Share on Facebook

Main News Page

ਧਰਮੀ ਫੌਜੀਆਂ ਦੀ ਕੁਰਬਾਨੀ ਤੇ ਕੋਰਟ ਮਾਰਸ਼ਲ ਤੋਂ ਲੈਕੇ ਤੀਹ ਵਰਿਆਂ ਦਾ ਸਫਰ ਕੌਮ ਨੂੰ ਕੁਝ ਆਖਦਾ ਹੈ
-: ਗੁਰਿੰਦਰਪਾਲ ਸਿੰਘ ਧਨੌਲਾ 93161 76519

* ਅੱਜ ਤੀਹ ਵਰੇ ਹੋ ਗਏ ਹਨ ਜਦੋਂ ਦਰਬਾਰ ਸਾਹਿਬ ਦੇ ਫੌਜੀ ਹਮਲੇ ਦੇ ਵਿਰੋਧ ਵਿਚ ਬੈਰਕਾਂ ਛਡਣ ਵਾਲੇ ਫੌਜੀਆਂ ਦਾ ਕੋਰਟ ਮਾਰਸ਼ਲ ਹੋਇਆ ਸੀ।

ਭਾਰਤੀ ਨਿਜ਼ਾਮ ਨੇ ਸੰਨ 1947 ਤੋਂ ਲੈਕੇ ਇੱਕ ਨਹੀਂ ਸਿੱਖਾਂ 'ਤੇ ਕਈ ਹਮਲੇ ਕੀਤੇ ਹਨ। ਕੋਈ ਵੀ ਮੌਕਾ ਹਥੋਂ ਜਾਣ ਨਹੀਂ ਦਿੱਤਾ ਜਾਂਦਾ ਬਹਾਨਾ ਲੱਭਕੇ ਸਿੱਖਾਂ ਨੂੰ ਦੰਡ ਦਿੱਤੇ ਗਏ ਹਨ। ਜੂਨ 1984 ਦਾ ਫੌਜੀ ਹਮਲਾ ਉਸ ਲੋਕਤੰਤਰ ਵੱਲੋਂ, ਜਿਸ ਨੂੰ ਬਣਾਉਣ ਵਿਚ ਸਿੱਖਾਂ ਨੇ ਪਚਾਸੀ ਪ੍ਰਤੀਸ਼ਤ ਕੁਰਬਾਨੀਆਂ ਕੀਤੀਆਂ ਹੋਣ, ਸਿੱਖਾਂ ਦੇ ਇਸ਼ਟ 'ਤੇ ਸਿੱਧਾ ਹਮਲਾ ਸੀ। ਇਸ ਫੌਜੀ ਹਮਲੇ ਨੂੰ ਭਾਰਤੀ ਪ੍ਰੈਸ ਅਤੇ ਭਾਰਤੀ ਨਿਜ਼ਾਮ ਨੇ ਬੜਾ ਹੀ ਸਧਾਰਨ ਅਤੇ ਸਮੇਂ ਤੇ ਕੀਤੀ ਗਈ ਯੋਗ ਕਾਰਵਾਈ ਸਾਬਤ ਕਰਨ ਵਾਸਤੇ, ਸਾਕਾ "ਨੀਲਾ ਤਾਰਾ" ਦਾ ਨਾਮ ਦਿੱਤਾ, ਜਦੋ ਕਿ ਇਹ ਇੱਕ ਨਸਲਕੁਸ਼ੀ ਸੀ। ਭਾਰਤ ਦੀ ਫੌਜ ਵਿਚ ਕਾਫੀ ਗਿਣਤੀ ਵਿੱਚ ਸਿੱਖ ਵੀ ਹਨ। ਜਿਹਨਾਂ ਨੇ ਆਪਣੇ ਵਡੇਰਿਆਂ ਵਲੋਂ ਪਚਾਸੀ ਪ੍ਰਤਿਸ਼ਤ ਕੁਰਬਾਨੀਆਂ ਕਰਕੇ ਲਈ ਆਜ਼ਾਦੀ ਦੀ ਆਬਰੂ ਬਚਾਉਣ ਵਾਸਤੇ ਅਹਿਮ ਰੋਲ ਅਦਾ ਕੀਤਾ ਅਤੇ ਆਜ਼ਾਦੀ ਦਾ ਚੀਰ ਹਰਨ ਹੋਣੋ ਬਚਾਇਆ। ਬੇਸ਼ੱਕ ਓਹ ਪਾਕਿਸਤਾਨ ਜਾਂ ਚੀਨ ਨਾਲ ਦੋ ਦੋ ਹਥ ਕਿਉਂ ਨਾ ਕਰਨੇ ਪਏ ਹੋਣ।

