Share on Facebook

Main News Page

ਜਗ ਮਾਈ ਅਤੇ ਸ਼੍ਰੀ ਕ੍ਰਿਸ਼ਨ ਤੋਂ ਵਰ ਮੰਗਦੇ ਹਨ ਸਾਡੇ ਕੀਰਤਨੀਏ !!!
-: ਪ੍ਰੋ. ਕਸ਼ਮੀਰਾ ਸਿੰਘ, ਯੂ.ਐਸ.ਏ.

ਸਯਾਮ ਕਵੀ ਦੀ ਲਿਖੀ ‘ਕ੍ਰਿਸ਼ਨਾਵਤਾਰ’ ਦਸਮ ਗ੍ਰੰਥ ਵਿੱਚੋਂ ਉਹ ਰਚਨਾ ਪੇਸ਼ ਹੈ ਜਿੱਸ ਨੂੰ ਗਾਉਂਦੇ ਰਾਗੀ ਸ਼੍ਰੀ ਕ੍ਰਿਸ਼ਨ ਤੋਂ ਵਰ ਮੰਗਦੇ ਹਨ:

ਪੜ੍ਹੋ ਰਚਨਾ, ਛੰਦ ਨੰਬਰ 1900-
ਹੇ ਰਵਿ ਹੇ ਸਸਿ ਹੇ ਕਰੁਣਾਨਿਧਿ ਮੇਰੀ ਅਬੈ ਬਿਨਤੀ ਸੁਨ ਲੀਜੈ।
ਅਉਰ ਨਾ ਮਾਗਤ ਹਉ ਤੁਝ ਤੇ ਕਛੁ ਚਾਹਤ ਹਉ ਚਿਤ ਮੈ ਸੋਈ ਕੀਜੈ।
ਸਤ੍ਰੁਨ ਸਿਉ ਅਤਿ ਹੀ ਰਨ ਭੀਤਰ ਜੂਝ ਮਰਉ ਤਉ ਸਾਚ ਪਤੀਜੈ।
ਸੰਤ ਸਹਾਇ ਸਦਾ ਜਗ ਮਾਇ ਕ੍ਰਿਪਾ ਕਰ ਸਯਾਮ ਇਹੈ ਬਰ ਦੀਜੈ।
1900।

ਪਦ-ਅਰਥ ਵਿਚਾਰ-

ਰਵਿ- ‘ਸੂਰਜ ਦੇਵਤਾ। ਸਸਿ- ਉਚਾਰਣ ‘ਸ਼ਸ਼ਿ’, ਚੰਦ੍ਰਮਾ ਦੇਵਤਾ{ ਸਸਿ ਨੂੰ ਸੱਸ ਬੋਲਣ ਦਾ ਅਰਥ ਹੈ- ਪਤਨੀ ਦੀ ਮਾਂ}। ਅਬੈ- ਹੁਣ। ਚਾਹਤ ਹਉ ਚਿਤ ਮੈ- ਜੋ ਮੈ ਆਪ ਚਾਹੁੰਦਾ ਹਾਂ। ਸੋਈ ਕੀਜੈ- ਓਹੀ ਕੁਝ ਕਰਿਓ {ਕਵੀ ਸ਼੍ਰੀ ਕ੍ਰਿਸ਼ਨ ਉੱਤੇ ਆਪਣਾ ਹੀ ਹੁਕਮ ਠੋਸਦਾ ਹੈ}। ਜੂਝ ਮਰਉ- ਲੜ ਕੇ ਮਰ ਹੀ ਜਾਵਾਂ। ਸੰਤ ਸਹਾਇ- ਦੇਵਤਿਆਂ ਦੇ ਸਹਾਇਕ। ਜਗ ਮਾਇ- ਹੇ ਜਗ ਮਾਤਾ ਦੁਰਗਾ! ਸਯਾਮ- ਕਵੀ ਸ਼ਿਆਮ ਨੂੰ।

ਕ੍ਰਿਸ਼ਨਾਵਤਾਰ ਦੇ 2492 ਛੰਦ ਹਨ। ਕੁਝ ਛੰਦਾਂ ਦੀ ਵਿਚਾਰ ਕਰਦੇ ਹਾਂ:-

ਛੰਦ ਨੰਬਰ 1891

ਸ਼੍ਰੀ ਕ੍ਰਿਸ਼ਨ ਨੇ ਇਸਤ੍ਰੀਆਂ ਨੂੰ ਨੈਣਾਂ ਦੇ ਤੀਰ ਮਾਰੇ। ਸੰਗਦੀਆਂ ਉਹ ਘਰਾਂ ਨੂੰ ਚਲੇ ਗਈਆਂ ਤੇ ਸ਼੍ਰੀ ਕ੍ਰਿਸ਼ਨ ਜੀ ਯੋਧਿਆਂ ਦੀ ਸਭਾ ਵਿੱਚ ਆ ਗਏ। ਰਾਜਾ ਉਗ੍ਰਸੈਨ ਨੇ ਸ਼੍ਰੀ ਕ੍ਰਿਸ਼ਮ ਜੀ ਅੱਗੇ ਸ਼ਰਾਬ ਅਤੇ ਜਲ ਰੱਖੇ ਤੇ ਸ਼੍ਰੀ ਕ੍ਰਿਸ਼ਨ ਜੀ ਬਹੁਤ ਖ਼ੁਸ਼ ਹੋਏ। ਜਿਵੇਂ-

ਆਦਰ ਸੋ ਕਬਿ ਸਯਾਮ ਭਨੈ ਨ੍ਰਿਪ ਲੈ ਸੁ ਸਿੰਘਾਸਨ ਤੀਰ ਬੈਠਾਯੋ।
ਬਾਰਨੀ ਲੈ ਰਸੁ ਆਗੈ ਧਰਿਯੋ ਤਿਹ ਪੇਖ ਕੈ ਸਯਾਮ ਕਹਾ ਸੁਖ ਪਾਯੋ।

ਨੋਟ- ਸਯਾਮ ਕਵੀ ਵੀ ਹੈ ਅਤੇ ਕ੍ਰਿਸ਼ਨ ਨੂੰ ਵੀ ‘ਸਯਾਮ’ ਲਿਖਿਆ ਹੈ। ਕਵੀ ਨੇ ਆਪਣੇ ਨਾਂ ‘ਕਬਿ ਸਯਾਮ’ ਲਿਖਿਆ ਹੈ। ਸ਼੍ਰੀ ਕ੍ਰਿਸ਼ਨ ਨੂੰ ਕਵੀ ਨੇ ਸ਼ਰਾਬੀ ਵੀ ਸਿੱਧ ਕਰ ਦਿੱਤਾ ਹੈ!
ਛੰਦ ਨੰਬਰ 1892

ਸ਼ਰਾਬ ਨਾਲ਼ ਸਾਰੇ ਸ਼ੂਰਬੀਰ ਮਸਤ ਹੋ ਗਏ। ਬਲਰਾਮ ਸਾਰੇ ਯੋਧਿਆਂ ਅੱਗੇ ਸ਼੍ਰੀ ਕ੍ਰਿਸ਼ਨ ਦੇ ਜਰਾਸਿੰਧ ਨਾਲ਼ ਹੋਏ ਯੁੱਧ ਦਾ ਬਿਆਨ ਕਰਦਾ ਹੈ। ਸਾਰੇ ਘੋੜੇ ਅਤੇ ਹਾਥੀ ਸ਼੍ਰੀ ਕ੍ਰਿਸ਼ਨ ਨੇ ਮਾਰ ਦਿੱਤੇ। ਸਾਰੇ ਸ਼ੂਰਬੀਰਾਂ ਦੀ ਵੀ ਸਿਫ਼ਤਿ ਕੀਤੀ ਗਈ।

ਜਿਵੇਂ - ਬਾਰੁਨੀ ਕੇ ਰਸ ਕੋ ਜਬ ਸੂਰ ਛਕੇ ਸਬ ਹੀ ਬਲਿਭਦ੍ਰ ਚਿਤਾਰਿਯੋ। ਸ੍ਰੀ ਬ੍ਰਿਜਰਾਜ ਸਮਾਜ ਮੇ ਬਾਜ ਹਨੇ ਗਜ ਰਾਜ ਨ ਕੋਊ ਬਿਚਾਇਯੋ।1892। ਬਾਰੁਨੀ- ਸ਼ਰਾਬ।
ਛੰਦ ਨੰਬਰ 1893

