ਅਗਲੇ
ਹਫਤੇ 14 ਨਵੰਬਰ ਨੂੰ ਅਕਾਲੀ ਦਲ ਨੇ ਤਿਰਾਨਵੇਂ ਵਰ੍ਹਿਆਂ ਦਾ ਹੋ ਜਾਣਾ ਹੈ। ਲਗਭੱਗ ਸਦੀ ਲਮੇਰੇ
ਸਫਰ ਦਾ ਇੱਕ ਲੰਬਾ ਚੌੜਾ ਇਤਿਹਾਸ ਹੈ ਅਤੇ ਅਕਾਲੀ ਦਲ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਦੇ
ਹਾਲਤ ਵੀ ਇੱਕ ਨਸੀਹਤ ਭਰਪੂਰ ਪੰਨੇ ਹਨ, ਜਿਸ ਨੇ ਅਕਾਲੀ ਦਲ ਨੂੰ ਹੋਂਦ ਵਿੱਚ ਲਿਆਉਣ ਵਾਸਤੇ
ਵੱਡਾ ਰੋਲ ਅਦਾ ਕੀਤਾ। ਇਹ ਸਾਰੇ ਪਾਠਕ ਵੀਰ ਜਾਣਦੇ ਹਨ ਅਤੇ ਕਈ ਵਾਰ ਲਿਖਿਆ ਵੀ ਜਾ ਚੁਕਿਆ ਹੈ
ਕਿ ਜਦੋਂ ਸਿੱਖਾਂ ਨੇ ਗੁਰਦਵਾਰਿਆਂ ਉਤੋਂ ਅੰਗਰੇਜ ਦੀ ਸ਼ਹਿ 'ਤੇ ਕਾਬਜ਼ ਮਹੰਤਾਂ ਦਾ ਕਬਜਾ
ਹਟਾਉਣ ਦੀ ਵਿਉਂਤਬੰਦੀ ਕੀਤੀ ਤਾਂ ਉਸ ਵਿਚੋ ਸ਼੍ਰੋਮਣੀ ਗੁਰਦਵਾਰਾ ਕਮੇਟੀ ਦਾ ਜਨਮ ਹੋਇਆ ਅਤੇ
ਗੁਰਦਵਾਰਿਆਂ ਦਾ ਪ੍ਰਬੰਧ ਸਿੱਖਾਂ ਨੇ ਦੁਬਾਰਾ ਆਪਣੇ ਹੱਥਾਂ ਵਿਚ ਲੈਣਾ ਆਰੰਭ ਕਰ ਦਿੱਤਾ ਸੀ
ਤਾਂ ਉਸ ਸਮੇਂ ਸਾਰੇ ਸਿੱਖ ਜਗਤ ਅੰਦਰ ਭਵਿੱਖ ਦੇ ਗੁਰਦਵਾਰਾ ਪ੍ਰਬੰਧ ਨੂੰ ਲੈਕੇ ਇੱਕ ਤੌਂਖਲਾ
ਅਤੇ ਚਿੰਤਾ ਸੀ, ਕਿ ਕਿਤੇ ਦੁਬਾਰਾ ਇਹ ਪ੍ਰਬੰਧ ਮਹੰਤਾਂ ਜਾਂ ਸਰਕਾਰ ਦੇ ਹੱਥ ਠੋਕਿਆਂ ਕੋਲ ਨਾ
ਚਲਾ ਜਾਵੇ ਅਤੇ ਇਸ ਪ੍ਰਬੰਧ ਨੂੰ ਸੁਚਾਰੂ ਅਤੇ ਪੰਥਕ ਰੱਖਣ ਵਾਸਤੇ ਇੱਕ ਜਥੇਬੰਦੀ ਬਣਾਈ ਜਾਵੇ,
ਜਿਹੜੀ ਗੁਰਦਵਾਰਿਆਂ ਦੀ ਰਾਖੀ ਦਾ ਜਿੰਮਾਂ ਚੁੱਕੇ। ਇਸ ਤਰਾਂ ਗੁਰਦਵਾਰਾ ਸੇਵਾ ਦਲ ਹੋਂਦ ਵਿੱਚ
ਆਇਆ ਜਿਹੜਾ ਫਿਰ ਅਕਾਲੀ ਦਲ ਅਤੇ ਅਖੀਰ ਅਕਾਲ ਤਖਤ ਸਾਹਿਬ ਦੇ ਹੋਏ ਇਕੱਠ ਵਿਚ 14 ਨਵੰਬਰ 1921
ਨੂੰ ਸ਼੍ਰੋਮਣੀ ਅਕਾਲੀ ਦਲ ਹੋ ਨਿਬੜਿਆ।
ਸ. ਗੁਰਮੁਖ ਸਿੰਘ ਝਬਾਲ ਦੀ ਪ੍ਰਧਾਨਗੀ ਹੇਠ
ਇਸ ਪੰਥਕ ਜਥੇਬੰਦੀ ਨੇ ਆਪਣਾ ਸਫਰ ਆਰੰਭ ਕੀਤਾ। ਜਿਹੜਾ ਪਹਿਲਾਂ ਕੇਵਲ ਗੁਰਦਵਾਰਾ
