ਜੇਲ੍ਹ ਵਿੱਚ ਕੈਦ ਕੀਤਾ ਗਿਆ। ਉਸ ਸਮੇਂ ਦੇ ਹਾਲਾਤਾਂ ਨੂੰ ਸ. ਬਾਦਲ ਵੀ
ਜਾਣਦੇ ਹਨ ਕਿਉਂਕਿ ਕਿ ਸ. ਤੇਜਾ ਸਿੰਘ ਬਾਦਲ ਦੇ ਪਿਤਾ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਦੇ
ਦਾਦਾ ਜੀ, ਮੇਰੇ ਦਾਦਾ ਜੀ ਦੀ ਮੁਲਤਾਨ ਮੁਲਾਕਾਤ ਕਰਨ ਅਤੇ ਲੋੜੀਂਦਾ ਸਮਾਣ ਦੇਣ ਅਕਸਰ
ਜਾਂਦੇ ਹੁੰਦੇ ਸਨ।
ਇਹ ਵੱਖਰੀ ਗੱਲ ਹੈ ਕਿ ਅੱਜ ਰਾਜਭਾਗ ਦੇ ਨਸ਼ੇ ਵਿੱਚ ਸਭ ਕੁੱਝ ਗਵਾਚ ਗਿਆ ਹੈ। ਸਾਡਾ ਸਾਰਾ
ਮਾਲ ਡੰਗਰ ਸਰਕਾਰ ਨੇ ਖੋਲ੍ਹਕੇ ਘਰੋਂ ਭਜਾ ਦਿੱਤਾ ਸੀ ਅਤੇ ਸਾਡੇ ਘਰਦੇ ਸਾਰੇ ਘੜਿਆਂ ਤੱਕ
ਵੀ ਭੰਨ ਦਿੱਤੇ ਸਨ ਤੇ ਅਸੀਂ ਇੱਕ ਵੇਲੇ ਪੀਣ ਵਾਲੇ ਪਾਣੀ ਤੋਂ ਵੀ ਆਜਤ ਸਾਂ, ਕਿਤੇ ਸਿਰ
ਲਕੋਣ ਜੋਗੀ ਥਾਂ ਵੀ ਨਹੀਂ ਸੀ, ਸਰਕਾਰ ਦੇ ਬਾਗੀਆਂ ਜਾਂ ਦੇਸ਼ ਭਗਤਾਂ ਨੂੰ ਕੋਈ ਆਪਣੇ ਘਰ
ਰਾਤ ਕਟਵਾਉਣ ਵੀ ਤਿਆਰ ਨਹੀਂ ਸੀ। ਸਾਨੂੰ ਆਪਣਾ ਪਿੰਡ ਥਰਾਜ਼ ਛੱਡਣਾ ਪਿਆ। ਸਾਡੀਆਂ ਦੋ
ਭੂਆ ਨੰਦਗੜ੍ਹ ਪਿੰਡ ਵਿਆਹੀਆਂ ਹੋਈਆਂ ਸਨ ਅਤੇ ਸਾਡੇ ਫੁੱਫੜ ਸ. ਧਰਮ ਸਿੰਘ ਨੰਬਰਦਾਰ ਅਤੇ
ਸ. ਗਰੀਬ ਸਿੰਘ ਮੇਰੇ ਪਿਤਾ ਸ. ਜਵਾਲਾ ਸਿੰਘ ਅਤੇ ਪਰਿਵਾਰ ਨੂੰ ਆਪਣੇ ਪਿੰਡ ਨੰਦਗੜ੍ਹ ਲੈ
ਗਏ, ਜਿੱਥੇ ਉਹਨਾਂ ਨੇ ਸਾਡੇ ਪਰਿਵਾਰ ਨੂੰ ਸੱਠ ਏਕੜ ਜਮੀਨ ਦੇਕੇ ਸਾਡੇ ਵਸੇਬੇ ਦਾ ਪੁਖਤਾ
