Share on Facebook

Main News Page

ਅਰਦਾਸ ਦੀ ਮਹਾਨਤਾ ਨੂੰ ਕਾਇਮ ਰੱਖਣ ਵਾਲਾ, ਸਿਦਕੀ ਤੇ ਸਿਰੜੀ ਯੋਧਾ ਸ਼ਹੀਦ ਸ: ਦਰਸ਼ਨ ਸਿੰਘ ਫੇਰੂਮਾਨ

ਸ਼ਰਨਬੀਰ ਸਿੰਘ ਕੰਗ, ਰਈਆ (ਅੰਮਿ੍ਤਸਰ): ਅਰਦਾਸ ਦੀ ਮਹਾਨਤਾ ਨੂੰ ਕਾਇਮ ਰੱਖਣ ਵਾਲਾ, ਸਿਦਕੀ ਤੇ ਸਿਰੜੀ ਯੋਧਾ ਸਿੱਖ ਆਗੂ ਵਜੋਂ ਜਾਣੇ ਜਾਂਦੇ ਸਨ ਸ਼ਹੀਦ ਸ: ਦਰਸ਼ਨ ਸਿੰਘ ਫੇਰੂਮਾਨ, ਆਪਣੇ ਕੀਤੇ ਪ੍ਰਣ ਨੂੰ ਨਿਭਾਉਣ ਵਾਲੇ 20ਵੀਂ ਸਦੀ ਦੇ ਉਨ੍ਹਾਂ ਆਗੂਆਂ ਵਿਚੋਂ ਇਕ ਸਨ, ਜਿਨ੍ਹਾਂ ਜੋ ਕਿਹਾ ਉਹ ਤੋੜ ਨਿਭਾਇਆ । ਆਪਣੀ ਕੁਰਬਾਨੀ ਸਦਕਾ ਉਹ ਸਮੁੱਚੇ ਪੰਜਾਬੀਆਂ ਵਿਚ ਸਤਿਕਾਰੇ ਜਾਂਦੇ ਹਨ । ਇਸ ਮਹਾਨ ਸ਼ਹੀਦ ਦਾ ਜਨਮ 1 ਅਗਸਤ 1885 ਈ: ਨੂੰ ਅੰਮਿ੍ਤਸਰ ਜ਼ਿਲ੍ਹੇ ਦੇ ਕਸਬਾ ਰਈਆ ਦੇ ਨਜ਼ਦੀਕ ਪਿੰਡ ਫੇਰੂਮਾਨ ਵਿਚ ਸ: ਚੰਦਾ ਸਿੰਘ ਦੇ ਗ੍ਰਹਿ ਵਿਖੇ ਮਾਤਾ ਰਾਜ ਕੌਰ ਦੀ ਕੁੱਖ ਤੋਂ ਹੋਇਆ ।

ਸ: ਦਰਸ਼ਨ ਸਿੰਘ ਦਸਵੀਂ ਦਾ ਇਮਤਿਹਾਨ ਪਾਸ ਕਰਨ ਤੋਂ ਪਿੱਛੋਂ 1912 ਈ: ਵਿਚ ਫ਼ੌਜ ‘ਚ ਭਰਤੀ ਹੋ ਗਏ । ਫਿਰ ਨੌਕਰੀ ਛੱਡ ਕੇ ਹਿਸਾਰ ਵਿਚ ਰਹਿ ਕੇ ਠੇਕੇਦਾਰੀ ਸ਼ੁਰੂ ਕਰ ਦਿੱਤੀ । 1921 ਈ: ਵਿਚ ਚਾਬੀਆਂ ਦੇ ਮੋਰਚੇ ਦੌਰਾਨ ਉਹ ਗਿ੍ਫ਼ਤਾਰ ਹੋ ਗਏ । ਇਸ ਗਿ੍ਫ਼ਤਾਰੀ ਤੋਂ ਪਿੱਛੋਂ ਉਨ੍ਹਾਂ ਨੂੰ ਪਹਿਲੀ ਵਾਰ 1 ਸਾਲ ਦੀ ਕੈਦ ਕੱਟਣੀ ਪਈ । ਇਸ ਤੋਂ ਪਿੱਛੋਂ ਦਸੰਬਰ 1924 ਈ: ਵਿਚ ਜੈਤੋ ਦੇ ਮੋਰਚੇ ਵਿਚ ਜਦੋਂ ਸਿੱਖਾਂ ਦੀਆਂ ਗਿ੍ਫ਼ਤਾਰੀਆਂ ਹੋ ਰਹੀਆਂ ਸਨ ਤਾਂ ਸ: ਦਰਸ਼ਨ ਸਿੰਘ ਫੇਰੂਮਾਨ ਨੂੰ 14ਵੇਂ ਜਥੇ ਦਾ ਜਥੇਦਾਰ ਥਾਪਿਆ ਗਿਆ । ਜਥੇ ਦੀ ਗਿ੍ਫ਼ਤਾਰੀ ਤੋਂ ਪਿੱਛੋਂ ਉਨ੍ਹਾਂ ਨੂੰ 10 ਮਹੀਨੇ ਲਗਾਤਾਰ ਜੇਲ੍ਹ ‘ਚ ਰਹਿਣਾ ਪਿਆ ।

