ਹਰ
ਕੱਚੀ ਬਾਣੀ ਉੱਤੇ "ਪਾਤਸ਼ਾਹੀ 10" ਦਾ ਠੱਪਾ ਲਾ ਦੇਣ ਨਾਲ ਉਹ "ਦਸਮ ਬਾਣੀ" ਨਹੀਂ ਬਣ ਜਾਂਦੀ,
ਮੇਰੇ ਵੀਰੋ! ਉਸ ਦੀ ਪੜਚੋਲ ਲਈ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਉਤੇ,
ਉਸਨੂੰ ਪਰਖ ਕੇ ਵੇਖਣਾ ਪੈਂਦਾ ਹੈ, ਕਿ ਇਹ "ਗੁਰਮਤਿ" ਹੈ, ਜਾਂ "ਅਨਮਤਿ"! ਥੱਲੇ ਭਾਵੇਂ "ਕਵਿ
ਸਯਾਮ" ਦਾ ਨਾਂ ਲਿਖਿਆ ਹੋਵੇ ਭਾਵੇਂ "ਕਵਿ ਰਾਮ" ਦਾ ਨਾਮ, ਲੇਕਿਨ ਇਹ ਹਰ ਰਚਨਾ ਦੇ ਉੱਤੇ "ਪਾਤਸ਼ਾਹੀ
10" ਦਾ ਠੱਪਾ ਲਾਈ ਜਾਂਦੇ ਹਨ।
ਅਖੌਤੀ ਦਸਮ ਗ੍ਰੰਥ ਨਾਮ ਦੇ ਇਸ ਪੋਥੇ ਦਾ ਸੰਪਾਦਕ ਬਹੁਤ ਹੀ ਚਾਲਾਕ
ਹੈ। ਉਹ ਤੁਹਾਡੀ ਅਰਦਾਸ ਵਿਚ ਤਾਂ "ਭਗੁੳਤੀ ਦੇਵੀ" ਅਗੇ
ਤੁਹਾਡੇ ਕੋਲੋਂ ਉਸਤਤ ਕਰਵਾਂਉਦਾ ਹੀ ਰਹਿੰਦਾ ਹੈ, "ਪ੍ਰਿਥਮ ਭਗਉਤੀ ਸਿਮਰ ਕੈ... ਲੇਕਿਨ "ਸ਼੍ਰੀ
ਸ਼ਸ਼ਤ੍ਰ ਨਾਮ ਮਾਲਾ", ਨਾਮ ਦੀ ਰਚਨਾ ਜੋ ਇਸ ਕਿਤਾਬ ਜੋ 717 ਵੇਂ ਪੰਨੇ ਤੋਂ ਸ਼ੁਰੂ ਹੁੰਦੀ ਹੈ
ਅਤੇ 808 ਵੇਂ ਸਫੇ ਤੇ ਖਤਮ ਹੁੰਦੀ ਹੈ।
ਇਸ ਕਿਤਾਬ ਦੇ ਇਨ੍ਹਾਂ 91 ਪੰਨਿਆਂ ਵਿੱਚ, ਇਸਨੂੰ ਲਿਖਣ ਵਾਲਾ, ਕਿੰਨੇ ਹਿੰਦੂ ਦੇਵੀ ਦੇਵਤਿਆਂ
ਅਤੇ ਮਿਥਿਹਾਸਕ ਪਾਤਰਾਂ ਨੂੰ ਤੁਹਾਡੇ ਕੋਲੋਂ ਪੁਜਵਾ ਕਰਵਾ ਰਿਹਾ ਹੈ, ਇਸ ਦਾ ਅੰਦਾਜਾ ਤਾਂ
ਤੁਸੀਂ, ਕਦੀ ਲਾਇਆ ਹੀ ਨਹੀਂ ਹੋਣਾ।
ਅਕਾਲ ਤਖਤ ਦਾ ਹੈਡ ਗ੍ਰੰਥੀ ਗਿਆਨੀ ਗੁਰਬਚਨ ਸਿੰਘ ਅਪਣੀ ਤਕਰੀਰ ਵਿਚ ਇਸੇ "ਸ਼ਸ਼ਤ੍ਰ ਨਾਮ ਮਾਲਾ"
ਨੂੰ ਗੁਰੂ ਦੀ ਰਚਿਤ ਬਾਣੀ ਕਹਿ ਰਿਹਾ ਹੈ, ਲੇਕਿਨ ਕੀ ਇਹ ਗਿਆਨੀ ਅਖਵਾਉਣ ਵਾਲਾ ਬੰਦਾ, ਇਹ ਦਸ
ਸਕਦਾ ਹੈ, ਕਿ ਇਸ ਰਚਨਾ ਵਿੱਚ ਲਿਖੇ ਹੋਏ ਇਹ ਪਾਤਰ ਕੌਣ ਹਨ ?
