Share on Facebook

Main News Page

ਐਸੇ ਲੋਗਨ ਸਿਉ ਕਿਆ ਕਹੀਐਜੋ ਪ੍ਰਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ

ਗਉੜੀ ਚੇਤੀ    ੴ ਸਤਿਗੁਰ ਪ੍ਰਸਾਦਿ ॥

ਹਰਿ ਜਸੁ ਸੁਨਹਿ ਨ ਹਰਿ ਗੁਨ ਗਾਵਹਿ ॥ ਬਾਤਨ ਹੀ ਅਸਮਾਨੁ ਗਿਰਾਵਹਿ ॥੧॥
ਐਸੇ ਲੋਗਨ ਸਿਉ ਕਿਆ ਕਹੀਐ
ਜੋ ਪ੍ਰਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ ॥੧॥ ਰਹਾਉ ॥
ਆਪਿ ਨ ਦੇਹਿ ਚੁਰੂ ਭਰਿ ਪਾਨੀ ॥ ਤਿਹ ਨਿੰਦਹਿ ਜਿਹ ਗੰਗਾ ਆਨੀ ॥੨॥
ਬੈਠਤ ਉਠਤ ਕੁਟਿਲਤਾ ਚਾਲਹਿ ॥ ਆਪੁ ਗਏ ਅਉਰਨ ਹੂ ਘਾਲਹਿ ॥੩॥
ਛਾਡਿ ਕੁਚਰਚਾ ਆਨ ਨ ਜਾਨਹਿ ॥ ਬ੍ਰਹਮਾ ਹੂ ਕੋ ਕਹਿਓ ਨ ਮਾਨਹਿ ॥੪॥
ਆਪੁ ਗਏ ਅਉਰਨ ਹੂ ਖੋਵਹਿ ॥ ਆਗਿ ਲਗਾਇ ਮੰਦਰ ਮੈ ਸੋਵਹਿ ॥੫॥
ਅਵਰਨ ਹਸਤ ਆਪ ਹਹਿ ਕਾਂਨੇ ॥ ਤਿਨ ਕਉ ਦੇਖਿ ਕਬੀਰ ਲਜਾਨੇ
॥੬॥੧॥੪੪॥

{ਪੰਨਾ 332}
ਨੋਟ:- ਇਸ ਸ਼ਬਦ ਦੇ 6 ਬੰਦ ਹਨ; ਅਗਲੇ ਅੰਕ ਨੰ: 1 ਦਾ ਭਾਵ ਇਹ ਹੈ ਕਿ ਇਹ ਗਉੜੀ ਚੇਤੀ ਦਾ ਪਹਿਲਾ ਸ਼ਬਦ ਹੈ । ਕਬੀਰ ਜੀ ਦੇ ਸ਼ਬਦਾਂ ਦੇ ਸਿਲਸਿਲੇ ਵਿਚ ਇਹ 44ਵਾਂ ਸ਼ਬਦ ਹੈ। ਟੀਕਾ: ਪ੍ਰੋ. ਸਾਹਿਬ ਸਿੰਘ

ਪਦਅਰਥ:- ਜਸੁ-ਵਡਿਆਈ, ਸਿਫ਼ਤਿ-ਸਾਲਾਹ । ਬਾਤਨ ਹੀ-ਗੱਲਾਂ ਨਾਲ ਹੀ, ਨਿਰੀਆਂ ਸ਼ੇਖ਼ੀ ਦੀਆਂ ਗੱਲਾਂ ਨਾਲ ।1।
ਸਿਉ-ਨਾਲ, ਨੂੰ । ਕਿਆ ਕਹੀਐ-ਕੀਹ ਆਖੀਏ? ਮੱਤ ਦੇਣ ਦਾ ਕੋਈ ਲਾਭ ਨਹੀਂ । ਕੀਏ-ਕੀਤੇ, ਬਣਾਏ । ਬਾਹਜ-ਸੱਖਣੇ, ਖ਼ਾਲੀ, ਬਿਨਾ । ਭਗਤਿ ਤੇ ਬਾਹਜ ਕੀਏ-ਭਗਤੀ ਤੋਂ ਸੱਖਣੇ ਰੱਖੇ । ਡਰਾਨੇ ਰਹੀਐ-ਡਰਦੇ ਰਹੀਏ, ਦੂਰ ਦੂਰ ਹੀ ਰਹਿਣਾ ਚੰਗਾ ਹੈ ।1।ਰਹਾਉ।
ਨ ਦੇਹਿ-ਨਹੀਂ ਦੇਂਦੇ । ਚੁਰੂ ਭਰਿ-ਇੱਕ ਚੁਲੀ ਜਿਤਨਾ । ਤਿਹ-ਉਹਨਾਂ (ਮਨੁੱਖਾਂ) ਨੂੰ । ਜਿਹ-ਜਿਨ੍ਹਾਂ ਨੇ । ਆਨੀ-ਲੈ ਆਂਦੀ ਹੈ, ਵਗਾ ਦਿੱਤੀ ਹੈ ।2।
ਕੁਟਿਲ-ਟੇਢੀਆਂ ਚਾਲਾਂ ਚੱਲਣ ਵਾਲਾ । ਕੁਟਿਲਤਾ-ਟੇਢੀਆਂ ਚਾਲਾਂ । ਆਪੁ-ਆਪਹੁ, ਆਪਣੇ ਆਪ ਤੋਂ । ਹੂ-ਭੀ । ਘਾਲਹਿ-ਘੱਲਦੇ ਹਨ । (ਆਪੁ) ਘਾਲਹਿ-ਉਹਨਾਂ ਦੇ ਆਪੇ ਤੋਂ ਘੱਲਦੇ ਹਨ, ਉਹਨਾਂ ਦੇ ਅਸਲੇ ਤੋਂ ਦੂਰ ਕਰ ਦੇਂਦੇ ਹਨ, ਕੁਰਾਹੇ ਪਾ ਦੇਂਦੇ ਹਨ, ਨਾਸ ਕਰ ਦੇਂਦੇ ਹਨ ।3।
ਕੁਚਰਚਾ-ਕੋਝੀ ਚਰਚਾ, ਥੋਥੀ ਬਹਿਸ । ਛਾਡਿ-ਛੱਡ ਕੇ, ਤੋਂ ਬਿਨਾ । ਆਨ-ਕੋਈ ਹੋਰ ਗੱਲ । ਬ੍ਰਹਮਾ ਹੂ ਕੋ ਕਹਿਓ-ਬ੍ਰਹਮਾ ਦਾ ਆਖਿਆ ਭੀ, ਵੱਡੇ ਤੋਂ ਵੱਡੇ ਮੰਨੇ-ਪ੍ਰਮੰਨੇ ਸਿਆਣੇ ਦੀ ਗੱਲ ਭੀ । ਕੋ-ਦਾ ।4।
ਖੋਵਹਿ-ਖੁੰਝਾਉਂਦੇ ਹਨ । ਮੰਦਰ-ਘਰ । ੈ-ਮਹਿ, ਵਿਚ ।5।
ਹਸਤ-ਮਖ਼ੌਲ ਕਰਦੇ ਹਨ । ਦੇਖਿ-ਵੇਖ ਕੇ । ਲਜਾਨੇ-ਸ਼ਰਮ ਆਉਂਦੀ ਹੈ ।6।