ਪ੍ਰਬੰਧ ਜਾਂ ਸਿੱਖਾਂ ਦੇ ਮਸਲਿਆਂ ਨੂੰ ਲੈਕੇ ਸੰਘਰਸ਼ਸ਼ੀਲ ਹੋਇਆ ਅਤੇ ਕਾਮਯਾਬੀ ਹਾਸਲ ਕਰਨ ਵਾਸਤੇ
ਸਮੇਂ ਸਮੇਂ ਸਰਕਾਰ ਨਾਲ ਟੱਕਰ ਲੈਂਦਾ ਰਿਹਾ, ਪਰ ਇਮਾਨਦਾਰੀ ਅਤੇ ਧਰਮ ਪ੍ਰਤੀ ਭਰੋਸਾ ਤੇ
ਜਿੰਮੇਵਾਰੀ ਵਿੱਚ ਕਿਤੇ ਖੁਨਾਮੀ ਨਹੀਂ ਕੀਤੀ। ਅਕਾਲੀ ਦਲ ਦੇ ਪ੍ਰਧਾਨ ਜਾਂ ਜਥੇਦਾਰ ਸਿੱਖਾਂ
ਵਿੱਚ ਤਾਂ ਸਤਿਕਾਰ ਦੇ ਪਾਤਰ ਹੈ ਹੀ ਸਨ, ਸਗੋਂ ਹੋਰ ਲੋਕਾਂ ਵਿੱਚ ਆਪਣੇ ਅਦਬ ਦੀ ਸ਼ਾਖ ਬਣਾਉਣ
ਵਿੱਚ ਵੀ ਕਾਮਯਾਬ ਹੋ ਗਏ। ਇਸ ਕਰਕੇ ਹੀ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਭਾਰਤ ਦੇ ਵੱਡੇ
ਹਿੰਦੂ ਲੀਡਰ ਹਮੇਸ਼ਾ, ਭਾਵੇਂ ਬਦਨੀਤੀ ਨਾਲ ਹੀ ਸਹੀ, ਪਰ ਅਕਾਲੀਆਂ ਨੂੰ ਹਰ ਸੰਘਰਸ਼ ਵਿੱਚ ਨਾਲ
ਲੈਕੇ ਤੁਰਦੇ ਸਨ। ਜਿਸ ਕਰਕੇ ਸਿਰਫ ਡੇਢ ਪ੍ਰਤਿਸ਼ਤ ਵੱਸੋਂ ਵਾਲੀ ਕੌਮ ਨੇ ਪਚਾਸੀ ਪ੍ਰਤਿਸ਼ਤ
ਕਰੁਬਾਨੀਆਂ ਦੇਕੇ ਇੱਕ ਨਵਾਂ ਇਤਿਹਾਸ ਸਿਰਜਿਆ।
ਪਰ ਜਿਉਂ ਹੀ ਭਾਰਤ ਆਜ਼ਾਦ ਹੋਇਆ ਤਾਂ ਬਾਕੀ
ਕੌਮਾਂ ਦੇ ਵਾਂਗੂੰ ਸਿੱਖਾਂ ਦੀ ਇਹ ਜਮਾਤ ਵੀ ਰਾਜਨੀਤੀ ਵਿੱਚ ਸਿੱਧੀ ਹਿਸੇਦਾਰ ਬਣ ਗਈ।
ਇਹ ਵੱਖਰੀ ਗੱਲ ਹੈ ਕਿ ਰਾਜਨੀਤੀ ਬੇਸ਼ੱਕ ਅੱਜ ਤੱਕ ਵੀ ਕਰਨੀ ਨਹੀਂ ਆਈ, ਪਰ ਰਾਜ ਕਰਕੇ ਬਦਨਾਮੀ
ਜਰੂਰ ਖੱਟ ਲਈ ਹੈ। ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਕੁੱਝ ਸਮਾਂ ਆਜ਼ਾਦ ਭਾਰਤ ਵਿੱਚ ਵੀ
ਅਕਾਲੀਆਂ ਨੇ ਆਪਣੀ ਦਿੱਖ ਅਤੇ ਕਾਰਜ਼ ਨੂੰ ਬੜਾ ਸੰਭਾਲ ਰੱਖਿਆ। ਸਿੱਖ ਫਲਸਫੇ ਅਨੁਸਾਰ ਸਿਰਫ
ਆਪਣੀ ਕੌਮ ਜਾਂ ਜਮਾਤ ਵਾਸਤੇ ਸੰਘਰਸ਼ ਨਹੀਂ ਕੀਤੇ ਸਗੋਂ ਹਰ ਕਿਸੇ ਦੀ ਜਾਂਦੀ ਬਲਾ ਨੂੰ ਆਪਣੇ
ਗਲ ਪਾਕੇ ਦੇਸ਼ ਭਗਤੀ ਅਤੇ ਗੁਰੂ ਨਾਨਕ ਦੇ ਪੈਰੋਕਾਰ ਹੋਣ ਦਾ ਸਬੂਤ ਦਿੱਤਾ। ਲੇਕਿਨ ਇਸ ਦੇਸ਼ ਦੇ
ਸਾਸ਼ਕ ਮੁੱਢੋਂ ਹੀ ਬੇਈਮਾਨ ਸਨ ਅਤੇ ਓਹ ਲੋਕਾਂ ਨੂੰ ਹਨੇਰੇ ਵਿਚ ਰੱਖਕੇ ਅਤੇ ਹੱਕਾਂ ਤੋਂ