ਸਿੱਖ ਜਰਨੈਲਾਂ ਜਿਨਾਂ ਵਿੱਚ ਜੂਨ ਚੁਰਾਸੀ ਦੇ ਦਰਬਾਰ ਦੇ ਦੇ ਫੌਜੀ ਹਮਲੇ ਵਿੱਚ ਸ਼ਹੀਦ ਹੋਣ ਵਾਲੇ ਜਰਨਲ ਛੁਬੇਗ ਸਿੰਘ, ਜਰਨਲ ਜਗਜੀਤ ਸਿੰਘ ਅਰੋੜਾ ਅਤੇ ਚੀਫ਼ ਏਅਰ ਮਾਰਸ਼ਲ ਸ. ਅਰਜਨ ਸਿੰਘ ਵਰਗੇ ਜਰਨੈਲ ਸ਼ਾਮਲ ਸਨ, ਨੇ ਔਖੇ ਹਲਾਤਾਂ ਵਿੱਚ ਵੀ, ਜਦੋ ਭਾਰਤੀ ਹਕੂਮਤ ਅਤੇ ਭਾਰਤੀ ਰੱਖਿਆ ਮੰਤਰੀ ਫੌਜਾਂ ਨੂੰ ਪਿਛੇ ਹਟਣ ਦੀ ਸਲਾਹ ਦੇ ਰਹੇ ਹੋਣ, ਓਦੋ ਵੀ ਖਾਲਸਾਈ ਦਲੇਰੀ ਘੱਟ ਸਾਧਨਾਂ ਅਤੇ ਕਮਜ਼ੋਰ ਹਥਿਆਰਾਂ ਦੇ ਹੁੰਦਿਆਂ ਨਰੋਏ ਜੁੱਸੇ, ਕਰੜੀ ਜਮੀਰ ਅਤੇ ਕਲਗੀਧਰ ਦੀ ਗੁੜਤੀ ਸਦਕਾ ਭਾਰਤ ਦੀ ਪਿੱਠ ਨਹੀਂ ਲੱਗਣ ਦਿਤੀ। ਇਸਦਾ ਵੱਡਾ ਸਬੂਤ ਪਾਕਿਸਤਾਨੀ ਜਰਨੈਲਾਂ ਵੱਲੋਂ ਲਿਖੀਆਂ ਕਿਤਾਬਾਂ ਤੋਂ ਮਿਲਦਾ ਹੈ। ਜਿਹੜੇ ਸਪਸ਼ਟ ਲਿਖਦੇ ਹਨ ਕਿ ਪਾਕਿਸਤਾਨ ਭਾਰਤ ਦੇ ਖਿਲਾਫ਼ ਸਾਰੀਆਂ ਜੰਗਾਂ ਸਿੱਖਾ ਫੌਜੀਆਂ ਦੀ ਵਜਾਹ ਕਰਕੇ ਹੀ ਹਾਰਿਆ ਹੈ। ਪਰ ਇਸ ਭਾਰਤੀ ਨਿਜ਼ਾਮ ਨੇ ਉਹਨਾਂ ਜਰਨੈਲਾਂ ਨੂੰ ਤਰੱਕੀ ਜਾਂ ਸ਼ਾਬਾਸ਼ ਦੇਣ ਦੀ ਥਾਂ ਜਲੀਲ ਕਰ ਕਰਕੇ ਫੌਜ ਤੋਂ ਬਾਹਰ ਦਾ ਰਸਤਾ ਵਿਖਾਇਆ। ਇਹ ਸਿਲਸਲਾ ਪਿਛਲੇ ਇੱਕ ਦਹਾਕੇ ਤੱਕ ਚਲਦਾ ਆਇਆ ਹੈ ਕਿ ਕੋਈ ਸਿੱਖ ਫੌਜ ਦਾ ਮੁਖੀ ਨਹੀਂ ਬਣ ਸਕਦਾ ਸੀ?

ਜੰਗ ਭਾਵੇ ਪਾਕਿਸਤਾਨ ਨਾਲ ਹੋਵੇ ਜਾਂ ਚੀਨ ਨਾਲ ਹੋਵੇ ਸਿੱਖ ਫੌਜੀ ਬੇਸ਼ੱਕ ਇੱਕ ਸਿਪਾਹੀ ਵਜੋ ਕਿਸੇ ਜਰਨੈਲ ਦੀ ਕਮਾਂਡ ਵਿਚਰਦੇ ਸਨ, ਪਰ ਅਤਿਮਕ ਅਗਵਾਈ ਗੁਰੂ ਗ੍ਰੰਥ ਸਹਿਬ ਦੀ ਬਾਣੀ ਅਤੇ ਸਿੱਖ ਇਤਿਹਾਸ ਵਿਚੋ ਹੀ ਹੁੰਦੀ ਸੀ। ਜਿਸ ਕਰਕੇ ਹਥਿਆਰਾਂ ਨਾਲੋ ਹਿੰਮਤ ਉਤੇ ਵੱਧ ਭਰੋਸਾ ਕਰਕੇ ਜਿੱਤ ਨੂੰ ਆਪਣੇ ਵਿਹੜੇ ਲਿਆਉਣਾ ਸਿੱਖ ਫੌਜੀਆਂ ਵਾਸਤੇ ਇੱਜਤ ਦਾ ਸੁਆਲ ਹੁੰਦਾ ਸੀ। ਉਹ ਹਮੇਸ਼ਾਂ ਫੌਜ ਵਿਚੋ ਛੁੱਟੀ ਮਿਲਣ ਤੇ ਪਰਿਵਾਰ ਸਮੇਤ ਦਰਬਾਰ ਸਹਿਬ ਜਾਂ ਕਿਸੇ ਹੋਰ ਇਤਿਹਾਸਿਕ ਗੁਰੂ ਘਰ ਦੇ ਦਰਸਨ ਕਰਕੇ ਸਤਿਗਰੂ ਤੋ ਹਮੇਸ਼ਾਂ ਆਪਣਾ ਕਰਤਵ ਇਮਾਂਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਦੀ ਅਸੀਸ ਮੰਗਦਾ ਸੀ।

ਲੇਕਿਨ ਜਿਸ ਸਮੇ ਭਾਰਤੀ ਹਕੂਮਤ ਨੇ ਭਾਰਤੀ ਫੌਜ ਨੂੰ ਦਰਬਾਰ ਸਹਿਬ ਉਪਰ ਹਮਲਾ ਕਰਨ ਦਾ ਆਦੇਸ਼ ਦਿੱਤਾ ਤਾਂ ਹਰ ਸਿੱਖ ਫੌਜੀ ਦਾ ਹਿਰਦਾ ਛਾਨਣੀ ਹੋ ਗਿਆ। ਉਸ ਨੂੰ ਸੁੱਝ ਨਹੀਂ ਸੀ ਰਿਹਾ ਕਿ ਹੁਣ ਕੀ ਕੀਤਾ ਜਾਵੇ, ਕਿਊਕਿ ਹੁਣ ਤੱਕ ਉਹ ਜਿਸ ਇਸ਼ਟ ਸਾਹਮਣੇ ਇਸ ਦੇਸ ਦੀ ਸਲਾਮਤੀ ਵਾਸਤੇ ਜਿਸ ਫੌਜ ਵਿਚ ਰਲਕੇ ਆਪਾ ਕੁਰਬਾਨ ਕਰਨ ਦਾ ਪ੍ਰਣ ਲੈਦੇ ਸਨ ਅੱਜ ਉਸ ਦੇਸ ਦੀ ਹਕੂਮਤ ਨੇ ਉਨ੍ਹਾਂ ਦੇ ਇਸਟ ਤੇ ਹੀ ਹੱਲਾ ਬੋਲ ਦਿੱਤਾ। ਇਨ੍ਹਾਂ ਫੌਜੀਆਂ ਸਾਹਮਣੇ ਇੱਕ ਪਾਸੇ ਆਪਣੀਆਂ ਨੌਕਰੀਆਂ ਅਤੇ ਦੇਸ਼ ਸੀ। ਪਰ ਦੂਸਰੇ ਪਾਸੇ ਗੁਰੂ ਨਾਨਕ ਨਿਰੰਕਾਰੀ ਦੀ ਵਿਚਾਰਧਾਰਾ, ਗੁਰੂ ਅਰਜਨ ਦੇਵ ਦੀ ਤੱਤੀ ਤਵੀ, ਚਾਂਦਨੀ ਚੌਕ ਵਿੱਚ ਧਰਮ ਹੇਤ ਨੌਵੇ ਨਾਨਕ ਦਾ ਕੱਟਿਆ ਸੀਸ, ਅਸੂਲਾਂ ਨੂੰ ਪ੍ਰਣਾਉਦੇ ਸੱਤ ਅਤੇ ਨੌ ਸਾਲ ਦੀ ਉਮਰ ਦੇ ਬਾਬੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਹਕੂਮਤ ਦੀ ਦੀਵਾਰ ਵਿੱਚ ਖੜੇ, ਕਲਗੀਧਰ ਦੇ ਦੋ ਮੁੱਛ ਫੁੱਟ ਗੱਬਰੂ ਪੁੱਤ ਚਮਕੌਰ ਦੀ ਕੱਚੀ ਗੜੀ ਵਿਚ ਧਰਮ ਰੱਖਿਆ ਲਈ ਪੁਰਜਾ ਪੁਰਜਾ ਕੱਟਦੇ ਬਾਬਾ ਅਜੀਤ ਸਿੰਘ ਬਾਬ ਜੂਝਾਰ ਸਿੰਘ ਤੋ ਇਲਾਵਾ, ਇਸ ਧਰਮ ਪਿੱਛੇ ਆਰਿਆਂ ਨਾਲ ਸੀਸ ਚਿਰਾਉਦੇਂ, ਦੇਗਾਂ ਵਿੱਚ ਉਬਲਦੇ, ਬੰਦ ਬੰਦ ਕਟਵਾਉਦੇ, ਕੇਸਾਂ ਪਿੱਛੇ ਖੋਪਰੀਆਂ ਲਹਾਉਦੇ, ਉਹ ਮਾਵਾਂ ਸਿੱਖੀ ਸਿੱਦਕ ਪਿੱਛੇ ਮਾਸੂਮ ਬੱਚਿਆ ਦੇ ਟੋਟੋ ਝੋਲੀਆ ਵਿਚ ਪਵਾਕੇ ਬੈਠੀਆਂ ਨਜਰ ਆਉਦੀਆਂ ਸਨ। ਜਿਸ ਰੱਬੀ ਬਾਣੀ ਅੱਗੇ ਅਰਦਾਸ ਕਰਕੇ ਸਿੱਖ ਫੌਜੀ ਜੰਗ ਲਈ ਕਮਰਕਸੇ ਕਰਦੇ ਸਨ, ਉਹ ਗੁਰੂ ਗ੍ਰੰਥ ਸਾਹਿਬ ਭਾਰਤੀ ਫੌਜ ਦੇ ਬਰੂਦ ਵਿਚ ਲਟ ਲਟ ਕਰਕੇ ਸੜਦਾ ਨਜਰ ਆਉਦਾ ਸੀ।

ਇਸ ਸਮੇ ਸਿੱਖ ਫੌਜੀਆਂ ਕੋਲ ਕੋਈ ਚਾਰਾ ਨਹੀਂ ਸੀ। ਉਨ੍ਹਾਂ ਨੇ ਆਪਣੇ ਸਮਝ ਮੁਤਾਬਕ ਦਰਬਾਰ ਸਾਹਿਬ ਦੇ ਫੌਜੀ ਹਮਲੇ ਨੂੰ ਰੋਕਣ ਲਈ ਆਪਣੀਆਂ ਨੌਕਰੀਆਂ ਜਾਂ ਜਾਨਾਂ ਦੀ ਉੱਕਾ ਹੀ ਪ੍ਰਵਾਹ ਨਾ ਕਰਦਿਆਂ ਆਪਣੀਆਂ ਬੈਰਕਾਂ ਛੱਡਕੇ ਅਮ੍ਰਿਤਸਰ ਵੱਲ ਕੂਚ ਕਰਨ ਦਾ ਫੈਸਲਾ ਕਰ ਲਿਆ। ਰਸਤੇ ਵਿਚ ਵੱਡੀ ਗਿਣਤੀ ਫੌਜ ਨੇ ਉਨ੍ਹਾਂ ਨੂੰ ਰੋਕਣ ਲਈ ਵੱਡੇ ਤੋ ਵੱਡੇ ਹਥਿਆਰ ਅਤੇ ਹਰ ਜੁਲਮ ਨੂੰ ਅਮਲ ਵਿਚ ਲਿਆਦਾ। ਸਿੱਖ ਫੌਜੀਆਂ ਨੇ ਹਕੂਮਤ ਦੇ ਜੁਲਮ ਸਾਹਮਣੇ ਸਹੀਦੀਆਂ ਦੇਕੇ ਆਪਣੇ ਸਬਰ ਦੀ ਕਸਵੱਟੀ ਤੇ ਪੂਰੇ ਉਤਰਨ ਦਾ ਸਬੂਤ ਦਿੱਤਾ। ਇਹ ਗੱਲ ਇੱਕ ਸੁÎਨਿਹਰਾ ਇਤਿਹਾਸ ਹੈ ਕਿ ਇਨ੍ਹਾਂ ਬੈਰਕਾ ਸੱਡਨ ਵਾਲੇ ਫੌਜੀਆਂ ਨੇ ਆਪਣੇ ਜਜਬਾਤ ਅਤੇ ਜਜਬਾਤ ਅਤੇ ਭਾਵਨਾਵਾਂ ਨੂੰ ਕਾਬੂ ਰੱਖਦਿਆ ਕਿਸੇ ਇੱਕ ਵੀ ਨਿਹੱਥੇ ਭਾਰਤੀ ਤੇ ਗੋਲੀ ਨਹੀਂ ਚਲਾਈ ਜੇ ਇਹ ਫੌਜੀ ਗੁਰੂ ਨਾਨਕ ਦੇ ਰਾਹਾਂ ਦੇ ਪਾਧੀ ਨਾਂ ਹੁੰਦੇ ਤਾਂ ਦਰਬਾਰ ਸਹਿਬ ਵੱਲ ਭੱਜਣ ਦੀ ਵਜਾਏ ਆਪਣੀ ਜੂਨਿਟ ਦੇ ਨੇੜਲੇ ਸਹਿਰ ਵਿਚ ਹੀ ਗੈਰ ਸਿੱਖਾਂ ਦਾ ਨੁਕਸਾਨ ਕਰਕੇ ਫੌਜੀ ਹਮਲਾ ਤੂਰੰਤ ਰੋਕਣ ਵਾਸਤੇ ਮਹੌਲ ਪੈਦਾ ਕਰ ਸਕਦੇ ਸਨ ਜਿਵੇ ਇੰਦਰਾ ਗਾਧੀ ਦੀ ਹੱਤਿਆ ਤੋ ਬਾਅਦ ਦਿੱਲੀ ਸਮੇਤ ਹੋਰਨਾਂ ਸਹਿਰਾਂ ਵਿਚ ਸਿੱਖਾਂ ਦੇ ਗਲਾਂ ਵਿਚ ਟਾਇਰ ਪਾ ਕੇ ਅਤੇ ਇੱਝਤਾਂ ਲੁੱਟ ਕੇ ਕੀਤਾ ਗਿਆ ਸੀ। ਪਰ ਉਹ ਰੋਜ ਏਕੇ ਪਿਤਾ ਏਕਸ ਕਿ ਹਮ ਬਾਰਿਕ ਦੇ ਸਿਧਾਂਤ ਨੂੰ ਪੜ ਪੜ ਕੇ ਸੀਸੇ ਵਰਗਾ ਸਾਫ ਹਿਰਦੇ ਦੇ ਮਾਲਿਕ ਬਣ ਚੁੱਕੇ ਸਨ ਇਸ ਕਰਕੇ ਹੀ ਇਨ੍ਹਾਂ ਫੌਜੀਆਂ ਨੂੰ ਜਿੱਥੇ ਭਾਰਤੀ ਹਕੂਮਤ ਭਗੌੜੇ ਜਾਂ ਬਗਾਬਤੀ ਫੌਜੀ ਆਖਦੀ ਹੈ ਪਰ ਸਿੱਖ ਪੰਥ ਅਤੇ ਇਤਿਹਾਸ ਇਨ੍ਹਾਂ ਨੂੰ ਧਰਮੀ ਫੌਜੀ ਆਖ ਕਿ ਸਤਿਕਾਰਦਾ ਹੈ।

ਬੇਸੱਕ ਧਰਮ ਤੇ ਹਮਲੇ ਦੇ ਰੋਸ ਵਜੋ ਸਿੱਖ ਫੌਜੀਆਂ ਨੇ ਬੈਰਕਾਂ ਛੱਡੀਆਂ ਪਰ ਸ੍ਰ. ਪ੍ਰਕਾਸ ਸਿੰਘ ਬਾਦਲ ਵਰਗੇ ਇੱਕ ਪਕਰੌੜ ਸਿਅਸਤਦਾਨ ਨੇ 8 ਜੂਨ 1984 ਨੂੰ ਸਿੱਖ ਫੌਜੀਆਂ ਨੂੰ ਬਗਾਬਤ ਕਰਨ ਦੀਆਂ ਅਪੀਲਾ ਵੀ ਕੀਤੀਆਂ ਅਤੇ ਭਰੋਸੇ ਵੀ ਦਿਵਾਏ ਕਿ ਸਮਾਂ ਆਉਣ ਤੇ ਇਨ੍ਹਾਂ ਫੌਜੀਆਂ ਦਾ ਯੋਗ ਸਨਮਾਨ ਕੀਤਾ ਜਾਵੇਗਾ। ਬੇਸੱਕ ਸਿੱਖ ਫੌਜੀਆਂ ਨੇ ਬੈਰਕਾਂ ਬਾਦਲ ਵਰਗੇ ਆਗੂ ਦੇ ਕਹਿਣ 'ਤੇ ਨਹੀਂ ਛੱਡੀਆਂ, ਸਗੋ ਧਰਮ ਅਤੇ ਕੋਮ ਤੇ ਬਣੀ ਭੀੜ ਨੂੰ ਵੇਖਕੇ ਆਪਣੀ ਨੈਤਿਕਤਾ ਅਤੇ ਗੁਰੂ ਨਾਲ ਕੀਤੇ ਕੋਲਾਂ ਨੂੰ ਨਿਭਾਉਦਿਆ ਆਪਣਾ ਧਾਰਮਿਕ ਫਰਜ ਅਦਾ ਕੀਤਾ ਹੈ। ਪਰ ਜਦੋ ਸਿੱਖਾਂ ਦੀ ਸਾਰੀ ਸਿਆਸੀ ਸਕਤੀ ਹੀ ਪ੍ਰਕਾਸ ਸਿੰਘ ਬਾਦਲ ਕੋਲ ਆ ਗਈ ਤਾਂ ਉਸ ਨੂੰ ਗਊ ਹੱਤਿਆ ਦੇ ਕਾਨੂੰਨ ਬਣਾਉਣ ਵਿਚ ਤਾਂ ਰਤਾ ਵੀ ਹਿਚਕਾਹਟ ਨਹੀਂ ਹੋਈ, ਲੇਕਿਨ ਧਰਮੀ ਫੌਜੀਆਂ ਦਾ ਖਿਆਲ ਅੱਜ ਤੱਕ ਵੀ ਨਹੀਂ ਆਇਆ। ਜੇ ਦੇਸ ਦਾ ਸਵਿੰਧਾਨ ਜਾ ਫੌਜ ਦਾ ਕਾਨੂੰਨ ਕਿਸੇ ਫੌਜੀ ਛੱਡਣ ਤੋ ਬਾਅਦ ਮੁੜ ਫੌਜੀ ਡਿਊਟੀ ਤੇ ਆਉਣ ਦੀ ਆਗਿਆ ਨਹੀਂ ਦਿੰਦਾ ਤਾਂ ਪੰਜਾਬ ਦੀ ਕਿਸੇ ਮਾਰਕੀਟ ਕਮੇਟੀ ਜਾ ਨਗਰ ਸੁਧਾਰ ਟਰਸਟ ਦਾ ਚੇਅਰਮੈਨ ਬਣਾਏ ਜਾਣ ਤੇ ਤਾਂ ਕੋਈ ਪਾਬੰਧੀ ਨਹੀਂ ਸੀ।

ਪਰ ਸ੍ਰ ਬਾਦਲ ਨੇ ਬਲਾਤਕਾਰੀਆਂ ਨਸ਼ਾਤਸਕਰਾਂ ਅਤੇ ਭੂੰ ਮਾਫੀਆ ਜਗਤ ਵਿੱਚ ਜਾਣੇ ਜਾਂਦੇ ਬਹੁਤ ਸਾਰੇ ਲੋਕਾਂ ਨੂੰ ਤਾਂ ਅਜਿਹੀਆਂ ਪਦਵੀਆ ਜਰੂਰ ਦਿੱਤੀਆਂ, ਪਰ ਕਿਸੇ ਧਰਮੀ ਫੌਜੀ ਨੂੰ ਕਿਸੇ ਕਾਰਪੋਰੇਸ਼ਨ ਵਿੱਚ ਚਪੜਾਸੀ ਦੀ ਨੌਕਰੀ ਵੀ ਨਾ ਮਿਲ ਸਕੀ? ਕੀਹ ਫਰਕ ਪੈਦਾ ਸੀ ਜੇ ਕਿਸੇ ਡੇਰੇਦਾਰ ਦੇ ਪੈਰੋਕਾਰਾਂ, ਦਾਹੜੀ ਰੰਗਣ ਵਾਲਿਆਂ, ਪਤਿਤ ਪਰਿਵਾਰਾਂ ਦੇ ਵਾਰਸਾਂ, ਲੁੱਕ ਲੁੱਕ ਕੇ ਸ਼ਰਾਬ ਪੀਣਿਆਂ ਨਾਲੋ ਕੁੱਝ ਧਰਮੀ ਫੌਜੀਆਂ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣਾ ਦਿੱਤਾ ਜਾਂਦਾ। ਜੇ ਆਪਣੀ ਧੀ ਦੇ ਕਤਲ ਅਤੇ ਭਰੂਣ ਹੱਤਿਆ ਦੀ ਦੋਸ਼ੀ ਬੀਬੀ ਜੰਗੀਰ ਕੌਰ ਸ੍ਰੋਮਣੀ ਕਮੇਟੀ ਦੀ ਪ੍ਰਧਾਨ ਬਣ ਸਕਦੀ ਹੈ ਤਾਂ ਧਰਮ ਪਿੱਛੇ ਵਗਾਬਤ ਕਰਨ ਵਾਲਾ ਇੱਕ ਧਰਮੀ ਫੌਜੀ ਇਸ ਰੁੱਤਬੇ ਲਈ ਫਿੱਟ ਕਿਊ ਨਹੀਂ ਹੋ ਸਕਦਾ। ਪੰਜਾਬ ਦੇ 13 ਲੋਕ ਸਭਾ ਅਤੇ 117 ਵਿਧਾਨ ਸਭਾ ਹਲਕਿਆ ਵਿਚ ਜੇ ਭਾਈ ਭਤੀਜਿਆ ਜਾਂ ਪੁੱਤਰਾਂ ਦੇ ਸਾਲਿਆ ਦੀ ਨਾਮਜਾਦਗੀ ਹੋ ਸਕਦੀ ਹੈ ਤਾਂ ਬਾਬੇ ਨਾਨਕ ਦੇ ਪਰਿਵਾਰ ਵਿਚੋ ਧਰਮੀ ਫੌਜੀਆਂ ਨੂੰ ਇਹ ਲਾਹਾ ਕਿਉਂ ਨਹੀਂ ਦਿੱਤਾ ਜਾ ਸਕਦਾ। ਪਰ ਅਫਸੋਸ ਇਹ ਤਾਂ ਬਹੁਤ ਵੱਡੀਆਂ ਗੱਲਾਂ ਹਨ। ਦਰਬਾਰ ਸਹਿਬ ਦੇ ਹਮਲੇ ਤੋ ਬਾਅਦ ਪਹਿਲੀ ਬਰਨਾਲਾ ਅਕਾਲੀ ਸਰਕਾਰ ਨੇ ਤਾਂ ਕੁਝ ਨਾ ਮਾਤਰ ਸਹੂਲਤਾਂ ਦੇਣ ਦਾ ਯਤਨ ਤਾਂ ਕੀਤਾ ਸੀ। ਬੇਸ਼ੱਕ ਉਸ ਨੂੰ ਫਲ ਨਹੀਂ ਲੱਗ ਸੱਕਿਆ। ਪਰ ਸ੍ਰ ਪ੍ਰਕਾਸ ਸਿੰਘ ਬਾਦਲ ਨੇ ਤਿੰਨ ਵਾਰੀ ਮੁੱਖ ਮੰਤਰੀ ਬਣਕੇ ਅੱਜ ਤੱਕ ਧਰਮੀ ਫੌਜੀਆ ਦੀ ਸਾਰ ਨਹੀਂ ਲਈ। ਜਦੋ ਕਿ ਸ੍ਰ ਪਕਾਸ ਸਿੰਘ ਬਾਦਲ ਸਤਾ ਤੋ ਲਾਂਭੇ ਹੁੰਦਿਆ ਵੋਟਾਂ ਦਾ ਲਾਹਾ ਲੈਣ ਲਈ ਪਾਰਟੀ ਦੀ ਹਰ ਮੀਟਿੰਗ ਵਿੱਚ ਧਰਮੀ ਫੌਜੀਆਂ ਦੇ ਮੁੜ. ਵਸੇਬੇ ਦਾ ਜੁੰਮਾ ਚੁੱਕਣ ਦਾ ਮਤਾ ਪਾਸ ਕਰਦੇ ਰਹੇ ਹਨ।

ਅੱਜ ਤੋ 30 ਵਰੇ ਪਹਿਲਾਂ ਅੱਜ ਦੇ ਦਿਨ ਹੀ ਭਾਰਤੀ ਫੌਜ ਨੇ ਫੌਜੀ ਕਾਨੂੰਨ ਦੀ ਧਾਰਾ 37 ਏ ਅਤੇ 37 ਬੀ ਅਧੀਨ 309 ਫੌਜੀਆਂ ਦਾ ਜਰਨਲ ਕੋਰਟ ਮਾਰਸ਼ਲ ਕੀਤਾ। ਜਿਸ ਵਿਚ ਦੋ ਸਾਲ ਤੋ ਵਧੇਰੇ ਸਖਤ ਕੈਦ ਅਤੇ ਨੌਕਰੀ ਤੋ ਸਦਾ ਲਈ ਜਵਾਬ ਦੀ ਸਜਾ ਤਹਿ ਸੀ ਅਤੇ ਲੱਗਭੱਗ 3000 ਤੋ ਵਧੇਰੇ ਫੌਜੀਆਂ ਦਾ ਸੈਮੀ ਕੋਰਟ ਮਾਰਸ਼ਲ ਕਰਕੇ ਬਾਕੀ ਦੀ ਰਹਿੰਦੀ ਨੌਕਰੀ ਦੁਸ਼ਵਾਰੀਆਂ, ਮੁਸ਼ਕਲਾਂ ਅਤੇ ਜਲਾਲਤ ਭਰੀ ਬਣਾ ਦਿੱਤੀ ਗਈ ਤਾਂ ਕਿ ਇਹ ਫੌਜੀ ਵੀ ਘਰਾਂ ਨੂੰ ਜਾਣ ਵਾਸਤੇ ਮਜਬੂਰ ਹੋ ਜਾਣ।

ਧਰਮੀ ਫੌਜੀਆਂ ਵਲੋ ਆਲ ਇੰਡੀਆਂ ਸਿੱਖ ਧਰਮੀ ਫੌਜੀ ਐਸੋਸੀਏਸ਼ਨ ਨਾਮ ਦੀ ਸੰਸਥਾ ਬਣਾਕੇ ਭਾਈ ਅਮਰੀਕ ਸਿੰਘ, ਭਾਈ ਬਲਦੇਵ ਸਿੰਘ ਭਲੋਜਲਾ,ਭਾਈ ਜਰਨੈਲ ਸਿੰਘ ਖੈਰਾਬਾਦ, ਭਾਈ ਤਰਲੋਚਨ ਸਿੰਘ ਮਾਨੋਚਹਿਲ, ਭਾਈ ਬਲਦੇਵ ਸਿੰਘ ਸੋਹਲ ਅਤੇ ਭਾਈ ਅਰੂੜ ਸਿੰਘ ਤਰਨਤਾਰਨ ਨੇ ਅਨੇਕਾਂ ਵਾਰ ਪੰਜਾਬ ਦੇ ਮੁੱਖ ਮੰਤਰੀ ਸ੍ਰ ਪਕਾਸ ਸਿੰਘ ਬਾਦਲ, ਮੰਤਰੀਆਂ ਅਤੇ ਸਿੱਖ ਆਗੂਆਂ ਕੋਲ ਵਾਰ ਵਾਰ ਗੇੜੇ ਮਾਰਕੇ ਧਰਮੀ ਫੌਜੀਆਂ ਦੀ ਮੰਦਹਾਲੀ ਵਾਲੀ ਜਿੰਦਗੀ ਅਤੇ ਮੁੜ ਵਸੇਬੇ ਵਾਸਤੇ ਫਰਿਆਦਾਂ ਕੀਤੀਆ, ਪਰ ਕੋਈ ਵੀ ਬੇਨਤੀ ਅੱਜ ਤੱਕ ਰਾਸ ਨਹੀਂ ਆਈ। ਇਨ੍ਹਾਂ ਵਿਚੋ ਬਾਬਾ ਗੁਰਬਚਨ ਸਿੰਘ ਮਾਨੌਚਾਹਲ ਦੇ ਭਰਾਤਾ ਭਾਈ ਤਰਲੋਚਨ ਸਿੰਘ ਦੇ ਨਿੱਜੀ ਮਕਾਨ ਤੇ ਪੁਲੀਸ ਅੱਜ ਤੱਕ ਵੀ ਜਬਰੀ ਕਬਜਾ ਕਰਕੇ ਪੁਲੀਸ ਚੌਕੀ ਬਣਾਈ ਬੈਠੀ ਹੈ। ਕੁਝ ਧਰਮੀ ਫੌਜੀ ਤਸ਼ੱਦਦ ਦੇ ਮਾਰੇ ਭਿਆਨਿਕ ਬਿਮਾਰੀਆ ਦਾ ਮੁਕਾਬਲਾ ਕਰ ਰਹੇ ਹਨ। ਆਰਥਿਕ ਮੰਦਹਾਲੀ ਤੇ ਚੱਲਦਿਆਂ ਪਰਿਵਾਰਾਂ ਦੀ ਸੱਧਰਾਂ ਸੱਥਰ ਵਿਚ ਬਦਲ ਚੁੱਕੀਆ ਹਨ।

ਪਰ ਮੇਰੀ ਕੌਮ ਵੀ ਆਗੂਆਂ ਵਾਂਗੂ ਬੇਖਬਰ ਹੈ। ਅੱਜ ਦੇ ਦਿਨ ਜਦੋ ਇਨ੍ਹਾਂ ਧਰਮੀ ਫੌਜੀਆਂ ਦਾ ਕੋਰਟ ਮਾਰਸ਼ਲ ਹੋ ਰਿਹਾ ਸੀ ਤਾਂ ਉਨਾ ਦੇ ਹੌਸਲੇ ਬੁਲੰਦ ਸਨ ਕਿ ਅਸੀ ਜਿਸ ਕੌਮ ਅਤੇ ਜਿਸ ਧਰਮ ਵਾਸਤੇ ਆਪਣਾ ਫਰਜ ਨਿਭਾਇਆ ਹੈ, ਉਹ ਕੌਮ ਅਤੇ ਉਸ ਧਰਮ ਦੇ ਪੈਰੋਕਾਰ ਸਾਨੂੰ ਹੱਥੀ ਛਾਂਵਾ ਕਰਨਗੇ, ਪਰ ਹੁਣ ਉਹ 30 ਸਾਲਾਂ ਦੇ ਇਸ ਬਿੱਖੜੇ ਪੈਡੇ ਵਿੱਚ ਔਝੜ ਰਾਹਾਂ ਦੀਆਂ ਕਠਨਾਈਆਂ ਅਤੇ ਰਸਤੇ ਵਿਚ ਆਪਣਿਆ ਵਲੋ ਦਿੱਤੇ ਜਖਮਾਂ ਦੀ ਪੀੜ ਨੂੰ ਝੱਲਦਿਆਂ, ਕਦੇ 30 ਸਾਲ ਪਿੱਛੇ ਫੌਜ ਵਲੋ ਕੀਤੇ ਕੋਰਟ ਮਾਰਸ਼ਲ ਨੂੰ ਤੱਕਦੇ ਹਨ ਅਤੇ ਕਦੇ ਕੌਮ ਵਲੋ ਬੇਧਿਆਨੀ ਨਾਲ ਦਿੱਤੀ ਸਜਾ ਨੂੰ ਵੇਖਦੇ ਹਨ। ਪਰ ਬਲਿਹਾਰ ਜਾਈਏ ਇਹ ਧਰਮੀਂ ਫੌਜੀ ਅੱਜ ਵੀ ਆਪਣਾ ਸਿੱਖੀ ਸਰੂਪ ਅਤੇ ਜਜ਼ਬਾ ਲੈਕੇ ਪੰਥ ਦੀ ਚੜਦੀਕਲਾ ਦੀ ਅਰਦਾਸ ਕਰਦੇ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top