ਮੈ ਬਧੀ ਸਭ ਧਰਮਸਾਲ ਹੈ ॥ ਗੁਰਸਿਖਾ ਲਹਦਾ
ਭਾਲਿ ਕੈ ॥ {ਮ:5,ਪੰਨਾ 73-74}
ਅਰਥ: ਗੁਰੂ ਦੇ ਸਿੱਖਾਂ ਨੂੰ ਮੈਂ (ਜਤਨ
ਨਾਲ) ਲੱਭ ਕੇ ਮਿਲਦਾ ਹਾਂ। ਉਹਨਾਂ ਦੀ ਸੰਗਤਿ ਵਿਚ ਬੈਠਣਾ ਮੈਂ ਧਰਮਸਾਲ ਬਣਾਈ ਹੈ, ਜਿਥੇ ਮੈਂ
ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਹਾਂ।
ਗੁਰਦੁਆਰਾ ਹਰ ਸਿੱਖ ਦੇ ਜਨਮ ਤੋਂ ਲੈ ਕੇ ਮੌਤ ਤੱਕ ਦੇ ਸੰਸਕਾਰ ਨਿਭਾਉਣ
ਦਾ ਜਿੱਥੇ ਸਾਂਝਾ ਸਥਾਨ ਹੋਂਦਾ ਹੈ ਉਥੇ ਹੀ ਜਨਮ ਤੇ ਮੌਤ ਦੇ ਵਿਚਕਾਰਲੇ ਜੀਵਨ ਨੂੰ ਸਹੀ ਮਾਅਨੇ
ਅਨੁਸਾਰ ਘੜਨ ਅਤੇ ਹਰ ਪੱਖੋਂ ਤਿਆਰੀ ਕਰਣ ਦੀ ਜਮਾਤੀ ਕਲਾਸ ਦਾ ਸਥਾਨ ਵੀ ਹੈ। ਇੱਥੇ ਭਾਂਵੇ
ਸਾਰੇ ਨਹੀਂ ਪਰ ਬਹੁਤਾਤ ਸਿੱਖ ਪਰਿਵਾਰ ਧਰਮ ਸਿਖਣ, ਧਰਮ ਸਮਝਣ ਜਾਂ ਇਉਂ ਕਹਿ ਲਵੋ ਕਿ ਗੁਰੂ
ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾ ਕੀ ਕਹਿੰਦੀ ਹੈ ਇਹ ਸਮਝਣ ਲਈ ਹੀ ਆਉਂਦੇ ਹਨ। ਗੁਰਦੁਆਰਿਆਂ
ਵਿੱਚ ਸਾਡਾ ਸਿੱਖ ਸਮਾਜ ਆਪਸੀ ਮੇਲ-ਮਿਲਾਪ, ਸੰਗਤੀ ਸਾਂਝ ਦੇ ਨਾਲ ਨਾਲ ਦੁਨੀਆਂ ਦੇ ਰੌਲੇ ਰੱਪੇ
ਤੋਂ ਤੰਗ ਹੋਇਆ ਸ਼ਾਂਤੀ ਦੀ ਭਾਲ ਵਿੱਚ ਵੀ ਪਹੁੰਚਿਆ ਹੋਂਦਾ ਹੈ।
ਪਰ ਅੱਜ ਦੇਸ਼-ਵਿਦੇਸ਼ ਵਿੱਚ ਬਣੇ ਗੁਰਦੁਆਰਿਆਂ ਦਾ ਪ੍ਰਬੰਧ ਬਹੁਤਾ ਉਨ੍ਹਾਂ
ਪ੍ਰਬੰਧਕਾਂ ਦੇ ਅਧੀਨ ਚਲਦਾ ਹੈ, ਜਿਨ੍ਹਾਂ ਨੂੰ ਦਿਨ-ਰਾਤ ਇਹ ਸੋਚ ਲੱਗੀ ਰਹਿੰਦੀ ਹੈ ਕਿ ਮੇਰਾ
ਨਾਮ, ਮੇਰੀ ਹੋਂਦ, ਮੇਰਾ ਰੁਤਬਾ, ਮੇਰੀ ਕੁਰਸੀ, ਮੇਰੀ ਮਰਜੀ ਤੇ ਮੇਰਾ ਹੁਕਮ ਕਿਵੇਂ ਬਰਕਰਾਰ
