ਪੰਜਾਬ ਸਰਕਾਰ ਦੀ ਚੁੱਪ ਹੇਠ ਸਾਡੇ ਗਾਇਕਾਂ ਨੇ ਹਿੰਸਕ ਅਤੇ ਲੱਚਰ ਗਾਇਕੀ
ਗਾ ਕੇ ਸ਼ਾਇਦ ਖੁਦ ਨੂੰ 'ਗੱਬਰ ਸਿੰਘ' ਸਾਬਿਤ ਕਰਨ ਲਈ ਲੱਕ ਬੰਨ੍ਹ ਲਿਆ ਹੈ, ਜਿਨ੍ਹਾਂ ਵੱਲੋਂ
ਪ੍ਰੀਵਾਰਕ ਰਿਸ਼ਤਿਆਂ ਤੋਂ ਇਲਾਵਾ ਹੁਣ ਧਾਰਮਿਕ ਸਥਾਨਾਂ ਨੂੰ ਵੀ ਆਪਣਾ ਨਿਸ਼ਾਨਾਂ ਬਣਾਕੇ
ਕਾਇਦੇ-ਕਾਨੂੰਨਾਂ ਅਤੇ ਮਾਣ-ਮਰਿਆਦਾਵਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਹ ਗਾਇਕ 'ਪਹਿਲਾ
ਗਲਤੀ ਕਰੋ ਤੇ ਫ਼ਿਰ ਮਾਫ਼ੀ ਮੰਗੋ' ਫ਼ਾਰਮੂਲੇ ਰਾਹੀਂ ਮੁਫ਼ਤ ਵਿਚ ਪ੍ਰਸਿੱਧੀ ਖੱਟਣ ਦੀ ਲਾਲਸਾ
ਵਿਚ ਨੌਜਵਾਨਾਂ ਨੂੰ ਕੁਰਾਹੇ ਪਾਉਂਦੇ ਜਾ ਰਹੇ ਹਨ। ਤਾਜ਼ਾ ਜਾਰੀ ਹੋਈਆਂ ਕੁੱਝ ਗੀਤਾਂ ਦੀਆਂ
ਵੀਡੀਓਜ਼ ਨੇ ਭਰਪੂਰ ਹਿੰਸਕ ਮਾਹੌਲ ਪੇਸ਼ ਕੀਤਾ ਹੈ, ਜਿਨ੍ਹਾਂ ਵਿਚੋਂ ਇੱਕ ਗਾਇਕ ਵੱਲੋਂ ਗੀਤ
ਦੇ ਆਰੰਭ ਵਿਚ ਕਿਸੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਨਾਊਾਸਮੈਂਟ ਕਰਵਾਈ ਜਾ ਰਹੀ ਹੈ ਕਿ 'ਸਰਬੱਤ
ਨਗਰ ਨਿਵਾਸੀ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਪਿੰਡ ਵਿਚ ਫ਼ਲਾਣਾ ਗਿੱਲ ਆ ਗਿਆ
ਹੈ, ਸਾਰੇ ਜਾਣੇ ਆਪਣੇ ਨਿਆਣੇ ਲੈ ਕੇ ਘਰਾਂ ਵਿਚ ਵੜ੍ਹ ਜਾਓ, ਇਹ ਨਾਂਹ ਹੋਵੇ ਕਿਸੇ ਦਾ ਜੀਅ
ਨੁਕਾਸਾਨਿਆ ਜਾਵੇ'।
ਇਸ ਅਨਾਊਾਸਮੈਂਟ ਤੋਂ ਬਾਅਦ ਗਾਇਕ ਵੱਲੋਂ ਡਾਕੂਆਂ ਦੇ ਗਰੋਹ ਵਾਂਗੂ
ਪਿੰਡ ਵਿਚ ਦਸਤਕ ਦਿੱਤੀ ਜਾਂਦੀ ਹੈ ਤੇ ਲਾਸ਼ਾਂ ਦੇ ਢੇਰ ਵਿਚ ਖੜ੍ਹਕੇ ਉਹ ਗੀਤ ਗਾ ਰਿਹਾ ਹੈ
'ਕੋਠੇ 'ਤੇ ਚੜ੍ਹ ਕੇ ਸੁਣ ਲਈ, ਖੜ੍ਹਕੇ ਹਥਿਆਰਾਂ ਦੇ' ਇਸ