ਦਸਮ ਗ੍ਰੰਥੀਉ! ਸਾਡੀ ਗਲ ਤਾਂ ਤੁਸੀਂ ਮੰਨਣੀ ਨਹੀਂ ! ਅਪਣੀਆਂ ਅੱਖਾਂ
ਖੋਲ ਕੇ, ਇਸ ਕਿਤਾਬ ਦਾ ਪੰਨਾਂ ਨੰਬਰ 719 ਅਤੇ 720 ਪੜ੍ਹ ਲਵੋ, ਜੋ ਇਸ ਲੇਖ ਨਾਲ ਇਥੇ ਪਾ ਰਹੇ
ਹਾਂ। ਤੇ ਹੁਣ ਦਸੋ, ਕਿ ਇਹ ਯਸਟੀਸ਼ਰ, ਲਛਮਨ, ਘਟੋਤਕਚ, ਬਿਸਨ, ਨਰਕਾਸੁਰ, ਪ੍ਰਿਥਮ ਚੰਦੇਰੀ
ਨਾਥ, ਬਿਰਹ, ਗਿਰਧਰ, ਕਾਲੀ ਨਥੀਆ, ਕੰਸ, ਸ਼੍ਰੀ ਉਪੇਂਦਰ, ਬਕ੍ਰਤ ਨਾਮ ਦਾ ਦੈਂਤ (ਰਾਖਸ਼), ਇਹ
ਸਾਰੇ ਤੁਹਾਡੇ ਕੀ ਲਗਦੇ ਹਨ? ਜਿਨ੍ਹਾਂ ਨੂੰ ਇਹ ਕਵੀ "ਪ੍ਰਿਥਮ ਉਚਾਰ ਕੇ" ਜਾਂ "ਪ੍ਰਿਥਮ ਸਿਮਰ
ਕੇ" ਤੋਂ ਬਿਨਾਂ ਸਾਨੂੰ ਸ਼ਸ਼ਤ੍ਰ ਚੁਕਣ ਦੀ ਇਜਾਜਤ ਵੀ ਨਹੀਂ ਦਿੰਦਾ ?
ਚੁਕ ਲਵੋ ਡਾਂਗਾਂ ਜਾਂ ਬੁਲਾ ਲਵੋ ਸਾਨੂੰ "ਸਕੱਤਰੇਤ" ਵਿੱਚ, ਛੇਕਣ ਲਈ ! ਹੋ ਸਕਦਾ ਹੈ, ਐਸਾ
ਕਰਣ ਨਾਲ ਇਹ ਸਾਰੇ ਹਿੰਦੂ ਮਿਥਿਹਾਸ ਦੇ ਪਾਤਰ, "ਪ੍ਰਿਥਮ ਭਗੁੳਤੀ" ਵਾਂਗ ਤੁਹਾਡਾ "ਅਕਾਲਪੁਰਖ"
ਸਾਬਿਤ ਹੋ ਜਾਣ? ਕੀ ਤੁਸੀਂ ਕਿਸੇ ਸ਼ਸ਼ਤ੍ਰ ਨੂੰ ਚੁਕਣ ਲਈ "ਅਕਾਲਪੁਰਖ" ਦਾ ਨਾਮ ਲਵੋਗੇ ਜਾਂ "ਚੰਦੇਰੀ
ਨਾਥ" ਦਾ? ਕੀ ਤੁਸੀਂ ਕਿਰਪਾਣ ਨੂੰ ਵਰਤਨ ਵੇਲੇ "ਵਾਹਿਗੁਰੂ ਜੀ ਕੀ ਫਤਿਹ" ਕਹੋਗੇ ਕਿ ਦੈਂਤ "ਬਕ੍ਰਤ
ਜੀ ਕੀ ਫਤਿਹ" ਕਹੋਗੇ? ਕਿਸੇ ਕੋਲ ਇਸਦਾ ਜਵਾਬ ਹੈ ਤਾਂ ਜਰੂਰ ਦੇਣਾ? ਨਹੀਂ ਤਾਂ ਇਸ "ਹਿੰਦੂ
ਮਿਥਿਹਾਸ" ਨਾਲ ਸਿੱਖਾਂ ਨੂੰ ਜੋੜਨ ਵਾਲੀ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਤੋਂ
ਤੋੜਨ ਵਾਲੀ ਇਸ "ਕੂੜ ਕਿਤਾਬ" ਨੂੰ "ਦਸਮ ਬਾਣੀ" ਕਹਿਣਾ ਛੱਡ ਦਿਉ!