ਵਾਂਝਿਆਂ ਕਰਕੇ, ਮਨੂੰਵਾਦੀ ਅਤੇ ਵਰਨਵਾਦ ਦੀਆਂ ਕੂਟਕ ਨੀਤੀਆਂ ਅਧੀਨ ਮੁਗਲਾਂ ਜਾਂ ਅੰਗ੍ਰੇਜ਼ਾਂ
ਵਰਗਾ ਰਾਜ ਹੀ ਕਰਨਾ ਚਾਹੁੰਦੇ ਸਨ ਅਤੇ ਅਜਿਹੇ ਰਾਜ ਦੇ ਰਾਹ ਵਿਚ ਸਿੱਖ ਅਕਾਲੀ ਸਭ ਤੋਂ ਵੱਡਾ
ਰੋੜਾ ਹੀ ਨਹੀਂ ਸਗੋਂ ਇੱਕ ਪਥਰ ਸਨ। ਇਸ ਕਰਕੇ ਭਾਰਤ ਦੇ ਹਿੰਦੂਵਾਦੀ ਨਿਜ਼ਾਮ ਨੇ ਹਰ ਹੀਲਾ
ਵਰਤਕੇ ਸਿੱਖਾਂ ਅਤੇ ਖਾਸ ਕਰਕੇ ਅਕਾਲੀਆਂ ਦਾ ਝੂਠਾ ਭੰਡੀ ਪ੍ਰਚਾਰ ਕਰਨ ਦੀ ਮੁਹਿੰਮ ਅਰੰਭੀ ਅਤੇ
ਦੇਸ਼ ਭਗਤ ਅਕਾਲੀਆਂ ਨੂੰ ਬਾਗੀ ਦਾ ਰੂਪ ਬਣਾ ਦਿੱਤਾ ਅਤੇ ਹੌਲੀ ਹੌਲੀ ਅੱਤਵਾਦੀ, ਵੱਖਵਾਦੀ,
ਉਗਰਵਾਦੀ ਆਦਿਕ ਨਾਮ ਵੀ ਦਿੱਤੇ।
ਕੁੱਝ ਸਮਾਂ ਤਾਂ ਇਨ੍ਹਾਂ ਹਲਾਤਾਂ ਵਿੱਚ ਅਕਾਲੀ ਡਿੱਗਦੇ ਢਹਿੰਦੇ ਤੁਰਦੇ
ਆਏ, ਲੇਕਿਨ ਹੌਲੀ ਹੌਲੀ ਸਮਾਂ ਬਦਲਿਆ, ਲੋਕ ਬਦਲੇ, ਲੀਡਰ ਬਦਲੇ, ਭਾਰਤੀ ਨਿਜ਼ਾਮ ਨੇ ਆਪਣੇ ਤੌਰ
ਤਰੀਕੇ ਬਦਲੇ ਤੇ ਅਕਾਲੀਆਂ ਵਿੱਚੋਂ ਕਮਜ਼ੋਰ ਕੜੀਆਂ ਲੱਭਣੀਆਂ ਸ਼ੁਰੂ ਕੀਤੀਆਂ ਤਾਂ ਕਿ ਪੂਰੀ ਕੌਮ
ਨਾਲ ਆਢਾ ਲਾਉਣ ਦੀ ਬਜਾਇ ਦੋ ਚਾਰ ਲੀਡਰਾਂ ਨੂੰ ਹੀ ਚੋਗਾ ਪਾ ਕੇ ਕੰਮ ਚਲਾ ਲਿਆ ਜਾਵੇ। ਇਸ
ਵਿੱਚ ਅਖੀਰ ਭਾਰਤੀ ਨਿਜ਼ਾਮ ਕਾਮਯਾਬ ਹੋ ਗਿਆ ਅਤੇ ਕੁੱਝ ਲਾਲਚੀ ਬਿਰਤੀ ਦੇ ਮਾਲਕ ਅਕਾਲੀ ਦਿੱਸਦੇ
ਬੰਦਿਆਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਕਬਜਾ ਕਰ ਲਿਆ ਅਤੇ ਆਪਣੀ ਕੁਰਸੀ ਦੀ ਲਾਲਸਾ ਪਿੱਛੇ ਅਕਾਲੀ
ਦਲ ਦੀ ਰੂਹ ਨੂੰ ਖੋਰਾ ਲਾਉਣ ਤੋਂ ਵੀ ਗੁਰੇਜ਼ ਨਾ ਕੀਤਾ। ਨੀਲੀਆਂ ਪੱਗਾਂ ਬੰਨ੍ਹਕੇ ਹਰ ਓਹ ਕੰਮ
ਕੀਤਾ ਜਿਸ ਨਾਲ ਕੌਮ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇ। ਇਹ ਨਵੀਨਤਮ ਅਕਾਲੀ ਦਲ ਭੁੱਲ ਗਿਆ