ਰਿਹ ਸਕਦਾ ਹੈ। ਇਹ ਸਭ ਕੁੱਛ ਪਾਉਣ ਲਈ ਫਿਰ ਸ਼ੁਰੂ ਹੋਂਦੀ ਹੈ ਇਕ ਜੰਗ ਤੇ ਜੰਗ ਦਾ ਮੈਦਾਨ
ਹੋਂਦਾ ਹੈ "ਗੁਰਦੁਆਰਾ"। ਸ਼ਾਂਤੀ ਭਾਲਣ ਆਈ ਸੰਗਤ ਵੇਖਦੀ ਹੈ ਇੱਥੇ ਸਿਰਾਂ
'ਤੇ ਸਜੀਆਂ ਦਸਤਾਰਾਂ
ਕਿਂਵੇਂ ਲੱਥ ਰਹੀਆਂ ਹਨ, ਹੱਥਾਂ ਵਿੱਚ ਕਿਰਪਾਨਾਂ ਇੱਕ ਦੁਸਰੇ ਦੇ ਖੂਨ ਦੀਆਂ ਪਿਆਸੀਆਂ ਨਜ਼ਰ ਆ
ਰਹੀਆਂ ਹਨ। ਲੜਾਈ ਹੋਂਦੀ ਹੈ ਗੁਰਦੁਆਰੇ ਵਿੱਚ ਤੇ ਕੇਸ ਚਲਦੇ ਹਨ ਅਦਾਲਤਾਂ ਵਿੱਚ, ਜਿੱਥੇ ਭਰੀਆਂ
ਗੋਲਕਾਂ ਲੁਟਾਈਆਂ ਜਾਂਦੀਆਂ ਹਨ। ਆਪਣੀਆਂ ਪੱਗਾਂ, ਇਜ਼ਤਾਂ ਤੇ ਪੈਸੇ ਨੂੰ ਬਚਾਕੇ ਸ਼ਾਂਤੀ ਭਾਲਣ
ਆਈਆਂ ਸੰਗਤਾਂ ਜਾ ਪਹੁੰਚਦੀਆਂ ਹਨ ਕਿਸੇ ਡੇਰੇਦਾਰ ਦੀ ਸ਼ਰਣ ਵਿੱਚ ਜਾਂ ਨਿਰਾਸ਼ ਹੋਕੇ ਬੈਠ ਜਾਂਦੇ
ਹਨ ਜਾਂ ਆਪਣੇ ਘਰਾਂ ਵਿੱਚ। ਕਿਉਂਕਿ ਸਾਡਾ ਕੰਮ ਤਾਂ ਕੇਵਲ ਮੱਥਾ ਟੇਕਣਾ ਹੀ ਹੈ ਸਾਨੂੰ ਕੀ ? ਸ਼ਾਇਦ
ਸਾਨੂੰ ਬਾਣੀ ਦੀ ਇਹ ਗਲ ਭੁੱਲੀ ਹੋਂਦੀ ਹੈ "ਬੋਲਿ ਸੁਧਰਮੀੜਿਆ ਮੋਨਿ
ਕਤ ਧਾਰੀ ਰਾਮ ॥ ਤੂ ਨੇਤ੍ਰੀ ਦੇਖਿ ਚਲਿਆ ਮਾਇਆ ਬਿਉਹਾਰੀ ਰਾਮ ॥"{ਪੰਨਾ 547}
"ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ…" ਅਨੁਸਾਰ
ਗੁਰਮਤਿ ਪ੍ਰਚਾਰ ਸੁਸਾਇਟੀ ਵੱਲੋਂ 4 ਅਕਤੂਬਰ ਨੂੰ ਵਿਸ਼ਵ ਸਿੱਖ ਕਾਨਫਰੰਸ ਹੋਣ ਤੋਂ ਅਗਲੇ ਦਿਨ
ਗੁਰੂ ਨਾਨਕ ਸਿੱਖ ਸੁਸਾਇਟੀ (ਇੰਡਿਆਨਾਪੋਲਿਸ) ਵੱਲੋਂ ਗੁਰਮਤਿ ਵੀਚਾਰ ਰੱਖੀ ਗਈ, ਜਿਸਦੇ ਮੁੱਖ
ਸੇਵਾਦਾਰ ਵੀਰ ਰੇਸ਼ਮ ਸਿੰਘ ਹਨ। ਇਸ ਗੁਰਦੁਆਰਾ ਸਾਹਿਬ ਦੇ ਬਣਾਏ ਨਿਯਮ ਵੇਖਕੇ ਬਹੁਤ ਖੁਸ਼ੀ ਹੋਈ,