ਹੁਣ ਬਹੁਤ ਹੋ ਚੁਕਾ, ਹੋਰ ਬਰਦਾਸ਼ਤ ਨਹੀਂ ਹੁੰਦਾ! ਸਾਡੀ ਗਲ ਤਾਂ
ਤੁਸੀਂ ਮੰਨਣੀ ਨਹੀਂ! ਇਸ ਪੋਥੇ ਦੀ ਇਸ ਰਚਨਾਂ ਦੇ ਪੰਨਾਂ ਨੰਬਰ
719 ਅਤੇ
720 ਨੂੰ ਚੰਗੀ ਤਰ੍ਹਾਂ ਪੜ੍ਹ
ਲਵੋ !
ਯਸਟੀਸ਼ਰ ਕੋ ਪ੍ਰਿਥਮ ਕਹਿ ਪੁਨ
ਬਚ ਕਹੁ ਅਰਧੰਗ ॥ ਨਾਮ ਸੈਹਥੀ ਕੇ ਸਭੈ ਉਚਰਤ ਜਾਹੁ ਨਿਸ਼ੰਗ ॥੫੨॥
ਲਛਮਨ ਅਉਰ ਘਟੋਤਕਚ
ਏ ਪਦ ਪ੍ਰਿਥਮ ਉਚਾਰਿ ॥ ਪੁਨਿ ਅਰਿ ਭਾਖੋ ਸ਼ਕਤ ਕੇ ਨਿਕਸਹਿ ਨਾਮ ਅਪਾਰ ॥੫੫॥
ਬਿਸ਼ਨ ਨਾਮ ਪ੍ਰਿਥਮੈ ਉਚਰਿ ਪੁਨ ਪਦ ਸ਼ਸਤ੍ਰ ਉਚਾਰਿ ॥
ਨਾਮ ਸੁਦਰਸ਼ਨ ਕੇ ਸਭੈ ਨਿਕਸਤ ਜਾਹਿ ਅਪਾਰ ॥੫੭॥
ਨਰਕਾਸੁਰ ਪ੍ਰਿਥਮੈ ਉਚਰਿ ਪੁਨ ਰਿਪੁ ਸ਼ਬਦ ਬਖਾਨ ॥
ਨਾਮ ਸੁਦਰਸ਼ਨ ਚੱਕ੍ਰ ਕੋ ਚਤੁਰ ਚਿੱਤ ਮੈ ਜਾਨ ॥੬੦॥
ਪ੍ਰਿਥਮ ਚੰਦੇਰੀ ਨਾਥ ਕੋ ਲੀਜੈ ਨਾਮ ਬਨਾਇ ॥ ਪੁਨ
ਰਿਪੁ ਸ਼ਬਦ ਉਚਾਰੀਐ ਚੱਕ੍ਰ ਨਾਮ ਹੁਇ ਜਾਇ ॥੬੨॥
ਪ੍ਰਿਥਮ ਬਿਰਹ ਪਦ ਉਚਰ ਕੈ ਪੁਨ ਕਹੁ ਸ਼ਸਤ੍ਰ ਬਿਸੇਖ ॥
ਨਾਮ ਸੁਦਰਸ਼ਨ ਚਕ੍ਰ ਕੇ ਨਿਕਸਤ ਚਲੈ ਅਸੇਖ ॥੬੬॥
ਗਿਰਧਰ ਪ੍ਰਿਥਮ ਉਚਾਰਿ ਪਦ ਆਯੁਧ ਬਹੁਰ ਉਚਾਰਿ ॥ ਨਾਮ
ਸੁਦਰਸ਼ਨ ਚੱਕ੍ਰ ਕੇ ਨਿਕਸਤ ਚਲੈ ਅਪਾਰ ॥੬੮॥
ਕਾਲੀ ਨਥੀਆ ਪ੍ਰਿਥਮ ਕਹਿ ਸ਼ਸਤ੍ਰ ਸ਼ਬਦ ਕਹੁ ਅੰਤ ॥
ਨਾਮ ਸੁਦਰਸ਼ਨ ਚੱਕ੍ਰ ਕੇ ਨਿਕਸਤ ਜਾਹਿ ਅਨੰਤ ॥੬੯॥
ਕੰਸ ਕੇਸਿਹਾ ਪ੍ਰਿਥਮ ਕਹਿ ਫਿਰਿ ਕਹਿ ਸ਼ਸਤ੍ਰ ਬਿਚਾਰ
॥ ਨਾਮ ਸੁਦਰਸ਼ਨ ਚੱਕ੍ਰ ਕੇ ਲੀਜਹੁ ਸੁ ਕਬਿ ਸੁਧਾਰ ॥੭੦॥
ਸ੍ਰੀ ਉਪੇਂਦ੍ਰ ਕੇ ਨਾਮ ਕਹਿ ਫੁਨ ਪਦ ਸ਼ਸਤ੍ਰ ਬਖਾਨ ॥
ਨਾਮ ਸੁਦਰਸ਼ਨ ਚੱਕ੍ਰ ਕੇ ਸਭੈ ਸਮਝ ਸੁਰ ਗਿਆਨ ॥੭੩
ਇਕ ਥਾਂ ਤੇ ਤਾਂ ਇਹ ਕਹਿੰਦਾ ਹੈ ਕਿ ਜੇ 'ਜਮਦਾੜ' ਨਾਮਕ ਸ਼ਸ਼ਤ੍ਰ ਨੂੰ ਚੁਕਣਾ ਹੈ ਤਾਂ ਪਹਿਲਾਂ
"ਜਮ" (ਮੌਤ ਦੇ ਦੇਵਤੇ) ਦੇ ਨਾਮ ਦਾ ਉਚਰਣ ਕਰ ।
ਪ੍ਰਿਥਮ ਨਾਮ ਜਮ ਕੋ ਉਚਰਿ ਬਹੁਰੋ ਰਦਨ ਉਚਾਰਿ ॥ ਸਕਲ ਨਾਮ ਜਮਦਾੜ
ਕੇ ਲੀਜਹੁ ਸੁ ਕਬਿ ਸੁਧਾਰਿ ॥੩੮॥ ਪੰਨਾਂ ਨੰ 719
ਇਹ ਰਚਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਿਸ ਤਰ੍ਹਾਂ ਹੋ ਸਕਦੀ ਹੈ? ਦਸਮ ਗ੍ਰੰਥੀਉ !
ਦਸਮ ਪਿਤਾ ਦੇ ਸੰਪਾਦਿਤ "ਸ਼ਬਦ ਗੁਰੂ" , ਗੁਰੂ ਗ੍ਰੰਥ ਸਾਹਿਬ ਜੀ ਵਿਚ ਤਾਂ ਇਸ "ਜਮ" ਬਾਰੇ ਇਹ
ਕਹਿਆ ਗਇਆ ਹੈ।
ਸੇ ਮੁਕਤੁ ਸੇ ਮੁਕਤੁ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ
ਫਾਸੀ ॥ਅੰਕ 11
719 ਵੇਂ ਪੰਨੇ ਦੇ 32 ਵੇਂ ਪੰਦੇ ਵਿਚ ਤਾਂ ਇਹ ਕਵੀ, ਉਸ ਸ਼ੇਰ ਦਾ ਨਾਂ ਵੀ ਸਿੱਖਾਂ ਕੋਲੋਂ
ਜਪਵਾ ਰਿਹਾ ਹੈ ਜੋ ਦੁਰਗਾਂ ਦੇਵੀ ਦਾ ਵਾਹਨ (ਸਵਾਰੀ) ਹੈ। ਸਾਡੀ ਤਾਂ ਤੁਸਾਂ ਮੰਨਣੀ ਨਹੀਂ,
ਦਸਮ ਗ੍ਰੰਥੀਉ ! ਅਪਣੀ ਅੱਖਾਂ ਨਾਲ ਆਪ ਪੜ੍ਹ ਲਵੋ। ਜੇ ਇਸ ਦਾ ਕੋਈ ਹੋਰ ਅਰਥ ਹੈ ਤਾਂ, ਸਾਨੂੰ
ਵੀ ਜਰੂਰ ਦਸਿਉ ! ਬਹੁਤ ਮੇਹਰਬਾਨੀ ਹੋਵੇਗੀ।
