Share on Facebook

Main News Page

ਸਾਡੀ ਗਲ ਤਾਂ ਕਿਸੇ ਨੇ ਮੰਨਣੀ ਨਹੀਂ ! ਆਪ ਹੀ ਪੜ੍ਹ ਕੇ ਨਿਰਣਾ ਕਰ ਲਵੋ ! - ਭਾਗ ਚੌਥਾ
ਅਖੌਤੀ ਦਸਮ ਗ੍ਰੰਥ ਦੇ ਉਪਾਸ਼ਕਾਂ ਦੀ ਉਲ ਜਲੂਲ ਦਲੀਲਾਂ ਦਾ ਜਵਾਬ
-: ਇੰਦਰਜੀਤ ਸਿੰਘ, ਕਾਨਪੁਰ

ਇਸ ਲੇਖ ਲੜੀ ਦਾ ਸਿਰਲੇਖ ਇਸੇ ਕਰਕੇ ਇਹ ਰਖਿਆ ਗਇਆ ਸੀ ਕਿ, "ਸਾਡੀ ਗਲ ਤਾਂ ਕਿਸੇ ਨੇ ਮੰਨਣੀ ਨਹੀਂ!" ਕਿਉਂਕਿ ਅਖੌਤੀ ਦਸਮ ਗ੍ਰੰਥ ਬਾਰੇ ਕੁੱਝ ਵੀ ਲਿਖੋ, ਇਹ ਦਸਮ ਗ੍ਰੰਥੀਏ, ਬੇ ਸਿਰ ਪੈਰ ਦੀਆਂ ਦਲੀਲਾਂ ਦੇ ਕੇ ਉਸਨੂੰ ਨਕਾਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਨ। ਇਸੇ ਲਈ ਇਸ ਕੂੜ ਪੋਥੇ ਦੇ ਪੰਨਿਆਂ ਦੀ ਫੋਟੋ ਨਾਲ ਪਾਕੇ, ਇਨ੍ਹਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਕਿ ਸਾਡੀ ਨਾ ਮੰਨੋ, ਆਪਣੇ ਗੁਰੂ ਦੇ ਲਿਖੇ ਗ੍ਰੰਥ ਦੀ ਤਾਂ ਮੰਨੋ, ਜਿਸਨੂੰ ਤੁਸੀਂ "ਦਸਮ ਬਾਣੀ" ਕਹਿੰਦੇ ਹੋ। ਲੇਕਿਨ ਇਹ ਦੋ ਤਿਨ ਲੇਖ ਲਿੱਖ ਕੇ ਬੜੀ ਹੈਰਾਨਗੀ ਇਹ ਹੋਈ, ਕਿ ਇਹ ਸਾਡੀ ਗਲ ਤਾਂ ਮੰਨਦੇ ਨਹੀਂ ਸਨ, ਹੁਣ ਆਪਣੇ ਗੁਰੂ ਦੀ ਲਿਖੀ ਬਾਣੀ ਤੋਂ ਵੀ ਮੁਨਕਰ ਹੋ ਗਏ ਹਨ ਅਤੇ, ਉਸਨੂੰ ਵੀ ਇਹ ਮੰਨਣ ਤੋਂ ਇਨਕਾਰੀ ਹਨ !

ਸੋਚਿਆ ਤਾਂ ਇਹ ਸੀ ਕਿ ਅੱਜ ਇਸ ਅਖੌਤੀ ਗ੍ਰ੍ੰਥ ਦੇ ਕਿਸੇ ਹੋਰ ਪੰਨੇ ਦੀ ਫੋਟੋ ਪਾ ਕੇ ਉਸ ਬਾਰੇ ਗਲ ਕਰਾਂਗੇ। ਲੇਕਿਨ ਤੱਦ ਤੱਕ ਹੋਰ ਅੱਗੇ ਵਧਣ ਦਾ ਕੋਈ ਫਾਇਦਾ ਨਹੀਂ, ਜਦੋਂ ਤੱਕ ਇਸ ਲੇਖ ਲੜੀ ਤੇ ਲਿਖੇ ਪਿਛਲੇ ਲੇਖਾਂ, ਉਤੇ ਦਸਮ ਗ੍ਰੰਥੀਆਂ ਦੇ ਕੁਝ ਬੇਤੁਕੇ ਸਵਾਲਾਂ ਦਾ ਜਵਾਬ ਦੇ ਕੇ, ਉਨ੍ਹਾਂ ਦੀ ਤਸੱਲੀ ਨਾ ਕਰਵਾ ਦਿੱਤੀ ਜਾਵੇ।

ਇਕ ਵੀਰ ਜੀ ਦਾ ਕੁਮੈਂਟ ਆਇਆ ਸੀ ਕਿ:

Words like Peetamber, Krishan, Damodar, Allah, Rahim, Gorukh, Narayan, Vasudev, Sridhar are used for God in gurbani.