ਦੌਰਾਨ ਪਿੰਡ ਦੀ ਧੀ ਲਈ ਜੋ ਅਪਸ਼ਬਦ ਵਰਤੇ ਹਨ ਉਹ ਲਿਖ਼ਣਯੋਗ ਨਹੀਂ ਹਨ। ਹਲਾਂਕਿ ਇਸ ਗੀਤ ਦੇ
ਗਾਇਕ ਵੱਲੋਂ ਮਾਫ਼ੀ ਮੰਗਣ ਦਾ ਡਰਾਮਾ ਕੀਤਾ ਜਾ ਚੁੱਕਾ ਹੈ ਪਰ ਕਮਾਨ ਚੋਂ ਨਿਕਲੇ ਤੀਰ ਵਾਂਗ
ਇਹ ਹਿੰਸਕ ਤੇ ਲੱਚਰ ਗੀਤ ਸਾਡੇ ਸਮਾਜਿਕ ਮਾਹੌਲ ਤੇ ਰਿਸ਼ਤਿਆਂ ਦਾ ਵੱਡਾ ਨੁਕਸਾਨ ਕਰਦਾ ਜਾ
ਰਿਹਾ ਹੈ।
ਯੂ-ਟਿਊਬ ਦੇ ਪਈ ਇਸ ਵੀਡੀਓ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ ਨਾਲੋਂ, ਨਾਪਸੰਦ
ਕਰਨ ਵਾਲਿਆਂ ਦੀ ਗਿਣਤੀ ਕਿਤੇ ਜ਼ਿਆਦਾ ਹੈ ਤੇ ਨਾਲ ਹੀ ਲੋਕਾਂ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ
ਵਿਚ ਗਾਇਕ ਨੂੰ ਬੁਰੀ ਤਰ੍ਹਾਂ ਭੰਡਿਆ ਹੈ ਅਤੇ ਇਸ ਗੀਤ ਦੇ ਪੋਸਟਰ ਨੂੰ ਅੱਤਵਾਦ ਦੇ ਨਾਂਅ ਹੇਠ
ਪ੍ਰਚਾਰਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇੱਕ ਹੋਰ ਵੀਡੀਓ ਵਿਚ 'ਲੋਕੀ
ਕਹਿੰਦੇ ਤੇਰੇ ਵਿਚ ਮੈਂ ਬੋਲਦਾ, ਮੇਰੇ ਵਿਚ ਬੋਲੇ ਬਿਲੋਂ 32 ਬੋਰ ਦਾ' ਬੋਲੇ 'ਤੇ ਜੋ
ਦਹਿਸ਼ਤ ਅਤੇ ਗੁੰਡਾਗਰਦੀ ਦਾ ਫ਼ਿਲਮਾਂਕਣ ਕੀਤਾ ਹੈ। ਉਸ ਨੂੰ ਵੇਖ ਕੇ ਅੱਤਵਾਦੀਆਂ ਦੀਆਂ
ਖ਼ਤਰਨਾਕ ਗਤੀਵਿਧੀਆਂ ਵੀ ਫ਼ਿੱਕੀਆਂ ਜਾਪ ਰਹੀਆਂ ਹਨ । ਗੀਤ ਵਿਚ ਪਿੰਡ ਦੀ ਇੱਕ ਧੀ ਨੂੰ ਜਿਵੇਂ
ਆਪਣਿਆਂ ਦਾ ਕਤਲੇਆਮ ਕਰਦੇ ਵਿਖਾਇਆ ਗਿਆ ਹੈ, ਉਸ ਤੋਂ ਬਾਅਦ ਮਾਪਿਆਂ ਦਾ ਸਿਰ ਸ਼ਰਮ ਨਾਲ
ਝੁੱਕਦਾ ਹੈ। ਇਸ ਤਰ੍ਹਾਂ ਦੇ ਅਨੇਕਾਂ ਗੀਤ ਹਨ ਜੋ ਪੰਜਾਬ 'ਚ ਮਾਹੌਲ ਨੂੰ ਗੰਧਲਾ ਕਰਕੇ
ਜਾਤੀਵਾਦ ਅਤੇ ਅੱਤਵਾਦ ਦੀ ਜ਼ਹਿਰ ਫੈਲਾਅ ਰਹੇ ਹਨ।