
ਸੋ,
ਭਾਰਤ ਸਰਕਾਰ ਨੇ ਸ਼੍ਰੀ ਵਾਜਪਾਈ ਅਤੇ
ਪੰਡਿਤ ਮਦਨ ਮੋਹਨ ਮਾਲਵੀਆ ਨੂੰ
ਭਾਰਤ ਰਤਨ ਦੇਣ ਦਾ ਫ਼ੈਸਲਾ ਕੀਤਾ ਹੈ। ਜੋ ਕੋਈ ਵਿਅਕਤੀ ਵੀ ਮਾਨਵਤਾ ਦੇ ਭਲੇ ਲਈ ਆਪਣਾ
ਯੋਗਦਾਨ ਪਾਉਂਦਾ ਹੈ ਉਸ ਦਾ ਆਦਰ-ਮਾਣ ਹੋਣਾ ਹੀ ਚਾਹੀਦਾ ਹੈ। ਅਸੀਂ ਸਿਰਫ਼ ਇਥੇ ਗੱਲ ਕਰਾਂਗੇ
ਕਿ ਸਿੱਖਾਂ ਦੇ ਮਸਲਿਆਂ ਨੂੰ ਬ੍ਰਾਹਮਣ ਨੇ ਕਿਵੇਂ ਲਿਤਾੜਿਆ ਹੈ। ਮੁੱਢ ਕਦੀਮ ਤੋਂ ਸਿੱਖ
ਸਿਧਾਂਤ ਨਾਲ਼ ਬ੍ਰਾਹਮਣ ਨੇ ਖ਼ਾਰ ਖਾਧੀ ਹੈ ਤੇ ਸਿੱਖੀ ਦਾ ਪੈਰ ਪੈਰ ‘ਤੇ ਵਿਰੋਧ ਕੀਤਾ ਹੈ।
ਅਸੀਂ ਇੱਥੇ ਪੰਡਿਤ
ਮਦਨ ਮੋਹਨ ਮਾਲਵੀਆ ਦੀ ਗੱਲ ਕਰਾਂਗੇ। ਭਾਰਤ ਵਿਚ ਅੰਗਰੇਜ਼ਾਂ ਦੇ ਰਾਜ ਸਮੇਂ ਪੰਜਾਬ ਦੇ
ਰਿਆਸਤੀ ਰਾਜਿਆਂ ਨੇ ਸਿੱਖ ਯੂਨੀਵਰਸਿਟੀ ਬਣਾਉਣ ਬਾਰੇ ਵੀਚਾਰ ਕੀਤੀ ਤੇ ਸ਼ੁਰੂਆਤੀ ਕਾਰਜ ਲਈ
ਉਹਨਾਂ ਨੇ ਖੁੱਲ੍ਹ ਕੇ ਮਾਇਆ ਦਿਤੀ।
ਗੱਲ ਨਿੱਕਲਦੀ ਨਿੱਕਲਦੀ ਹਿੰਦੂ ਮਹਾਂ ਸਭਾ
ਦੇ ਪ੍ਰਧਾਨ ਪੰਡਿਤ ਮਦਨ ਮੋਹਨ ਮਾਲਵੀਆ ਤੱਕ ਵੀ ਪਹੁੰਚ ਗਈ, ਕਿ ਸਿੱਖ ਆਪਣੀ ਯੂਨੀਵਰਸਿਟੀ
ਬਣਾਉਣ ਬਾਰੇ ਸੋਚ ਰਹੇ ਹਨ ਤੇ ਉਹਨਾਂ ਨੇ ਇਸ ਕਾਰਜ ਲਈ ਮਾਇਆ ਵੀ ਇਕੱਤਰ ਕੀਤੀ ਹੈ।
ਬਸ ਫਿਰ ਕੀ ਸੀ ਬ੍ਰਾਹਮਣ ਮਨ ਲੱਗਾ ਅੱਗ ਉੱਤੋਂ ਦੇ ਲੇਟਣ ਕਿ ਜੇ ਸਿੱਖ ਯੂਨੀਵਰਸਿਟੀ ਬਣ ਗਈ,
ਤਾਂ ਸਿੱਖ ਪੜ੍ਹ ਲਿਖ ਕੇ ਬ੍ਰਾਹਮਣਵਾਦ ਦੇ ਜੂਲ਼ੇ ‘ਚੋਂ ਨਿਕਲ ਜਾਣਗੇ।