ਸ਼ਾਇਦ ਵੀਰ ਜੀ ਦੇ ਇਸ ਕੁਮੈਂਟ ਦਾ ਭਾਵ ਇਹ ਹੈ ਕਿ ਅਖੌਤੀ ਦਸਮ ਗ੍ਰੰਥ ਦੇ ਇਸ ਪੰਨੇ ਨੰਬਰ 81 ਤੇ "ਸ਼ਿਵਾ" ਸ਼ਬਦ ਦੀ ਵਰਤੋਂ "ਰੱਬ" ਲਈ ਕੀਤੀ ਗਈ ਹੈ। ਇਹ ਦਲੀਲ ਹੋਰ ਵੀਰਾਂ ਅਤੇ ਖਾਸ ਕਰਕੇ ਦਸਮ ਗ੍ਰੰਥੀਆਂ ਵਲੋਂ ਵੀ ਜ਼ਰੂਰ ਆਵੇਗੀ। ਐਸੇ ਲੋਕਾਂ ਦੀ ਇਹ ਦਲੀਲ ਬਿਲਕੁਲ ਨਿਰਮੂਲ ਹੈ। ਇਸ ਨੂੰ ਸਾਬਿਤ ਕਰਨ ਲਈ ਹੁਣ ਇਸ ਪੂਰੇ ਪੰਨੇ ਦੇ ਅਰਥ ਕਰਨੇ ਪੈਣਗੇ, ਜੋ ਇਹ ਸਾਬਿਤ ਕਰਦੇ ਹਨ ਕਿ "ਸ਼ਿਵਾ" ਸ਼ਬਦ "ਅਕਾਲਪੁਰਖ" ਲਈ ਨਹੀਂ, ਬਲਕਿ ਦੁਰਗਾ, ਚੰਡੀ ਅਤੇ ਕਾਲਕਾ ਦੇਵੀ ਲਈ ਵਰਤਿਆ ਗਿਆ ਹੈ, ਜੋ ਇਕੋ ਦੇਵੀ ਦੇ ਵੱਖ ਵੱਖ ਨਾਮ ਹਨ।

ਅਖੌਤੀ ਦਸਮ ਗ੍ਰ੍ੰਥ ਦੇ ਪੇਜ ਨੰਬਰ 81 ਦਾ ਅਨੁਵਾਦ:

ਸ਼ੰਕਾ ਕਰਨ ਵਾਲੇ ਵੀਰੋ ! ਨਾਲ ਨਾਲ ਪੰਨਾਂ ਨੰਬਰ 81 ਵੀ ਵੇਖਦੇ ਜਾਉ ਜਿਸਦੀ ਫੋਟੋ ਇਸ ਲੇਖ ਨਾਲ ਦਿੱਤੀ ਜਾ ਰਹੀ ਹੈ। ਫਿਰ ਹੁਣ ਇਹ ਨਾ ਕਹਿ ਦੇਣਾ ਕਿ ਇਸ ਪੰਨੇ 'ਤੇ ਤਾਂ ਇਹ ਸਭ ਲਿਖਿਆ ਹੀ ਨਹੀਂ।

ਸਵੈਯਾ:

ਦੈਂਤਾਂ ਨੇ ਕੁਬੇਰ ਦਾ ਖਜਾਨਾ ਲੁੱਟ ਲਿਆ, ਤੇ ਸ਼ੇਸ਼ ਨਾਗ ਕੋਲੋਂ ਮਣਕਿਆਂ ਦੀ ਮਾਲਾ ਖੋਹ ਲਈ। ਬ੍ਰਹਮਾ, ਸੂਰਜ, ਚਦ੍ਰਮਾਂ ਅਤੇ ਵਿਸ਼ੇਸ਼ ਨੂੰ ਭਜਾ ਦਿਤਾ। ਉਨ੍ਹਾਂ ਨੇ ਤਿੰਨੋਂ ਲੋਕ ਜਿਤ ਕੇ ਆਪਣੇ ਵਸ਼ ਵਿੱਚ ਕਰ ਲਏ। ਉਹ ਸਾਰੇ ਦੇਵਤਿਆਂ ਦੇ ਠਿਕਾਣਿਆਂ 'ਤੇ ਜਾ ਵੜੇ। ਨਿਸੁੰਭ ਅਤੇ ਸੁੰਭ ਦੈਂਤਾਂ ਦੀ ਦੁਹਾਈ ਪਾ ਦਿਤੀ। ਦੇਵਤੇ ਭਜ ਖਲੋਤੇ।

ਦੋਹਰਾ:

