ਗੰਭੀਰ ਸਾਜਿਸ਼ ਤਹਿਤ ਦਰਬਾਰ ਸਾਹਿਬ ਦਾ ਬਦਲਿਆ ਜਾ ਰਿਹਾ
ਹੈ ਆਲ਼ਾ ਦੁਆਲ਼ਾ
-: ਸਰਬਜੀਤ ਸਿੰਘ ਘੁਮਾਣ
"ਨਾ ਸਮਝੋਗੇ ਤੋ ਮਿਟ ਜਾਓਗੇ ਐ ਕੌਮ ਵਾਲੋ,
ਤੁਮ੍ਹਾਰੀ ਦਾਸਤਾਨ ਭੀ ਨਾ ਹੋਗੀ ਦਾਸਤਾਨੋ ਮੇਂ"
ਸਿੱਖਾਂ ਨੂੰ ਸਦਾ ਯਾਦ ਰੱਖਣ ਦੀ ਲੋੜ ਹੈ, ਕਿ ਸ਼ੁਰੂ ਤੋਂ ਹੀ ਇਕ ਧਿਰ ਸਰਗਰਮ ਹੈ ਜਿਸਨੂੰ
ਸਿੱਖੀ ਨਾਲ ਵੈਰ ਹੈ, ਤੇ ਜੋ ਸਿਖੀ ਦੀ ਵਿਲਖਣਤਾ ਤੇ ਵਖਰੇਪਣ ਦੀ ਹਰ ਨਿਸ਼ਾਨੀ, ਸਬੂਤ ਤੇ
ਸਿਧਾਂਤ ਨੂੰ ਨਸ਼ਟ ਕਰ ਦੇਣ ਲਈ ਯਤਨਸ਼ੀਲ ਹੈ। ਹੁਣ ਤਾਂ ਸਿੱਖ ਲੀਡਰਸ਼ਿਪ 'ਤੇ ਵੀ ਬਹੁਤੀ ਆਸ ਨਹੀਂ
ਕਿ ਉਹ ਕੋਈ ਜਿੰਮੇਵਾਰੀ ਨਿਭਾ ਸਕਦੇ ਹਨ, ਸੋ ਹੁਣ ਕੌਮ ਦੀ ਜਿੰਮੇਵਾਰੀ ਹੋਰ ਵੀ ਵਧ ਗਈ ਹੈ।
ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਾਹਰ ਸਰਕਾਰ ਨੇ ਜੋ ਪਲਾਜ਼ਾ ਬਣਾਇਆ
ਹੈ, ਉਸਨੂੰ ਦੇਖਣ ਵਾਲੇ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਆਹ ਤਾਂ ਬੜਾ ਵਧੀਆ ਹੋਗਿਆ, ਕਿੰਨਾ
ਖੁੱਲਾ-ਖੁੱਲਾ ਥਾਂ ਬਣ ਗਿਆ। ਪਰ ਕੌਮ ਦੀ ਵਿਰਾਸਤ ਤੇ
ਭਵਿੱਖ ਬਾਰੇ ਚਿੰਤਾ ਕਰਨ ਵਾਲੇ ਮਾਹਿਰ ਸਮਝਾ ਰਹੇ ਹਨ ਕਿ ਅਸਲ ਵਿੱਚ ਇਸ ਪਲਾਜ਼ੇ ਨੇ ਦਰਬਾਰ
ਸਾਹਿਬ ਕੰਪਲੈਕਸ ਦੀ ਕੁਦਰਤੀ ਦਿੱਖ ਤੇ ਸੁੰਦਰਤਾ ਨੂੰ ਸੱਟ ਮਾਰੀ ਹੈ।
ਮੇਰਾ ਵਿਚਾਰ ਹੈ
ਕਿ ਸਹੂਲਤ ਦੇਣ ਦੇ ਨਾਂ ਹੇਠ ਭਾਰਤੀ ਹਕੂਮਤ ਨੇ ਦਰਬਾਰ ਸਾਹਿਬ ਵਿਰੁਧ ਆਪਣੇ ਏਜੰਡੇ ਨੂੰ