ਸਾਰੀ ਸਭਾ ਵਿੱਚ ਬਲਿਰਾਮ ਨੇ ਸ਼੍ਰੀ ਕ੍ਰਿਸ਼ਨ ਨੂੰ ਫਿਰ ਬਚਨ ਕਹੇ ਤੇ ਉਸ ਦੀਆਂ ਅੱਖਾਂ ਸ਼ਰਾਬ ਪੀਣ ਨਾਲ਼ ਲਾਲ ਹੋ ਰਹੀਆ ਸਨ।
ਜਿਵੇਂ - ਅਤਿ ਹੀ ਮਦਰਾ ਸੋ ਛਕੇ ਅਰੁਨ ਭਏ ਜੁਗ ਨੈਨ।1893।
ਛੰਦ ਨੰਬਰ 1894

ਬਲਿਰਾਮ ਨੇ ਸ਼੍ਰੀ ਕ੍ਰਿਸਨ ਨੂੰ ਕਿਹਾ- ਮੈਨੂੰ ਥੋੜੀ ਸ਼ਰਾਬ ਦਿੱਤੀ ਹੈ ਤੇ ਖ਼ੁਦ ਬਹੁਤ ਪੀਤੀ ਹੈ। ਕਹਿੰਦਾ ਹੈ ਯੁੱਧ ਕਰਨਾ ਛਤ੍ਰੀਆਂ ਨੂੰ ਸ਼ੋਭਦਾ ਹੈ।
ਜਿਵੇਂ- ਦੀਬੋ ਕਛੁ ਮਯ ਪੀਯੋ ਘਨੋ ਕਹਿ ਸੂਰਨ ਸੋ ਇਹ ਬੈਨ ਸੁਨਾਯੋ। ਜੂਝਬੋ ਜੂਝ ਕੈ ਪ੍ਰਾਨ ਤਜੈਬੋ ਜੁਝਾਇਬੋ ਛਤ੍ਰਿੰ ਕੋ ਬਨਿ ਆਇਯੋ।1894।
ਛੰਦ ਨੰਬਰ 1895

ਜੋ ਸੁਖ ਕ੍ਰਿਸ਼ਨ ਜੀ ਨੇ ਦਿੱਤੇ ਹਨ ਉਹ ਕੋਈ ਹੋਰ ਨਹੀਂ ਦੇ ਸਕਦਾ, ਕਵੀ ਲਿਖਦਾ ਹੈ। ਸ਼੍ਰੀ ਕ੍ਰਿਸ਼ਨ ਨੇ ਵੱਡੇ-ਵੱਡੇ ਵੈਰੀ ਜਿੱਤੇ ਹਨ।
ਜਿਵੇਂ - ਜੈਸੇ ਸੁਖ ਹਰਿ ਜੂ ਕੀਏ ਤੈਸੇ ਕਰੇ ਨਾ ਹੋਰ। ਐਸੇ ਅਰਿ ਜਿੱਤ ਇੰਦ੍ਰ ਸੇ ਰਹਤ ਸੂਰ ਨਿਤ ਪਉਰਿ।
ਛੰਦ ਨੰਬਰ 1896- ਸ਼੍ਰੀ ਕ੍ਰਿਸ਼ਨ ਦੀ ਸਿਫ਼ਤਿ ਹੈ।

ਕਵੀ ਸਯਾਮ ਲਿਖਦਾ ਹੈ ਕਿ ਜਿਨ੍ਹਾਂ ਨੂੰ ਸ਼੍ਰੀ ਕ੍ਰਿਸ਼ਨ ਨੇ ਰੀਝ ਕੇ ਦਾਨ ਦਿੱਤਾ ਹੈ, ਉਨ੍ਹਾਂ ਨੇ ਮਨ ਕਿਸੇ ਹੋਰ ਪਾਸੇ ਮੰਗਣ ਲਈ ਨਹੀਂ ਕੀਤਾ। ਯੁੱਧ ਭੂਮੀ ਵਿੱਚੋਂ ਕਿਸੇ ਵੈਰੀ ਨੂੰ ਜੀਉਂਦੇ ਨਹੀਂ ਜਾਣ ਦਿੱਤਾ। ਦੁਸ਼ਟ ਦਾ ਧੰਨ ਨਹੀਂ ਖੋਹਿਆ।