ਕਿ ਮੇਰਾ ਜਨਮ ਗੁਰਵਾਰਿਆਂ ਦੀ ਰਾਖੀ ਵਾਸਤੇ ਹੋਇਆ ਸੀ। ਸਗੋਂ ਇਨ੍ਹਾਂ ਅਕਾਲੀਆਂ ਨੇ ਤਾਂ ਖੁਦ
ਹੀ ਗੁਰੂ ਦੀ ਗੋਲਕ ਨੂੰ ਸੰਨ੍ਹ ਲਾ ਲਈ ਕਿ ਐਵੇਂ ਲੋਕ ਲੁੱਟਣ, ਅਸੀਂ ਘਰ ਦੀ ਲੁੱਟ ਘਰੇ ਹੀ
ਕਿਉਂ ਨਾ ਰੱਖ ਲਈਏ।
ਜਦੋਂ
ਘਰਦੇ ਆਗੂ ਜਾਂ ਪਹਿਰੇਦਾਰ ਹੀ ਘਰ ਨੂੰ ਲੁੱਟਣ ਲੱਗ ਪੈਣ ਫਿਰ ਬਿਗਾਨਿਆਂ ਨੂੰ ਕਾਹਦਾ ਡਰ ਰਹਿ
ਜਾਂਦਾ ਹੈ ਤੇ ਅੱਜ ਹਰ ਕਿਸੇ ਦੀ ਅੱਖ ਗੁਰੂ ਦੀ ਗੋਲਕ ਤੇ ਹੈ। ਪਹਿਲਾਂ ਤਾਂ ਹਿੰਦੂਤਵੀ
ਸਿਸਟਮ ਨੇ ਅਕਾਲੀਆਂ ਵਿੱਚ ਕਮਜ਼ੋਰ ਕੜੀਆਂ ਨੂੰ ਫੜਿਆ ਅਤੇ ਅਕਾਲੀ ਦਲ, ਸ਼੍ਰੋਮਣੀ ਕਮੇਟੀ ਦੇ
ਪ੍ਰਬੰਧ ਨੂੰ ਬਦਨਾਮ ਕਰਕੇ ਇਸਦਾ ਧਾਰਮਿਕ ਮਲ੍ਹਮਾਂ ਲਾਹੁਣ ਦਾ ਕੰਮ ਅਰੰਭਿਆ ਤਾਂ ਕਿ ਭਵਿੱਖ
ਵਿਚ ਕੋਈ ਸਿੱਖ ਆਗੂ ਪੰਥ ਦਾ ਵਾਸਤਾ ਪਾ ਕੇ ਸਿੱਖਾਂ ਨੂੰ ਪੰਥਕ ਝੰਡੇ ਥੱਲੇ ਆਸਾਨੀ ਨਾਲ ਇਕੱਠਾ
ਨਾ ਕਰ ਸਕੇ, ਫਿਰ ਜਥੇਦਾਰਾਂ ਦੇ ਹੁਕਮਨਾਮਿਆਂ ਦੀ ਮਰਿਯਾਦਾ ਵਿੱਚ ਅਜਿਹੇ ਤਰੀਕੇ ਦਖਲ ਦਿੱਤਾ
ਅਤੇ ਦਿਵਾਇਆ ਕਿ ਸਿੱਖ ਹੁਕਮਨਾਮੇਂ ਨੂੰ ਇੱਕ ਆਮ ਗਸ਼ਤੀ ਪੱਤਰ ਵਰਗੀ ਤਵੱਜੋਂ ਹੀ ਦੇਣ ਲੱਗ ਪੈਣ
ਅਤੇ ਅੱਜ ਤਾਂ ਇਹ ਹਿੰਦੂਤਵੀ ਢਾਂਚਾ ਆਪਣੀ ਕਰਤੂਤ ਵਿਚ ਸੌ ਫੀ ਸਦੀ ਕਾਮਯਾਬ ਨਜਰ ਆ ਰਿਹਾ ਹੈ।
ਹੁਣ ਆਪਣੇ ਪੈਰ ਪੱਕੇ ਕਰਕੇ ਆਪਣੇ ਕੁੱਝ ਜਨਸੰਘੀ ਆਗੂਆਂ ਦੀ ਪਲਾਸਟਿਕ ਸਰਜਰੀ ਕਰਕੇ, ਅਕਾਲੀ
ਦਿੱਖ ਬਣਾਕੇ, ਸਿਖਾਂ ਦੀ ਬਰਬਾਦੀ ਨੂੰ ਆਖਰੀ ਪੜਾਅ ਤੇ ਲਿਜਾਣਾ ਚਾਹੁੰਦਾ ਹੈ।
ਇਸ ਹਿੰਦੁਤਵ ਨੇ ਹੀ ਅਕਾਲੀ ਦਲ ਨੂੰ ਸੂਬਾ
ਸਰਕਾਰ ਦੀ ਸੂਬੇਦਾਰੀ ਅਤੇ ਕੇਂਦਰੀ ਹਕੂਮਤ ਵਿੱਚ ਭਾਈਵਾਲੀ ਦੇ ਨਸ਼ੇ ਵਿੱਚ ਮਦਹੋਸ਼ ਕਰਕੇ ਅਕਾਲੀ
ਦਲ ਦੇ ਆਗੂਆਂ ਨੂੰ ਆਪਣੀ ਪਾਰਟੀ ਦੀ ਅਕਾਲੀ ਰੂਹ ਕਢਕੇ ਪੰਜਾਬੀ ਪਾਰਟੀ ਬਣਾਉਣ ਦੀ ਤਰਕੀਬ