ਲਾਗੂ ਕੀਤਾ ਹੈ। ਜਦ ਕਿਸੇ ਸਥਾਨ ਦੀ ਅਹਿਮੀਅਤ ਘਟਾਉਣੀ ਹੋਵੇ, ਤਾਂ ਉਸਦੇ ਆਲੇ-ਦੁਆਲੇ
ਹੋਰ ਕਈ ਕੁਝ ਹੋਰ ਐਹੋ ਜਿਹਾ ਬਣਾ ਦਈਦਾ ਹੈ ਜਿਸ ਨਾਲ ‘ਧਿਆਨ ਦੀ ਇਕਾਗਰਤਾ’ ਵੰਡੀ ਜਾਵੇ।
ਮੈਂ ਮਹਿਸੂਸ ਕੀਤਾ ਹੈ ਕਿ ਦਰਬਾਰ ਸਾਹਿਬ ਵਲੋਂ ਧਿਆਨ ਦੀ ਇਕਾਗਰਤਾ” ਘਟਾਉਣ ਦੀ ਬਿਰਤੀ
ਵਾਲੇ ਲੋਕ ਬੜੀ ਸਫਾਈ, ਮਸੂਮੀਅਤ ਤੇ ਸਹਿਜਤਾ ਨਾਲ ਅੱਗੇ ਵਧ ਰਹੇ ਹਨ।
ਪਹਿਲਾਂ ਗਲਿਆਰਾ ਬਣਾਇਆ ਗਿਆ ਸੀ, ਜਿਸ ਵਿਚ ਸਵੇਰੇ
ਸਵੇਰੇ ਲੋਕ ਜੌਗਿੰਗ ਕਰਦੇ-ਸੈਰਾਂ ਕਰਦੇ ਇੰਝ ਜਾਪਦੇ ਨੇ ਜਿਵੇਂ ਦਰਬਾਰ ਸਾਹਿਬ ਕੋਈ ਆਮ
ਪਾਰਕ ਦੀ ਥਾਂ ਹੀ ਹੋਵੇ। ੧੯੮੪ ਤੋਂ ਬਾਅਦ ਇਕ ਖਾਸ ਸੋਚ ਤਹਿਤ ਅੰਮ੍ਰਿਤਸਰ ਵਿਚ ਬਹੁਤ
ਸਾਰੇ ਮੰਦਰ ਨਵੇਂ ਉਸਾਰੇ ਗਏ ਹਨ ਜਿੰਨਾਂ ਵਿਚੋਂ ਬਹੁਤੇ ਦਰਬਾਰ ਸਾਹਿਬ ਦੇ ਆਲੇ-ਦੁਆਲੇ
ਬਣਾਏ ਗਏ ਨੇ-ਕਿਸੇ ਨੂੰ ਚਿਤਾ-ਚੇਤਾ ਵੀ ਨਹੀਂ ਕਿ ਇਸਦਾ ਕਿੰਨਾ ਗਲਤ ਅਸਰ ਪੈਣਾ ਹੈ।
ਦਰਬਾਰ ਸਾਹਿਬ ਦੇ ਆਲੇ-ਦੁਆਲੇ ਲਗਾਤਾਰ ਵਧ ਰਹੇ ਮੰਦਰਾਂ ਨੇ
ਸਦੀਆਂ ਬਾਅਦ ਇਹ ਪ੍ਰਭਾਵ ਦੇਣ ਲੱਗ ਪੈਣਾ ਹੈ ਕਿ ਇਹ ਵੀ ਆਲੇ-ਦੁਆਲੇ ਦੇ “ਬਾਕੀ
ਦੇ ਮੰਦਰਾਂ ਵਾਂਗ ਇਕ ਮੰਦਰ” ਹੈ।
ਆਮ ਬੋਲਚਾਲ ਵਿੱਚ ਦਰਬਾਰ ਸਾਹਿਬ ਜੀ ਨੂੰ ਪਹਿਲਾਂ ਹੀ
ਹਰਮੰਦਿਰ ਸਾਹਿਬ ਕਿਹਾ ਜਾਂਦਾ ਹੈ। ਇਹੋ ਜਿਹਿਆਂ ਚਾਲਾਂ ਚੱਲਣ ਵਾਲਿਆਂ ਨੇ ਹੀ
ਪਲਾਜ਼ਾ ਉਸਾਰਨ ਮੌਕੇ ਆਪਣੀ ਫਿਤਰਤ ਦਿਖਾਈ ਹੈ। ਦਰਬਾਰ ਸਾਹਿਬ ਕੰਪਲੈਕਸ ਦੀ ਅਹਿਮੀਅਤ
ਘਟਾਉਣ ਦੀ ਜੋ ਕੁਲਹਿਣੀ ਚਾਲ ਚੱਲੀ ਜਾ ਰਹੀ ਹੈ, ਉਸੇ ਤਹਿਤ ਇਹ ਪਲਾਜ਼ਾ ਬਣਿਆ ਹੈ। ਦਰਬਾਰ
ਸਾਹਿਬ ਕੰਪਲੈਕਸ ਦੀ ਹਰ ਇੱਟ ਵਿਚੋਂ ਸਾਨੂੰ ਸਿੱਖ ਭਵਨ ਉਸਾਰੀ ਕਲਾ ਦੇ ਦਰਸ਼ਨ ਹੁੰਦੇ ਹਨ,
ਹਰ ਗੁੰਬਦ, ਮੰਮਟੀ ਸਾਨੂੰ ਗੁਰੂ ਨਾਲ ਜੁੜਨ ਦਾ ਸੱਦਾ ਦੇ ਰਹੀ ਹੈ, ਪਰ ਹੁਣ ਇਹ ਪਲਾਜ਼ਾ
ਬਣ ਗਿਆ ਹੈ, ਜੋ ਕਿਸੇ ਵੱਡੇ ਕਮਰਸ਼ੀਅਲ ਮਾਲ ਦੇ ਸਾਹਮਣੇ ਬਣੇ ਥਾਂ ਦਾ ਪ੍ਰਭਾਵ ਦਿੰਦਾ
ਹੈ।
ਮਾਹਿਰ ਲੋਕ ਤਾਂ ਪਹਿਲਾਂ ਹੀ ਵਿਰੋਧ ਕਰ ਰਹੇ ਸਨ, ਪਰ ਜਦ ਹੁਣ ਇਹ ਬਣਕੇ ਤਿਆਰ ਹੋਇਆ ਤਾਂ
ਦੇਖਿਆ ਕਿ ਪਹਿਲਾਂ ਕਹਿੰਦੇ ਸੀ, ਇਥੇ ਘਾਹ ਲਾਕੇ, ਦਰਖਤ ਲੱਗਣਗੇ, ਪਰ ਅੱਤ ਦੀ ਗਰਮੀ
ਝੱਲਣ ਵਾਲੇ ਅੰਮ੍ਰਿਤਸਰ ਸ਼ਹਿਰ ਦੇ ਵਾਤਾਵਰਣ ਦਾ ਖਿਆਲ ਰੱਖੇ ਬਿਨਾ, ਅੱਖਾਂ ਨੂੰ ਚੁਭਣ
ਵਾਲਾ ਲਿਸ਼ਕਦਾ ਸਫੈਦ ਪੱਥਰ ਲਾ ਦਿਤਾ ਗਿਆ ਹੈ। ਦਰਬਾਰ ਸਾਹਿਬ
ਦੇ ਆਲੇ-ਦੁਆਲੇ ਦੀ ਸਾਧਾਰਨਤਾ ਮਿਟਾਕੇ, ਇਸਨੂੰ ਕਮਰਸ਼ੀਅਲ ਨਜਰੀਏ ਅਨੁਸਾਰ ਬਣਾਕੇ, ਸਿੱਖ
ਇਤਿਹਾਸ ਨੂੰ ਸੱਟ ਮਾਰੀ ਜਾ ਰਹੀ ਹੈ।
ਗੱਲ ਕੇਵਲ ਇਸ ਪਲਾਜ਼ੇ ਦੀ ਨਹੀਂ, ਸਿੱਖਾਂ ਨੂੰ ਪੂਰੀ ਤਰ੍ਹਾਂ ਅੱਖਾਂ ਖੋਲਕੇ ਚੱਲਣ ਦੀ
ਲੋੜ ਹੈ ਕਿਉਂਕਿ ਸਿੱਖ ਭਵਨ ਉਸਾਰੀ ਕਲਾ ਨੂੰ ਮਲੀਆਮੇਟ ਕਰਕੇ ਮਨਮਰਜ਼ੀ ਨਾਲ ਇਮਾਰਤਾਂ
ਬਣਾਈਆਂ ਜਾ ਰਹੀਆਂ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਮੱਕੜ ਨੂੰ ਕਦੇ ਵੀ
ਅਹਿਸਾਸ ਨਹੀਂ ਹੋ ਸਕਣਾ ਕਿ ਉਹ ਕਿਸ ਤਰਾਂ ਪਾਪ ਕਰ ਰਹੇ ਨੇ।
