ਇਹ
"ਦਸਮ ਬਾਣੀ" ਨਹੀਂ, ਇਹ ਤਾਂ "ਸਯਾਮ ਬਾਣੀ" ਹੈ, ਮੇਰੇ ਵੀਰੋ ! ਸਾਡੀ ਗਲ ਤਾਂ ਤੁਸੀਂ ਮਨਣੀ
ਨਹੀਂ। ਆਪ ਪੜ੍ਹ ਕੇ ਵੇਖ ਲਵੋ
!
"ਸਯਾਮ ਕਵੀ" ਦੀ ਬਦਕਿਸਮਤੀ ਵੇਖੋ !, ਕਿ ਉਹ ਸੰਗ ਪਾੜ ਪਾੜ ਕੇ ਇਹ ਕਹਿ ਰਿਹਾ ਹੈ ਕਿ ਇਹ
ਕਵਿਤਾ ਮੈਂ ਲਿਖ ਰਿਹਾ ਹਾਂ, ਲੇਕਿਨ ਇਹ ਦਸਮ ਗ੍ਰੰਥੀ ਉਸ ਗਰੀਬ ਦੀ ਗਲ ਸੁਨਣ, ਮੰਨਣ ਨੂੰ
ਤਿਆਰ ਹੀ ਨਹੀਂ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹ ਦਸਮ ਗ੍ਰੰਥੀਏ ਕੀ ਗੁਰੂ ਗੋਬਿੰਦ
ਸਿੰਘ ਨੂੰ ਹੀ "ਕਬਿ ਸਯਾਮ" ਸਮਝਦੇ ਨੇ, ਜਾ "ਕਬਿ
ਸਯਾਮ" ਅਖਰ ਪੜ੍ਹਨ ਵੇਲੇ ਇਨਾਂ ਦੀਆਂ ਅੱਖਾਂ ਵਿਚ ਮੋਤੀਆਂ ਬਿੰਦ ਦੀ ਬਿਮਾਰੀ ਹੋ
ਜਾਂਦੀ ਹੈ, ਜੋ ਇਨਾਂ ਨੂੰ "ਕਬਿ ਸਯਾਮ" ਲਿਖਿਆ ਨਜ਼ਰ ਨਹੀਂ ਆਉਂਦਾ। ਕਾਲੀ ਕਿਤਾਬ ਵਿੱਚ ਕਿਸ
ਕਿਸ ਬਾਣੀ ਦਾ ਲੇਖਕ "ਕਵੀ ਸਯਾਮ" ਹੈ, ਇਹ ਵੀ ਸਾਫ ਪਤਾ ਲਗ ਰਿਹਾ ਹੈ। ਇਥੇ ਪਹਿਲਾਂ ਇਸ
ਕਿਤਾਬ ਵਿੱਚ ਦਰਜ "ਚੌਬੀਸ ਅਵਤਾਰ" ਵਲ ਨਜ਼ਰ ਮਾਰਦੇ ਹਾਂ, ਜੋ ਸਯਾਮ ਕਵੀ ਦੀ ਲਿਖੀ ਹੋਈ ਹੈ:
ਚੌਪਈ ॥
ਅਬ ਚਉਬੀਸ ਉਚਰੋਂ ਅਵਤਾਰਾ ॥
ਜਿਹ ਬਿਧ ਤਿਨ ਕਾ ਲਖਾ ਅਖਾਰਾ ॥ ਸੁਨੀਅਹੁ ਸੰਤ ਸਭੈ ਚਿਤ
ਲਾਈ ॥ "ਬਰਨਤ ਸਯਾਮ"
ਜਥਾ ਮਤ ਭਾਈ ॥੧॥
ਮੇਰੇ ਸੁਹਿਰਦ ਵੀਰੋ! ਅਖੌਤੀ ਦਸਮ ਗ੍ਰੰਥ
ਨਾਮ ਦੀ ਇਸ ਕਿਤਾਬ ਵਿਚ ਲਗਭਗ 80 ਫੀ ਸਦੀ ਰਚਨਾਵਾਂ, ਇਸ ਸਯਾਮ ਕਵੀ ਦੀਆਂ ਹੀ ਲਿਖੀਆਂ
ਮਿਲਦੀਆਂ ਹਨ। ਇਸ ਪੂਰੀ ਕਿਤਾਬ ਵਿੱਚ ਅਪਣੀਆਂ ਕਵਿਤਾਵਾਂ ਵਿੱਚ ਉਹ ਕਵੀ, ਥਾਂ ਥਾਂ