ਦੈਂਤਾਂ ਨੇ ਯੁੱਧ ਭੂਮੀ ਵਿੱਚ ਜਿਤ ਪ੍ਰਾਪਤ ਕਰ ਲਈ ਦੇਵਤਿਆਂ ਨੇ ਮਨ ਵਿੱਚ ਇਹ ਵਿਚਾਰ ਕੀਤਾ ਕਿ ਦੁਰਗਾ ਦੇਵੀ ਕੋਲੋਂ ਫਿਰ ਰਾਜ ਪ੍ਰਾਪਤ ਕਰ ਲਿਆ ਜਾਵੇ। ਇੰਦਰ ਸੂਰਜ ਆਦਿਕ ਸਾਰੇ ਦੇਵਤੇ ਸ਼ਿਵਪੁਰੀ ਵਿੱਚ ਜਾ ਵਸੇ। ਯੁੱਧ ਵਿੱਚ ਹਾਰੇ ਸਾਰੇ ਦੇਵਤਿਆਂ ਦੇ ਸਾਰੇ ਵਾਲ ਖੁਲ ਗਏ ਹਨ। ਉਨ੍ਹਾਂ ਦੇ ਸ਼ਰੀਰ ਬੇਹਾਲ ਹੋ ਕੇ ਉਹ ਬੇਸੁਧ ਜਿਹੇ ਹੋ ਗਏ ਸਨ। ਵਾਰ ਵਾਰ ਰਖਿਆ ਰਖਿਆ ਪੁਕਾਰਦੇ ਹੋਏ ਕੈਲਾਸ਼ ਪਰਵਤ ਵਿਚ ਛੁਪ ਗਏ ਸਨ। ਜਦੋਂ ਦੁਰਗਾ ਨੇ ਦੇਵਤਿਆਂ ਦੀ ਕੁਰਲਾਉਣ ਦੀ ਆਵਾਜ਼ ਕੰਨਾਂ ਨਾਲ ਸੁਣੀ ਤਾਂ ਉਸਨੇ ਸਾਰੇ ਦੈਂਤਾਂ ਨੂੰ ਮਾਰਨ ਦਾ ਪ੍ਰਣ ਕਰ ਲਿਆ। ਮਹਾ ਬਲਵਾਨ ਚੰਡੀ (ਦੁਰਗਾ) ਪਰਤੱਖ ਹੋਈ ਅਤੇ ਕਰੋਧਵਾਨ ਹੋਕੇ ਯੁੱਧ ਵਲ ਤੁਰ ਪਈ। ਦੁਰਗਾ ਦਾ ਮੱਥਾ ਫੋੜ ਕੇ ਕਾਲੀ ਦੇਵੀ ਪ੍ਰ੍ਗਟ ਹੋਈ। ਜਿਸ ਦੀ ਛਵੀ ਨੂੰ ਵੇਖ ਕੇ ਕਵੀ ਦਾ ਮਨ ਇਸ ਦੇਵੀ ਦੀ ਉਪਮਾਂ ਕਰਨ ਲਈ ਲਲਚਾ ਗਿਆ। ਮਾਨੋ ਦੈਂਤਾਂ ਦੇ ਸਮੂਹ ਦਾ ਵਿਨਾਸ਼ ਕਰਨ ਲਈ ਮਨੋਂ ਯਮਰਾਜ ਨੇ ਆਪ ਜਨਮ ਲਿਆ ਹੋਵੇ।

ਸਵੈਯਾ:

ਬਲਵਾਨ ਕਾਲੀ ਕ੍ਰੋਧ ਨਾਲ ਗਰਜ ਪਈ। ਉਸ ਦੀ ਗਰਜਨਾਂ ਨਾਲ ਸੁਮੇਧ ਪਰਵਤ ਵਰਗੇ ਵੱਡੇ ਵੱਵੇ ਪਹਾੜ ਹਿਲ ਗਏ ਹਨ। ਸ਼ੇਸ਼ ਨਾਗ ਦੇ ਸਿਰ ਉਤੇ ਟਿਕੀ ਧਰਤੀ ਵੀ ਕੰਬ ਗਈ ਹੈ। ਬ੍ਰਹਮਾ, ਕੁਬੇਰ, ਸੂਰਜ ਆਦਿਕ ਦੇਵਤੇ ਡਰ ਗਏ ਹਨ ਅਤੇ ਵਿਸ਼ਨੂੰ ਦੀ ਛਾਤੀ ਵੀ ਧੜਕਨ ਲਗ ਪਈ ਹੈ। ਅਖੰਡ ਤਲਵਾਰ ਹੱਥ ਵਿਚ ਲੈ ਕੇ ਕਾਲਕਾ (ਦੁਰਗਾ) ਗਰਜ ਪਈ ਹੈ।

ਦੋਹਰਾ:

ਚੰਡਿਕਾ ਨੇ ਉਸ ਕਾਲਕਾ ਨੂੰ ਵੇਖ ਕੇ ਵਚਨ ਕੀਤਾ, ਹੈ ਪੁਤਰੀ ਕਾਲਕਾ ਤੂੰ ਮੇਰੇ ਵਿਚ ਲੀਨ ਹੋ ਜਾ। ਚੰਡੀ ਦੇ ਇਹ ਬਚਨ ਸੁਣ ਕੇ ਕਾਲਕਾ ਉਸ ਵਿਚ ਸਮਾ ਗਈ। ਜਿਵੇਂ ਗੰਗਾ ਦੀ ਧਾਰ ਵਿਚ ਯਮੁਨਾ ਨਦੀ ਜਾ ਮਿਲਦੀ ਹੈ।

(ਨੋਟ : ਇਹ ਸਾਰਾ ਵ੍ਰਿਤਾਂਤ ਮਾਰਕੰਡੇ ਪੁਰਾਣ ਨਾਮਕ ਹਿੰਦੂ ਮਿਥਿਹਾਸਕ ਗ੍ਰੰਥ ਵਿਚੋਂ ਲਏ ਗਏ ਹਨ। ਇਸ ਵ੍ਰਿਤਾਂਤ ਵਿਚ ਕਾਲੀ ਦੁਰਗਾ, ਕਾਲਕਾ ਚੰਡੀ ਆਦਿਕ ਇਕੋ ਹੀ ਦੇਵੀ ਦੇ ਨਾਮ ਹਨ)

ਸਵੈਯਾ:

ਤਦ ਦੁਰਗਾ ਅਤੇ ਦੇਵਤਿਆਂ ਨੇ ਬੈਠ ਕੇ ਵਿਚਾਰ ਕੀਤਾ ਕਿ ਯੁਧ ਕੀਤੇ ਬਿਨਾਂ, ਫਿਰ ਉਹ ਸਾਰੀ ਧਰਤੀ ਅਸੀਂ ਪ੍ਰਾਪਤ ਨਹੀਂ ਕਰ ਸਕਦੇ ਜਿਸਤੇ ਸਾਡਾ ਅਧਿਕਾਰ ਸੀ। ਇੰਦਰ ਦੇਵਤੇ ਨੇ ਕਹਿਆ ਹੈ ਮਾਤਾ ਮੇਰੀ ਇਹ ਗਲ ਸੁਣੋ, ਹੁਣ ਢਿੱਲ ਕੀਤਿਆ ਇਹ ਗਲ ਨਹੀਂ ਬਨਣੀ ! ਕਾਲੀ (ਦੁਰਗਾ) ਇਕ ਸਪਣੀ ਵਾਂਗ, ਪ੍ਰਚੰਡ ਰੂਪ ਧਾਰਣ ਕਰਕੇ ਚੰਡ ਦੈਤ ਦੇ ਸੰਘਾਰ ਲਈ ਰਣ ਭੂਮੀ ਵਲ ਤੁਰ ਪਈ। ਸੋਨੇ ਵਰਗਾ ਅਤੇ ਪੰਛੀ ਵਰਗੀਆਂ ਅੱਖਾਂ ਵੇਖ ਕੇ ਕਮਲ ਦੀ ਕੋਮਲਤਾ ਸ਼ਰਮਾ ਰਹੀ ਹੈ। ਇੰਝ ਪ੍ਰਤੀਤ ਹੂੰਦਾ ਹੈ ਕਿ ਬ੍ਰਹਮਾ ਨੇ ਅੰਮ੍ਰਿਤ ਨੂੰ ਹਥਾਂ ਵਿੱਚ ਲੈ ਕੇ ਉਸ ਦੀ ਰਚਨਾ ਕੀਤੀ ਹੈ। ਉਸ ਦੇ ਮੁੱਖ ਦੇ ਬਰਾਬਰ ਚੰਦ੍ਰਮਾ ਵੀ ਨਹੀਂ ਹੈ। ਅਜਿਹੀ ਚੰਡੀ ਸੁਮੇਰ ਪਰਵਤ ਦੀ ਚੋਟੀ 'ਤੇ ਬੈਠੀ ਹੈ, ਜਿਵੇਂ ਸਿੰਘਾਸਨ 'ਤੇ ਪਾਰਵਤੀ ਆਪ ਵਿਰਾਜਮਾਨ ਹੈ। ਚੰਡੀ ਦੇ ਹਥ ਵਿਚ ਤਲਵਾਰ ਇੰਜ ਸੁਸ਼ੋਭਿਤ ਹੈ, ਜਿਵੇਂ ਯਮਰਾਜ ਨੇ ਹੱਥ ਵਿੱਚ ਖੰਡਾ ਲਿਆ ਹੋਵੇ। ਉਸ ਵੇਲੇ ਇਕ ਦੈਂਤ ਉਥੇ ਆ ਪੁਜਿਆ ਤੇ ਚੰਡੀ ਦੇ ਸੁੰਦਰ ਰੂਪ ਨੂੰ ਵੇਖ ਕੇ ਉਹ ਮੂਰਛਿਤ ਹੋ ਗਿਆ। ਉਸਨੇ ਹੱਥ ਜੋੜ ਕੇ ਚੰਡੀ ਨੂੰ ਬਿਨਤੀ ਕੀਤੀ ਕਿ ਮੈਂ ਰਾਜੇ ਸੁੰਭ ਦਾ ਭਰਾ ਹਾਂ। ਜਿਸਨੇ ਅਪਣੀਆ ਵੱਡੀਆਂ ਭੁਜਾਵਾਂ ਦੇ ਬਲ ਨਾਲ ਤਿੰਨ ਲੋਕਾਂ ਨੂੰ ਜਿਤ ਲਿਆ ਹੈ। ਹੇ ਕਾਲੀ ਤੂੰ ਉਸ ਬਲਵਾਨ ਨਾਲ ਵਰ ਕਰ ਲੈ। ਕਾਲੀ ਨੇ ਉਸ ਨੂੰ ਕਹਿਆ ਕਿ ਮੈਂ ਉਸ ਨਾਲ ਯੁਧ ਕਰਨ ਤੋਂ ਬਿਨਾਂ ਉਸ ਨੂੰ ਨਹੀਂ ਵਰ ਸਕਦੀ।