ਹੋਣਾ ਕੀ ਚਾਹੀਦਾ ਸੀ…
ਗੁਰਦੁਆਰਾ ਸਾਰਾਗੜੀ ਤੋਂ ਗੁਰਦੁਆਰਾ ਸੰਤੋਖਸਰ ਤੱਕ ਸਾਹਿਬ ਦੇ ਵਿਚਕਾਰ ਭਾਈ ਗੁਰਦਾਸ ਹਾਲ
ਤੇ ਜਿਥੇ ਹੁਣ ਨਵੀਂ ਸਰਾਂ ਬਣ ਰਹੀ ਹੈ, ਇਸ ਸਾਰੇ ਇਲਾਕੇ ਵਿੱਚ ਸ਼੍ਰੋਮਣੀ ਕਮੇਟੀ, "ਸਿੱਖ
ਭਵਨ ਉਸਾਰੀ ਕਲਾ" ਦੇ ਹਿਸਾਬ ਨਾਲ ਇਹੋ ਜਿਹਾ ਖੁਲਾ ਪਲਾਜ਼ਾ ਬਣਾ ਲੈਂਦੀ। ਇਸ ਜਗਾ ਦੇ ਨਾਲ
ਹੀ ਪਾਰਕਿੰਗ ਹੈ। ਇਥੇ ਇਕ ਤਰ੍ਹਾਂ ਦਰਬਾਰ ਸਾਹਿਬ ਆਈ ਸੰਗਤ ਦਾ “ਸਵਾਗਤ” ਹੁੰਦਾ। ਇੱਥੇ
ਮੁਢਲੀਆਂ ਲੋੜਾਂ ਪੂਰੀਆਂ ਹੋਣ ਲਈ ਸਭ ਪ੍ਰਬੰਧ ਹੁੰਦੇ। ਇਸ ਥਾਂ ਤੋਂ ਅੱਗੇ ਇਕ ਵੀ
ਗੱਡੀ-ਮੋਟਰ ਨਾ ਜਾ ਸਕਦੀ। ਧਰਮ ਸਿੰਘ ਮਾਰਕਿਟ ਤੋਂ ਦਰਬਾਰ ਸਾਹਿਬ ਬੈਟਰੀ ਨਾਲ ਚਲਣ ਵਾਲੇ
ਰਿਕਸ਼ੇ ਚੱਲਦੇ ਹਨ, ਉਹ ਹੋਰ ਵਧਾਏ ਜਾਂਦੇ। ਦਰਬਾਰ ਸਾਹਿਬ ਜਾਣ ਵਾਲੇ ਹਰ ਸਖਸ਼ ਨੂੰ ਇਸਤੋਂ
ਅੱਗੇ ਇਨ੍ਹਾਂ ਰਾਂਹੀ ਲਿਜਾਇਆ ਜਾਂਦਾ। ਇਹ ਯਕੀਨੀ ਬਣਾਇਆ ਜਾਂਦਾ ਕਿ ਦਰਬਾਰ ਸਾਹਿਬ
ਕੰਪਲੈਕਸ ਦੇ ਆਲੇ-ਦੁਆਲੇ ਦੀ ਦਿੱਖ ਕਦੇ ਵੀ ਨਹੀਂ ਬਦਲੀ ਜਾਵੇ, ਸਗੋਂ ਸੰਭਾਲੀ ਜਾਵੇਗੀ।
ਇਸ ਮਕਸਦ ਦੀ ਪੂਰਤੀ ਲਈ ਜੋ ਕੁਝ ਵੀ ਕਰਨ ਦੀ ਲੋੜ ਸੀ, ਉਹ ਕੀਤਾ ਜਾਂਦਾ ਨਾ ਕਿ ਦਰਬਾਰ
ਸਾਹਿਬ ਦੀ ਅਹਿਮੀਅਤ ਘਟਾਉਣ ਵਾਲੇ ਕੰਮ ਕੀਤੇ ਜਾਂਦੇ।
ਗੁਰਦੁਆਰਾ ਸ਼ਹੀਦਾਂ ਕੋਲ ਵੀ ਇਕ ਹੋਰ ਪਲਾਜ਼ਾ ਬਣਾਇਆ ਜਾਂਦਾ ਤੇ ਸੰਗਤ ਨੂੰ ਉਧਰੋਂ ਵੀ
ਦਰਸ਼ਨ ਦੀਦਾਰੇ ਕਰਵਉਣ ਲਈ ਰਿਕਸ਼ੇ ਲਾਏ ਜਾਂਦੇ। ਇਹ ਗੱਲ ਪੱਕੀ ਹੈ ਕਿ ਇੱਕ ਨਾ ਇੱਕ ਦਿਨ