ਇਹੋ ਜਹੇ ਸੈਂਕੜੇ ਹੋਰ ਵੀ ਪਾਤਰ ਹਨ। ਇਹ ਕਵੀ ਸ਼ਸ਼ਤ੍ਰਾਂ ਦੇ ਨਾਵਾਂ
ਦੇ ਬਹਾਨੇ, ਬੜੀ ਚਾਲਾਕੀ ਨਾਲ ਸਿੱਖਾਂ ਨੂੰ ਹਿੰਦੂ ਮਿਥਿਹਾਸਕ ਪਾਤਰਾਂ ਦੇ ਨਾਮ ਜਪਵਾ ਰਿਹਾ
ਹੈ। ਮੂਰਖ ਅਨਪੜ੍ਹ ਰਾਗੀ, ਬੜੇ ਬੀਰ ਰਸ ਵਿਚ ਆ ਕੇ, ਇਸ ਨੂੰ ਪੜ੍ਹੀ ਜਾਂਦੇ ਹਨ, "ਕਾਲ
ਤੁੰ ਹੀ ਕਾਲੀ ਤੂੰਹੀ........" ਤੇ ਲੋਕ ਵੀ ਝੂੰਮ ਝੂੰਮ
ਕੇ ਸੁਣੀ ਜਾਂਦੇ ਨੇ।
ਅਫਸੋਸ ਤਾਂ ਇਹ ਹੈ ਕਿ, ਨਾਂ ਤਾਂ ਉਨ੍ਹਾਂ ਰਾਗੀਆਂ ਨੇ ਇਸ ਪੂਰੀ ਰਚਨਾ ਨੂੰ ਪੜ੍ਹਿਆ ਹੁੰਦਾ
ਹੈ, ਅਤੇ ਨਾਂ ਹੀ ਉਨ੍ਹਾਂ ਸੁਨਣ ਵਾਲਿਆਂ ਨੇ, ਜੋ ਇਸਨੂੰ ਅੱਖਾਂ ਬੰਦ ਕਰਕੇ "ਦਸਮ ਬਾਣੀ" ਕਹੀ
ਜਾਂਦੇ ਨੇ।
ਕੀ ਇਹ ਸਾਰੇ ਪਾਤਰ ਵੀ "ਅਕਾਲ ਪੁਰਖ" ਹਨ, ਜਿਨ੍ਹਾਂ ਦਾ ਨਾਮ ਸ਼ਬਦ ਗੁਰੂ ਦੇ ਸਿੱਖਾਂ ਤੋਂ ਜਪਵਾ
ਕੇ, ਸ਼ਸ਼ਤਰ ਚੁਕਣ ਦਾ ਆਦੇਸ਼, ਇਹ ਕਵੀ ਦੇ ਰਿਹਾ ਹੈ?
ਗੁਰਬਚਨ ਸਿੰਘ ਸਮੇਤ ਸਾਰੇ ਦਸਮ ਗ੍ਰੰਥੀਆਂ
ਨੂੰ ਮੇਰਾ ਇਹ ਚੈਲੰਜ ਹੈ, ਕਿ ਇਹ ਸਾਬਿਤ ਕਰਨ ਕਿ, ਕੀ ਇਹ ਰਚਨਾ ਗੁਰੂ ਗੋਬਿੰਦ ਸਿੰਘ ਸਾਹਿਬ
ਜੀ ਦੀ ਰਚਨਾ ਹੈ? ਜੇ ਇਹ ਦਸਮ ਬਾਣੀ ਹੈ! (ਉਨ੍ਹਾਂ ਦੇ
ਮੁਤਾਬਿਕ) ਤਾਂ ਇੱਕ ਅਕਾਲਪੁਰਖ ਨੂੰ ਪੂਜਣ ਵਾਲੇ ਗੁਰੂ ਸਾਹਿਬ, ਸ਼ਸ਼ਤਰਾਂ ਨੂੰ ਚੁਕਣ ਤੋਂ ਪਹਿਲਾਂ
ਇਹੋ ਜਹੇ ਹਿੰਦੂ ਮਿਥਿਹਾਸਕ ਪਾਤਰਾਂ ਦੀ ਉਪਾਸਨਾਂ ਸਿੱਖਾਂ ਕੋਲੋਂ ਕਿਉਂ ਕਰਵਾ ਰਹੇ ਹਨ?