ਇਹ
ਗਲ ਬੜੀ ਅਫਸੋਸ ਵਾਲੀ ਹੈ ਕਿ ਸਿੱਖ ਜਗਤ ਦੀਆਂ ਜੁੰਮੇਵਾਰ ਹਸਤੀਆਂ ਆਪਣੀ ਕੌਮ ਦਾ ਮਾਣ ਸਨਮਾਨ
ਵਧਾਉਣ ਲਈ ਕੰਮ ਕਰਨ ਦੀ ਥਾਂ ਖੁਦ ਹੀ ਸਿੱਖ ਕੌਮ ਦੇ ਨਿਰਾਦਰ ਕਰਨ ਦਾ ਕਾਰਨ ਬਣ ਰਹੀਆਂ ਹਨ।
ਅਜੇ ਕੁਝ ਸਮਾਂ ਹੀ ਹੋਇਆ ਹੈ ਕਿ ਪੱਛਮੀ ਦਿਲੀ ਦੇ ਇਕ ਸਮਾਰੋਹ ਵਿਚ
ਭਾਜਪਾ ਦੀ ਸਾਧਵੀ ਨਰਿੰਜਣ ਜਯੋਤੀ ਨੇ ਆਪਣੀ ਪਾਰਟੀ ਦੀ ਸਰਕਾਰ ਨੂੰ ਰਾਮਜ਼ਾਦੇ ਅਤੇ ਹੋਰਾਂ ਨੂੰ
ਤੁਕਬੰਦੀ ਨਾਲ ਰਲਦੀ ਗ੍ਹਾਲ ਕੱਢ ਕੇ ਭਾਰੀ ਵਿਵਾਦ ਹੀ ਖੜ੍ਹਾ ਨਹੀਂ ਕੀਤਾ ਸਗੋਂ ਸਭ ਦੇਸ਼
ਵਾਸੀਆਂ ਦਾ ਨਿਰਾਦਰ ਵੀ ਕੀਤਾ ਸੀ।
ਇਹ ਗਿਰਾਵਟ ਦੀ ਹੱਦ ਹੀ ਹੈ ਕਿ ਦਿੱਲੀ ਸਿੱਖ ਗੁਰਦੁਵਾਰਾ ਪ੍ਰਬੰਧਕ
ਕਮੇਟੀ ਦੇ ਜਨਰਲ ਸਕੱਤਰ ਸਾਹਿਬ ਨੇ ਗਾਲ ਕੱਢਣ ਵਾਲੀ ਸਾਧਵੀ ਨੂੰ ਪਿੱਛੋਂ ਸਿਰੋਪਾਉ ਦੇ ਕੇ
ਸਨਮਾਨਤ ਵੀ ਕੀਤਾ। ਪੰਥਪ੍ਰਸਤ ਲੋਕ ਇਹ ਜਾਨਣਾਂ ਚਾਹੁੰਦੇ ਹਨ ਅਕਾਲੀ ਦਲ ਬਾਦਲ ਦਿੱਲੀ ਯੂਨਿਟ
ਨੇ ਅਜੇ ਤੱਕ ਵੀ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਆਪਣੇ ਆਪ ਨੂੰ ਸਾਧਵੀ ਮੁਤਾਬਕ, ਰਾਮਜ਼ਾਦਿਆਂ
ਜਾਂ……ਦੀ ਕਿਸ ਸ਼੍ਰੇਣੀ ਵਿਚ ਸ਼ਾਮਲ ਸਮਝਦੇ ਹਨ।
ਸਾਧਵੀ ਦਾ ਪਾਇਆ ਕਲੇਸ਼ ਅਜੇ ਖਤਮ ਵੀ ਨਹੀਂ ਹੋਇਆ ਕਿ ਹੁਣ ਸ਼੍ਰੋਮਣੀ
ਕਮੇਟੀ ਪ੍ਰਧਾਨ ਜੱਥੇਦਰ ਅਵਤਾਰ ਸਿੰਘ ਮੱਕੜ ਨੇ ਸਿੱਖ ਰਹਿਤ ਮਰਿਯਾਦਾ ਦੇ ਉਲਟ ਜਾਂਦੇ ਹੋਏ,
ਇਹ ਕਹਿਕੇ ਤੁਫਾਨ ਖੜ੍ਹਾ ਕਰ ਦਿੱਤਾ ਕਿ ਦਾਹੜਾ ਰੰਗਣ ਵਾਲਾ ਸਿੱਖ ਪਤਿਤ ਹੁੰਦਾ ਹੈ। ਜਦਕਿ
ਦਾਹੜ੍ਹਾ ਰੰਗਣ ਵਾਲੇ ਨੂੰ ਸਿੱਖ ਰਹਿਤ ਮਰਿਯਾਦਾ ‘ਚ ਤਨਖਾਹੀਆ ਲਿਖਿਆ ਗਿਆ ਹੈ। ਜੇਕਰ ਮੱਕੜ
ਸਾਬ ਦਾ ਕਥਨ ਠੀਕ ਮੰਨ ਲਿਆ ਜਾਵੇ ਤਾਂ ਸ਼੍ਰੋਮਣੀ ਕਮੇਟੀ ਅਤੇ ਦਿਲੀ ਕਮੇਟੀ ਦੇ ਕਈ ਮੈਂਬਰਾਂ
ਦੀ ਮੈਂਬਰਸ਼ਿਪ ਹੀ ਅਯੋਗ ਸਿੱਧ ਹੋ ਜਾਂਦੀ ਹੈ।
ਇਸ ਮੰਦਭਾਗੇ ਵਰਤਾਰੇ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ
ਸੇਵਾਦਾਰ ਗੁਰਬਚਨ ਸਿੰਘ ਦੀ ਖਾਮੋਸ਼ੀ ਵੀ ਆਪਣੇ ਆਪ ‘ਚ ਕਈ ਸਵਾਲ ਖੜ੍ਹੇ ਕਰਦੀ ਹੈ।