ਸਾਨੂੰ ਇਹ ਫੈਸਲਾ ਲੈਣਾ ਹੀ ਪੈਣਾ ਹੈ ਕਿ ਦਰਬਾਰ ਸਾਹਿਬ ਕੰਪਲੈਕਸ ਵੱਲ ਆਉਣ ਵਾਲੀਆਂ ਕਾਰਾਂ
ਤੇ ਹੋਰ ਚੀਜਾਂ ਬੰਦ ਕਰਨ ਪੈਣਗੀਆਂ।
ਸਰਕਾਰ ਨੇ ਇਹ ਪਲਾਜ਼ਾ ਬਣਾਕੇ ਦਰਬਾਰ ਸਾਹਿਬ ਦੀ ਕੁਦਰਤੀ ਦਿੱਖ
ਨੂੰ ਸੱਟ ਮਾਰਨ ਵਾਲੀ ਹਰਕਤ ਕਰ ਦਿਤੀ ਹੈ। ਹੁਣ
ਸਰਕਾਰ ਨੇ ਮੁੜਨਾ ਨਹੀਂ, ਪਰ ਹੋਰ ਨੁਕਸਾਨ ਤੋਂ ਬੱਚਣ ਲਈ ਸਿੱਖਾਂ ਨੂੰ ਅੱਖਾਂ ਖੋਲਣ ਦੀ
ਲੋੜ ਹੈ। ਹਰ ਵੇਲੇ ਇਹ ਯਾਦ ਰੱਖਣ ਦੀ ਲੋੜ ਹੈ ਕਿ ਕੋਈ ਧਿਰ ਸਰਗਰਮ ਹੈ ਜਿਸਦਾ
ਨਿਸ਼ਾਨਾ ਦਰਬਾਰ ਸਾਹਿਬ ਦੀ ਅਹਿਮਅਤ ਘਟਾਕੇ ਇਸਨੂੰ ਭਵਿੱਖ ਵਿਚ ਇਕ ਸਾਧਾਰਨ ਸਥਾਨ ਬਣਾ
ਦੇਣ ਦੀ ਨੀਤੀ ਹੈ। ਜਦ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ ਉਸ ਥਾਂ ਮੁੱਖ ਦਰਵਾਜ਼ੇ 'ਤੇ ਦਰਜ਼
ਹੈ, “ਡਿਠੇ ਸਭੇ ਥਾਵ, ਨਹੀ ਤੁਧ ਜੇਹਿਆ” ਦੁਸ਼ਮਣ ਇਸ ਭਾਵਨਾ ਨੂੰ ਮਿਟਾਉਣ ਲਈ ਕਾਹਲਾ ਹੈ,
ਤੇ ਸਿੱਖ ਅਵੇਸਲੇ ਬੈਠੇ ਹਨ।
|
|
|
 |
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ
ਹੈ। ਅਸੀਂ ਅਖੌਤੀ ਦਸਮ
ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ
(ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ,
ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ
ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। |
|
|