Share on Facebook

Main News Page

ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਭਾਰਤ ਫੇਰੀ ਤੋਂ ਸਿੱਖਾਂ ਨੂੰ ਲਾਹਾ ਲੈਣਾ ਚਾਹੀਦਾ ਹੈ
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਭਾਰਤ ਦੇ ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਦਿੱਲੀ ਵਿਖੇ ਹੋਣ ਵਾਲੇ ਸਮਾਗਮ ਵਿੱਚ ਅਮਰੀਕੀ ਰਾਸ਼ਟਰਪਤੀ ਨੇ ਭਾਰਤੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਸੱਦਾ ਪ੍ਰਵਾਨ ਕਰਦਿਆਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਤੇ ਸਹਿਮਤੀ ਦੇ ਦਿੱਤੀ ਹੈ ਅਤੇ ਦੋਹਾਂ ਦੇਸ਼ਾਂ ਦੀਆਂ ਸੁੱਰਖਿਆ ਏਜੰਸੀਆਂ ਉਬਾਮਾਂ ਦੀ ਸੁੱਰਖਿਆ ਨੂੰ ਲੈਕੇ ਪੱਬਾਂ ਭਾਰ ਹੋ ਚੁੱਕੀਆਂ ਹਨ। ਉਬਾਮਾਂ ਦਾ ਆਉਣਾ ਜਾਂ ਭਾਰਤ ਦਾ ਉਸ ਨੂੰ ਬੁਲਾਉਣਾ ਨਾ ਕੋਈ ਇਥਪਾਕ ਹੈ ਨਾ ਕਿਸੇ ਪੱਕੇ ਰਿਸ਼ਤੇ ਦੀ ਮਰਿਯਾਦਾ ਦਾ ਹਿੱਸਾ ਹੈ।

ਇਸ ਦੇ ਪਿੱਛੇ ਆਪਣੇ ਆਪਣੇ ਮੁਫਾਦ ਹਨ। ਓਹੀ ਮੋਦੀ ਜਿਸਨੂੰ ਕਦੇ ਅਮਰੀਕੀ ਵੀਜ਼ੇ ਤੋਂ ਵੀ ਜਵਾਬ ਸੀ ਪਰ ਅੱਜ ਉਸਨੂੰ ਹਰ ਸਰਕਾਰੀ ਸਨਮਾਨ ਦੇਣਾ ਅਮਰੀਕੀ ਸਰਕਾਰ ਦਾ ਫਰਜ਼ ਇੱਕ ਮਜਬੂਰੀ ਬਣ ਗਿਆ ਹੈ। ਅਮਰੀਕਾ ਵੀ ਜਿੱਥੇ ਇੱਕ ਵੱਡੀ ਸ਼ਕਤੀ ਹੈ, ਉਥੇ ਵੱਡਾ ਵਿਉਪਾਰੀ ਵੀ ਹੈ। ਉਸਨੇ ਆਪਣਾ ਸੌਦਾ ਵੀ ਵੇਚਣਾ ਹੈ ਅਤੇ ਉਸ ਵਾਸਤੇ ਭਾਰਤ ਦੀ ਰਾਜ ਗੱਦੀ ਤੇ ਬੈਠਾ ਬੰਦਾ ਕੌਣ ਹੈ, ਇਸ ਨਾਲ ਕੋਈ ਲੈਣਾ ਦੇਣਾ ਨਹੀਂ, ਪਰ ਮੁਫਾਦ ਜਾਂ ਮਤਲਬ ਹੀ ਮੁੱਖ ਹੈ। ਇਸ ਵਿੱਚ ਭਾਰਤ ਦੀ ਰਾਜ ਗੱਦੀ ਤੇ ਬੈਠੇ ਕੱਟੜਵਾਦੀਆਂ ਦੇ ਵੀ ਆਪਣੇ ਮੁਫਾਦ ਹਨ ਕਿ ਜੇ ਓਹ ਅਮਰੀਕਾ ਵਰਗੀ ਵੱਡੀ ਸ਼ਕਤੀ ਨਾਲ ਮਿੱਤਰਤਾ ਵਾਲੇ ਸਬੰਧ ਬਣਾਕੇ ਰੱਖਣਗੇ ਤਾਂ ਓਹ ਆਪਣੀਆਂ ਕੱਟੜਵਾਦੀ ਨੀਤੀਆਂ ਦੇ ਪ੍ਰਸਾਰ ਵਾਸਤੇ ਜਦੋਂ ਕਿਸੇ ਘੱਟ ਗਿਣਤੀਆਂ ਦਾ ਸੋਸ਼ਣ ਕਰਨ ਤਾਂ ਕੋਈ ਵੱਡਾ ਵਿਰੋਧ ਨਾ ਹੋਵੇ।

ਹੁਣ ਜਿੱਥੇ ਦੇਸ਼ਾਂ ਦੇ ਮੁਫਾਦ ਹਨ, ਉੱਥੇ ਕੌਮਾਂ ਦੇ ਵੀ ਮੁਫਾਦ ਹੁੰਦੇ ਹਨ। ਬਰਾਕ ਉਬਾਮਾਂ ਹੀ ਨਹੀਂ ਅੱਜ ਹਰ ਅਮਰੀਕੀ ਸਿੱਖਾਂ ਦੇ ਇਤਿਹਾਸ ਅਤੇ ਅਜੋਕੇ ਯੁੱਗ ਵਿੱਚ ਅਮਰੀਕਾ ਵਿੱਚ ਰਹਿੰਦੇ ਸਿੱਖਾਂ ਦੀ ਦੇਸ਼ ਭਗਤੀ ਬਾਰੇ ਚੰਗੀ ਤਰਾਂ ਜਾਣਦੇ ਹਨ। ਇਸ ਕਰਕੇ ਹੀ ਜਿਸ ਸਮੇਂ ਇੱਕ ਸਿਰ ਫਿਰੇ ਅਮਰੀਕੀ ਨਾਗਰਿਕ ਨੇ ਓ ਕ੍ਰੀਕ ਦੇ ਗੁਰਦਵਾਰੇ ਵਿੱਚ ਦਾਖਲ ਹੋ ਕੇ ਕੁੱਝ ਬੇਗੁਨਾਹ ਸਿੱਖਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ ਤਾਂ ਦੁਨੀਆਂ ਦੇ ਇਤਿਹਾਸ ਵਿੱਚ ਇਹ ਵੀ ਵੱਡੀ ਘਟਨਾਂ ਸੀ ਕਿ ਇੱਕ ਦੇਸ਼ ਵਿਹੂਣੀ ਕੌਮ ਦੇ ਕੁੱਝ ਬੰਦੇ ਮਾਰੇ ਜਾਣ ਤੇ ਦੁਨੀਆਂ ਦੀ ਸਭ ਤੋਂ ਵੱਡੀ ਤਾਕਤ ਨੇ ਪੰਜ ਦਿਨ ਵਾਸਤੇ ਆਪਣੇ ਰਾਸ਼ਟਰੀ ਝੰਡੇ ਨੂੰ ਅੱਧਾ ਝੁਕਾ ਕੇ ਸ਼ਰਧਾਂਜਲੀ ਭੇਂਟ ਕੀਤੀ ਹੋਵੇ ਅਤੇ ਅਫਸੋਸ ਪ੍ਰਗਟ ਕੀਤਾ ਹੋਵੇ। ਇਸ ਤੋਂ ਇਹ ਪ੍ਰਮਾਣ ਮਿਲਦਾ ਹੈ ਕਿ ਅਮਰੀਕਾ ਸਿੱਖਾਂ ਨੂੰ ਪੂਰੇ ਰੂਪ ਵਿੱਚ ਮਾਨਤਾ ਦਿੰਦਾ ਹੈ।

ਅਸੀਂ ਧਰਨੇ ਮੁਜਾਹਰੇ ਕਰਨ ਵਿੱਚ ਅਤੇ ਨਾਹਰੇ ਮਾਰਨ ਵਿੱਚ ਬੜੀ ਮੁਹਾਰਤ ਰਖਦੇ ਹਾਂ। ਪਰ ਸਮੇਂ ਦੇ ਅਨਕੂਲ ਅਕਲ ਵਾਲੀ ਗੱਲ ਕਰਨੀ ਹਾਲੇ ਤੱਕ ਸਾਨੂੰ ਨਹੀਂ ਆਈ। ਜੇ ਕੋਈ ਅਕਲ ਦੇਣ ਦੀ ਗੱਲ ਕਰੇ ਤਾਂ ਸਾਡਾ ਸੁਭਾਅ ਬਣ ਗਿਆ ਹੈ ਅਸੀਂ ਹੱਥ ਧੋਕੇ ਉਸਦੇ ਪਿਛੇ ਪੈ ਜਾਂਦੇ ਹਾਂ ਅਤੇ ਉਸਨੂੰ ਡਰਪੋਕ ਅਤੇ ਜਜ਼ਬੇ ਵਿਹੂਣੀਆਂ ਦਲੀਲਾਂ ਵਾਲਾ ਬੰਦਾ ਆਖ ਕੇ, ਕਦੇ ਕਦੇ ਤਾਂ ਇਥੋਂ ਤੱਕ ਵੀ ਸਿਰੋਪਾ ਦੇ ਦਿੰਦੇ ਹਾਂ ਕਿ ਇਹ ਕੋਈ ਸਰਕਾਰ ਦਾ ਟੁੱਕਰਬੋਚ ਹੋਣਾ ਹੈ। ਜੋ ਜਜਬਾਤ ਠੰਡੇ ਕਰਨਾ ਚਾਹੁੰਦਾ ਹੈ। ਪਰ ਜੋ ਗੱਲ ਸਮੇਂ ਤੇ ਹੋਸ਼ ਹਵਾਸ ਕਾਇਮ ਰੱਖਕੇ ਅਕਲ ਨਾਲ ਕੀਤੀ ਜਾਵੇ ਉਸਦੇ ਨਤੀਜੇ ਬੇਸ਼ੱਕ ਦੇਰੀ ਨਾਲ ਆਉਣ, ਪਰ ਸਦਾ ਚੰਗੇ ਹੀ ਨਿਕਲਦੇ ਹਨ। ਅੱਜ ਮਿਸਟਰ ਓਬਾਮਾ ਦੇ ਦੌਰੇ ਸਮੇਂ ਵੀ ਦੁਨੀਆਂ ਭਰ ਵਿਚ ਬੈਠੇ ਸਿੱਖਾਂ ਨੂੰ ਬੜੀ ਅਕਲਮੰਦੀ ਨਾਲ ਕੋਈ ਅਜਿਹਾ ਕਦਮ ਚੁੱਕਣਾ ਚਾਹੀਦਾ ਹ।ੈ ਜਿਸ ਨਾਲ ਸਿੱਖ ਕੌਮ ਦਾ ਕੋਈ ਮਸਲਾ ਹੱਲ ਹੋ ਸਕੇ।

ਪਹਿਲੀ ਗੱਲ ਤਾਂ ਇਹ ਕਿ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਸਿੱਖ ਅਮਰੀਕੀ ਰਾਸ਼ਟਰਪਤੀ ਦੀ ਭਾਰਤ ਫੇਰੀ ਦਾ ਸਵਾਗਤ ਕਰੇ। ਦੂਸਰੀ ਗੱਲ ਵਿਦੇਸ਼ ਬੈਠੇ ਸਿੱਖ ਖਾਸ ਕਰਕੇ ਅਮਰੀਕੀ ਨਾਗਰਿਕਤਾ ਪ੍ਰਾਪਤ ਸਿੱਖ ਜਾਂ ਜਿਹੜੇ ਵੀ ਅਮਰੀਕਾ ਦੀ ਸਿਆਸਤ ਵਿਚ ਅਸਰ ਰਸੂਖ ਰਖਦੇ ਹਨ, ਓਹ ਹੁਣ ਤੋਂ ਅਮਰੀਕੀ ਸਰਕਾਰ ਦੇ ਆਲਾ ਸੂਤਰਾਂ ਨਾਲ ਸੰਪਰਕ ਪੈਦਾ ਕਰਨ ਅਤੇ ਹੋਰਨਾਂ ਦੇਸ਼ਾਂ ਵਿੱਚ ਰਹਿੰਦੇ ਸਿੱਖ ਆਪਣੇ ਦੇਸ਼ ਵਿਚਲੇ ਅਮਰੀਕੀ ਸਫਾਰਤਖਾਨਿਆਂ ਨੂੰ ਆਪਣੇ ਵੱਲੋਂ ਲਿਖਕੇ ਜਾਂ ਸਫ਼ੀਰਾਂ ਤੋਂ ਸਮਾਂ ਲੈਕੇ ਨਿੱਜੀ ਤੌਰ ਤੇ ਮਿਲਣ ਅਤੇ ਇੱਕ ਬੇਨਤੀ ਕਰਨ ਕਿ ਅਸੀਂ ਓਬਾਮਾ ਜੀ ਦਾ ਭਾਰਤ ਜਾਣ ਤੇ ਸਵਾਗਤ ਕਰਦੇ ਹੋਏ ਇੱਕ ਮੰਗ ਕਰਦੇ ਹਾ ਕਿ ਭਾਰਤ ਦੇ ਦੌਰੇ ਤੇ ਜਾਣ ਵੇਲੇ ਮਿਸਟਰ ਓਬਾਮਾਂ ਭਾਰਤ ਦੀ ਆਜ਼ਾਦੀ ਵਿੱਚ ਪਚਾਸੀ ਫੀ ਸਦੀ ਕੁਰਬਾਨੀਆਂ ਕਰਨ ਅਤੇ ਆਜ਼ਾਦੀ ਵਾਸਤੇ ਹੋਈਆਂ ਸ਼ਹੀਦੀਆਂ ਵਿੱਚ ਅਠਾਨਵੇਂ ਫੀ ਸਦੀ ਹਿੱਸਾ ਪਾਉਣ ਵਾਲੀ ਕੇਵਲ ਦੋ ਫੀ ਸਦੀ ਗਿਣਤੀ ਵਾਲੀ ਸਿੱਖ ਕੌਮ ਦੇ ਆਗੂਆਂ ਨਾਲ ਵੀ ਇੱਕ ਰਸਮੀਂ ਮਿਲਣੀ ਕਰਨ ਅਤੇ ਸਿੱਖਾਂ ਦੀ ਦੁਨੀਆਂ ਦੇ ਇਤਿਹਾਸ ਵਿੱਚ ਮਨੁਖੀ ਹੱਕਾਂ ਦੀ ਬਹਾਲੀ ਵਾਸਤੇ ਦਿੱਤੇ ਯੋਗਦਾਨ ਅਤੇ ਅੱਜ ਖੁਦ ਆਪਣੇ ਹੱਕਾਂ ਦੀ ਸਲਾਮਤੀ ਵਾਸਤੇ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਜਾਣਕਾਰੀ ਲੈਣ, ਨਾਲ ਹੀ ਇਹ ਵੀ ਸਮਝਾਉਣ ਦਾ ਯਤਨ ਕੀਤਾ ਜਾਵੇ ਕਿ ਸਤਾ ਦਾ ਸੁੱਖ ਭੋਗ ਰਹੇ ਸਿੱਖਾਂ ਤੋਂ ਇਲਾਵਾ ਕੁੱਝ ਵਿਦਵਾਨ ਅਤੇ ਸੰਘਰਸ਼ ਕਰ ਰਹੇ ਸਿੱਖਾਂ ਦੇ ਆਗੂਆਂ ਨੂੰ ਮਿਲਿਆ ਜਾਵੇ ਤਾਂ ਹੋਰ ਵੀ ਵਧੀਆ ਹੋਵੇਗਾ ਕਿਉਂਕਿ ਅਹੁਦਿਆਂ ਦੇ ਭੂੱਖੇ ਸਿੱਖਾਂ ਦੀ ਜਮੀਰ ਇਜ਼ਾਜਤ ਨਹੀਂ ਦੇਵੇਗੀ ਕਿ ਓਹ ਖੁੱਲਕੇ ਸਿੱਖਾਂ ਦੇ ਦਰਦਾਂ ਦੀ ਗੱਲ ਕਰ ਸਕਣ ਜਾਂ ਹਮਾਇਤ ਕਰ ਸਕਣ। ਇਸ ਦੀ ਤਿਆਰੀ ਬਿਨ੍ਹਾਂ ਕਿਸੇ ਦੇਰੀ ਤੋਂ ਸਿੱਖਾਂ ਨੂੰ ਆਰੰਭ ਦੇਣੀ ਚਾਹੀਦੀ ਹੈ। ਭਾਰਤ ਵਿੱਚਲੇ ਸਿੱਖਾਂ ਨੂੰ ਛੇਤੀ ਇੱਕ ਸਰਬ ਸਾਂਝੀ ਮੀਟਿੰਗ ਕਰਕੇ ਅਮਰੀਕੀ ਸਫਾਰਤਖਾਨੇ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਦਫਤਰ ਤੋਂ ਅਜਿਹੀ ਮੀਟਿੰਗ ਦੇ ਪ੍ਰਬੰਧ ਕੀਤੇ ਜਾਣ ਬਾਰੇ ਬੇਨਤੀ ਕਰਨੀ ਚਾਹੀਦੀ ਹੈ।

ਅਜਿਹਾ ਕਰਨ ਵੇਲੇ ਸਿੱਖਾਂ ਨੂੰ ਇੱਕ ਸਲੀਕੇ ਵਿੱਚ ਰਹਿੰਦਿਆਂ ਅਤੇ ਕਾਨੂੰਨ ਦੀ ਮਰਿਯਾਦਾ ਦਾ ਖਿਆਲ ਰੱਖਦਿਆਂ ਹਰ ਸ਼ਬਦ ਮਿਣ ਤੋਲ ਕੇ ਬੋਲਣਾ ਚਾਹੀਦਾ ਹੈ ਕੋਈ ਤਲਖੀ ਵੱਲ ਗੱਲ, ਜਿਸ ਨਾਲ ਕੋਈ ਸਧੁਰਖਿਆ ਕਾਰਨਾਂ ਜਾਂ ਕਿਸੇ ਆਏ ਮਹਿਮਾਨ ਦੀ ਇਜ਼ਤ ਜਾਂ ਆਪਣੇ ਦੇਸ਼ ਦੇ ਸਰਬਰਾਹਾਂ ਦੀ ਅਜਮਤ ਤੇ ਕੋਈ ਬੇਲੋੜਾ ਚਿੱਕੜ ਡਿਗਦਾ ਹੋਵੇ , ਕਦੇ ਨਹੀਂ ਕਰਨੀ ਚਾਹੀਦੀ । ਅੱਜ ਸੰਸਾਰ ਦੇ ਤੇਵਰ ਅਤੇ ਵਿਚਰਨ ਦੇ ਤਰੀਕੇ ਬਦਲ ਚੁੱਕੇ ਹਨ। ਦੁਨੀਆਂ ਦੇ ਵਿਕਾਸਸ਼ੀਲ ਦੇਸ਼ ਅਤੇ ਅਗਾਹਵਧੂ ਲੋਕ ਅਮਨ ਅਤੇ ਆਜ਼ਾਦੀ ਦੇ ਹਾਮੀ ਹਨ ਅਤੇ ਕਿਸੇ ਵੀ ਤਲਖੀ ਨੂੰ ਬਰਦਾਸ਼ਿਤ ਨਹੀਂ ਕਰਦੇ, ਸਗੋਂ ਉਸਦੀ ਮੁਖਾਲਫਿਤ ਕਰਦੇ ਹਨ। ਸਿੱਖਾਂ ਵਰਗੀ ਅਮਨ ਦੀ ਅਲੰਬਰਦਾਰ ਕੋਈ ਹੋਰ ਕੌਮ ਨਹੀਂ ਜਿਸ ਨੇ ਆਪਣੇ ਨਹੀਂ ਬਲਕਿ ਹੋਰਾਂ ਧਰਮਾਂ ਜਾਂ ਬਰਾਦਰੀਆਂ ਤੇ ਹੁੰਦੇ ਜੁਲਮਾਂ ਖਿਲਾਫ਼ ਸ਼ਾਂਤਮਈ ਸਿਰ ਦਿਤੇ ਹਨ। ਰਤਾ ਜਿੰਨੀ ਵੀ ਗਲਤੀ ਪ੍ਰਸਾਸ਼ਨ ਨੂੰ ਬਹਾਨਾ ਦੇਵੇਗੀ ਕਿ ਇਹ ਲੋਕ ਖਰੂਦੀ ਹਨ। ਇਹਨਾਂ ਤੋਂ ਦੁਰ ਰਹਿਣ ਵਿੱਚ ਭਲਾ ਹੈ।

ਅਮਰੀਕੀ ਰਾਸ਼ਟਰਪਤੀ ਨੂੰ ਮਿਲਦੇ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਗ੍ਰਿਹ ਮੰਤਰੀ ਨੂੰ ਵੀ ਨਾਲ ਬੈਠਣ ਦਾ ਸੱਦਾ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਕੋਈ ਬੇਗਾਨਾਪਣ ਮਹਿਸੂਸ ਨਾ ਹੋਵੇ। ਪਰ ਇਸ ਬਾਰੇ ਏਜੰਡਾ ਕੀਹ ਹੋਵੇ ਇਸਦਾ ਖਾਸ ਖਿਆਲ ਰੱਖਣ ਦੀ ਲੋੜ ਹੈ। ਸਿੱਖਾਂ ਦੀ ਆਦਤ ਹੈ ਜਾਂ ਸੰਘਰਸ਼ ਹੀ ਕਰੀ ਜਾਣਾ ਜੇ ਕੋਈ ਬੁਲਾ ਲਵੇ ਫਿਰ ਜਾਂ ਤਾਂ ਗਰਦਨ ਹੀ ਅਕੜਾਈ ਜਾਣੀ ਹੈ ਜਾਂ ਫਿਰ ਛੋਟਾਂ ਏਨੀਆਂ ਦੇ ਦੇਣੀਆਂ ਹਨ ਕਿ ਮੁੜਦਿਆਂ ਨੂੰ ਜੇਬ ਵਿੱਚ ਕਿਰਾਏ ਵਾਸਤੇ ਪੈਸੇ ਵੀ ਨਹੀਂ ਹੁੰਦੇ। ਆਮ ਕਹਾਵਤ ਹੈ ਕਿ ਜੇ ਕਿਸੇ ਨੇ ਬਾਰਾਂ ਬੋਰ ਦਾ ਲਾਇਸੰਸ ਲੈਣਾ ਹੋਵੇ ਤਾਂ ਤੋਪ ਦਾ ਲਿਖੋ। ਪਰ ਹੁਣ ਇਹ ਸਮਾਂ ਲੰਘ ਚੁੱਕਾ ਹੈ ਅਤੇ ਜਿਸ ਨਾਲ ਗੱਲ ਕਰਨੀ ਹੈ ਓਹ ਦੁਨੀਆਂ ਦੀ ਵੱਡੀ ਤਾਕਤ ਹੈ। ਹੁਣ ਬਰਾਕ ਉਬਾਮਾਂ ਕੋਲ ਜੋ ਕੁਝ ਲੈਕੇ ਜਾਣਾ ਹੈ ਉਸ ਬਾਰੇ ਜੇ ਭਾਰਤੀ ਸਰਕਾਰ ਦੀ ਹਮਾਇਤ ਨਾ ਹੋਵੇ ਤਾਂ ਕੋਈ ਗੱਲ ਨਹੀਂ, ਪਰ ਜਦੋਂ ਸਿੱਖ ਆਪਣੀ ਗੱਲ ਭਾਰਤੀ ਪ੍ਰਧਾਨ ਮੰਤਰੀ ਦੇ ਸਾਹਮਣੇ ਕਹਿਣ ਤਾਂ ਸਰਕਾਰ ਕੋਲ ਵਿਰੋਧ ਕਰਨ ਵਾਸਤੇ ਕੋਈ ਸ਼ਬਦ ਵੀ ਨਹੀਂ ਹੋਣੇ ਚਾਹੀਦੇ।

ਸਿੱਖਾਂ ਦੇ ਬੜੇ ਮਸਲੇ ਹਨ। ਪਰ ਅਮਰੀਕੀ ਰਾਸ਼ਟਰਪਤੀ ਕੋਲ ਕਿਹੜਾ ਮਸਲਾ ਉਠਾਉਣਾ ਹੈ, ਇਸ ਉੱਤੇ ਕੌਮੀ ਸਹਿਮਤੀ ਜਰੂਰੀ ਹੈ। ਕਦੇ ਸਾਰੇ ਮਸਲਿਆਂ ਦਾ ਇੱਕ ਦਿਨ ਵਿੱਚ ਹੱਲ ਨਹੀਂ ਹੁੰਦਾ। ਜਿੰਨੇ ਹੱਲ ਹੋ ਜਾਣ ਕਰਵਾ ਕੇ ਆਗਲੇ ਪੈਂਤੜੇ ਦੀ ਤਿਆਰੀ ਕਰਨੀ ਚਾਹੀਦੀ ਹੈ। ਸਭ ਤੋਂ ਪਹਿਲਾ ਮਸਲਾ ਕਿ ਸਿੰਖਾਂ ਨੂੰ ਆਪਣੇ ਇਤਿਹਾਸਕ ਪਿਛੋਕੜ ਦੇ ਹਵਾਲੇ ਅਤੇ ਦੋ ਸਿੱਖ ਬਾਦਸ਼ਾਹੀਆਂ ਦਾ ਵੇਰਵਾ ਦੇਕੇ ਕਹਿਣਾ ਚਾਹੀਦਾ ਹੈ ਕਿ ਅਸੀਂ ਇੱਕ ਵਖਰੀ ਸੰਪੂਰਨ ਕੌਮ ਹਾਂ। ਸਾਡੇ ਨਾਲ 1947 ਵਿੱਚ ਧੋਖਾ ਹੋਇਆ, ਅਸੀਂ ਰਾਜ ਵਿਹੂਣੇ ਹੋ ਗਏ ਅਤੇ ਅੱਜ ਭਾਰਤ ਨਾਲ ਸਿੱਖਾਂ ਨੇ ਆਪਣੀ ਕਿਸਮਤ ਜੋੜੀ ਹੈ। ਪਰ ਇਥੇ ਲੋਕਤੰਤਰ ਹੁੰਦਿਆਂ ਹੋਇਆਂ ਵੀ ਅਸੀਂ ਵੱਖਰੀ ਕੌਮ ਦਾ ਸੰਵਿਧਾਨਿਕ ਰੁਤਬਾ 67 ਸਾਲਾਂ ਵਿੱਚ ਵੀ ਨਹੀਂ ਪਾ ਸਕੇ। ਇਸ ਮਾਮਲੇ 'ਤੇ ਸਾਡੀ ਸੰਸਾਰ ਪੱਧਰ ਤੇ ਅਮਰੀਕਾ ਸਰਕਾਰ ਹਮਾਇਤ ਕਰੇ ਕਿ ਸਿੱਖ ਇੱਕ ਵਖਰੀ ਕੌਮ ਹਨ।

ਦੂਸਰਾ ਮੁੱਦਾ ਇਸ ਤੇ ਬੀ.ਜੇ.ਪੀ. ਸਰਕਾਰ ਨੂੰ ਵੀ ਹਮਾਇਤ ਕਰਨੀ ਚਾਹੀਦੀ ਹੈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਓਬਾਮਾਂ ਦੇ ਸਾਹਮਣੇ ਹਾਮੀ ਭਰਵਾਉਣੀ ਚਾਹੀਦੀ ਹੈ ਕਿ ਕਾਂਗਰਸ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਉਪਰੰਤ ਦੇਸ਼ ਦੇ 100 ਵੱਡੇ ਛੋਟੇ ਸ਼ਹਿਰਾਂ ਵਿੱਚ ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਮਾਰਕੇ ਨਸਲਕੁਸ਼ੀ ਕੀਤੀ ਗਈ ਹੈ ਅਤੇ ਜਿਹਨਾਂ ਲੋਕਾਂ ਉੱਤੇ ਕਤਲੇਆਮ ਵਿੱਚ ਸ਼ਾਮਲ ਹੋਣ ਬਾਰੇ ਸਬੂਤ ਹਨ, ਓਹ ਮੰਤਰੀ ਵੀ ਬਨਾਏ ਗਏ ਅਤੇ ਅੱਜ ਤੱਕ ਸਾਰੇ ਦੋਸ਼ੀਆਂ ਨੂੰ ਅਦਾਲਤ ਤੱਕ ਵੀ ਨਹੀਂ ਲਿਆਂਦਾ ਗਿਆ। ਇਸ ਤੇ ਭਾਰਤ ਹੀ ਨਹੀਂ ਸਗੋਂ ਵਿਦੇਸ਼ੀ ਅਤੇ ਭਾਰਤੀ ਏਜੰਸੀਆਂ ਦੀ ਸਾਂਝੀ ਪੜਤਾਲੀਆ ਟੀਮ ਬਣਾਕੇ ਜਾਂਚ ਕੀਤੀ ਜਾਵੇ। ਤੀਸਰਾ ਮਸਲਾ ਵੀ ਕਾਂਗਰਸ ਦੇ ਰਾਜ ਵਿੱਚ ਹੀ ਵਾਪਰਿਆ ਖੂੰਨੀ ਕਾਂਡ ਹੈ। ਜਿਸ ਵਿੱਚ ਪੰਜਾਬ ਦੇ ਹਜ਼ਾਰਾਂ ਸਿੱਖ ਬੱਚੇ ਅੱਤਵਾਦੀ ਆਖ ਕੇ ਬੇਗੁਨਾਹ ਹੀ ਮਾਰ ਦਿੱਤੇ। ਹੋਰ ਸਧਾਰਨ ਲੋਕ ਹਿੰਦੂ ਸਿੱਖ ਬੇਕਸੂਰ ਹੀ ਮਾਰੇ ਗਏ। ਉਹਨਾਂ ਦੀ ਕੋਈ ਜਾਂਚ ਪੜਤਾਲ ਨਹੀਂ ਹੋਈ ਅਤੇ ਅੱਜ ਤੱਕ ਐਮਨੈਸਟੀ ਇੰਟਰਨੈਸ਼ਨਲ ਵਰਗੀ ਸੰਸਥਾ ਦੇ ਆਉਣ ਦੀ ਮਨਾਹੀ ਹੈ। ਇਸ ਦੀ ਨਿਰਪਖਤਾ ਨਾਲ ਜਾਂਚ ਕਰਨ ਅਤੇ ਸੱਚ ਸਾਹਮਣੇ ਲਿਆਉਣ ਵਾਸਤੇ ਐਮਨੈਸਟੀ ਇੰਟਰਨੈਸ਼ਨਲ ਨੂੰ ਪੰਜਾਬ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਵਿੱਚ ਬੀ.ਜੇ.ਪੀ. ਦੀ ਵਿਰੋਧੀ ਧਿਰ ਕਾਂਗਰਸ ਦੇ ਪਰਦੇ ਜੱਗ ਜਾਹਰ ਹੋ ਜਾਣਗੇ ਅਤੇ ਬਹੁਤ ਸਾਰੀਆਂ ਹਿੰਦੂ ਜਥੇਬੰਦੀਆਂ ਰੋਜ਼ ਬਿਆਨ ਦਿੰਦੀਆਂ ਹਨ ਕਿ ਪੰਜਾਬ ਵਿੱਚ ਬਹੁਗਿਣਤੀ ਹਿੰਦੂ ਹੀ ਮਾਰੇ ਗਏ ਹਨ, ਉਹਨਾਂ ਦਾ ਪਤਾ ਵੀ ਲੱਗ ਜਾਵੇਗਾ। ਅਜਿਹੇ ਏਜੰਡੇ ਦਾ ਬੀ.ਜੇ.ਪੀ. ਸਰਕਾਰ ਜਾਂ ਸ੍ਰੀ ਨਰਿੰਦਰ ਮੋਦੀ ਜੇ ਹਮਾਇਤ ਨਹੀਂ ਕਰਦੇ ਤਾਂ ਉਨ੍ਹਾਂ ਕੋਲ ਵਿਰੋਧ ਕਰਨ ਵਾਸਤੇ ਵੀ ਕੋਈ ਦਲੀਲ ਨਹੀਂ ਹੈ।