ਜਿਵੇਂ - ਰੀਝ ਕੈ ਦਾਨ ਦੀਓ ਜਿਨ ਕਉ ਤਿਨ ਮਾਂਗਨ ਕੋ ਨਾ ਕਹੂ ਮਨ ਕੀਨੋ। ਜੀਤਿ ਨਾ ਜਾਨ ਦਯੋ ਗ੍ਰਿਹ ਕੋ ਅਰਿ ਬ੍ਰਿਜਰਾਜ ਇਹੈ ਬ੍ਰਤ ਲੀਨੋ।
ਬ੍ਰਿਜਰਾਜ- ਸ਼੍ਰੀ ਕ੍ਰਿਸ਼ਨ।
ਛੰਦ ਨੰਬਰ 1897--ਸ਼੍ਰੀ ਕ੍ਰਿਸ਼ਨ ਦੀ ਸਿਫ਼ਤਿ ਜਾਰੀ ਹੈ।

ਸ਼੍ਰੀ ਕ੍ਰਿਸ਼ਨ ਦੀ ਵਲੋਂ ਮੁਰ ਦੈਂਤ ਨੂੰ ਮਾਰਨ ਨਾਲ਼ ਜੋ ਸੁੱਖ ਪ੍ਰਿਥਵੀ ੳੇੱਤੇ ਮਿਲੇ ਹਨ ਉਹ ਰਾਜਾ ਨਲ ਦੇ ਹੁੰਦਿਆਂ ਵੀ ਨਹੀ ਮਿਲ਼ੇ ਤੇ ਰਾਜਾ ਪ੍ਰਿਥੂ ਨੇ ਭੀ ਨਹੀਂ ਦਿੱਤੇ।
ਜਿਵੇਂ - ਜੋ ਭੂਅ ਕੋ ਨਲ ਰਾਜ ਭਏ ਕਬਿ ਸਯਾਮ ਕਹੈ ਸੁਖ ਹਾਥ ਨ ਆਯੋ॥ ਜੋ ਸੁਖ ਹਰਨਾਖਸ ਭ੍ਰਾਤ ਸਮੇਤ ਭਯੋ ਸੁਪਨੇ ਪ੍ਰਿਥੂ ਨ ਦਰਸਾਯੋ। ਸੋ ਸੁਖ ਕਾਨ੍ਹ ਕੀ ਜੀਤ ਭਏ ਅਪਨੇ ਚਿਤ ਮੇ ਪੁਹਮੀ ਅਤਿ ਪਾਯੋ।
ਪੁਹਮੀ- ਭੂਮੀ, ਪ੍ਰਿਥਵੀ।
ਛੰਦ 1898- ਸ਼੍ਰੀ ਕ੍ਰਿਸ਼ਨ ਦੀ ਉਸਤਤੀ ਜਾਰੀ ਹੈ।

ਸ਼੍ਰੀ ਕ੍ਰਿਸ਼ਨ ਦੇ ਦੁਆਰੇ ਹਰ ਵੇਲੇ ਨਗਾਰੇ ਵੱਜਦੇ ਹਨ। ਨਗਰ ਵਿੱਚ ਪਾਪ ਨਹੀਂ ਹੁੰਦਾ ਤੇ ਧਰਮ ਹੀ ਧਰਮ ਸ਼ੋਭਾ ਪਾ ਰਿਹਾ ਹੈ।
ਜਿਵੇਂ- ਦੁੰਦਭਿ ਦੁਆਰ ਬਜੇ ਪ੍ਰਭ ਕੇ ਬਿਨੁ ਬਯਾਹ ਨ ਕਾਹੂ ਕੇ ਦੁਆਰਹਿ ਬਾਜੈ। ਪਾਪ ਨ ਹੋ ਕਹੂੰ ਪੁਰ ਮੈ ਜਿਤ ਹੀ ਕਿਤ ਧਰਮ ਹੀ ਧਰਮ ਬਿਰਾਜੇ।
ਛੰਦ ਨੰਬਰ 1899- ਕਵੀ ਵਰ ਮੰਗਣ ਦੀ ਲਾਲਸਾ ਕਰਦਾ ਹੈ।