ਵੀਰੋ ! ਤੁਹਾਨੂੰ ਇਸ ਕਥਾ ਵਿਚ ਕੀ ਅਕਾਲਪੁਰਖ ਨਜ਼ਰ ਆ ਰਿਹਾ ਹੈ ? ਬਹੁਤ ਹੀ ਅਫਸੋਸ ਦੀ ਗਲ ਹੈ। ਇਥੇ ਤਾਂ ਧਿਆਨ ਨਾਲ ਵੇਖੋ ਤੁਹਾਡਾ ਇਹ "ਦਸਮ ਗੁਰੂ ਗ੍ਰੰਥ ਸਾਹਿਬ" ਤਾਂ 11 ਨੰਬਰ ਤੇ "ਕਰਤਾਰ" ਦੇ ਅਰਥ ਵੀ "ਬ੍ਰਹਮਾ ਜੀ" ਲਿਖ ਰਿਹਾ ਹੈ। (ਹੇਠਾਂ ਲਿਖੇ ਅਰਥਾਂ ਦੇ ਦੁਰਗਾ ਦੇ ਠੀਕ ਹੇਠਾਂ 11 ਨੰਬਰ 'ਤੇ ਧਿਆਨ ਨਾਲ ਵੇਖੋ ਜੀ) ਤੁਸੀਂ ਐਵੇਂ "ਸ਼ਿਵਾ" ਨੂੰ "ਅਕਾਲਪੁਰਖ" ਬਣਾਈ ਜਾ ਰਹੇ ਹੋ।

ਦਾਸ ਨੇ ਤਾਂ ਪਹਿਲਾਂ ਹੀ ਬਿਨਤੀ ਕਰ ਦਿਤੀ ਸੀ ਕਿ "ਸਾਡੀ ਗਲ ਤਾਂ ਕਿਸੇ ਨੇ ਮੰਨਣੀ ਨਹੀਂ !" ਆਪਣੇ ਗੁਰੂ ਦੀ ਬਾਣੀ 'ਤੇ ਤਾਂ ਯਕੀਨ ਕਰੋ ! ਕਿਸ ਤਰ੍ਹਾਂ ਦੇ ਸਿੱਖ ਹੋ ਤੁਸੀ, ਨਾ ਸਾਡਾ ਕਹਿਆ ਮੰਨਦੇ ਹੋ, ਤੇ ਨਾ ਆਪਣੇ ਗੁਰੂ ਦੀ ਹੀ ਗਲ ਮੰਨਦੇ ਹੋ? ਉਹ ਤਾਂ "ਸ਼ਿਵਾ" ਦੇ ਅਰਥ ਦੁਰਗਾ ਕਰਦਾ ਹੈ ਅਤੇ "ਕਰਤਾਰ" ਦੇ ਅਰਥ "ਬ੍ਰਹਮਾ ਜੀ" ਕਰਦਾ ਹੈ। ਤੁਸੀਂ ਕਿਹੋ ਜਿਹੇ ਸਿੱਖ ਹੋ ਕਿ ਦੋਹਾਂ ਦੇ ਅਰਥ "ਅਕਾਲਪੁਰਖ" ਕਰੀ ਜਾਂਦੇ ਹੋ। ਉਹ ਕਿਹੜਾ ਅਕਾਲਪੁਰਖ ਹੈ ਜੋ ਚੰਡੀ ਦੁਰਗਾ, ਕਾਲਕਾ ਦੇ ਰੂਪ ਵਿਚ ਇੰਦਰ ਦੇਵਤੇ ਲਈ ਦੈਂਤਾਂ ਨਾਲ ਲੜ ਰਿਹਾ ਹੈ। ਚਲੋ ਹੁਣ ਕਹਿ ਦਿਉ ! ਕਿ ਅਕਾਲਪੁਰਖ ਹੀ ਚੰਡੀ ਬਣ ਕੇ ਪ੍ਰਗਟ ਹੋਇਆ ਸੀ ਤੇ ਉਸ ਦਾ ਮੱਥਾ ਫੋੜ ਕੇ ਉਸ ਵਿਚੋਂ ਕਾਲਕਾ ਬਣ ਕੇ ਨਿਕਲ ਆਇਆ ਸੀ।