ਸੁਝਾਈ, ਜਿਸ ਨੂੰ ਅਕਲ ਤੋਂ ਖਾਲੀ ਅਕਾਲੀਆਂ ਨੇ ਬੜੀ ਕਾਹਲੀ ਵਿੱਚ ਇਸ ਕਰਕੇ ਆਪਣਾ ਲਿਆ ਕਿ
ਸ਼ਾਇਦ ਹੁਣ ਸਾਰੇ ਸੌ ਫੀ ਸਦੀ ਪੰਜਾਬੀ ਹੀ ਸਾਡੇ ਨਾਲ ਸਿੱਧੇ ਰੂਪ ਵਿਚ ਤੁਰ ਪੈਣਗੇ।
ਪਰ ਪਤਾ ਹੁਣ ਲਗਣਾ ਹੈ ਜਦੋਂ ਪਿੱਛੇ ਲਕੋਇਆ ਗੱਫਾ ਕੁੱਤੇ ਲੈ ਗਏ ਅਤੇ ਅੱਗੋਂ ਪੰਥ ਨੇ ਜਵਾਬ
ਦੇ ਦਿੱਤਾ। ਫਿਰ ਅੱਖਾਂ ਜਰੂਰ ਖੁੱਲਣੀਆਂ ਹਨ। ਅਕਾਲੀ ਦਲ ਵਿੱਚ ਕਿਰਦਾਰ ਹਰ ਪੱਖੋਂ ਉੱਚਾ
ਹੁੰਦਾ ਸੀ, ਪਰ ਅਜੋਕੇ ਅਕਾਲੀ ਕਿਰਦਾਰ ਦੇ ਪੱਖੋਂ ਖਾਲੀ ਹੋ ਨਿਬੜੇ ਹਨ। ਰਿਸ਼ਵਤਖੋਰੀ,
ਕੁੰਨਬਾਪਰਵਰੀ ਅਤੇ ਚੁਫੇਰੇ ਮਚਾਈ ਲੁੱਟ ਦੇ ਨਾਲ ਨਾਲ ਲੋਕਾਂ ਤੇ ਕੀਤੇ ਜੁਲਮਾਂ ਕਰਕੇ ਅਕਾਲੀ
ਦਲ ਦੀ ਬਦਨਾਮੀ ਦੁਨੀਆ ਭਰ ਵਿੱਚ ਹੋਈ ਹੈ।
ਅੱਜ ਇੱਕ ਦੋ ਪਰਿਵਾਰਾਂ ਕਰਕੇ ਅਤੇ ਜਨਸੰਘੀ
ਅਕਾਲੀਆਂ ਦੀ ਮਾੜੀ ਕਾਰਗੁਜਾਰੀ ਕਰਕੇ ਲੋਕ ਨੀਲੀ ਪੱਗ ਅਤੇ ਅਕਾਲੀ ਸ਼ਬਦ ਨੂੰ ਨਫਰਤ ਕਰਨ ਲੱਗ
ਪਏ ਹਨ। ਅਕਾਲੀ ਦਲ ਨੇ ਆਪਣੇ ਪੈਰਾਂ ਹੇਠਲੀ ਜਮੀਨ ਖਿਸਕਦੀ ਵੇਖ ਕੇ ਇਸਨੂੰ ਸਮਝਣ ਦੀ
ਥਾਂ ਵਿਸਾਖੀਆਂ ਦਾ ਸਹਾਰਾ ਲੈਣ ਵਿੱਚ ਬਿਹਤਰੀ ਸਮਝੀ। ਪਰ ਹੁਣ ਜਿਸ ਵੇਲੇ ਵਿਸਾਖੀਆਂ ਧੋਖਾ ਦੇ
ਰਹੀਆਂ ਹਨ ਤਾਂ ਅੱਜ ਫਿਰ ਅਕਾਲੀ ਦਲ ਯੂ ਟਰਨ ਲੈਣ ਦੀ ਤਾਕ ਵਿਚ ਹੈ। ਹਾਲੇ ਹਾਕਮ ਅਕਾਲੀ ਦਲ
ਦਾ ਪ੍ਰਧਾਨ ਅਤੇ ਮੁੱਖ ਮੰਤਰੀ ਤਾਂ ਚੁੱਪ ਹੋਕੇ ਹਲਾਤਾਂ ਤੇ ਨਜਰ ਰੱਖ ਰਹੇ ਹਨ ਕਿ ਚੱਲੋ ਜੇ
ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਵਾਂਗੂੰ ''ਵਰਜੀ ਖਾਣ ਬਜਾਇ ਭਿਣਖੀ ਖਾਣੀ'' ਪਵੇ ਤਾਂ ਉਸ ਵਾਸਤੇ
ਵੀ ਤਿਆਰ ਰਹਿਣਾ ਚਾਹੀਦਾ ਹੈ। ਲੇਕਿਨ ਆਪਣੇ ਦੋ ਜਰਨਲ ਸਕੱਤਰਾਂ ਜਿਹੜੇ ਕ੍ਰਮਵਾਰ ਰਾਜ ਸਭਾ ਅਤੇ
ਲੋਕ ਸਭਾ ਦੇ ਮੈਂਬਰ ਵੀ ਹਨ ਤੋਂ ਬੀ.ਜੇ.ਪੀ. ਨੂੰ ਚੂੰਢੀਆਂ ਵਢਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।ਤਾਂ