ਕਵੀ ਨੇ ਬੜੇ ਪ੍ਰੇਮ ਨਾਲ਼ ਸ਼੍ਰੀ ਕ੍ਰਿਸ਼ਨ ਵਲੋਂ ਕੀਤਾ ਯੁੱਧ ਬਿਆਨ ਕੀਤਾ ਹੈ। ਕਵੀ ਕਹਿੰਦਾ ਹੈ - ਜਿਸ ਲੋਭ ਨਾਲ਼ ਇਹ ਰਚਨਾ ਕੀਤੀ ਹੈ ਮੈਨੂੰ ਉਹੀ ਵਰਦਾਨ ਦਿਓ। ਕਵੀ ਨੇ ਕਿਸੇ ਲੋਭ ਤੇ ਨਿੱਜੀ ਸੁਆਰਥ ਲਈ ਇਹ ਰਚਨਾ ਕੀਤੀ ਹੈ।
ਜਿਵੇਂ- ਕ੍ਰਿਸ਼ਨ ਯੁੱਧ ਜੋ ਹਉ ਕਹਿਯੋ ਅਤਿ ਹੀ ਸੰਗਿ ਸਨੇਹ। ਜਿਹ ਲਾਲਚ ਇਹ ਮੈ ਰਚਿਯੋ ਮੋਹਿ ਵਹੈ ਬਰੁ ਦੇਹਿ।

ਵਰ ਦੀ ਮੰਗ ਕਿਸ ਤੋਂ? ਕਵੀ ਦੁਰਗਾ ਨੂੰ ਸ਼੍ਰੀ ਕ੍ਰਿਸ਼ਨ ਨਾਲ਼ੋਂ ਪਹਿਲ ਦਿੰਦਾ ਹੈ ਕਿ ਭੁਲੱਕੜ ਹੈ?

ਵਰ ਦੀ ਮੰਗ ਜਗ ਮਾਤਾ ਤੋਂ! ਸਿਫ਼ਤਾਂ ਸ਼੍ਰੀ ਕ੍ਰਿਸ਼ਨ ਜੀ ਦੇ ਬੱਲ ਦੀਆਂ! ਵਾਹ ਕਵੀਆ! ਤੇਰੀਆਂ ਨਹੀਂ ਰੀਸਾਂ। ਕਵੀ ਏਥੇ ਸ਼੍ਰੀ ਕ੍ਰਿਸ਼ਨ ਨੂੰ ਮੂਲ਼ੋਂ ਹੀ ਭੁੱਲ ਗਿਆ ਜਾਪਦਾ ਹੈ।

ਛੰਦ ਨੰਬਰ 1900- ਜਗ ਮਾਇ ਤੋਂ ਬਰ ਮੰਗਣਾ।
ਸੰਤ ਸਹਾਇ ਸਦਾ ਜਗ ਮਾਇ ਕ੍ਰਿਪਾ ਕਰਿ ਸਯਾਮ ਇਹੈ ਬਰੁ ਦੀਜੈ।
ਅਰਥ - ਜਗ ਮਾਇ-ਜਗ ਮਾਤਾ, ਦੁਰਗਾ, ਭਵਾਨੀ।
ਸਯਾਮ - ਕਵੀ ਦਾ ਨਾਂ ਹੈ। ਸੰਤ- ਦੇਵਤੇ, ਇੰਦ੍ਰ ਆਦਿਕ।

ਸੂਰਜ ਤੇ ਚੰਦ ਵੀ ਹਿੰਦੂ ਮੱਤ ਅਨੁਸਾਰ ਦੇਵਤੇ ਹਨ। ਕਵੀ ਜਗ ਮਾਤਾ ਨੂੰ ਸੂਰਜ ਤੇ ਚੰਦ ਵੀ ਕਹਿੰਦਾ ਹੈ। ਕਵੀ ਵਰ ਮੰਗਦਾ ਹੈ - ਯੁੱਧ ਵਿੱਚ ਸ਼ਸਤ੍ਰ ਚਲਾਉਂਦਾ ਹੀ ਮਰ ਜਾਵਾਂ।