'ਤੇ ਅਪਣਾ ਨਾਮ ਲਿਖ ਰਿਹਾ ਹੈ। ਪੂਰੀ ਕਿਤਾਬ ਵਿਚ ਅਪਣੀਆਂ ਰਚਨਾਵਾਂ ਵਿੱਚ ਕਵੀ ਸਯਾਮ ਨੇ
ਸੈਂਕੜੇ ਵਾਰ "ਕਬਿ ਸਯਾਮ" ਸ਼ਬਦ ਦੀ ਵਰਤੋਂ "ਕਬਿ ਸਯਾਮ"
ਕਹੇ, ਕਬਿ ਸਯਾਮ ਭਨੈ" ਅਦਿਕ ਲਿਖ ਕੇ, ਉਸ ਨੇ ਇਸ ਗਲ ਦੀ
ਪ੍ਰੌੜਤਾ ਕੀਤੀ ਹੈ, ਕਿ ਇਹ ਸਾਰੀਆਂ ਰਚਨਾਵਾਂ ਉਸ ਦੀਆਂ ਲਿਖਿਆ ਹੋਈ ਨੇ।
ਇਹ ਰਚਨਾਵਾਂ ਕੂਕ ਕੂਕ ਕੇ ਇਹ ਕਹਿ ਰਹਿਆ ਨੇ ਕਿ ਇਸ ਦਾ ਲਿਖਾਰੀ "ਸਯਾਮ ਕਵੀ" ਹੈ।
ਇਸ ਕਿਤਾਬ ਨੂੰ ਜੋ ਲੋਕ "ਦਸਮ ਬਾਣੀ " ਕਹਿੰਦੇ ਨੇ ਉਨਾਂ ਨੇ ਜਾਂ ਤੇ ਇਹ ਕਿਤਾਬ ਪੜ੍ਹੀ ਹੀ
ਨਹੀਂ, ਜਾਂ ਉਹ ਇਕ ਸਾਜਿਸ਼ ਦੇ ਤਹਿਤ ਇਸ "ਕੂੜ ਕਿਤਾਬ" ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ
ਜੋੜ ਕੇ, ਉਸ ਮਹਾਨ ਗੁਰੂ ਨੂੰ, ਦੇਵੀ ਪੂਜਕ ਸਾਬਿਤ ਕਰਨਾਂ ਚਾਹੁੰਦੇ ਨੇ। ਸਿੱਖੀ ਨੂੰ
ਅਵਤਾਰਵਾਦ ਨਾਲ ਜੋੜ ਕੇ "ਹਿੰਦੂ ਧਰਮ" ਵਿੱਚ ਜਜ਼ਬ ਕਰ ਦੇਣਾਂ ਚਾਹੁੰਦੇ ਨੇ।
ਅੱਜ ਅਕਾਲ ਤਖਤ ਦਾ ਹੈਡ ਗ੍ਰੰਥੀ ਗੁਰਬਚਨ ਸਿੰਘ ਵੀ ਇਸ ਕਿਤਾਬ ਨੂੰ ਗੁਰੂ ਗੋਬਿੰਦ ਸਿੰਘ ਦੀ
ਰਚਨਾ ਕਹਿ ਰਿਹਾ ਹੈ। ਉਸ ਨੂੰ ਵੀ ਇਕ ਸਿੱਧਾ ਸਵਾਲ ਹੈ ਕਿ, ਜਿਸ
ਕਵੀ ਸਯਾਮ ਦਾ ਨਾਮ ਇਸ ਕਿਤਾਬ ਵਿੱਚ ਮੇਰੇ ਵਰਗੇ ਮੂਰਖ ਬੰਦੇ ਨੂੰ 380 ਵਾਰ ਦਿਸ ਰਿਹਾ ਹੈ,
ਕੀ ਕੌਮ ਦੇ ਵੱਡੇ ਵੱਡੇ ਫੈਸਲੇ ਕਰਨ ਵਾਲੇ ਅਤੇ ਗਿਆਨੀ ਅਖਵਾਉਣ ਵਾਲੇ ਇਸ ਕੌਮ ਦੇ ਆਗੂ ਨੂੰ "ਕਵੀ
ਸਯਾਮ" ਦਾ ਨਾਮ ਇਕ ਵਾਰ ਵੀ ਨਹੀਂ ਦਿਸਿਆ?