ਓ ਭਰਾਵੋ ਬੇੜਾ ਤਰ ਜਾਵੇ ਤੁਹਾਡਾ ! ਇਹ ਕੂੜ ਕਬਾੜ ਪੜ੍ਹ ਕੇ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨਾਲੋ ਤੋੜੇ ਜਾ ਚੁਕੇ ਹੋ! ਹੁਣ ਤਾਂ ਥੋੜੀ ਹੋਸ਼ ਕਰ ਲਵੋ ! ਕਿਉਂ ਤੁਹਾਡੀ ਮਤ ਮਾਰੀ ਗਈ ਹੈ? ਜਿਸ ਦੇਹਧਾਰੀ ਦੇਵੀ ਦੇਵਤੇ ਨੂੰ ਯੁੱਧ ਲੜਦੇ ਵੇਖਦੇ ਹੋ, ਉਸਨੂੰ ਹੀ ਅਕਾਲਪੁਰਖ ਮਨ ਲੈਂਦੇ ਹੋ।

ਹੁਣ ਇਕ ਸਿਯਾਣੇ ਦੀ ਹੋਰ ਸੁਣੋ !

ਜੋ ਦੂਜਾ ਲੇਖ ਲਿਖਿਆ ਸੀ ਕਿ "ਇਹ ਦਸਮ ਬਾਣੀ ਨਹੀਂ, ਇਹ ਤਾਂ ਸਯਾਮ ਬਾਣੀ ਹੈ। ਅਖੌਤੀ ਦਸਮ ਗ੍ਰੰਥ ਦੇ ਦੋ ਪੰਨਿਆ ਤੇ "ਕਬਿ ਸਯਾਮ" ਪੜ੍ਹ ਕੇ ਵੀ ਇਹ ਦਲੀਲ ਦਿੰਦਾ ਹੈ ਕਿ "ਮਾਤਾ ਗੁਜਰੀ ਜੀ, ਗੁਰੂ ਬੋਬਿੰਦ ਸਿੰਘ ਸਾਹਿਬ ਨੂੰ ਬਚਪਨ ਵਿਚ ਪਿਆਰ ਨਾਲ "ਸਯਾਮ" ਕਹਿੰਦੇ ਸਨ। ਇਹ ਰਚਨਾ ਉਨ੍ਹਾਂ ਨੇ ਮਾਤਾ ਗੁਜਰੀ ਦੇ ਦਿਤੇ ਨਾਮ ਨਾਲ ਹੀ ਲਿਖੀ ਹੈ।

ਉਏ ਬੇੜਾ ਤਰ ਜਾਵੇ ਤੁਹਾਡਾ ਦਸਮ ਗ੍ਰੰਥੀਉ, ਇਹੋ ਜਹੀਆਂ ਮੂਰਖਤਾ ਭਰੀਆਂ ਦਲੀਲਾਂ ਦੇਣ ਨਾਲ ਕੀ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ "ਸਯਾਮ ਕਵੀ" ਸਾਬਿਤ ਕਰ ਲਵੋਗੇ? ਤੁਸੀਂ ਹਰ ਹਾਲ ਵਿਚ ਇਸ ਕੂੜ ਪੋਥੇ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਸਾਬਿਤ ਕਿਉਂ ਕਰਨਾਂ ਚਾਹੁੰਦੇ ਹੋ? ਹਲੀ ਤਾਂ ਤੁਸੀਂ ਹੋਰ ਕਈ ਫਰਜੀ ਸਬੂਤ ਇਕੱਠੇ ਕਰਨੇ ਹਨ ਅਤੇ ਪੰਥ ਦੋਖੀਆਂ ਲਈ ਕੰਮ ਕਰ ਰਹੇ ਇਤਿਹਾਸਕਾਰਾਂ ਕੋਲੋਂ ਇਹੋ ਜਹਿਆ ਇਤਿਹਾਸ ਲਿਖਵਾਉਣਾ ਹੈ, ਜਿਸ ਨਾਲ ਤੁਸੀਂ ਇਹ ਸਾਬਿਤ ਕਰ ਸਕੋ ਕਿ ਇਸ ਕੂੜ ਕਿਤਾਬ ਦੀਆਂ 80% ਤੋਂ ਵੱਧ ਰਚਨਾਵਾਂ ਲਿਖਣ ਵਾਲਾ "ਕਵੀ ਸ਼ਯਾਮ" ਹੀ ਗੁਰੂ ਗੋਬਿੰਦ ਸਿੰਘ ਜੀ ਹਨ।