ਜੇ ਸਿੱਖ ਪੰਥ ਦੀ ਸੇਵਾ ਦੀ ਰੋਜ਼ ਦੁਹਾਈ ਦੇਣ ਵਾਲੀਆਂ ਜਥੇਬੰਦੀਆਂ ਦਿਲੋਂ ਸਿੱਖਾਂ ਦਾ ਭਲਾ ਚਾਹੁੰਦੀਆਂ ਹਨ ਤਾਂ ਫਿਰ ਕਰੋ ਕਮਰ ਕੱਸਾ, ਜਿਵੇ ਪਹਿਰੇਦਾਰ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਖਤਮ ਕਰਵਾਉਣ ਵਾਸਤੇ ਦਸਤਖਤੀ ਮੁਹਿੰਮ ਚਲਾਕੇ ਨੱਬੇ ਲੱਖ ਸਿੱਖਾਂ ਦੇ ਦਸਤਖਤਾਂ ਵਾਲੀ ਇੱਕ ਪਟੀਸ਼ਨ ਭਾਰਤੀ ਰਾਸ਼ਟਰਪਤੀ ਨੂੰ ਦਿੱਤੀ ਸੀ, ਹੁਣ ਵੀ ਅਜਿਹਾ ਹੋ ਸਕਦਾ ਹੈ ਕਿ ਇੱਕ ਕਰੋੜ ਦਸਤਖਤ ਕਰਕੇ ਓਬਾਮਾਂ ਤੋਂ ਸਮਾਂ ਵੀ ਮਿਲ ਸਕਦਾ ਹੈ ਅਤੇ ਆਪਣੇ ਇਹ ਮਸਲੇ ਵੀ ਦੁਨੀਆ ਸਾਹਮਣੇ ਰੱਖੇ ਜਾ ਸਕਦੇ ਹਨ। ਬਿਨਾਂ ਗੱਲ ਤੋਂ ਰੋਜ਼ ਭਾਰਤੀ ਨਿਜ਼ਾਮ ਨੂੰ ਗਾਲ੍ਹਾਂ ਕੱਢਣ ਨਾਲ ਜਾਂ ਕਿਤੇ ਧਰਨੇ ਦੇਣ ਜਾਂ ਅਖਬਾਰੀ ਬਿਆਨ ਦੇਣ ਜਾਂ ਆਰਟੀਕਲ ਤੇ ਕਿਤਾਬਾਂ ਲਿਖਣ ਨਾਲ ਮਸਲੇ ਹੱਲ ਨਹੀਂ ਹੁੰਦੇ। ਜਿੰਨਾਂ ਚਿਰ ਨੀਤੀ ਨਾਲ ਕੋਈ ਕਦਮ ਨਾ ਚੁੱਕੇ ਜਾਣ। ਅਮਰੀਕੀ ਰਾਸ਼ਟਰਪਤੀ ਦਾ ਭਾਰਤ ਆਉਣਾ ਮੁਬਾਰਕ ਆਖਕੇ ਕੌਮ ਦੇ ਹਿਤਾਂ ਦੀ ਗੱਲ ਕਰਨੀ ਸਾਡੀ ਸੂਝ ਦਾ ਪ੍ਰਤੀਕ ਹੋਵੇਗੀ ਅਤੇ ਜੇਲ੍ਹਾਂ ਭਰਕੇ ਮਰਨ ਵਰਤ ਰੱਖਕੇ ਜਾਂ ਰੋਸ ਮੁਜਾਹਰੇ ਕਰਕੇ ਕੌਮ ਦੀ ਸ਼ਕਤੀ ਜਾਇਆ ਕਰਨ ਨਾਲੋ ਕਿਤੇ ਵੱਡੀ ਪ੍ਰਾਪਤੀ ਹੋ ਸਕਦੀ ਹੈ।

ਕਾਸ਼! ਮੇਰੀ ਕੌਮ ਦੇ ਲੋਕ ਅਤੇ ਆਗੂ ਇੱਕ ਵਾਰ ਸਮਝਦਾਰੀ ਨਾਲ ਸਮੇਂ ਅਤੇ ਹਾਲਾਤਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਦੀ ਜੁਗਤ ਸਿੱਖ ਜਾਣ, ਤਾਂ ਫਿਰ ਹਰ ਸੂਰਜ ਨਵੀਂ ਸਵੇਰ ਨਵੀਨਤਮ ਪ੍ਰਾਪਤੀ ਦਾ ਪ੍ਰਸ਼ਾਦਿ ਲੈਕੇ ਤੁਹਾਨੂੰ ਸ਼ੁਭ ਸਵੇਰ ਆਖਣ ਵਾਸਤੇ ਉਤਾਵਲਾ ਹੋਵੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top