Share on Facebook

Main News Page

ਆਰ.ਐਸ.ਐਸ. ਨੂੰ ਜੇ ਅੱਠ ਸੌ ਸਾਲ ਦੀ ਗੁਲਾਮੀ ਯਾਦ ਹੈ, ਤਾਂ ਗੁਲਾਮੀ ਦੀਆਂ ਜੰਜੀਰਾਂ ਕੱਟਣ ਵਾਲਿਆਂ ਨੂੰ ਭੁੱਲਣਾ ਵੀ ਤਾਂ ਅਹਿਸਾਨ ਫਰਾਮੋਸ਼ੀ ਹੈ
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਬੀਤੇ ਦਿਨੀ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵੱਡੇ ਆਗੂ ਅਸ਼ੋਕ ਸਿੰਘਲ ਅਤੇ ਆਰ.ਐਸ.ਐਸ. ਦੇ ਮੁਖੀ ਮੋਹਨ ਭਗਵਤ ਨੇ ਇੱਕ ਬਿਆਨ ਦੇ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਸੀ ਕਿ ਅੱਠ ਸੌ ਸਾਲ ਦੀ ਗੁਲਾਮੀ ਤੋਂ ਬਾਅਦ ਅੱਜ ਹਿੰਦੂ ਰਾਜ ਹੋਂਦ ਵਿੱਚ ਆਇਆ ਹੈ। ਜਿਸ ਤੇ ਕਿਸੇ ਵੀ ਗੈਰ ਹਿੰਦੂ ਆਗੂ ਨੇ ਕੋਈ ਪ੍ਰਤੀਕਰਮ ਨਹੀਂ ਦਿੱਤਾ। ਜਿਸ ਤੋਂ ਭਾਰਤ ਵਿੱਚ ਵੱਸਦੀਆਂ ਬਾਕੀ ਘੱਟਗਿਣਤੀ ਕੌਮਾਂ ਵੱਲੋਂ ਹਿੰਦੂਰਾਜ ਦੀ ਗੁਲਾਮੀ ਕਬੂਲਣ ਵਾਲੀ ਮਾਨਸਿਕਤਾ ਦੀ ਸਮਝ ਆਉਂਦੀ ਹੈ ਕਿ ਓਹ ਅੱਠ ਸਦੀਆਂ ਦੀ ਗੁਲਾਮੀ ਵਿੱਚੋ ਨਿਕਲੇ ਲੋਕਾਂ ਦੀ ਗੁਲਾਮੀ ਕਬੂਲ ਕਰ ਚੁੱਕੇ ਹਨ। ਖਾਸ ਕਰਕੇ ਸਿੱਖਾਂ ਦੀਆਂ ਜਥੇਬੰਦੀਆਂ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਮੇਤ ਕਿਸੇ ਨੇ ਇਸ ਦਾ ਜਵਾਬ ਦੇਣਾ ਮੁਨਾਸਿਬ ਨਹੀਂ ਸਮਝਿਆ।

ਅੱਜ ਭਾਰਤ ਤੇ ਕੱਟੜਵਾਦੀ ਹਿੰਦੂਤਵੀ ਜਮਾਤ ਆਰ.ਐਸ.ਐਸ. ਦੇ ਰਾਜਸੀ ਵਿੰਗ ਨੇ ਭਾਰਤ ਦੇ ਰਾਜ ਤਖਤ ਉੱਤੇ ਬੜੀ ਲੰਬੀ ਕੂਟਨੀਤਿਕ ਮਿਹਨਤ ਨਾਲ ਕਬਜਾ ਕਰ ਲਿਆ ਹੈ ਅਤੇ ਇਸ ਨੂੰ ਆਪਣੀ ਬੜੀ ਵੱਡੀ ਪ੍ਰਾਪਤੀ ਦੱਸ ਕੇ ਖੁਸ਼ੀ ਵਿੱਚ ਫੁੱਲੇ ਨਹੀਂ ਸਮਾ ਰਹੇ। ਪਰ ਉਹਨਾਂ ਨੂੰ ਇਹ ਖਿਆਲ ਨਹੀਂ ਅੱਜ ਦੇ ਜਮਾਨੇ ਵਿਚ ਕਿਸੇ ਧਰਮ ਜਾਂ ਕਿਸੇ ਖਾਸ ਫਿਰਕੇ ਦੀ ਕੱਟੜਤਾ ਦਾ ਰਾਜ ਨਹੀਂ ਆਖਿਆ ਜਾ ਸਕਦਾ ਕਿਉਂਕਿ ਅੱਜ ਰਾਜ ਵੋਟਾਂ ਦਾ ਹੈ ਅਤੇ ਵੋਟ ਰਾਜ ਜਦੋਂ ਲੋਕ ਕਿਸੇ ਨੂੰ ਦਿੰਦੇ ਹਨ ਤਾਂ ਓਹ ਕਿਸੇ ਜਾਤ ਧਰਮ ਨੂੰ ਵੋਟ ਨਹੀਂ ਪਾਉਂਦੇ। ਸਗੋਂ ਪਹਿਲਾਂ ਚਲਦੇ ਰਾਜ ਦੇ ਬਦਲਾਅ ਵਾਸਤੇ ਆਪਣੀ ਵੋਟ ਦਾ ਇਸਤੇ ਮਾਲ ਕਰਦੇ ਹਨ ਕਿ ਓਹ ਪਹਿਲੇ ਰਾਜ ਦੇ ਪ੍ਰਬੰਧ ਤੋਂ ਨਾ ਖੁਸ਼ ਸਨ। ਇਸ ਵਾਸਤੇ ਲੋਕਾਂ ਵੱਲੋਂ ਦਿੱਤੀ ਜਿੰਮੇਵਾਰੀ ਅਤੇ ਫਤਵੇ ਨੂੰ ਕਿਸੇ ਕੱਟੜਵਾਦੀ ਸੋਚ ਨਾਲ ਜੋੜਣਾ ਇੱਕ ਬਹੁਤ ਵੱਡਾ ਗੁਨਾਹ ਹੈ ਅਤੇ ਲੋਕਮੱਤ ਨਾਲ ਮਜਾਕ ਹੀ ਨਹੀਂ ਸਗੋਂ ਵੋਟ ਪ੍ਰਣਾਲੀ ਨਾਲ ਇੱਕ ਧੋਖਾ ਵੀ ਹੈ। ਲੇਕਿਨ ਹੈਰਾਨੀ ਦੀ ਗੱਲ ਇਹ ਹੈ ਕਿ ਅਜਿਹੀ ਵੱਡੀ ਅਵੱਗਿਆ ਹੋਣ ਤੇ ਵੀ ਕਿਸੇ ਨੇ ਕੁਸਕਣ ਦੀ ਜੁਅਰਤ ਨਹੀਂ ਕੀਤੀ।

ਬੇਸ਼ੱਕ ਆਰ.ਐਸ.ਐਸ ਜਾਂ ਕੋਈ ਹੋਰ ਕੱਟੜਵਾਦੀ ਜਮਾਤ ਅੱਜ ਹਿੰਦੂ ਰਾਜ ਦਾ ਦਾਅਵਾ ਕਰੇ ਅਤੇ ਫਿਰ ਅੱਠ ਸੌ ਸਾਲ ਦੀ ਗੁਲਾਮੀ ਨੂੰ ਵੀ ਚੇਤੇ ਰੱਖੇ, ਪਰ ਇਸ ਗੁਲਾਮੀ ਨੂੰ ਗਲੋਂ ਲਾਹੁਣ ਵਾਸਤੇ ਜਿਹਨਾਂ ਲੋਕਾਂ ਨੇ ਕਰੜੀ ਘਾਲਣਾ ਘਾਲੀ ਹੈ, ਉਹਨਾਂ ਨੂੰ ਸੰਕੇਤ ਮਾਤਰ ਵੀ ਯਾਦ ਨਾ ਕਰੇ, ਤਾਂ ਇਸਤੋਂ ਵੱਡੀ ਅਹਿਸਾਨ ਫਰਾਮੋਸ਼ੀ ਕੋਈ ਹੋਰ ਨਹੀਂ ਹੋ ਸਕਦੀ। ਆਰ.ਐਸ.ਐਸ. ਨੂੰ ਅੱਜ ਦੇ ਹਿੰਦੋਸਤਾਨ ਨਹੀਂ ਸਗੋਂ ਭਾਰਤ ਤੇ ਕਿਸੇ ਰਾਜ ਦੀ ਚਰਚਾ ਕਰਦਿਆਂ ਇਹ ਵੀ ਖਿਆਲ ਰਖਣਾ ਚਾਹੀਦਾ ਸੀ ਕਿ ਦਸ ਸਦੀਆਂ ਦੀ ਇਹ ਗੁਲਾਮੀ ਨੂੰ ਗੱਲੋਂ ਲਾਹੁਣ ਵਾਸਤੇ ਭਗਤ ਕਬੀਰ ਜੀ, ਬਾਬਾ ਫਰੀਦ ਜੀ, ਭਗਤ ਰਵਿਦਾਸ ਜੀ ਵਰਗੇ ਅਨੇਕਾਂ ਮਹਾਂਪੁਰਖਾਂ ਨੇ ਜਿਥੇ ਉੱਦਮ ਕੀਤਾ, ੳੱਥੇ ਇਸ ਉਦਮ ਨੂੰ ਇੱਕ ਫੈਸਲਾਕੁੰਨ ਲੜਾਈ ਬਣਾਕੇ ਲੜਣ ਦੀ ਆਰੰਭਤਾ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਹੀ ਕੀਤੀ। ਜਿਹਨਾਂ ਨੇ ਭਾਰਤਵਰਸ਼ ਦੇ ਤਖਤ ਤੇ ਜਬਰੀ ਕਬਜਾ ਜਮਾਈ ਬੈਠੇ ਸਮੇਂ ਦੇ ਬਲਵਾਨ ਹਾਕਮ ਬਾਬਰ ਨੂੰ ਜਾਬਰ ਆਖਕੇ ਵੰਗਾਰਿਆ ਅਤੇ ਸਿਰਫ ਵੰਗਾਰ ਨਹੀਂ ਮਨੁੱਖੀ ਹੱਕਾਂ ਦੀ ਬਹਾਲੀ ਅਤੇ ਗੁਲਾਮੀ ਦੀਆਂ ਜੰਜੀਰ ਨੂੰ ਕੱਟਣ ਵਾਸਤੇ ਬਾਬਰ ਦੀ ਜੇਲ੍ਹ ਵੀ ਕੱਟੀ ਅਤੇ ਆਪਣੀ ਰੂਹਾਨੀ ਸੋਚ ਦੀ ਗਰਮੀ ਨਾਲ ਬਾਬਰ ਦਾ ਪੱਥਰ ਵਰਗਾ ਹਿਰਦਾ ਵੀ ਮੋਮ ਬਣਾ ਦਿੱਤਾ।

ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਆਰ.ਐਸ.ਐਸ. ਦੇ ਵਡੇਰੇ ਭਾਵ ਬ੍ਰਾਹਮਣਵਾਦ ਤਾਂ ਉਸ ਵੇਲੇ ਬਾਬਰ ਦੀ ਸ਼ਾਂਨੀ ਭਰਦਾ ਸੀ ਅਤੇ ਉਲਟਾ ਗੁਰੂ ਨਾਨਕ ਦੀਆਂ ਰੂਹਾਨੀ ਗਤੀਵਿਧੀਆ ਦਾ ਹਰ ਸਮੇਂ ਵਿਰੋਧ ਹੀ ਕੀਤਾ। ਗੁਰੂ ਨਾਨਕ ਦੀ ਵਿਚਾਰਾਧਾਰਾ ਜਿਹੜੇ ਮਨੁੱਖਤਾ ਦੇ ਗਲ ਪਈ ਗੁਲਾਮੀ ਦੀਆਂ ਜੜ੍ਹਾਂ ਉਖੇੜ ਦੇਣੀਆਂ ਚਾਹੁੰਦੇ ਸਨ ਤਾਂ ਕਿ ਹਰ ਮਨੁੱਖ ਆਪਣੇ ਮੌਲਿਕ ਅਧਿਕਾਰਾਂ ਤੋਂ ਵਾਂਝਾ ਨਾ ਰਹੇ ਅਤੇ ਇਸ ਕਾਇਨਾਤ ਵਿਚ ਕੁਦਰਤ ਦੇ ਹਰ ਰੰਗ ਨੂੰ ਭੋਗਣ ਦਾ ਅਨੰਦ ਲੈ ਸਕੇ, ਪਰ ਉਸ ਸਮੇਂ ਦੇ ਆਰ.ਐਸ.ਐਸ. ਦੇ ਵਾਰਿਸ ਆਪਣੀ ਕੌਮ ਦਾ ਸਿਰਫ ਖਿਆਲ ਛੱਡਕੇ ਹੀ ਨਹੀਂ, ਸਗੋਂ ਉਹਨਾਂ ਤੇ ਹੁੰਦੇ ਜੁਲਮਾਂ ਦੀ ਅਣਦੇਖੀ ਕਰਕੇ ਇੱਕ ਤਰਾਂ ਨਾਲ ਹਾਕਮ ਦੀ ਹਮਾਇਤ ਤੇ ਖੜੇ ਸਨ ਅਤੇ ਸਮੇਂ ਦੀ ਹਕੂਮਤ ਵੱਲੋਂ ਢਾਹੇ ਜਾਂਦੇ ਜੁਲਮਾਂ ਨੂੰ ਵੇਖਕੇ ਜਾਬਰ ਹਾਕਮਾਂ ਵਾਂਗੂੰ ਖੁਦ ਵੀ ਕੁਝ ਅਜਿਹੇ ਕਾਰਜ਼ ਕਰਨ ਲੱਗ ਪਏ ਸਨ। ਜਿਸ ਨਾਲ ਸਰਕਾਰੀ ਜਬਰ ਦਾ ਸ਼ਿਕਾਰ ਕੋਈ ਵਿਅਕਤੀ ਜਦੋਂ ਇਹਨਾਂ ਤੋਂ ਕੋਈ ਸਹਾਰਾ ਲੈਣ ਦੀ ਮਨਸ਼ਾ ਨਾਲ ਆਸਰਾ ਤੱਕ ਕੇ ਆਉਂਦਾ ਸੀ ਤਾਂ ਇਹ ਉਹਨਾਂ ਦੀ ਜਖਮੀ ਮਾਨਸਿਕਤਾ ਤੇ ਮਲ੍ਹਮ ਲਾਉਣ ਦੀ ਬਜਾਇ ਰਿਸਦੇ ਜਖਮਾਂ ਦਾ ਜੋਕਾਂ ਵਾਂਗੂੰ ਖੂਨ ਚੂਸਦੇ ਚੂਸਦੇ ਹਾਕਮਾਂ ਵਰਗੇ ਹੀ ਜ਼ਾਲਿਮ ਅਤੇ ਦਰਿੰਦੇ ਹੋ ਨਿਬੜੇ ਸਨ ਅਤੇ ਆਪਣੇ ਮੂੰਹ ਲੱਗੇ ਲਹੂ ਦਾ ਇੰਜ ਸਵਾਦ ਪੈ ਗਿਆ ਸੀ ਕਿ ਜਿਵੇ ਕੁੱਤਾ ਕਿਸੇ ਹੱਡਾਂ ਰੋੜੀ ਵਿੱਚੋਂ ਸੁੱਕਾ ਹੱਡ ਲਿਆਕੇ ਚਬਾਉਂਦਾ ਹੈ ਤਾਂ ਉਸਦੇ ਮਸੂੜਿਆਂ ਵਿਚੋਂ ਖੂਨ ਨਿਕਲਦਾ ਹੈ ਅਤੇ ਓਹ ਕੁੱਤਾ ਉਸ ਖੂਨ ਦੇ ਸਵਾਦ ਨੂੰ ਹੱਡੀ ਵਿੱਚੋ ਰਿਸਦਾ ਖੂਨ ਸਮਝਕੇ ਚੂਸਦਾ ਰਹਿੰਦਾ ਹੈ ਅਤੇ ਜਦੋਂ ਕੋਈ ਉਸਨੂੰ ਵਰਜਦਾ ਹੈ, ਤਾਂ ਕੁੱਤਾ ਉਸਨੂੰ ਸਮਝਣ ਦੀ ਬਜਾਇ ਹਟਾਉਣ ਵਾਲੇ ਨੂੰ ਵੱਢਦਾ ਹੈ, ਕਿ ਸ਼ਾਇਦ ਇਹ ਮੇਰਾ ਸਵਾਦ ਜਾਂ ਖੁਰਾਕ ਖੋਹ ਰਿਹਾ ਹੈ। ਅਜਿਹੀ ਹਾਲਤ ਹੀ ਗੁਰੂ ਨਾਨਕ ਪਾਤਸ਼ਾਹ ਵੇਲੇ ਸੀ, ਬ੍ਰਾਹਮਣਵਾਦ ਵੀ ਆਪੇ ਆਪਣੀ ਹੀ ਕੌਮ ਦਾ ਮੁਗਲਾਂ ਵਾਂਗੂੰ ਖੂਨ ਪੀ ਰਿਹਾ ਸੀ ਜਦੋਂ ਬਾਬਾ ਨਾਨਕ ਨੇ ਵਰਜਿਆ ਤਾਂ ਗੁਰੂ ਨਾਨਕ ਦੇ ਮਗਰ ਵੀ ਹੱਥ ਧੋ ਕੇ ਪਏ ਰਹੇ।

ਲੇਕਿਨ ਇਹ ਗੁਰੂ ਨਾਨਕ ਦੇ ਘਰ ਦੀ ਵੱਡੀ ਵਡਿਆਈ ਹੈ ਕਿ ਮੁਗਲਾਂ ਅਤੇ ਬ੍ਰਾਹਮਣਵਾਦ ਦੇ ਦੋਹਰੇ ਵਿਰੋਧ ਦਾ ਨੰਗੇ ਧੜ੍ਹ ਸਾਹਮਣਾ ਕਰਕੇ ਲੋਕਾਂ ਦੀ ਪੀੜ ਨੂੰ ਹਰਨ ਵਾਸਤੇ ਉੱਦਮ ਜਾਰੀ ਰੱਖਿਆ ਅਤੇ ਕਿਤੇ ਵੀ ਫਰਜਾਂ ਵਿੱਚ ਕੁਤਾਹੀ ਨਾ ਕੀਤੀ ਅਤੇ ਕਦੇ ਸੁਪਨੇ ਵਿੱਚ ਵੀ ਵਿਤਕਰਾ ਨਾ ਕਿਆਸਿਆ। ਹਰ ਪੱਖੋਂ ਲੋਕਾਂ ਦੇ ਗਲ ਪਈ ਇਹ ਗੁਲਾਮੀ ਨੂੰ ਮੁੱਢੋਂ ਖਤਮ ਕਰਨ ਵਾਸਤੇ ਅਮੁੱਕ ਸੰਘਰਸ਼ ਦੀ ਸ਼ੁਰੁਆਤ ਕੀਤੀ। ਜਿਸਨੂੰ ਸਿੱਖ ਗੁਰੂ ਸਹਿਬਾਨ ਨੇ ਪੀੜੀ ਦਰ ਪੀੜੀ ਜਾਰੀ ਰੱਖਿਆ। ਗੁਰੂ ਸਾਹਿਬ ਦੀ ਲੜਾਈ ਸਿਧਾਂਤਕ ਸੀ ਕੋਈ ਜਾਤੀ ਲੜਾਈ ਨਹੀਂ ਸੀ ਨਾ ਕਿਸੇ ਜਾਤ ਅਤੇ ਧਰਮ ਦੇ ਖਿਲਾਫ਼ ਲੜਾਈ ਸੀ। ਗੁਰੂ ਨਾਨਕ ਪਾਤਸ਼ਾਹ ਦੀ ਇਸ ਨਾਨਕਸ਼ਾਹੀ ਸੋਚ ਨੇ ਪੜਾਵਾਰ ਹਾਕਮ ਦੀ ਜਾਂ ਜਾਬਰ ਦੀ ਜਾਤ ਅਤੇ ਧਰਮ ਨੂੰ ਵੇਖੇ ਬਿਨਾਂ ਉਸਨੂੰ ਸਮਝਕੇ ਲੋਕਾਂ ਦੇ ਭਲੇ ਦੀ ਗੱਲ ਕੀਤੀ। ਜਿਥੇ ਹਾਕਮ ਜਬਰ ਕਰਦਾ ਸੀ ਤੇ ਉਸਦਾ ਤਰੀਕਾ ਸਿੱਧਾ ਜੁਲਮ ਵਾਲਾ ਸੀ। ਪਰ ਆਰ.ਐਸ.ਐਸ. ਦੇ ਵਿਰਸਾ ਬ੍ਰਾਹਮਣਵਾਦ ਦਾ ਤਰੀਕਾ ਕੁੱਝ ਅਜਿਹਾ ਸੀ, ਜੋ ਵੇਖਣ ਨੂੰ ਧਾਰਮਿਕ ਸੀ ਅਤੇ ਲੋਕਾਂ ਨੂੰ ਓਵੇਂ ਹੀ ਲੁੱਟਦਾ ਸੀ ਜਿਵੇਂ ਬਾਬਰਕੇ ਲੁੱਟਦੇ ਸਨ। ਇਸ ਲੁੱਟ ਦਾ ਬਾਖੂਬੀ ਵਰਨਣ ਭਗਤ ਕਬੀਰ ਜੀ ਵੀ ਕਰਦੇ ਹਨ। ਉਹਨਾਂ ਸਮਿਆਂ ਵਿੱਚ ਬ੍ਰਾਹਮਣਵਾਦ ਨੇ ਵੀ ਲੋਕਾਂ ਨੂੰ ਸਵਰਗ ਦਾ ਲਾਰਾ ਦੇਕੇ ਲੁੱਟ ਮਚਾ ਰਖੀ ਸੀ ਕਿ ਕੋਈ ਵੀ ਬੰਦਾ ਜਿਹੜਾ ਆਪਣੇ ਘਰ ਦੀਆਂ ਸੋਹਣੀਆਂ ਔਰਤਾਂ, ਗਹਿਣੇ ,ਜਾਇਦਾਦ ਨਕਦੀ ਆਦਿਕ ਕਿਸੇ ਬ੍ਰਾਹਮਣ ਨੂੰ ਦਾਨ ਕਰਕੇ ਹਰਿਦੁਆਰ ਜਾਂ ਬਨਾਰਸ ਦੇ ਤੀਰਥ ਤੇ ਆਪਣੇ ਤਨ ਨੂੰ ਆਰੇ ਨਾਲ ਚਿਰਾ ਲਵੇ ਜਾਂ ਬਡ ਦੇ ਦਰਖਤ ਨਾਲ ਫਾਹਾ ਲੈ ਲਵੇ ਤਾਂ ਓਹ ਸਵਰਗਾਂ ਦਾ ਭਾਗੀ ਬਣਦਾ ਹੈ। ਇਸ ਤਰਾਂ ਬਹੁਤ ਵੱਡੀ ਗਿਣਤੀ ਲੋਕਾਂ ਨੇ ਕੀਤਾ ਅਤੇ ਘਰ ਬਾਰ ,ਇਜ਼ਤਾਂ ਲੁਟਾਕੇ ਜਮਪੁਰੀ ਨੂੰ ਚਲੇ ਗਏ। ਕੀਹ ਇਹ ਜ਼ੁਲਮ ਮੁਗਲ ਬਾਦਸ਼ਾਹੀ ਦੇ ਜ਼ੁਲਮ ਨਾਲੋ ਕਿਸੇ ਕਦਰ ਘੱਟ ਸੀ? ਕੀਹ ਇਹ ਆਰ.ਐਸ.ਐਸ. ਦੇ ਵਾਰਸ ਉਸ ਵੇਲੇ ਜ਼ੁਲਮੀ ਰਾਜ ਤੋਂ ਖਹਿੜਾ ਛੁਡਵਾਉਣ ਵਾਸਤੇ ਕੋਈ ਲੜਾਈ ਲੜ ਰਹੇ ਸਨ ਜਾਂ ਹਕੂਮਤ ਤੋਂ ਬਦਲਵੇਂ ਜ਼ੁਲਮੀ ਹੱਥ ਕੰਡੇ ਅਪਣਾਕੇ ਆਪਣੇ ਲੋਕਾਂ ਦਾ ਸੋਸ਼ਣ ਕਰ ਰਹੇ ਸਨ?