ਇੰਤਜ਼ਾਮ ਕਰ ਦਿੱਤਾ ਅਤੇ ਸਾਡਾ ਪਰਿਵਾਰ ਆਪਣੀ ਰੋਟੀ ਜੋਗਾ ਹੋਇਆ। ਫਿਰ ਹੁਣ ਸ਼ੱਕ ਤੇ ਵਹਿਮ
ਦਾ ਕੋਈ ਇਲਾਜ਼ ਨਹੀਂ ਲੇਕਿਨ ਹੁਣ ਲੜਾਈ ਆਰ ਪਾਰ ਦੀ ਹੈ।
ਅਜਿਹੀ ਗੱਲਬਾਤ ਕਰਦਿਆਂ ਜਥੇਦਾਰ ਜੀ ਜਿੱਥੇ ਕੌਮੀ ਦਰਦ
ਮਹਿਸੂਸ ਕਰ ਰਹੇ ਸਨ, ਉੱਥੇ ਉਨ੍ਹਾਂ ਵੱਲੋਂ ਲਏ ਜਬਰਦਸਤ ਸਟੈਂਡ 'ਤੇ ਬੇਲੋੜਾ
ਕਿੰਤੂ ਪ੍ਰੰਤੂ ਕਰਨ ਤੋਂ ਰੋਹ ਵਿੱਚ ਵੀ ਸਨ। ਪਰ ਉਹਨਾਂ ਦਾ ਇਰਾਦਾ ਬੜਾ ਦ੍ਰਿੜ ਜਾਪ ਰਿਹਾ
ਸੀ ਅਤੇ ਉਹਨਾਂ ਦੀ ਅਵਾਜ਼ ਵਿਚੋਂ ਕੌਲ ਪੁਗਾਉਣ ਦੀ ਪ੍ਰਪੱਕਤਾ ਦੀ ਸਖਤੀ ਪ੍ਰਗਟ ਹੋ ਰਹੀ
ਸੀ। ਉਹ ਆਪਣੇ ਗੰਨਮੈਨ ਵਾਪਿਸ ਲੈ ਲਏ ਜਾਣ ਤੋਂ ਉੱਕਾ ਹੀ ਬੇਖਬਰ ਤੇ ਬੇਪਰਵਾਹ ਦਿੱਸ ਰਹੇ
ਸਨ। ਉਹਨਾਂ ਨੇ ਆਪਣੀ ਹੋਣੀ ਅਕਾਲ ਪੁਰਖ ਦੇ ਭਰੋਸੇ ਅਤੇ ਜਾਗਦੇ ਸਿੱਖਾਂ ਦੇ ਵਿਸ਼ਵਾਸ਼ ਉੱਤੇ
ਛੱਡਕੇ ਨਾਨਕਸ਼ਾਹੀ ਕੈਲੰਡਰ ਦੀ ਸਲਾਮਤੀ ਅਤੇ ਆਰ.ਐਸ.ਐਸ. ਵੱਲੋਂ ਸਿੱਖਾਂ ਦੇ ਮਸਲਿਆਂ
ਵਿੱਚਲੀ ਦਖਲ ਅੰਦਾਜੀ ਨੂੰ ਸਿਰਫ ਨੰਗਾ ਕਰਨ ਹੀ ਨਹੀਂ, ਸਗੋਂ ਮੁੱਢੋਂ ਖਤਮ ਕਰਨ ਵਾਸਤੇ
ਆਪਣੀਆਂ ਸੇਵਾਵਾਂ ਆਖਰੀ ਸਵਾਸ ਤੱਕ ਨਿਭਾਉਣ ਦੀ ਇੱਛਾ ਨਾਲ ਹੀ ਕਮਰਕੱਸਾ ਕਰਕੇ ਪੰਥ
ਮੈਦਾਨ ਵਿੱਚ ਨਿਤਰੇ ਹਨ। ਨਹੀਂ ਤਾਂ ਥੋੜੀ ਜਿਹੀ ਜਮੀਰ ਮਾਰਕੇ ਸਰਕਾਰੀ ਸੁੱਖ ਮਾਨਣੇ ਕੋਈ
ਔਖਾ ਕੰਮ ਨਹੀਂ ਸੀ। ਬਾਕੀ ਦੇ ਵੀ ਤਾਂ ਈਨ ਮੰਨੀ ਹੀ ਬੈਠੇ ਹਨ?
ਜਥੇਦਾਰ ਨੰਦਗੜ੍ਹ ਇਸ ਪੱਖੋਂ ਵੀ ਬੜੀ
ਬੇਬਾਕੀ ਨਾਲ ਸਪਸ਼ਟ ਸ਼ਬਦਾਂ ਵਿੱਚ ਜਵਾਬ ਦੇ ਰਹੇ ਸਨ, ਕਿ ਬੇਸ਼ੱਕ ਹੁਣ ਕੋਈ ਵੀ
ਤਖਤਾਂ ਦੇ ਜਥੇਦਾਰ, ਸ. ਪ੍ਰਕਾਸ਼ ਸਿੰਘ ਬਾਦਲ ਜਾਂ ਕੋਈ ਵੱਡੀ ਸਰਕਾਰ ਵੀ ਚੱਲਕੇ ਆ ਜਾਵੇ
ਪਿੱਛੇ ਮੁੜਣ ਦਾ ਵਰਕਾ ਹੀ ਪਾੜ ਦਿਓ? ਨਾਲੇ ਹੁਣ ਸਿਰਫ ਕੈਲੰਡਰ ਬਚਾਉਣ ਦਾ ਮਾਮਲਾ ਨਹੀਂ,
ਸਿੱਖਾਂ ਦੀ ਵੱਖਰੀ ਪਹਿਚਾਣ ਨੂੰ ਬਚਾਉਣ ਦਾ ਮੁੱਦਾ ਵੀ ਸਾਹਮਣੇ ਹੈ। ਜਦੋਂ ਘਰ ਲੁੱਟਿਆ
ਜਾ ਰਿਹਾ ਹੈ ਤਾਂ ਕਿੰਨਾਂ ਚਿਰ ਲੁੱਟ ਹੁੰਦੀ ਵੇਖਦੇ ਰਹਿਣਾ ਹੈ, ਕਿਸੇ ਨੇ ਤਾਂ ਘਰ ਦੀ
ਰਾਖੀ ਕਰਨੀ ਹੀ ਹੈ ਅਤੇ ਮੈਂ ਆਪਣੇ ਵੱਡੇ ਭਾਗ ਸਮਝਦਾ ਹਾਂ ਕਿ ਇਹ ਸੇਵਾ ਗੁਰੂ ਨੇ ਮੇਰੇ
ਜਿੰਮੇ ਲਾਈ ਹੈ ਅਤੇ ਹੁਣ ਇਸਨੂੰ ਨਿਭਾਉਣਾ ਮੇਰਾ ਫਰਜ਼ ਹੈ। ਇਹ ਮੈਂ ਬਿਹਤਰ ਜਾਣਦਾ ਹਾਂ
ਕਿ ਅਜਿਹੇ ਜੋਖਮ ਭਰੇ ਕੌਮੀ ਕਾਰਜ਼ ਨੂੰ ਸਿਰੇ ਚਾੜ੍ਹਣ ਵਾਸਤੇ ਕਿਹੜੀ ਕੀਮਤ ਚੁਕਾਉਣੀ
ਪੈਂਦੀ ਹੈ ਅਤੇ ਮੇਰਾ ਪਰਿਵਾਰ ਪਹਿਲਾਂ ਵੀ ਚੁਕਾ ਹੈ। ਇਸ ਕਾਰਨ ਹੀ ਮੈਨੂੰ ਮਨ ਵਿੱਚ ਕੋਈ
ਭੈਅ ਨਹੀਂ, ਸਿਰਫ ਭੈਅ ਹੈ ਤਾਂ ਇਸ ਗੱਲ ਦਾ ਹੈ ਕਿ ਇਹ ਸੇਵਾ ਨਿਭਾਉਂਦਿਆਂ ਗੁਰੂ ਮੇਰਾ
ਸਾਥ ਨਾ ਛੱਡੇ। ਫਿਰ ਹੀ ਮੇਰੇ ਵਰਗਾ ਇਨਸਾਨ ਸਾਬਤ ਕਦਮੀਂ ਤੁਰ ਸਕਦਾ ਹੈ।
ਅੱਜ ਦੀ ਜਥੇਦਾਰ ਜੀ ਦੀ ਇਸ ਗੱਲ ਬਾਤ ਤੋਂ ਇੱਕ ਤਾਂ ਬੜੀ
ਸਪਸ਼ਟਤਾ ਸਾਹਮਣੇ ਆਈ ਹੈ ਕਿ ਸਿੱਖਾਂ ਨੂੰ ਵੀ ਮਨੋ ਸ਼ੱਕ ਕੱਢਕੇ ਇੱਕ ਵਾਰ ਭਰੋਸਾ ਕਰਨਾ
ਚਾਹੀਦਾ ਹੈ। ਇਸ ਸਮੇਂ ਜੇ ਜਥੇਦਾਰ ਨੰਦਗੜ ਸਟੈਂਡ ਨਾ ਲੈਂਦੇ ਤਾਂ ਮੂਲ ਨਾਨਕਸ਼ਾਹੀ
ਕੈਲੰਡਰ ਦਾ ਕਤਲ ਹੀ ਨਹੀਂ, ਸਗੋਂ ਸਾਧ ਲਾਣੇ ਨੇ ਤਾਂ ਕੱਚੀਆਂ ਧਾਰਨਾਂ ਪੜ੍ਹਕੇ , ਅਕਾਲ
ਤਖਤ ਸਾਹਿਬ ਉੱਤੇ ਭਗਵੀ ਸ਼ੂਰੀ ਨਾਲ ਹਲਾਲ ਕਰਨਾ ਸੀ? ਇਸ ਪੱਖੋਂ ਤਾਂ ਜਥੇਦਾਰ ਨੰਦਗੜ੍ਹ
ਧੰਨਵਾਦ ਦੇ ਪਾਤਰ ਹਨ, ਜਿਨ੍ਹਾਂ ਨੇ ਮੌਕੇ ਤੇ ਪੰਥ ਦੀ ਤਰਫਦਾਰੀ ਕੀਤੀ ਹੈ।
ਹੁਣ ਸਿੱਖਾਂ ਨੂੰ
ਕਿੰਤੂ ਪ੍ਰੰਤੂ ਛੱਡਕੇ ਅਰਦਾਸ ਕਰਨੀ ਚਾਹੀਦੀ ਹੈ, ਕਿ ਜਥੇਦਾਰ ਨੰਦਗੜ੍ਹ ਨੂੰ ਆਪਣੇ ਕੀਤੇ
ਇਕਰਾਰ ਨਿਭਾਉਣ ਦੀ ਸ਼ਕਤੀ ਦੇਵੇ ਅਤੇ ਉਹਨਾਂ ਲੋਕਾਂ ਨੂੰ ਜਿਹਨਾਂ ਦੀ ਅਕਲ 'ਤੇ
ਭਗਵਾ ਪੜਦਾ ਪਿਆ ਹੋਇਆ ਹੈ, ਸੁਮੱਤ ਬਖਸ਼ੇ ਤਾਂ ਕਿ ਉਹ ਵੀ ਆਪਣੇ ਘਰ ਮੁੜ ਆਉਣ ਅਤੇ ਗੁਰੂ
ਨਾਨਕ ਪਾਤਸ਼ਾਹ ਦੀ ਮੁੱਖਧਾਰਾ ਵਿੱਚ ਸ਼ਾਮਲ ਹੋਕੇ ਮਾਨ ਸਤਿਕਾਰ ਦੇ ਪਾਤਰ ਬਨਣ । ਗੁਰੂ ਰਾਖ਼ਾ!!