ਉਏ ਭਲਿਓ! ਹਲੀ ਤਾਂ ਅਸੀਂ ਜਿਉਂਦੇ ਹਾਂ ! ਸਾਡੇ ਜਿਉਂਦੇ ਜੀ ਤਾਂ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ "ਕਵੀ ਸਯਾਮ" ਸਾਬਿਤ ਨਾ ਕਰ ਸਕੋਗੇ। ਚਲੋ ਜੇ ਤੁਸਾਂ ਆਉਣ ਵਾਲੀ ਪਨੀਰੀ ਨੂੰ ਮੂਰਖ ਬਣਾ ਹੀ ਲਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ "ਸ਼ਯਾਮ ਕਵੀ" ਸੀ, ਤਾਂ ਫਿਰ "ਰਾਮ ਕਵੀ" ਤੇ "ਕਾਲ ਕਵੀ" ਦਾ ਕੀ ਕਰੋਗੇ ? ਇਨ੍ਹਾਂ ਨਾਵਾਂ ਤੋਂ ਵੀ ਬਹੁਤ ਸਾਰੀਆ ਲਿਖਤਾਂ ਇਸ "ਬਚਿਤੱਰ ਪਿਟਾਰੇ" ਵਿਚ ਮੌਜੂਦ ਹਨ। ਕੀ ਫਿਰ ਇਹ ਵੀ ਸਾਬਿਤ ਕਰੋਗੇ ਕਿ ਮਾਤਾ ਗੁਜਰੀ ਨੇ ਜਾਂ ਗੁਰੂ ਤੇਗ ਬਹਾਦੁਰ ਸਾਹਿਬ ਨੇ ਪਿਆਰ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ "ਕਵੀ ਕਾਲ" ਅਤੇ " ਕਵੀ ਰਾਮ" ਵੀ ਰਖਿਆ ਹੋਇਆ ਸੀ।

ਦਸਮ ਗ੍ਰੰਥੀਉ ! ਇਹ "ਭਾਨੁਮਤੀ ਦਾ ਪਿਟਾਰਾ" ਹੈ, ਜਿਸ ਵਿਚ ਸਿੱਖਾਂ ਲਈ ਕੁੱਝ ਵੀ ਸਿਖਣ ਜੋਗਾ ਨਹੀਂ ਹੈ। ਇਹ ਹਿੰਦੂ ਮਿਥਿਹਾਸ, ਦੇਵੀ ਉਸਤਤਿ ਅਤੇ ਅਸ਼ਲੀਲ ਕਹਾਣੀਆਂ ਦੇ ਪੁਲੰਦੇ ਤੋਂ ਅਲਾਵਾ ਕੁਝ ਵੀ ਨਹੀਂ ਹੈ। ਆ ਵੇਖੋ "ਸਯਾਮ ਕਵੀ" ਤੋਂ ਬਾਅਦ ਆ ਗਿਆ "ਰਾਮ ਕਵੀ"...

ਧਨ ਸਿੰਘ ਸੋ ਸ੍ਰੀ ਹਰਿ ਜੁੱਧੁ ਕਰੇ ਕਬਿ ਰਾਮ ਕਹੈ ਕਹੂ ਜਾਤ ਨ ਮਾਰਯੋ ॥ ਕੋਪ ਭਰਯੋ ਮਧਸੂਦਨ ਜੂ ਕਰਿ ਬੀਚ ਸੁ ਆਪਨੋ ਚਕ੍ਰ ਸੰਭਾਰਯੋ ॥
ਅਸ ਭਾਲ ਗਦਾ ਅਰੁ ਲੋਹ ਹਥੀ ਬਰਛੀ ਕਰ ਲੈ ਲਲਕਾਰ ਪਰੇ ॥ ਕਬਿ ਰਾਮ ਭਨੇ ਨਹੀ ਜਾਤ ਗਨੇ ਕਿਤਨੇ ਬਰਬਾਨ ਕਮਾਨ ਧਰੇ ॥੧੧੫੯॥ ਪੰਨਾ 410 ਅਖੌਤੀ ਦਸਮ ਗ੍ਰੰਥ

ਜੀਵਤ ਜੇ ਜਗ ਮੈ ਰਹਿ ਹੈ ਅਤਿ ਜੁੱਧ ਕਥਾ ਹਨਰੀ ਸੁਨਿ ਲੈਹੈ ॥ ਤਾਂ ਛਬਿ ਕੀ ਕਵਿਤਾ ਕਰਿ ਕੈ ਕਬਿ ਰਾਮ ਨਰੇਸ਼ਨ ਜਾਇ ਰਿਝੈ ਹੈ ॥
ਸੋ ਹਰਿ ਆਵਤ ਬੀਚ ਕਟੈ ਅਪਨੋ ਉਹਕੇ ਉਰ ਬੀਚ ਲਗਾਵੈ ॥ ਦੇਖ ਸਤੱਕ੍ਰਿਤ ਕਉਤਕ ਕੌ ਕਬਿ ਰਾਮ ਕਹੈ ਪ੍ਰਭ ਕੋ ਜਸੁ ਗਾਵੈ ॥
੧੧੮੦॥ ਪੰਨਾਂ 412 ਅਖੌਤੀ ਦਸਮ ਗ੍ਰੰਥ