ਇਹਨਾਂ ਹਲਾਤਾਂ ਵਿੱਚ ਜਿਸ ਸਮੇਂ ਤੀਸਰੇ ਨਾਨਕ ਗੁਰੂ ਅਮਰਦਾਸ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਅਕਬਰ ਬਾਦਸ਼ਾਹ ਗੋਇੰਦਵਾਲ ਸਾਹਿਬ ਚੱਲਕੇ ਆਇਆ ਤਾਂ ਗੁਰੂ ਘਰ ਦੀ ਲੰਗਰ ਅਤੇ ਇੱਕ ਪੰਗਤ ਦੀ ਮਰਿਯਾਦਾ ਵੇਖਕੇ ਗਦ ਗਦ ਹੋ ਗਿਆ ਅਤੇ ਤੀਸਰੇ ਪਾਤਸ਼ਾਹ ਨੂੰ ਬੇਨਤੀ ਕਰਨ ਲੱਗਾ ਕਿ ਇਸ ਲੰਗਰ ਦੀ ਸਦੀਵ ਕਾਲ ਸੇਵਾ ਵਾਸਤੇ ਬੋਲੋ ਕਿੰਨੀ ਜਾਇਦਾਦ ਲੱਖ ਜਾਂ ਸਵਾ ਲੱਖ ਏਕੜ ਲੰਗਰ ਦੇ ਨਾਮ ਪਟਾ ਲਿਖ ਦਿੰਦਾ ਹਾਂ। ਇਥੇ ਵੀ ਗੁਰੂ ਸਾਹਿਬ ਨੇ ਆਪਣੇ ਕਿਸੇ ਨਿੱਜ ਸਵਾਰਥ ਨੂੰ ਨਹੀਂ, ਸਗੋਂ ਸਮੁੱਚੀ ਲੋਕਾਈ ਦੇ ਦੁੱਖਾਂ ਅਤੇ ਉਸ ਨਾਲ ਹੋ ਰਹੀਆਂ ਵਧੀਕੀਆਂ ਨੂੰ ਵੇਖਦਿਆਂ ਅਕਬਰ ਬਾਦਸ਼ਾਹ ਨੂੰ ਆਖਿਆ ਕਿ ਇਹ ਲੰਗਰ ਤਾਂ ਅਕਾਲ ਪੁਰਖ ਦੀ ਰਹਿਮਤ ਅਤੇ ਸਾਫ਼ ਸੁਥਰੀ ਸੇਵਾ ਨਾਲ ਸੰਗਤ ਦੇ ਤਿਲ ਫੁੱਲ ਰਾਹੀ ਹੀ ਸਦੀਵ ਕਾਲ ਚੱਲ ਸਕਦੇ ਹਨ, ਤੁਸੀਂ ਬਾਦਸ਼ਾਹ ਹੋ ਤੇ ਲੋਕਾਂ ਦੇ ਭਲੇ ਦਾ ਕੰਮ ਕਰੋ, ਇੱਕ ਤਾਂ ਸਤੀ ਪ੍ਰਥਾ ਨੂੰ ਤਰੁੰਤ ਬੰਦ ਕਰਵਾਓ ਤਾਂ ਕਿ ਇਸਤਰੀ ਜਾਤੀ ਨਾਲ ਵਿਤਕਰਾ ਬੰਦ ਹੋਵੇ ਦੂਸਰਾ ਹਰਿਦਵਾਰ ਅਤੇ ਬਨਾਰਸ ਵਿਚ ਪਏ ਆਰੇ ਚੁੱਕਵਾ ਦਿਓ ਅਤੇ ਬਡ ਦੇ ਦਰਖਤ ਵੱਢਵਾ ਕੇ ਭੋਲੇ ਭਾਲੇ ਲੋਕਾਂ ਦਾ ਕੁਝ ਸ਼ਾਤਰ ਬੰਦਿਆਂ ਵੱਲੋਂ ਕੀਤਾ ਜਾ ਰਿਹਾ ਸੋਸ਼ਣ ਬੰਦ ਕਰਵਾਓ। ਇਹ ਕੰਮ ਅਕਬਰ ਬਾਦਸ਼ਾਹ ਨੇ ਗੁਰੂ ਸਾਹਿਬ ਦਾ ਹੁਕਮ ਸਮਝਕੇ ਕਰਵਾਏ।

ਪੰਜਵੇਂ ਨਾਨਕ ਗੁਰੂ ਅਰਜਨ ਦੇਵ ਦਾ ਤੱਤੀ ਤਵੀ 'ਤੇ ਬੈਠਣਾ ਕੋਈ ਇਤਫਾਕ ਨਹੀਂ ਸੀ, ਸਗੋਂ ਜਦੋਂ ਇੱਕ ਮਨੁੱਖੀ ਆਜ਼ਾਦੀ ਦੇ ਰੂਹਾਨੀ ਕਲਾਮ ਨੂੰ ਜਿਲਦ ਬੰਦ ਕਰਕੇ ਪੋਥੀ ਸਾਹਿਬ ਦਾ ਨਿਰਮਾਣ ਕਰ ਲਿਆ ਅਤੇ ਲੋਕਾਂ ਨੂੰ ਸਦੀਵੀ ਅਗਵਾਈ ਦੇਣ ਵਾਲਾ ਇੱਕ ਸਰੋਤ ਪ੍ਰਗਟ ਕਰ ਦਿੱਤਾ ਤਾਂ ਜਹਾਗੀਰ ਬਾਦਸ਼ਾਹ ਤਾਂ ਇੱਕ ਹਾਕਮ ਸੀ ਉਸਦਾ ਜ਼ੁਲਮ ਖਤਮ ਹੋ ਰਿਹਾ ਸੀ, ਉਸਦੇ ਖਿਲਾਫ਼ ਬਗਾਵਤੀ ਐਲਾਨ ਹੋ ਰਿਹਾ ਸੀ, ਪਰ ਇਥੇ ਵੀ ਚੰਦੁ ਦੇ ਰੂਪ ਵਿੱਚ ਆਰ.