ਉਨਾਂ ਟਕਸਾਲੀਆਂ ਅਤੇ ਨਿਹੰਗ ਸਿੱਖਾਂ ਨੂੰ ਜੋ ਇਸ "ਕਾਲੀ ਕਿਤਾਬ" ਦੇ ਬਹੁਤ ਵਡੇ ਉਪਾਸਕ ਹਨ,
ਉਨਾਂ ਨੂੰ ਇਸ "ਸਯਾਮ ਕਵੀ" ਦਾ ਨਾਮ ਕਿਉਂ ਨਜ਼ਰ ਨਹੀਂ ਆ ਰਿਹਾ ? ਉਨਾਂ ਕੋਲ ਇਸ ਬਾਰੇ ਕੋਈ
ਜਵਾਬ ਨਹੀਂ ਹੈ, ਫੇਰ ਵੀ ਉਹ ਇਸ "ਸਯਾਮ ਬਾਣੀ" ਨੂੰ "ਦਸਮ ਬਾਣੀ" ਕਹਿ ਕੇ ਕੌਮ ਨੂੰ ਮੂਰਖ
ਬਣਾਈ ਜਾ ਰਹੇ ਨੇ। ਕੌਮ ਦੇ ਇਨਾਂ ਅਖੌਤੀ ਆਗੂਆਂ ਕੋਲੋ ਅਸੀਂ ਜਵਾਬ ਮੰਗਦੇ ਹਾਂ, ਕਿ ਇਸ ਕੂੜ
ਗ੍ਰੰਥ ਨੂੰ ਗੁਰੂ ਕ੍ਰਿਤ ਕਹਿਣ ਤੋਂ ਪਹਿਲਾਂ, ਇਨਾਂ ਗੱਲਾਂ ਦਾ ਜਵਾਬ ਦੇਣ।
ਕੀ ਇਹ ਰਚਨਾਵਾਂ ਜਿਨਾਂ ਵਿੱਚ "ਸਯਾਮ ਕਵੀ"
ਦਾ ਨਾਮ ਆ ਰਿਹਾ ਹੈ, ਉਹ ਸਯਾਮ ਕਵੀ ਦੀਆਂ ਨਹੀਂ ਹਨ?
ਜੇ ਇਹ ਗੁਰੂ ਗੋਬਿੰਦ ਸਿੰਘ ਜੀ ਦੀਆ ਰਚਨਾਵਾਂ
ਨੇ ਤੇ ਦਸਮ ਪਿਤਾ ਦਾ ਨਾਮ ਇਤਿਹਾਸ ਦੇ ਕਿਸੇ ਪੰਨੇ 'ਤੇ "ਕਬਿ ਸਯਾਮ" ਕਰਕੇ ਆਂਉਦਾ ਹੈ?
ਜੇ ਨਹੀਂ ਤੇ ਰੱਬ ਦੇ ਵਾਸਤੇ ਇਨਾਂ "ਕੂੜ ਰਚਨਾਵਾਂ" ਨੂੰ "ਦਸਮ ਬਾਣੀ" ਕਹਿਣ ਤੋਂ ਬਾਜ ਆਉ,
ਤੇ ਉਸ ਮਹਾਨ ਸਰਬੰਸਦਾਨੀ ਗੁਰੂ ਨੂੰ ਇਹੋ ਜਹੀਆਂ ਫਜ਼ੂਲ ਦੀਆਂ ਰਚਨਾਵਾਂ ਲਿਖਣ ਵਾਲਾ ਸਾਬਿਤ
ਕਰਕੇ , ਬਦਨਾਮ ਨਾ ਕਰੋ।