ਜੋ ਬਹੁਤੇ ਗੁਰਦੁਆਰਿਆਂ ਵਿੱਚ ਨਜ਼ਰੀ ਨਹੀਂ ਆਉਂਦਾ।
ਇਸ ਗੁਰਦੁਆਰਾ ਸਾਹਿਬ ਵਿੱਚ
- ਮਰਿਯਾਦਾ
ਅਨੁਸਾਰ ਕੀਰਤਨ ਤੇ ਕਥਾ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਹੀ ਹੋਂਦਾ ਹੈ,ਕਿਸੇ
ਹੋਰ ਗ੍ਰੰਥ ਵਿੱਚੋਂ ਨਹੀਂ।
- ਕਵੀਸ਼ਰੀ ਜੱਥੇ, ਢਾਡੀ ਜੱਥੇ ਤੇ ਪ੍ਰਚਾਰਕਾਂ ਨੂੰ ਪਹਿਲਾਂ ਹੀ
ਹਦਾਇਤ ਕੀਤੀ ਜਾਂਦੀ ਹੈ ਕਿ ਇਤਿਹਾਸ ਸੁਨਾਉਣ ਲਗਿਆਂ ਕੋਈ ਮਿਥਿਹਾਸਕ ਜਾਂ ਕਰਾਮਾਤੀ ਕਹਾਣੀ ਨਹੀਂ
ਸੁਨਾਉਣੀ।
- ਗੁਰਪੁਰਬ ਤੇ ਇਤਿਹਾਸਕ ਦਿਹਾੜੇ ਅਸਲ (2003) ਵਾਲੇ ਨਾਨਕਸ਼ਾਹੀ ਕੈਲੰਡਰ
ਮੁਤਾਬਕ ਹੀ ਮਨਾਏ ਜਾਂਦੇ ਹਨ।
- ਸਿਰੋਪਾਉ ਦੀ ਹੋ ਰਹੀ ਦੁਰਵਤੋਂ ਤੋਂ ਹਟਕੇ ਇਸ ਗੁਰਦੁਆਰਾ ਸਹਿਬ
ਵਿੱਚ ਗੁਰਮਤਿ ਦੀ ਕਸਵਟੀ ਤੇ ਖਰੀ ਉਤਰਣ ਵਾਲੀਆਂ ਪੁਸਤਕਾਂ ਸਨਮਾਨ ਵੱਜੋਂ ਦਿੱਤੀਆਂ ਜਾਂਦੀਆਂ
ਹਨ।
- ਇਸ ਗੁਰਦੁਆਰਾ ਸਾਹਿਬ ਵਿੱਚ ਚਾਰੋਂ ਸੰਸਕਾਰ ਸਿੱਖ ਰਹਿਤ ਮਰਿਯਾਦਾ ਮੁਤਾਬਕ ਹੀ ਨਿਭਾਏ
ਜਾਂਦੇ ਹਨ।
- ਸਭ ਤੋਂ ਵੱਡੀ ਗਲ਼ ਕਿ ਭੱਵਿਖ ਵਿੱਚ ਜੇਕਰ ਕੋਈ ਆਪਸ ਵਿੱਚ ਗੁਰਦੁਆਰਾ ਪ੍ਰਬੰਧ ਕਰਕੇ
ਦੋ ਵਿੱਰੋਧੀ ਧਿਰਾਂ ਲੜ ਪੈਣ ਤੇ ਕੇਸ ਅਦਾਲਤ ਵਿੱਚ ਪਹੁੰਚ ਜਾਵੇ ਤਾਂ ਵਕੀਲਾਂ ਦਾ ਖਰਚਾ ਦੋਨੋਂ
ਧਿਰਾਂ ਆਪਣੀ ਜੇਬ ਵਿੱਚੋਂ ਹੀ ਕਰਣਗੀਆਂ, ਗੁਰਦੁਆਰੇ ਦੀ ਗੋਲਕ ਵਿੱਚੋਂ ਇੱਕ ਡਾਲਰ ਵੀ ਨਹੀਂ
ਖਰਚਿਆ ਜਾਵੇਗਾ।
ਜਿਸ-ਜਿਸ ਗੁਰਦੁਆਰਾ ਸਾਹਿਬ ਵਿੱਚ ਸੁਚੇਤ ਪ੍ਰਬੰਧਕ ਗੁਰਮਤਿ ਨੂੰ
ਸਮਰਪਿਤ ਹੋ ਕੇ ਇਹੋ ਜਿਹੇ ਕਾਰਜ ਕਰ ਰਹੇ ਹਨ, ਸਭ ਹੀ ਵਧਾਈ ਤੇ ਪਾਤਰ ਹਨ।