ਐਸ.ਐਸ. ਨੇ ਗੁਰੂਆਂ ਦੀ ਗੁਲਾਮੀ ਗਲੋਂ ਲਾਹੁਣ ਵਾਲੀ ਸੋਚ ਦੇ ਖਿਲਾਫ਼ ਭੁਗਤਕੇ ਆਪਣਾ ਨਾਮ ਗਦਾਰਾਂ ਦੀ ਸੂਚੀ ਵਿੱਚ ਦਰਜ ਕਰਵਾਇਆ। ਇਹ ਸਿਲਸਲਾ ਗੁਰੂ ਕਿਆਂ ਦੇ ਨਾਲ ਬਰਾਬਰ ਚਲਦਾ ਆਇਆ ਹੈ। ਨੌਵੇਂ ਨਾਨਕ ਨੇ ਇਹ ਪਤਾ ਹੁੰਦੇ ਹੋਏ ਵੀ ਕਿ ਚੰਦੂ ਨੇ ਮੇਰੇ ਦਾਦੇ ਗੁਰੂ ਅਰਜਨ ਜੀ ਦੇ ਸਿਰ ਵਿੱਚ ਤੱਤੀ ਰੇਤ ਪਵਾਉਣ ਅਤੇ ਤੱਤੀ ਤਵੀ ਤੇ ਬਿਠਾਉਣ ਵਿੱਚ ਹਾਂਮੀਂ ਹੀ ਨਹੀਂ ਭਰੀ ਸਗੋਂ ਵੱਡਾ ਯੋਗਦਾਨ ਪਾਇਆ ਸੀ, ਫਿਰ ਵੀ ਪੰਡਿਤ ਕਿਰਪਾ ਰਾਮ ਦੀ ਇੱਕ ਬੇਨਤੀ ਤੇ ਹੀ ਸਤਿਗੁਰ ਤੇਗ ਬਹਾਦਰ ਜੀ ਦਿੱਲੀ ਸੀਸ ਦੇਣ ਵਾਸਤੇ ਨਝਿਜਕ ਹੋ ਕੇ ਤੁਰ ਪਏ।

ਜੇ ਗੁਰੂ ਨਾਨਕ ਦਾ ਦਰ ਘਰ ਸ਼ਹਾਦਤਾਂ ਦੀ ਝੜੀ ਨਾ ਲਾਉਂਦਾ ਤਾਂ ਅਲਾਹ ਯਾਰ ਖਾਂ ਜੋਗੀ ਦੀ ਲਿਖਤ ‘‘ਨਾ ਕਹੂੰ ਅਬ ਕੀ ਨਾ ਕਹੂੰ ਜਬ ਕੀ, ਬਾਤ ਕਹੂੰ ਮੈਂ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੋਤੀ ਸਭ ਕੀ’’ ਦੇ ਅਨੁਸਾਰ ਇੱਥੇ ਸਾਰੇ ਪਾਸੇ ਇਸਲਾਮ ਹੀ ਨਜਰ ਆਉਣਾ ਸੀ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਡੁੱਲੇ ਖੂਨ ਨਾਲ ਗਿੱਲੀ ਧਰਤੀ ਹਾਲੇ ਸੁੱਕੀ ਵੀ ਨਹੀਂ ਸੀ ਕਿ ਔਰੰਗਜ਼ੇਬ ਕੋਲ ਗੁਰੂ ਗੋਬਿੰਦ ਸਿੰਘ ਦੀਆਂ ਜੰਗੀ ਤਿਆਰੀਆਂ ਦੀ ਸ਼ਕਾਇਤ ਲੈਕੇ ਜਾਣ ਵਾਲੇ ਵੀ ਸਾਰੇ ਬਾਈ ਧਾਰਾਂ ਦੇ ਹਿੰਦੂ ਰਾਜੇ ਹੀ ਸਨ ਅਤੇ ਗੁਰੂ ਗੋਬਿੰਦ ਸਿੰਘ ਨਾਲ ਪਹਿਲੀ ਜੰਗ ਲੜਣ ਵਾਲੇ ਵੀ ਰਾਜਾ ਮੇਦਨੀ ਪ੍ਰਸ਼ਾਦ ਵਗੈਰਾ ਵੀ ਤਾਂ ਆਰ.ਐਸ.ਐਸ. ਦੇ ਹੀ ਵਡੇਰੇ ਸਨ।

ਮੁੱਕਦੀ ਗੱਲ ਕਿ ਗਿਣਤੀ ਦੇ ਕੁੱਝ ਹਿੰਦੂ ਨਾਵਾਂ, ਓਹ ਵੀ ਆਰ.ਐਸ.