ਕਿ ਬੀ.ਜੇ.ਪੀ. ਨੂੰ ਡਰਾ ਕੇ ਮੌਜੂਦਾ ਸਥਿਤੀ ਬਹਾਲ ਰੱਖੀ ਜਾਵੇ। ਜੇ ਨਾ ਸੌਦਾ ਸੂਤ ਆਵੇ ਤਾਂ
ਵੱਡੇ ਸਾਹਬ ਸਮਝੌਤੇ ਅਧੀਨ ਉਸ ਹੀ ਤਨਖਾਹ ਤੇ ਕੰਮ ਕਰਨਾ ਸ਼ੁਰੂ ਕਰ ਦੇਣਗੇ। ਜੇ ਕੋਈ ਗੱਲ ਵੀ
ਫਿੱਟ ਨਾ ਬੈਠੇ ਤਾਂ ਫਿਰ ਪੰਥਕ ਏਜੰਡਾ ਜਿਹੜਾ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾਉਣ ਵੇਲੇ
ਮੋਗੇ ਦੀ ਫਰਿਜ਼ ਵਿੱਚ ਲਾਇਆ ਸੀ, ਫਿਰ ਜਜਬਾਤਾਂ ਦੇ ਚੁੱਲੇੱ ਚਾੜਕੇ ਗਰਮ ਕਰ ਲਿਆ ਜਾਵੇ ਅਤੇ
ਆਪਣੀ ਪਰਿਵਾਰਕ ਸਿਆਸਤ ਨੂੰ ਨਿਰੰਤਰ ਬਣਾਈ ਰੱਖਣ ਵਾਸਤੇ ਸਿੱਖਾਂ ਨੂੰ ਇੱਕ ਵਾਰੀ ਫਿਰ ਗਰਮ
ਸਿਆਸਤ ਦੇ ਭੱਠ ਵਿੱਚ ਝੋਕ ਦਿੱਤਾ ਜਾਵੇ। ਹਕੂਮਤ ਕਰਦੇ ਅਕਾਲੀ ਦਲ ਦੀ ਹੁਣ ਇਹ ਹਾਲਤ ਹੈ।
ਉਂਜ ਭਾਵੇਂ ਬਹੁਤ ਸਾਰੇ ਅਕਾਲੀ ਦਲ ਵੀ ਕਿਉਂ ਨਾ ਹੋਣ, ਪਰ ਅੱਜ ਤੱਕ ਸਿੱਖਾਂ ਵਿੱਚ ਇਹ ਹੀ
ਧਾਰਨਾਂ ਰਹੀ ਹੈ ਕਿ ਜਿਸ ਕੋਲ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਹੋਵੇ, ਓਹ ਅਕਾਲੀ ਦਲ ਹੀ ਅਸਲੀ
ਅਕਾਲੀ ਦਲ ਹੁੰਦਾ ਹੈ। ਪਰ ਇਹ ਪਹਿਲੀ ਵਾਰੀ ਹੋਵੇਗਾ ਕਿ ਸ਼੍ਰੋਮਣੀ ਕਮੇਟੀ ਤੇ ਕਬਜਾ ਹੋਣ ਦੇ
ਬਾਵਜੂਦ ਅਕਾਲੀ ਦਲ ਸਿੱਖਾਂ ਵਿਚੋਂ ਆਪਣੀ ਸ਼ਾਖ ਗਵਾ ਬੈਠਾ ਹੈ ਅਤੇ ਹੁਣ ਅੱਗੋਂ ਵੀ ਕੋਈ ਅਕਾਲੀ
ਵਾਰਿਸ ਨਹੀਂ ਦਿਸਦਾ। "ਉਜੜੇ ਬਾਗਾਂ ਦੇ ਗਾਲ੍ਹੜ ਪਟਵਾਰੀ"
ਦੀ ਕਹਾਵਤ ਵਾਂਗੂੰ ਹੁਣ ਅਕਾਲੀ ਦਲ ਦੀ ਥਾਂ ਤੇ ਬਿਪਰਵਾਦੀ ਬੂਟਾ ਲੱਗਦਾ ਦਿੱਸ ਰਿਹਾ ਹੈ।
ਬੇਸ਼ੱਕ ਸਰਕਾਰ ਰਹੇ ਜਾਂ ਨਾ ਰਹੇ ਅਕਾਲੀ ਤਾਕਤ ਵਿਚ ਹੋਣ ਜਾਂ ਨਾ ਹੋਣ, ਪਰ ਸ਼੍ਰੋਮਣੀ ਕਮੇਟੀ
ਵਾਲਾ ਦਲ ਸਿੱਖਾਂ ਵਿਚ ਪ੍ਰਵਾਨਿਤ ਅਕਾਲੀ ਦਲ ਹੀ ਰਹਿੰਦਾ ਰਿਹਾ ਹੈ। ਸੰਤ ਫਤਹਿ ਸਿੰਘ ਅਤੇ
