ਗੁਰਿੰਦਰਪਾਲ ਸਿੰਘ ਧਨੌਲਾ ਦੀ ਵਿਸ਼ੇਸ਼ ਰਿਪੋਰਟ
ਬੇਸ਼ੱਕ
ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਇੱਕ ਭਰੋਸੇ ਯੋਗ ਬੰਦਾ
ਸਮਝਕੇ ਹੀ ਸ਼੍ਰੋਮਣੀ ਕਮੇਟੀ ਮੈਂਬਰ ਤੋਂ ਤਖਤ ਦਮਦਮਾ ਸਾਹਿਬ ਦਾ ਜਥੇਦਾਰ ਨਿਯਕਤ ਕਰ ਵਾਇਆ ਸੀ
ਅਤੇ ਸ਼ੁਰੁਆਤੀ ਦੌਰ ਵਿੱਚ ਜਥੇਦਾਰ ਨੰਦਗੜ੍ਹ ਨੇ ਬਹੁਤ ਸਾਰੇ ਥਾਵਾਂ ‘ਤੇ ਆਪਣੀ ਵਫਾਦਾਰੀ ਨੂੰ
ਬ-ਖੂਬੀ ਨਿਭਾਕੇ ਬਾਦਲਾਂ ਦੇ ਅਹਿਸਾਨ ਚੁਕਾਉਣ ਦਾ ਯਤਨ ਕੀਤਾ। ਲੇਕਿਨ ਕੁੱਝ ਸਮਾਂ ਪਾ ਕੇ ਕਿਸੇ
ਨਾ ਕਿਸੇ ਮੁੱਦੇ ‘ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਬਾਕੀ ਜਥੇਦਾਰਾਂ ਨਾਲ ਮੱਤਭੇਦਾਂ
ਨੂੰ ਲੈਕੇ ਜਥੇਦਾਰ ਨੰਦਗੜ੍ਹ ਦੀ ਖੜ੍ਹਕਣ ਲੱਗ ਪਈ। ਬੇਸ਼ਕ ਜਥੇਦਾਰ ਨੰਦਗੜ ਦੇ ਵਿਰੋਧ ਦੇ
ਬਾਵਜੂਦ ਵੀ ਫੈਸਲੇ, ਓਹ ਹੀ ਹੁੰਦੇ ਰਹੇ ਜੋ ਨਾਗਪੁਰ ਤੋਂ ਵਾਇਆ ਚੰਡੀਗੜ੍ਹ ਹੋ ਕੇ ਆਉਂਦੇ ਸਨ।
ਪਰ ਜਥੇਦਾਰ ਨੰਦਗੜ੍ਹ ਦੇ ਖਿਲਾਫ਼ ਇੱਕ ਕੁੜੱਤਣ ਪੈਦਾ ਹੁੰਦੀ ਗਈ।
ਆਮ ਤੌਰ ‘ਤੇ ਬਹੁਤ ਵਾਰ ਐਸਾ ਵੀ ਹੋਇਆ, ਕਿ ਜਥੇਦਾਰ ਨੰਦਗੜ੍ਹ ਨੂੰ ਆਪਣੀ
ਗੱਲ ਤੋਂ ਟਾਲਾ ਵੀ ਵੱਟਣਾ ਪਿਆ ਅਤੇ ਬਹੁਤ ਸਾਰੀਆਂ ਅਜਿਹਾਂ ਗੱਲਾਂ ਜੋ ਪੰਥ ਦੇ ਭਵਿੱਖ ਵਾਸਤੇ
ਨੁਕਸਾਨਦੇਹ ਸਨ, ਤੇ ਜਥੇਦਾਰ ਨੰਦਗੜ੍ਹ ਨੇ ਉਸਤੇ ਡਟਵਾਂ ਸਟੈਂਡ ਵੀ ਲਿਆ। ਲੇਕਿਨ ਕਿਸੇ ਬੇਵਸੀ
ਦੇ ਚਲਦਿਆਂ ਓਹ ਲਾਗੂ ਹੋ ਜਾਂਦੀਆਂ ਰਹੀਆਂ ਤੇ ਜਥੇਦਾਰ ਨੰਦਗੜ੍ਹ ਫਿਰ ਪ੍ਰੈਸ ਵਿੱਚ ਉਸਦੀ
ਆਲੋਚਨਾ ਵੀ ਕਰਦੇ ਰਹੇ।
ਹੁਣ ਪਿਛਲੇ ਕੁੱਝ ਦਿਨਾਂ ਤੋਂ ਅਕਾਲੀ ਦਲ ਬਾਦਲ ਦੀ
ਮੰਝਧਾਰ ਵਿਚ ਫਸੀ ਸਿਆਸੀ ਕਿਸ਼ਤੀ ਨੂੰ ਕਿਨਾਰੇ ਲਾਉਣ ਵਾਸਤੇ ਦੋਹੇਂ ਬਾਦਲ ਹੁਣ ਕੋਈ ਸਹਾਰਾ
ਲੱਭਦੇ ਫਿਰਦੇ ਅਤੇ ਨਾਲ ਨਾਲ ਇਹ ਵੀ ਕੋਸ਼ਿਸ਼ ਹੈ ਕਿ ਜਿਥੇ ਪੰਥ ਦਾ ਹੁਣ ਤੱਕ ਏਨਾਂ ਨੁਕਸਾਨ