ਭੂਪ ਬਲੀ ਬਹੁਰੋ ਰਿਸਕੈ ਜਬ ਹਾਥਨ ਮੈ ਹਥਿਯਾਰ ਗਹੇ ਹੈ ॥ ਸੂਰ ਹਨੇ ਬਲਬੰਡ ਘਨੇ ਕਬਿ ਰਾਮ ਭਨੈ ਚਿਤ ਮੈ ਜੁ ਚਹੇ ਹੈ ॥

(ਇਸ ਕੂੜ ਪੋਥੇ ਵਿੱਚ ਸੈਂਕੜੇ ਵਾਰ "ਕਬਿ ਰਾਮ" ਦਾ ਵੀ ਨਾਮ ਆਉਂਦਾ ਹੈ। ਸਾਰੀਆਂ ਪੰਗਤੀਆਂ ਲਿਖਨਾਂ ਮੁਮਕਿਨ ਨਹੀਂ)

ਚਲੋ ! ਹੁਣ ਇਹ ਵੀ ਸਾਬਿਤ ਕਰੋ ਕਿ ਇਹ "ਰਾਮ ਕਵੀ" ਵੀ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਨਾਮ ਸੀ। ਲਉ ਹੁਣ ਇਹ "ਕਾਲ ਕਵੀ" ਨੂੰ ਵੀ ਕਹਿ ਦਿਉ ਕਿ ਇਹ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ ਸੀ।

ਜੂਝਿ ਮਰੀ ਪਿਯ ਪੀਰ ਤ੍ਰਿਯ ਤਨਕ ਨ ਮੋਰਯੋ ਅੰਗ॥
ਸੁ "ਕਬਿ ਕਾਲ" ਪੂਰਨ ਭਯੋ ਤਬ ਹੀ ਕਥਾ ਪ੍ਰਸੰਗ ॥
ਪੰਨਾ 1087 ਅਖੌਤੀ ਦਸਮ ਗ੍ਰੰਥ

ਦਸਮ ਗ੍ਰੰਥੀਉ ! ਇਕ ਗਲ ਪੱਲੇ ਬੰਨ੍ਹ ਲਵੋ ਕਿ ਤੁਹਾਡੇ ਇਸ "ਕੂੜ ਪੋਥੇ" ਦਾ ਪਾਜ ਹੁਣ ਖੁਲ ਚੁਕਾ ਹੈ। ਦਸ ਸਦੀਆਂ ਵਿਚ ਵੀ ਤੁਸੀਂ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਿਤ ਸਾਬਿਤ ਨਹੀਂ ਕਰ ਸਕੋਗੇ। ਭਾਵੇਂ ਅਕਾਲ ਤਖਤ ਦਾ ਹੈਡ ਗ੍ਰੰਥੀ ਪੱਪੂ ਗੁਰਬਚਨ ਸਿੰਘ ਇਹ ਕਹੀ ਜਾਵੇ, ਕਿ ਇਹ ਗੁਰੂ ਦੀ ਕਿਰਤ ਹੈ। ਭਾਵੇਂ ਆਰ.ਐਸ .ਐਸ. ਅਤੇ ਟਕਸਾਲੀ ਅਾਪਣਾ ਸਾਰਾ ਜੋਰ ਲਾ ਲੈਣ, ਇਸਨੂੰ ਗੁਰੂ ਦੀ ਬਾਣੀ ਸਾਬਿਤ ਨਹੀਂ ਕਰ ਸਕੋਗੇ। ਇਹ ਸਾਡਾ ਦਾਵਾ ਹੈ। ਜਾਗਰੂਕ ਸਿੰਘਾਂ ਦਾ ਇਕ ਬਹੁਤ ਵੱਡਾ ਤਬਕਾ ਰੁਮਾਲਿਆਂ ਦੇ ਹੇਠਾਂ ਢੱਕੇ ਇਸ ਕੂੜ ਪੋਥੇ ਦੀ ਸਾਜਿਸ਼ ਅਤੇ ਅਸਲਿਅਤ ਨੂੰ ਸਮਝ ਚੁੱਕਾ ਹੈ।

ਚਲਦਾ...


<< ਸ. ਇੰਦਰਜੀਤ ਸਿੰਘ ਕਾਨਪੁਰ ਵਲੋਂ ਲਿਖੇ ਅਖੌਤੀ ਦਸਮ ਗ੍ਰੰਥ ਬਾਰੇ ਲੇਖ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top