ਮਾਸਟਰ ਤਾਰਾ ਸਿੰਘ ਦੇ ਵੇਲੇ ਵੀ ਦੋ ਅਕਾਲੀ ਦਲ ਤੁਰਦੇ ਰਹੇ।
ਕਦੇ
ਕਦੇ ਜਥੇਦਾਰ ਤਲਵੰਡੀ ਨੇ ਵੀ ਵੱਖਰਾ ਦਲ ਬਣਾਇਆ, ਸੰਤ ਭਿੰਡਰਾਂਵਾਲਿਆਂ ਦੇ ਪਿਤਾ ਬਾਬਾ
ਜੋਗਿੰਦਰ ਸਿੰਘ ਨੇ ਵੀ ਯੂਨਾਇਟਡ ਅਕਾਲੀ ਦਲ ਬਣਾਇਆ ,ਕੈਪਟਨ ਅਮਰਿੰਦਰ ਸਿੰਘ ਨੇ ਵੀ ਪੰਥਕ
ਅਕਾਲੀ ਦਲ, ਸੁਰਜੀਤ ਸਿੰਘ ਬਰਨਾਲਾ ਦਾ ਲੌਂਗੋਵਾਲ ਅਕਾਲੀ ਦਲ, ਜਥੇਦਾਰ ਟੌਹੜਾ ਦਾ ਸਰਬਹਿੰਦ
ਅਕਾਲੀ ਦਲ, ਆਦਿ ਵੀ ਬਣੇ ਬਾਕੀਆਂ ਨੂੰ ਛੱਡਕੇ ਸ. ਸੁਰਜੀਤ ਸਿੰਘ ਬਰਨਾਲਾ ਅਤੇ ਜਥੇਦਾਰ ਟੌਹੜਾ
ਕੋਲ ਸ਼੍ਰੋਮਣੀ ਕਮੇਟੀ ਹੋਣ ਦੇ ਬਾਵਜੂਦ ਵੀ ਇਹ ਦਲ ਬਹੁਤੀ ਦੇਰ ਆਪਣੀ ਹੋਂਦ ਬਰਕਰਾਰ ਨਾ ਰੱਖ
ਸਕੇ, ਲੇਕਿਨ ਸ. ਪ੍ਰਕਾਸ਼ ਸਿੰਘ ਬਾਦਲ ਨੇ ਬੜੀ ਨੀਤੀ ਅਧੀਨ
ਇੱਕ ਇੱਕ ਕਰਕੇ ਘਾਗ ਅਕਾਲੀ ਲੀਡਰਾਂ ਨੂੰ ਧੋਬੀ ਪਟੜਾ ਮਾਰਕੇ ਸ਼੍ਰੋਮਣੀ ਕਮੇਟੀ ਸਮੇਤ ਅਕਾਲੀ
ਦਲ ਤੇ ਕਬਜਾ ਕਰਕੇ ਆਪਣੀ ਸਰਕਾਰ ਵੀ ਬਣਾਈ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨੇ ਸਭ ਸਿੱਖ
ਸੰਸਥਾਵਾਂ ਨੂੰ ਆਪਣੀਆਂ ਉਂਗਲਾਂ ਤੇ ਨਚਾਇਆ। ਕੋਈ ਵੀ ਅਕਾਲੀ ਦਲ ਬਾਦਲ ਦਲ ਦਾ ਹਿੱਕ
ਡਾਹਕੇ ਵਿਰੋਧ ਨਾ ਕਰ ਸਕਿਆ। ਸਗੋਂ ਜਿਹੜਾ ਕੁੱਟ ਖਾਕੇ ਇੱਕ ਵਾਰ ਬਾਦਲ ਦਲ ਵਿਚੋਂ ਨਿਕਲਦਾ
ਜਾਂ ਤਾਂ ਚੁੱਪ ਚਾਪ ਉਸ ਤਨਖਾਹ ਤੇ ਆਕੇ ਕੰਮ ਕਰਨ ਲੱਗ ਪੈਦਾ ਜਾਂ ਫਿਰ ਬਾਦਲ ਦੇ ਦਰਵਾਜੇ ਵੱਲ
ਤੱਕਦਾ ਆਪਣੀ ਆਪਣੀ ਕਿਸਮਤ ਨੂੰ ਕੋਸਦਾ ਹੀ ਰਹਿ ਗਿਆ, ਮੁੜਕੇ ਸਿਆਸਤ ਵਿਚ ਪੈਰ ਹੀ ਨਾ ਲੱਗੇ।
ਬਾਦਲ ਦਲ ਦਾ ਮੁਕਾਬਲਾ ਕਰਨ ਵਾਸਤੇ ਕੁੱਝ ਦਲ
ਹੋਰ ਵੀ ਬਣੇ, ਜਿਹਨਾਂ ਵਿਚ ਸਾਰੇ ਲੀਡਰਾਂ ਵੱਲੋਂ ਸਾਂਝੇ ਤੌਰ 'ਤੇ ਬਣਾਇਆ ਅਕਾਲੀ ਦਲ
ਅੰਮ੍ਰਿਤਸਰ ਵੀ ਸ਼ਾਮਲ ਹੈ। ਉਸ ਵਿਚੋਂ ਵੀ ਸਾਰੇ ਲੀਡਰ ਡੱਡੂ ਛੜੱਪੇ ਮਾਰ ਗਏ ਤੇ ਢੋਲ ਸ.
ਸਿਮਰਨਜੀਤ ਸਿੰਘ ਮਨ ਦੇ ਗਲ ਪੈ ਗਿਆ ਜੋ ਓਹ ਅੱਜ ਤੱਕ ਕੱਲੇ ਹੀ ਵਜਾਉਂਦੇ ਆ ਰਹੇ ਹਨ।
ਇੱਕ ਹੋਰ ਅਕਾਲੀ ਦਲ 1920 ਵੀ ਜਨਮਿਆ, ਪਰ ਆਪਣਾ ਵਿਕਾਸ ਨਾ ਕਰ ਸਕਿਆ।
ਅੱਜ ਵੀ ਇੱਕ ਹੋਰ ਨਵਾਂ ਅਕਾਲੀ ਦਲ ਯੂਨੈਟਿਡ ਅਕਾਲੀ ਦਲ ਦੇ ਨਾਮ ਹੇਠ ਪੁੰਗਰਿਆ ਹੈ, ਹਾਲੇ
ਇੱਕ ਅੱਧਾ ਬੀਜ਼ ਹੋਰ ਵੀ ਪੁੰਗਰ ਸਕਦਾ ਹੈ। ਪਰ ਕੋਈ ਵੀ ਸਿੱਖਾਂ ਦੀ ਸਿਆਸਤ ਦਾ ਵਾਰਿਸ
ਨਹੀਂ ਬਣ ਸਕਿਆ। ਜੇ ਬਾਦਲ ਦਲ ਵਾਸਤੇ ਇਹ ਆਖੀਏ ਕਿ ਉਸਨੇ ਜਨਸੰਘ ਨਾਲ ਰਲਕੇ ਸਿੱਖਾਂ ਦੀ
ਸਿਆਸਤ ਅਤੇ ਅਕਾਲੀ ਦਲ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ ਤਾਂ ਬਾਕੀ ਅਕਾਲੀ ਦਲਾਂ ਦੀ
ਕਾਰਗੁਜ਼ਾਰੀ ਵੀ ਸਿਰਫ ਆਪਣੀ ਹੋਂਦ ਦਰਸਾਉਣ ਤੋਂ ਅੱਗੇ ਨਹੀਂ ਵਧ ਸਕੀ। ਜੇ ਕਦੇ ਸ਼੍ਰੋਮਣੀ ਕਮੇਟੀ
ਦੀ ਚੋਣ ਜਾਂ ਕੋਈ ਹੋਰ ਚੋਣ ਸਮੇਂ ਬਾਦਲ ਦਲ ਨੂੰ ਹਰਾਕੇ ਪੰਥਕ ਦਿੱਖ ਬਹਾਲ ਕਰਨ ਦਾ ਮੌਕਾ ਆਇਆ
ਤਾਂ ਬਾਦਲ ਵਿਰੋਧੀ ਅਕਾਲੀ ਵੀ ਹਉਮੇਂ ਦੀਆਂ ਦੀਵਾਰਾਂ ਪਿੱਛੇ ਖੜੇ ਹੀ ਲਲਕਾਰੇ ਮਾਰਦੇ ਰਹੇ ਤੇ
ਓਨੇ ਚਿਰ ਨੂੰ ਬਾਦਲ ਦਲ ਬਾਜ਼ੀ ਮਾਰਕੇ ਪਾਸੇ ਹੋ ਜਾਂਦਾ ਰਿਹਾ।
ਅੱਜ ਵੀ ਕੋਈ ਆਸ ਦੀ ਕਿਰਨ ਹਾਲੇ ਨਜਰ ਨਹੀਂ
ਆ ਰਹੀ ਕਿਉਕਿ ਅਕਾਲੀ ਦਲ ਤਾਂ ਨਵੇਂ ਨਵੇਂ ਬਣ ਸਕਦੇ ਹਨ, ਪਰ ਅਕਾਲੀਅਤ ਕਿਥੋਂ ਪੈਦਾ ਹੋਵੇਗੀ।
ਜਿੰਨੀ ਦੇਰ ਓਹ ਸੰਸਕਾਰ ਜਿਹੜੇ ਅਕਾਲੀ ਦਲ ਨੂੰ ਬਣਾਉਣ ਸਮੇਂ ਸਾਡੇ ਵਡੇਰਿਆਂ ਵਿੱਚ ਸਨ, ਜੋ
ਤਿਆਗ ਅਤੇ ਜੋ ਕੌਮੀਂ ਪੰਥਕ ਜਜਬਾ ਉਹਨਾਂ ਵਿੱਚ ਸੀ, ਓਹ ਕਿਸੇ ਵਿੱਚ ਪੈਦਾ ਨਹੀਂ ਹੁੰਦਾ, ਓਨਾਂ
ਚਿਰ ਅਕਾਲੀ ਦਲ ਦੀ ਪੰਥਕ ਰੂਹ ਨੂੰ ਕਿਸੇ ਵਿੱਚ ਵੇਖਣਾ ਦੂਰ ਦੀ ਗੱਲ ਹੈ। ਅੱਜ ਜਦੋਂ ਅਕਾਲੀ
ਦਲ ਤਿਰਾਨਵੇ ਸਾਲਾਂ ਦਾ ਹੋਵੇਗਾ ਤਾਂ ਇਤਿਹਾਸਕਾਰ ਇਸਦਾ ਲੇਖਾ ਜੋਖਾ ਕਰਦੇ ਅਕਾਲੀ ਦਲ ਨੂੰ
ਬਿਨਾਂ ਰੂਹ ਤੋਂ ਇੱਕ ਬੁੱਤ ਦਾ ਦਰਜਾ ਹੀ ਦੇ ਸਕਦੇ ਹਨ।
ਹਾਲੇ ਵੀ ਮੌਜੂਦਾ ਸਿੱਖ ਅਕਾਲੀ ਆਗੂਆਂ
ਵਿਚੋਂ ਕਿਸੇ ਨੇ ਸਬਕ ਨਹੀਂ ਸਿੱਖਿਆ ਕਿ ਕੋਈ ਚਾਰਾ ਕਰਕੇ ਅਕਾਲੀ ਦਲ ਦੀ ਅਕਾਲੀਅਤ ਬਹਾਲ ਕਰਕੇ
ਬਜੁਰਗਾਂ ਦੀ ਵਿਰਾਸਤ ਨੂੰ ਸੰਭਾਲ ਲੈਣ ਆਪਣੇ ਆਪਨੂੰ ਅਕਾਲੀ ਦਲ ਦਾ ਜਨਮ ਦਿਨ ਮਨਾਉਣ ਦੇ ਕਾਬਲ
ਬਣਾ ਲੈਣ…………......?