ਐਸ. ਦੀ ਸੋਚ ਦੇ ਧਾਰਨੀ ਨਹੀਂ ਸਨ, ਸਗੋਂ ਗੁਰੂ ਨਾਨਕ ਦੇ ਪਾਰਸ ਵਰਗੇ ਵਿਚਾਰਾਂ ਦੇ ਸਪਰਸ਼ ਨਾਲ ਸੋਨਾ ਬਣ ਚੁਕੇ ਸਨ, ਜਿਹਨਾਂ ਵਿੱਚ ਦੀਵਾਨ ਟੋਡਰ ਮੱਲ ਅਤੇ ਦੀਵਾਨ ਕੌੜਾ ਮੱਲ ਵਰਗੇ ਪੋਟਿਆਂ ਤੇ ਗਿਣੇ ਜਾਣ ਵਾਲੇ ਸੱਚ ਦੇ ਪੁਜਾਰੀ ਪੁਰਸ਼ਾਂ ਨੂੰ ਛੱਡਕੇ, ਕਿਸੇ ਵੀ ਆਗੂ ਨੁੰਮਾਂ ਬੰਦੇ ਨੇ, ਬੇਸ਼ੱਕ ਓਹ ਧਾਰਮਿਕ ਜਾਂ ਰਾਜਸੀ ਖੇਤਰ ਦਾ ਕਿਉਂ ਨਾ ਹੋਵੇ, ਕਿਸੇ ਨੇ ਵੀ ਸਿੱਖਾਂ ਵਾਸਤੇ ਜਾਂ ਹਿੰਦੁਆਂ ਦੀ ਗੁਲਾਮੀ ਵਾਸਤੇ ਹਾਅ ਦਾ ਨਾਹਰਾ ਤਾਂ ਕੀਹ ਮਾਰਨਾ ਸੀ, ਸਗੋਂ ਗੁਰੂ ਘਰ ਦਾ ਜ਼ੁਲਮ ਦੀ ਲੜਾਈ ਵਿੱਚ ਸਾਥ ਦੇਣ ਦੀ ਥਾਂ ਵਿਰੋਧ ਕੀਤਾ। ਫਿਰ ਵੀ ਆਪਣੇ ਸਰਬੰਸ ਵਾਰਨ ਤੱਕ ਦੀ ਨੌਬਤ ਆ ਜਾਣ ਤੇ ਵੀ ਗੁਰੂ ਸਾਹਿਬ ਨੇ 239 ਸਾਲ ਅਰੁੱਕ ਸੰਘਰਸ਼ ਕੀਤਾ ਤੇ ਜ਼ੁਲਮੀ ਰਾਜ ਦੀਆਂ ਦਸ ਸਦੀਆਂ ਪੁਰਾਣੀਆਂ ਜੜਾ ਉਖੇੜ ਦਿੱਤੀਆਂ। ਗੁਰੂ ਸਾਹਿਬ ਦੇ ਸਰੀਰਕ ਵਿਛੋੜੇ ਉਪਰੰਤ ਵੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਸਿੱਖ ਪੰਥ ਨੇ 1708 ਤੋਂ 1947 ਤੱਕ ਇੱਕ ਨਹੀਂ ਕਈ ਤਰਾਂ ਦੀ ਗੁਲਾਮੀ ਨੂੰ ਖਤਮ ਕਰਨ ਵਾਸਤੇ ਸੰਘਰਸ਼ ਕੀਤਾ ਅਤੇ ਹਮੇਸ਼ਾਂ ਆਰ.ਐਸ.ਐਸ. ਦੇ ਵਾਰਸਾਂ ਨੇ ਦੁਸ਼ਮਨ ਦਾ ਹੀ ਸਾਥ ਦਿੱਤਾ। ਲੇਕਿਨ ਜਦੋਂ ਅਜੋਕੇ ਯੁੱਗ ਵਿੱਚ ਵੋਟ ਰਾਜ ਅਤੇ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਨੂੰ ਛਿੱਕੇ ਟੰਗਕੇ ਬਦਨੀਤੀ ਨਾਲ ਆਰ.ਐਸ.ਐਸ. ਹਰ ਘੱਟ ਗਿਣਤੀ ਵਾਸਤੇ ਚਕਰਵਿਊ ਹੀ ਬਣਾਉਦੀ ਰਹੀ ਹੈ।

ਖਾਸ ਕਰਕੇ ਸਿੱਖਾਂ ਨੂੰ ਫਸਾਉਣ ਦੀ ਵਧੇਰੇ ਕੋਸ਼ਿਸ਼ ਰਹੀ ਹੈ। ਅੱਜ ਰਾਜ ਭਾਗ ਮਿਲ ਜਾਣ ਤੇ ਸਿੱਖ ਗੁਰੂ ਸਹਿਬਾਨ ਅਤੇ ਸਿੱਖ ਪੰਥ ਦੇ ਵੱਲੋਂ ਸਦੀਆਂ ਦੀ ਗੁਲਾਮੀ ਨੂੰ ਖਤਮ ਕਰਨ ਵਾਸਤੇ ਵਹਾਏ ਲਹੂ ਦਾ ਜਿਕਰ ਨਾ ਕਰਕੇ ਇਨਸਾਨੀਅਤ ਨੂੰ ਸ਼ਰਮਸ਼ਾਰ ਕੀਤਾ ਹੈ। ਜਿਥੇ ਇਹ ਆਰ.ਐਸ.ਐਸ. ਦੀ ਸਿੱਖਾਂ ਅਤੇ ਹੋਰ ਦੇਸ਼ ਭਗਤਾਂ ਪ੍ਰਤੀ ਅਹਿਸਾਨ ਫਰਾਮੋਸ਼ੀ ਹੈ ਤਾਂ ਹੈ ਹੀ, ਪਰ ਘੱਟ ਗਿਣਤੀਆਂ ਵਾਸਤੇ ਭਵਿੱਖ ਦੇ ਖਤਰੇ ਦਾ ਇੱਕ ਸੰਕੇਤ ਵੀ ਹੈ, ਜਿਸ ਤੇ ਸਿੱਖਾਂ ਨੂੰ ਬਾਜ਼ ਅੱਖ ਰੱਖਣੀ ਚਾਹੀਦੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top