1926 ਈ: ਵਿਚ ਸ: ਦਰਸ਼ਨ ਸਿੰਘ ਮਲਾਇਆ ਚਲੇ ਗਏ । ਉਥੇ ਵੀ ਉਨ੍ਹਾਂ ਸੰਘਰਸ਼ ਨੂੰ ਮੱਠਾ ਨਹੀਂ ਪੈਣ ਦਿੱਤਾ । ਫਿਰ ਗਿ੍ਫ਼ਤਾਰ ਹੋ ਗਏ ਅਤੇ ਜੇਲ੍ਹ ਵਿਚ ਕਛਹਿਰਾ ਪਹਿਨਣ ਦਾ ਹੱਕ ਪ੍ਰਾਪਤ ਕਰਨ ਲਈ 21 ਦਿਨ ਲਗਾਤਾਰ ਭੁੱਖ ਹੜਤਾਲ ਕੀਤੀ । ਆਪਣੀ ਗਲ ਮਨਵਾ ਕੇ ਹੀ ਭੁੱਖ ਹੜਤਾਲ ਖ਼ਤਮ ਕੀਤੀ । ਇਸ ਤੋਂ ਪਿੱਛੋਂ ਜਦੋਂ ਦੇਸ਼ ਪਰਤੇ, ਆਜ਼ਾਦੀ ਦੀ ਲਹਿਰ ਲਈ ਚੱਲ ਰਹੇ ਸੰਘਰਸ਼ ਤਹਿਤ ਕਾਂਗਰਸ ਵੱਲੋਂ ਚਲਾਈ ‘ਸਿਵਲ ਨਾ ਫੁਰਮਾਨੀ ਲਹਿਰ’ ਅਤੇ ‘ਭਾਰਤ ਛੱਡੋ ਲਹਿਰ’ ਵਿਚ ਸਰਗਰਮੀ ਨਾਲ ਹਿੱਸਾ ਲਿਆ ।

ਉਹ ਕਾਂਗਰਸ ਪਾਰਟੀ ਵੱਲੋਂ ਰਾਜ ਸਭਾ ਦੇ ਮੈਂਬਰ ਵੀ ਬਣੇ । ਪਰ ਕਾਂਗਰਸ ਪਾਰਟੀ ਨਾਲ ਮਤਭੇਦ ਹੋਣ ਕਰਕੇ ਉਹ ਕਾਂਗਰਸ ਨੂੰ ਛੱਡ ਕੇ ਸੁਤੰਤਰ ਪਾਰਟੀ ਵਿਚ ਸ਼ਾਮਿਲ ਹੋ ਕੇ ਪੰਜਾਬ ਵਿਚ ਸੁਤੰਤਰ ਪਾਰਟੀ ਦੇ ਪ੍ਰਚਾਰ ਲਈ ਯਤਨਸ਼ੀਲ ਰਹੇ । ਪੰਜਾਬੀ ਬੋਲਦੇ ਇਲਾਕਿਆਂ ਅਤੇ ਚੰਡੀਗੜ੍ਹ ਨੂੰ ਪੰਜਾਬ ਵਿਚ ਸ਼ਾਮਿਲ ਕਰਵਾਉਣ ਲਈ ਉਸ ਸਮੇਂ ਦੇ ਅਕਾਲੀ ਆਗੂਆਂ ਵੱਲੋਂ ਵਾਰ-ਵਾਰ ਸ੍ਰੀ ਅਕਾਲ ਤਖ਼ਤ ਸਾਹਮਣੇ ਪ੍ਰਣ ਤੇ ਅਰਦਾਸ ਤੋਂ ਜਦੋਂ ਮੂੰਹ ਫੇਰਿਆ ਗਿਆ ਤਾਂ ਇਸ ਨਾਲ ਸਿਦਕੀ, ਕਹਿਣੀ ਤੇ ਕਰਨੀ ਦੇ ਸੂਰੇ ਤੇ ਪੂਰੇ ਸਿੱਖ ਦੇ ਹਿਰਦੇ ਨੂੰ ਡੂੰਘਾ ਸਦਮਾ ਪਹੁੰਚਿਆ । ਇਸ ਸਿਰੜੀ ਸਿੱਖ ਆਗੂ ਨੇ 15 ਅਗਸਤ 1969 ਨੂੰ ਮਰਨ ਵਰਤ ਆਰੰਭ ਕਰ ਦਿੱਤਾ । ਉਨ੍ਹਾਂ ਆਪਣੀ ਅਰਦਾਸ ਵਿਚ ਪੰਜਾਬੀ ਬੋਲਦੇ ਇਲਾਕੇ ਅਤੇ ਚੰਡੀਗੜ੍ਹ ਨੂੰ ਪੰਜਾਬ ਵਿਚ ਸ਼ਾਮਿਲ ਕਰਨ ਦੀ ਮੰਗ ਪੂਰੀ ਹੋਣ ਤੱਕ ਵਰਤ ‘ਤੇ ਰਹਿਣ ਦਾ ਸੰਕਲਪ ਕੀਤਾ ।