ਸੋ, ਉਸ ਦੇ ਜ਼ਰਖ਼ੇਜ਼ ਦਿਮਾਗ਼ ਨੇ ਸਕੀਮ ਬਣਾਈ
ਤੇ ਪਤਾ ਕੀਤਾ ਕਿ ਸਿੱਖਾਂ ਵਿਚ ਉਸ ਵੇਲੇ ਕਿਹੜੀ ਹਸਤੀ ਸੀ, ਜਿਸ ਦਾ ਸਤਿਕਾਰ ਸਾਰੇ ਸਿੱਖ ਕਰਦੇ
ਹੋਣ। ਉਸ ਨੂੰ ਦੱਸਿਆ ਗਿਆ ਕਿ ‘ਸੰਤ’ ਅਤਰ ਸਿੰਘ ਦਾ
ਸਤਿਕਾਰ ਹਰ ਅਮੀਰ ਗ਼ਰੀਬ ਸਿੱਖ ਕਰਦਾ ਹੈ, ਤੇ ਉਸ ਦਾ ਕਹਿਆ ਕੋਈ ਨਹੀਂ ਮੋੜ ਸਕਦਾ। (ਯਾਦ ਰਹੇ
ਕਿ ਇਹ ਉਹੀ ਅਤਰ ਸਿੰਘ ਸੀ ਜਿਸ ਨੇ ਭਾਰਤ ਵਿਚ ਅੰਗਰੇਜ਼ ਦੇ ਸਦੀਵੀ ਰਾਜ ਲਈ ਅਰਦਾਸ ਕੀਤੀ ਸੀ)
ਪੰਡਿਤ ਨੇ ਆ ਗੋਡੇ ਫੜੇ ਅਤਰ ਸਿੰਘ ਦੇ। ਸਿੱਖਾਂ ਨੂੰ ਹਿੰਦੂਆਂ ਦੇ ਰਖ਼ਵਾਲੇ ਕਹਿ ਕਹਿ ਕੇ ਤੇ
ਇਤਿਹਾਸਕ ਹਵਾਲੇ ਦੇ ਦੇ ਕੇ ਬਾਬੇ ਨੂੰ ਫੂਕ ਛਕਾ ਕੇ ਕੁੱਪਾ ਕਰ ਲਿਆ ਤੇ ਇਸ ਗੱਲ ਲਈ ਮਨਾ ਲਿਆ
ਕਿ ਬਾਬਾ ਬਣ ਰਹੀ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਇਕ ਬਲਾਕ ਦਾ ਨੀਂਹ-ਪੱਥਰ ਰੱਖੇ ਤੇ ਇਕੱਤਰ
ਕੀਤੀ ਸਾਰੀ ਮਾਇਆ ਉਸ ਇਮਾਰਤ ਦੀ ਉਸਾਰੀ ਲਈ ਦੇ ਦੇਵੇ।
ਪਾਠਕ ਜਨੋਂ, ਇੰਜ ਹੀ ਹੋਇਆ। ਸਿੱਖਾਂ ਦਾ ਬਾਬਾ ਬ੍ਰਾਹਮਣ ਦੀ ਚਾਲ ਨੂੰ
ਸਮਝ ਹੀ ਨਾ ਸਕਿਆ। ਸਿੱਖ ਯੂਨੀਵਰਸਿਟੀ ਦਾ ਗਲ਼ਾ ਜੰਮਣ ਤੋਂ ਪਹਿਲਾਂ ਹੀ ਘੁੱਟ ਦਿਤਾ ਗਿਆ। ਇਹ
ਇਕ ਹੋਰ ਮਿਸਾਲ ਹੈ ਸਿੱਖਾਂ ਨਾਲ਼ ਬ੍ਰਾਹਮਣ ਵਲੋਂ ਧ੍ਰੋਹ ਕਮਾਉਣ ਦੀ ਤੇ ਸਿੱਖਾਂ ਦੇ
‘ਅੰਤਰਜਾਮੀ’ ਬਾਬਿਆਂ ਦੀ ਕਹਾਣੀ।