ਕਵੀ ਨੂੰ ਹੁਣ ਸ਼੍ਰੀ ਕ੍ਰਿਸ਼ਨ ਦਾ ਵੀ ਚੇਤਾ ਆ ਗਿਆ ਤੇ ਉਸ ਤੋਂ ਵੀ ਬਰ ਮੰਗਦਾ ਹੈ-
ਛੰਦ ਨੰਬਰ 1901-ਸ਼੍ਰੀ ਕ੍ਰਿਸ਼ਨ ਤੋਂ ਵਰ ਮੰਗਣਾ।
ਕਵੀ ਸਯਾਮ ਕਹਿੰਦਾ ਹੈ -- ਸ਼੍ਰੀ ਕ੍ਰਿਸ਼ਨ ਜੀ ਮੈਨੂੰ ਵਰ ਦਿਓ ਕਿ ਮੈ ਡਰ ਰਹਿਤ ਹੋ ਕੇ ਜੰਗ ਵਿੱਚ ਹੀ ਲੜ ਕੇ ਮਰ ਜਾਵਾਂ ਤੇ ਹੋਰ ਕਿਸੇ ਰਿੱਧੀ ਸਿੱਧੀ , ਧੰਨ, ਤਪ ਅਤੇ ਯੋਗ ਦੀ ਲੋੜ ਨਹੀਂ ਹੈ।

ਅਉਰ ਸੁਨੋ ਕਛੁ ਜਗ ਬਿਖੈ ਕਹਿ ਕਉਨ ਇਤੋ ਤਪੁ ਕੈ ਤਨੁ ਤਾਵੈ।
ਜੂਝਿ ਮਰੋਂ ਰਨ ਮੈ ਤਜਿ ਭੈ ਤੁਮ ਤੇ ਪ੍ਰਭ, ਸਯਾਮ ਇਹੈ ਵਰੁ ਪਾਵੈ।

ਛੰਦ ਨੰਬਰ 1902

ਸਯਾਮ ਕਵੀ ਸ਼੍ਰੀ ਕ੍ਰਿਸ਼ਨ ਦੀਆਂ ਸਿਫ਼ਤਾਂ ਜਾਰੀ ਰੱਖਦਾ ਹੈ। ਕਹਿੰਦਾ ਹੈ ਸਾਰੇ ਜੱਗ ਵਿੱਚ ਸ਼੍ਰੀ ਕ੍ਰਿਸ਼ਨ ਦਾ ਜਸ਼ ਫੈਲਿਆ ਹੋਇਆ ਹੈ। ਸਾਰੇ- ਅਤ੍ਰੀ, ਪਰਾਸ਼ਰ, ਨਾਰਦ, ਸ਼ਾਰਦਾ, ਲੱਛਮੀ, ਸੁਕਦੇਵ, ਸ਼ੇਸ਼ਨਾਗ ਆਦਿਕ ਸ਼੍ਰੀ ਕ੍ਰਿਸ਼ਨ ਦੇ ਗੁਣ ਗਾਉਂਦੇ ਹਨ।

ਨੋਟ: 1
ਕਵੀ ਸ਼ਯਾਮ ਨੇ ਸ਼੍ਰੀ ਕ੍ਰਿਸ਼ਨ ਨੂੰ ‘ਹਰੀ’ ‘ਪ੍ਰਭੂ’ ਆਦਿਕ ਸ਼ਬਦਾਂ ਨਾਲ਼ ਸੰਬੋਧਨ ਕੀਤਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸ਼ਬਦ ਅਕਾਲ ਪੁਰਖ ਜਾਂ ਕਰਤਾ ਪੁਰਖ (ਘੋਦ) ਲਈ ਹੀ ਵਰਤੇ ਹਨ। ਕਿਸੇ ਇੱਕ ਛੰਦ ਨੂੰ ਸਾਰੀ ਰਚਨਾ ਜਾਂ ਕਵਿਤਾ ਤੋਂ ਵੱਖ ਕਰ ਕੇ ਗੁਰੂ ਕ੍ਰਿਤ ਮੰਨ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੀ ਨਿਰਾਦਰੀ ਕਰਨੀ ਨਿਰੀ ਬੇਸਮਝੀ ਅਤੇ ਅਗਿਆਨਤਾ ਹੈ। ਦਸਵੇਂ ਪਾਤਿਸ਼ਾਹ ਜੀ ਦੇ ਬਖ਼ਸ਼ੇ ਬਾਣੇ ਦੇ ਧਾਰਨੀ ਸੱਜਣਾ ਵਲੋਂ ਹੀ ਅਜਿਹੀਆਂ ਕੱਚੀਆਂ ਲਿਖਤਾਂ ਪੜ੍ਹ ਕੇ ਗੁਰੂ ਜੀ ਦੀ ਏਨੀ ਨਿਰਾਦਰੀ ਕੀਤੀ ਜਾ ਰਹੀ ਹੋਵੇ ਤਾਂ ਆਮ ਸੰਗਤਾਂ ਦੀ ਯੋਗ ਅਗਵਾਈ ਕੀ ਚਰਚ, ਮੰਦਰ ਤੇ ਮਸੀਤਾਂ ਕਰਨਗੇ??? ਅਰਥ ਆਪ ਪੜ੍ਹੇ ਜਾਣ, ਕੇਵਲ ਇੱਕ ਛੰਦ ਦੇ ਨਹੀਂ, ਸਾਰੀ ਕਵਿਤਾ ਦੇ ਜਿਸ ਦਾ ਛੰਦ ਇਕ ਭਾਗ ਹੈ ਤਾਂ ਹੀ ਹਨ੍ਹੇਰੇ ਤੋਂ ਚਾਨਣੇ ਵਲ ਜਾਣ ਦਾ ਰਾਹ ਖੁਲ੍ਹੇਗਾ।

ਨੋਟ: 2
ਸਿੱਖੀ ਸਿਧਾਂਤ ਕਿਸੇ ਦੇਵੀ ਜਾਂ ਦੇਵਤੇ ਤੋਂ ਕੁਝ ਮੰਗਣ ਲਈ ਨਹੀਂ ਕਹਿੰਦਾ। ਇਹ ਦੇਵਤੇ ਤਾਂ ਆਪ ਕਰਤਾ ਪੁਰਖ ਤੋਂ ਮੰਗਦੇ ਹਨ। ਦੇਵਤਿਆਂ ਨੇ ਕਰਤਾ ਪੁਰਖ ਨਹੀਂ ਬਣਾਇਆ, ਸਗੋਂ ਕਰਤਾ ਪੁਰਖ ਨੇ ਸਾਰੀ ਸ੍ਰਿਸ਼ਟੀ ਸਿਰਜੀ ਹੈ।

ਨੋਟ: 3
ਚੰਡੀ ਚਰਿਤ੍ਰ ਵਿੱਚ ਦੁਰਗਾ ਦੇ ਦੈਂਤਾਂ ਨਾਲ਼ ਯੁੱਧ ਵਿੱਚ ਜਿੱਤਣ ਤੇ ਕਵੀ ਦੁਰਗਾ ਦੀਆਂ ਸਿਫ਼ਤਾਂ ਦੇ ਪੁਲ਼ ਬੰਨ੍ਹ ਕੇ ੳੇੁਸ ਤੋਂ ਵੀ ‘ਦੇਹ ਸਿਵਾ ਬਰ ਮੋਹਿ ਇਹੈ----------’ ਛੰਦ ਲਿਖ ਕੇ ਵਰ ਮੰਗਦਾ ਹੈ।

ਨੋਟ: 4
ਤ੍ਰਿਅ ਚਰਿੱਤ੍ਰ 404 ਵਿੱਚ ਕਵੀ, ਮਹਾਂਕਾਲ਼ ਵਲੋਂ ਦੁਹਲਾ ਦੇਈ ਦੀ ਮੱਦਦ ਕਰਕੇ ਉਸ ਨਾਲ਼ ਵਿਆਹ ਕਰਾਉਣ ਲਈ ਦੈਂਤਾਂ ਨਾਲ਼ ਕੀਤੇ ਯੁੱਧ ਦਾ ਬਿਆਨ ਕਰਕੇ, ਮਹਾਂਕਾਲ਼ ਦੀ ਜਿੱਤ ਹੋਣ ਤੇ ਉਸ ਦੀਆਂ ਸਿਫ਼ਤਾਂ ਦੇ ਪੁਲ਼ ਬੰਨ੍ਹ ਕੇ ਫਿਰ ਉਸ ਅੱਗੇ ਕਈ ਮੰਗਾਂ ਰੱਖਦਾ ਹੋਇਆ ‘ ਕਬਿਯੋ ਬਾਚ ਬੇਨਤੀ ਚੌਪਈ’ ਸਿਰਲੇਖ ਹੇਠ ‘ਹਮਰੀ ਕਰੋ ਹਾਥ ਦੇ ਰਛਾ’ ਵਾਲ਼ੀ ਰਚਨਾ ਲਿਖਦਾ ਹੈ।

ਨੋਟ: 5
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੀ ਹਜ਼ੂਰੀ ਵਿੱਚ ਇਹ ਰਚਨਾ ‘ਹੇ ਰਵਿ ਹੇ ਸਸਿ’ ਪੜ੍ਹਨ ਲਈ ਸਹਿਮਤ ਨਹੀਂ ਹਨ। ਫਿਰ ਵੀ ਇਸ ਰਚਨਾ ਨੂੰ ਬਹੁਤ ਸਾਰੇ ਕੀਰਤਨੀਆਂ ਨੇ ਗਾਇਆ ਹੈ ਜਿਨ੍ਹਾਂ ਵਿੱਚ ਭਾਈ ਹਰਬੰਸ ਸਿੰਘ ਸੂਰਜ(ਯੂਕੇ), ਭਾਈ ਰਣਧੀਰ ਸਿੰਘ ਦਰਬਾਰ ਸਾਹਿਬ, ਬੀਬੀ ਹਰਦੇਵ ਕੌਰ (ਯੂਕੇ), ਭਾਈ ਅਮਰੀਕ ਸਿੰਘ ਜ਼ਖ਼ਮੀ, ਭਾਈ ਗੁਰਮੀਤ ਸਿੰਘ ਅਤੇ ਬਲਜੀਤ ਸਿੰਘ, ਭਾਈ ਦਵਿੰਦਰ ਸਿੰਘ ਨਿਰਮਾਣ, ਭਾਈ ਦਵਿੰਦਰ ਸਿੰਘ ਲੁਧਿਆਣਾ, ਭਾਈ ਜਸਬੀਰ ਸਿੰਘ ਪਾਉਂਟਾ ਸਾਹਿਬ, ਜਥਾ ਚੜ੍ਹਦੀ ਕਲਾ (ਗੋਰੇ ਸਿੰਘ), ਭਾਈ ਹਰਜਿੰਦਰ ਸਿੰਘ ਸ਼੍ਰੀ ਨਗਰ ‘ਭਾਈ ਸਾਹਿਬ’ ਦੀ ਉਪਾਧੀ ਵਾਲ਼ੇ, ਭਾਈ ਕੁਲਵੰਤ ਸਿੰਘ ਬੋਪਾਰਾਇ, ਭਾਈ ਕੰਵਲਜੀਤ ਸਿੰਘ ਦਰਬਾਰ ਸਾਹਿਬ, ਭਾਈ ਦਿਲਬਾਗ ਸਿੰਘ ਭਾਈ ਜਗਦੇਵ ਸਿੰਘ, ਭਾਈ ਤਰਬਲਬੀਰ ਸਿੰਘ ਦਰਬਾਰ ਸਾਹਿਬ, ਭਾਈ ਹਰੀ ਸਿੰਘ ਭਾਈ ਪ੍ਰਭਜੋਤ ਸਿੰਘ, ਬੀਬੀ ਰਣਜੀਤ ਕੌਰ, ਭਾਈ ਹਰਜੀਤ ਸਿੰਘ ਲੁਧਿਆਣਾ, ਭਾਈ ਸਤਵਿੰਦਰ ਸਿੰਘ ਆਦਿਕ ਸ਼ਾਮਲ ਹਨ। ਸਾਰੇ ਸ਼ਬਦ ਰੀਕਾਰਡ ਹੋ ਚੁੱਕੇ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top