ਕਰਵਾਇਆ ਹੈ, ਉਥੇ ਥੋੜਾ ਹੋਰ ਕਰਵਾਕੇ ਜੇ ਆਰ.ਐਸ.ਐਸ. ਦੀ ਖੁਸ਼ਨੂੰਦੀ ਮਿਲ ਜਾਵੇ, ਤਾਂ ਸਿਆਸੀ
ਕਿਸਮਤ ਵਿੱਚ ਖਿੜਾਓ ਆ ਸਕਦਾ ਹੈ। ਇਸ ਵਾਸਤੇ ਹੁਣ ਨਾਨਕਸ਼ਾਹੀ ਕੈਲੰਡਰ ਨੂੰ ਕਤਲ ਕਰਨ ਦਾ ਮਾਮਲਾ
ਚੁਣਿਆ ਗਿਆ ਹੈ। ਇਸ ਨਾਲ ਸਿਰਫ ਆਰ.ਐਸ.ਐਸ. ਨਹੀਂ ਸਗੋਂ ਸਿੱਖ ਸੰਤ ਯੂਨੀਅਨ (ਸੰਤ ਸਮਾਜ) ਵੀ
ਖੁਸ਼ ਹੋ ਜਾਵੇਗਾ।
ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਜਥੇਦਾਰ ਨੰਦਗੜ੍ਹ ਨੂੰ ਛੱਡਕੇ ਬਾਕੀ
ਤਖਤਾਂ ਦੇ ਜਥੇਦਾਰ, ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਟੌਹੜਾ ਦੇ ਧੜੇ ਵਿਚ ਗਿਣੇ ਜਾਣ
ਵਾਲੇ ਐਗਜੈਕਟਿਵ ਮੈਂਬਰਾਂ ਤੋਂ ਇਲਾਵਾ ਸਭ ਦੀ ਸਹਿਮਤੀ, ਸ. ਸੁਖਬੀਰ ਸਿੰਘ ਬਾਦਲ ਨੇ ਪ੍ਰਾਪਤ
ਕਰ ਲਈ ਹੈ। ਆਲ੍ਹਾ ਮਿਆਰੀ ਸੂਤਰਾਂ ਅਨੁਸਾਰ ਜਥੇਦਾਰ ਨੰਦਗੜ੍ਹ ਨੂੰ ਇਕ ਪਾਸੇ ਅਖੀਰ ਤੱਕ
ਮਨਾਉਣ ਦੀ ਕੋਸ਼ਿਸ਼ ਜਾਰੀ ਰਹੇਗੀ ਤੇ ਦੂਸਰੇ ਪਾਸੇ ਜਥੇਦਾਰ ਨੰਦਗੜ੍ਹ ਦੇ ਜਾਨਸ਼ੀਨ ਦੀ ਜੋਰ ਸ਼ੋਰ
ਭਾਲ ਜਾਰੀ ਹੈ।
ਜਥੇਦਾਰ ਨੰਦਗੜ੍ਹ ਵੱਲੋਂ ਕੱਲ ਖਾਲਿਸਤਾਨ ਬਾਰੇ ਦਿੱਤੇ ਸਖਤ ਬਿਆਨਾਂ
ਤੋਂ ਪ੍ਰਤੀਤ ਹੁੰਦਾ ਹੈ, ਕਿ ਉਹ ਵੀ ਹੁਣ ਮੁੜਕੇ ਉਸ ਤਨਖਾਹ ‘ਤੇ ਕੰਮ ਕਰਨ ਨੂੰ ਤਰਜੀਹ ਦੇਣ
ਦੀ ਥਾਂ, ਪੰਥ ਵਿੱਚ ਆਪਣੀ ਸ਼ਾਖ ਨੂੰ ਬਰਕਾਰ ਰੱਖਣ ਲਈ ਆਪਣੀ ਹਿੰਡ ਤੇ ਅੜੇ ਰਹਿਣਗੇ। ਇਹਨਾਂ
ਹਲਾਤਾਂ ਵਿੱਚ ਜੋ ਸਥਿਤੀ ਬਣਦੀ ਜਾ ਰਹੀ ਹੈ ਕੁੱਲ ਮਿਲਕੇ ਇਹੀ ਪ੍ਰਤੀਤ ਹੁੰਦਾ ਹੈ ਮੂਲ
ਨਾਨਕਸ਼ਾਹੀ ਕੈਲੰਡਰ ਅਤੇ ਸੋਧੇ ਹੋਏ ਧੁੰਮਾਂ ਕੈਲੰਡਰ ਦਾ ਭੋਗ ਪਾ ਕੇ ਬਿਕ੍ਰਮੀ ਕੈਲੰਡਰ ਲਾਗੂ
ਹੋਣਾ ਤਾਂ ਤੈਅ ਹੈ। ਬੇਸ਼ੱਕ ਇਸ ਵਾਸਤੇ ਇੱਕ ਤਖਤ ਦੇ ਜਥੇਦਾਰ ਦੀ ਬਲੀ ਵੀ ਕਿਉਂ ਨਾ ਦੇਣੀ ਪਵੇ।
ਇਸ ਲਈ ਜਥੇਦਾਰ ਨੰਦਗੜ੍ਹ ਦੇ ਸਿਰ ‘ਤੇ ਖਤਰੇ ਦੇ ਬਦਲ ਮੰਡਰਾਉਂਦੇ
ਨਜਰ ਆ ਰਹੇ ਹਨ।