ਇਸ ਮਹਾਨ ਸਿਦਕੀ ਸਿੱਖ ਯੋਧੇ ਨੇ ਆਪਣੇ ਪ੍ਰਣ ਨੂੰ ਨਿਭਾਉਣ ਲਈ ਅਤੇ ਕੀਤੀ ਅਰਦਾਸ ‘ਤੇ ਕਾਇਮ ਰਹਿਣ ਲਈ ਲਗਾਤਾਰ 74 ਦਿਨ ਭੁੱਖੇ ਰਹਿ ਕੇ 27 ਅਕਤੂਬਰ, 1969 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਿਹਾਅੱਜ 27 ਅਕਤੂਬਰ ਸੋਮਵਾਰ ਨੂੰ ਉਨ੍ਹਾਂ ਦੀ ਯਾਦ ਵਿਚ ਚਲਾਏ ਜਾ ਰਹੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਮੈਮੋਰੀਅਲ ਕਾਲਜ ਫਾਰ ਵੂਮੈਨ ਅਤੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ ਰਈਆ ਵਿਖੇ ਟਰੱਸਟ ਪਰਿਵਾਰ ਵੱਲੋਂ 45ਵੀਂ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ ਕਰਵਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਸਮਾਧ ਪਿੰਡ ਫੇਰੂਮਾਨ ਵਿਖੇ ਉਨ੍ਹਾਂ ਦੀ ਬਰਸੀ ਉਨ੍ਹਾਂ ਦੇ ਪਰਿਵਾਰ, ਇਲਾਕੇ ਵੱਲੋਂ ਅਤੇ ਸਰਕਾਰੀ ਤੌਰ ‘ਤੇ ਮਨਾਈ ਜਾ ਰਹੀ ਹੈ ।


ਟਿੱਪਣੀ: ਇਤਿਹਾਸ 'ਚ ਉਨ੍ਹਾਂ ਲੋਕਾਂ ਦਾ ਨਾਮ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਂਦਾ ਹੈ, ਜਿਨ੍ਹਾਂ ਨੇ ਬਿਨਾ ਕਿਸੇ ਸਮਝੌਤੇ ਤੋਂ, ਜੋ ਕਹਿਆ, ਉਸ 'ਤੇ ਦ੍ਰਿੜਤਾ ਨਾਲ ਪਹਿਰਾ ਦਿੱਤਾ, ਭਗੌੜੇ ਨਹੀਂ ਹੋਏ, ਬਚਨ ਕਰਕੇ ਖਿਸਕੇ ਨਹੀਂ... ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ ਕਚਾ ॥ ਵਾਲਾ ਕੰਮ ਨਹੀਂ ਕੀਤਾ। ਜਿਨ੍ਹਾਂ ਨੇ ਵੀ ਆਪਣੇ ਬਚਨਾਂ 'ਤੇ ਪਹਿਰਾ ਨਹੀਂ ਦਿੱਤਾ, ਦਿੱਤੇ ਹੋਏ ਬਚਨਾਂ ਨੂੰ ਪਾਲਿਆ ਨਹੀਂ, ਉਹ ਹਮੇਸ਼ਾਂ ਰੁਲ਼ਦੇ ਹੀ ਹਨ, ਚਾਹੇ ਕੋਈ ਵੀ ਹੋਵੇ...

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top