Share on Facebook

Main News Page

ਰਾਮ ਰਹੀਮ ਠੱਗ ਬਾਬੇ ਰਾਮਪਾਲ ਨਾਲ਼ੋਂ ਵੀ ਦਸ ਗੁਣਾਂ ਵਧੇਰੇ ਖ਼ਤਰਨਾਕ
-: ਨਿਰਮਲ ਸਿੰਘ ਕੰਧਾਲਵੀ

ਹੁਣ ਤੱਕ ਕਈ ਕਿੱਸੇ ਸਾਹਮਣੇ ਆ ਚੁੱਕੇ ਹਨ ਕਿ ਲੜਕੀਆਂ ਦੇ ਸਕੂਲਾਂ ਵਿਚੋਂ ਧੋਖੇ ਨਾਲ ਬੱਚੀਆਂ ਨੂੰ ਸਿਰਸੇ ਵਾਲ਼ੇ ਡੇਰੇ ਵਿਚ ਲੇਡੀ ਟੀਚਰਾਂ ਦੀ ਮਿਲੀ ਭੁਗਤ ਨਾਲ ਲਿਜਾਇਆ ਗਿਆ ਹੈ। ਜਦੋਂ ਮਾਪਿਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਇਤਰਾਜ਼ ਕੀਤਾ ਤੇ ਇਹਨਾਂ ਸਕੂਲਾਂ ਨੇ ਵਿੰਗੀ ਟੇਢੀ ਸਫ਼ਾਈ ਪੇਸ਼ ਕਰ ਕੇ ਮੁਆਫ਼ੀ ਮੰਗ ਲਈ ਪਰ ਲਗਦਾ ਨਹੀਂ ਕਿ ਕੋਈ ਠੋਸ ਕਦਮ ਚੁੱਕਿਆ ਗਿਆ ਹੋਵੇ।

ਹੁਣ ਇੰਡੀਅਨ ਨੈਸ਼ਨਲ ਸਟੂਡੈਂਟਸ ਆਰਗੇਨਾਈਜ਼ੇਸ਼ਨ ਦੇ ਕੌਮੀ ਪ੍ਰਧਾਨ ਦਿਗਵਿਜੈ ਚੌਟਾਲਾ ਨੇ ਇਹ ਮਾਮਲਾ ਚੁੱਕਿਆ ਹੈ ਤੇ ਇਕ ਸਕੂਲ ਵਲੋਂ ਰਾਮ ਰਹੀਮ ਦੇ ਡੇਰੇ ਵਿਚ ਲਿਜਾਈਆਂ ਗਈਆਂ ਲੜਕੀਆਂ ਦੇ ਪਿੰਡ ਜਾ ਕੇ ਬੱਚੀਆਂ ਅਤੇ ਮਾਪਿਆਂ ਨਾਲ਼ ਮੁਲਾਕਾਤ ਕੀਤੀ ਹੈ ਤੇ ਵੇਰਵੇ ਇਕੱਠੇ ਕੀਤੇ ਹਨ। ਭਾਵੇਂ ਕਿ ਸਕੂਲ ਨੇ ਮੁਆਫ਼ੀ ਮੰਗ ਲਈ ਹੈ ਪਰ ਦਿਗਵਿਜੇ ਨੇ ਕਿਹਾ ਕਿ ਮੁਆਫ਼ੀ ਮੰਗ ਲੈਣੀ ਹੀ ਕਾਫ਼ੀ ਨਹੀਂ ਅਗਾਂਹ ਵਾਸਤੇ ਸਾਰਥਿਕ ਕਦਮ ਚੁੱਕਣੇ ਪੈਣਗੇ ਤਾਂ ਕਿ ਭਵਿੱਖ ਵਿਚ ਅਜਿਹਾ ਨਾ ਹੋਵੇ। ਸਕੂਲਾਂ ਦੇ ਟਰਿੱਪਾਂ ਬਾਰੇ ਮਾਪਿਆਂ ਨੂੰ ਪੂਰੀ ਜਾਣਕਾਰੀ ਦਿੱਤੀ ਜਾਵੇ ਕਿ ਉਹਨਾਂ ਦੇ ਬੱਚੇ ਕਿੱਥੇ ਲਿਜਾਏ ਜਾ ਰਹੇ ਹਨ। ਮਿਸਟਰ ਚੌਟਾਲਾ ਨੇ ਕਿਹਾ ਕਿ ਰਾਮ ਰਹੀਮ ਫੜੇ ਗਏ ਭੇਖੀ ਡੇਰੇਦਾਰ ਰਾਮਪਾਲ ਨਾਲ਼ੋਂ ਵੀ ਦਸ ਗੁਣਾਂ ਵਧੇਰੇ ਖ਼ਤਰਨਾਕ ਹੈ, ਜਿਸ ਉੱਪਰ ਹੱਤਿਆ ਅਤੇ ਬਲਾਤਕਾਰ ਦੇ ਕੇਸ ਚੱਲ ਰਹੇ ਹਨ।

ਬਿਨਾਂ ਦੱਸਿਆਂ ਹੀ, ਵਿਸ਼ੇਸ਼ ਕਰ ਕੇ ਸਕੂਲਾਂ ਦੀਆਂ ਬੱਚੀਆਂ ਨੂੰ ਰਾਮ ਰਹੀਮ ਦੇ ਡੇਰੇ ਵਿਚ ਲਿਜਾਣ ਪਿੱਛੇ ਕੋਈ ਗਹਿਰੀ ਸਾਜ਼ਿਸ਼ ਕੰਮ ਕਰਦੀ ਲਗਦੀ ਹੈ। ਡੇਰੇ ਕੋਲ ਬੇਅੰਤ ਪੈਸਾ ਹੈ ਅਤੇ ਪ੍ਰਸ਼ਾਸਨ ਦੇ ਕਈ ਅਧਿਕਾਰੀ ਉਸ ਦੇ ਚੇਲੇ ਹਨ। ਅੱਜ ਦੇ ਮਾਇਆਧਾਰੀ ਯੁਗ ਵਿਚ ਰਾਮ ਰਹੀਮ ਪੈਸੇ ਦਾ ਲਾਲਚ ਦੇਕੇ ਸਕੂਲਾਂ ਨੂੰ ਖ਼ਰੀਦ ਕੇ ਇਹਨਾਂ ਸਾਜ਼ਿਸ਼ਾਂ ਨੂੰ ਅੰਜਾਮ ਦਿੰਦਾ ਹੋਵੇ।

ਪਾਠਕਾਂ ਨੂੰ ਯਾਦ ਹੋਵੇਗਾ ਕਿ ਲਿਬੀਆ ਦਾ ਡਿਕਟੇਟਰ ਗੱਦਾਫ਼ੀ ਲੜਕੀਆਂ ਦੇ ਸਕੂਲਾਂ ਦਾ ਮੁਆਇਨਾ ਕਰਨ ਦੇ ਬਹਾਨੇ ਜਾਂਦਾ ਹੁੰਦਾ ਸੀ। ਉਸ ਦੇ ਸਵਾਗਤ ਲਈ ਲੜਕੀਆਂ ਨੂੰ ਲਾਈਨਾਂ ਵਿਚ ਖੜ੍ਹੀਆਂ ਕਰ ਦਿੱਤਾ ਜਾਂਦਾ ਸੀ ਤੇ ਉਹ ਅੱਗੋਂ ਲੰਘਦਾ ਲੰਘਦਾ ਜਿਸ ਲੜਕੀ ਦੇ ਸਿਰ ‘ਤੇ ਹੱਥ ਰੱਖ ਦਿੰਦਾ ਸੀ, ਉਹੀ ਲੜਕੀ ਉਸ ਦੇ ਹਰਮ ਵਿਚ ਪਹੁੰਚਾ ਦਿਤੀ ਜਾਂਦੀ ਸੀ।

ਰਾਮ ਰਹੀਮ ਦੇਸ਼ ਦਾ ਡਿਕਟੇਟਰ ਤਾਂ ਨਹੀਂ ਜੋ ਸਕੂਲਾਂ ‘ਚ ਜਾ ਕੇ ਇੰਜ ਕਰ ਸਕੇ, ਹਾਂ ਉਹ ਆਪਣੇ ਡੇਰੇ ਵਿਚ ਡਿਕਟੇਟਰ ਜ਼ਰੂਰ ਹੈ। ਕਿਤੇ ਉਹ ਸਾਧਵੀਆਂ ਬਣਾਉਣ ਲਈ ਇਹ ਢੰਗ ਤਾਂ ਨਹੀਂ ਵਰਤ ਰਿਹਾ? ਇਸ ਨੁਕਤੇ ‘ਤੇ ਡੂੰਘੀ ਗ਼ੌਰ ਕਰਨ ਦੀ ਲੋੜ ਹੈ। ਮਾਪਿਆਂ ਨੂੰ ਸਕੂਲਾਂ ‘ਤੇ ਵੀ ਕਰੜੀ ਨਿਗਾਹ ਰੱਖਣੀ ਪਵੇਗੀ। ਡੇਰੇ ਨਾਲ਼ ਮਿਲ਼ੇ ਹੋਏ ਸਕੂਲ ਦੇ ਸਟਾਫ਼ ਨੂੰ ਵੀ ਕਰੜੀ ਸਜ਼ਾ ਦਿੱਤੀ ਜਾਵੇ।

ਲੋਕੋ ਚੁਕੰਨੇ ਹੋਵੇ, ਬਹੁਤ ਹੋ ਚੁੱਕਿਆ। ਹਨ੍ਹੇਰੇ ‘ਚੋਂ ਨਿੱਕਲੋ। ਇਹਨਾਂ ਡੇਰਿਆਂ ਨੇ ਹੁਣ ਤਾਈਂ ਪੰਜਾਬ ਦਾ ਬਹੁਤ ਨੁਕਸਾਨ ਕਰ ਦਿਤਾ ਹੈ ਤੇ ਆਉਣ ਵਾਲ਼ੇ ਸਮੇਂ ‘ਚ ਵੀ ਕਰਨਗੇ। ਲੋਕਾਂ ਨੇ ਦੇਖਿਆ ਹੀ ਹੈ ਕਿ ਰਾਮਪਾਲ ਨੂੰ ਫੜਨ ਲਈ ਸਰਕਾਰਾਂ ਦਾ ਕਰੋੜਾਂ ਰੁਪਇਆ ਖ਼ਰਚ ਆਇਆ ਹੈ। ਦਿਗਵਿਜੇ ਨੇ ਕਿਹਾ ਕਿ ਰਾਮ ਪਾਲ ਨੂੰ ਫੜਨ ਲਈ ਏਨਾ ਜ਼ੋਰ ਲਾਉਣਾ ਪਿਆ ਜੇ ਕੱਲ ਨੂੰ ਰਾਮ ਰਹੀਮ ਨੂੰ ਫੜਨਾ ਪਿਆ ਤਾਂ ਕੀ ਹੋਵੇਗਾ? ਇਹ ਡੇਰਿਆਂ ਵਾਲ਼ੇ ਜਿੱਥੇ ਲੋਕਾਂ ਦੀ ਆਰਥਿਕ ਲੁੱਟ ਕਰਦੇ ਹਨ ਉੱਥੇ ਉਹਨਾਂ ਦੀਆਂ ਇੱਜ਼ਤਾਂ ਨਾਲ਼ ਵੀ ਖੇਡਦੇ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top