ਅਰਥ:- (ਕਈ ਮਨੁੱਖ ਆਪ) ਨਾਹ ਕਦੇ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਦੇ ਹਨ, ਨਾਹ ਹਰੀ ਦੇ ਗੁਣ ਗਾਉਂਦੇ ਹਨ, ਪਰ ਸ਼ੇਖ਼ੀ ਦੀਆਂ ਗੱਲਾਂ ਨਾਲ ਤਾਂ (ਮਾਨੋ) ਅਸਮਾਨ ਨੂੰ ਢਾਹ ਲੈਂਦੇ ਹਨ ।1। ਅਜਿਹੇ ਬੰਦਿਆਂ ਨੂੰ ਭਲੀ ਮੱਤ ਦੇਣ ਦਾ ਕੋਈ ਲਾਭ ਨਹੀਂ, ਜਿਨ੍ਹਾਂ ਨੂੰ ਪ੍ਰਭੂ ਨੇ ਭਗਤੀ ਤੋਂ ਵਾਂਜੇ ਰੱਖਿਆ ਹੈ (ਉਹਨਾਂ ਨੂੰ ਮੱਤ ਦੇਣ ਦੇ ਥਾਂ ਸਗੋਂ) ਉਹਨਾਂ ਤੋਂ ਸਦਾ ਦੂਰ ਦੂਰ ਹੀ ਰਹਿਣਾ ਚਾਹੀਦਾ ਹੈ ।1।ਰਹਾਉ।

(ਉਹ ਲੋਕ) ਆਪ ਤਾਂ (ਕਿਸੇ ਨੂੰ) ਇਕ ਚੁਲੀ ਜਿਤਨਾ ਪਾਣੀ ਭੀ ਨਹੀਂ ਦੇਂਦੇ, ਪਰ ਨਿੰਦਿਆ ਉਹਨਾਂ ਦੀ ਕਰਦੇ ਹਨ ਜਿਨ੍ਹਾਂ ਨੇ ਗੰਗਾ ਵਗਾ ਦਿੱਤੀ ਹੋਵੇ ।2।

ਬੈਠਦਿਆਂ ਉਠਦਿਆਂ (ਹਰ ਵੇਲੇ ਉਹ) ਟੇਢੀਆਂ ਚਾਲਾਂ ਹੀ ਚੱਲਦੇ ਹਨ, ਉਹ ਆਪਣੇ ਆਪ ਤੋਂ ਗਏ-ਗੁਜ਼ਰੇ ਬੰਦੇ ਹੋਰਨਾਂ ਨੂੰ ਭੀ ਕੁਰਾਹੇ ਪਾਂਦੇ ਹਨ ।3।

ਫੋਕੀ ਬਹਿਸ ਤੋਂ ਬਿਨਾ ਉਹ ਹੋਰ ਕੁਝ ਕਰਨਾ ਜਾਣਦੇ ਹੀ ਨਹੀਂ, ਕਿਸੇ ਵੱਡੇ ਤੋਂ ਵੱਡੇ ਮੰਨੇ-ਪ੍ਰਮੰਨੇ ਸਿਆਣੇ ਦੀ ਭੀ ਗੱਲ ਨਹੀਂ ਮੰਨਦੇ ।4।

ਆਪਣੇ ਆਪ ਤੋਂ ਗਏ-ਗੁਜ਼ਰੇ ਉਹ ਲੋਕ ਹੋਰਨਾਂ ਨੂੰ ਭੀ ਖੁੰਝਾਉਂਦੇ ਹਨ, ਉਹ (ਮਾਨੋ, ਆਪਣੇ ਹੀ ਘਰ ਨੂੰ) ਅੱਗ ਲਾ ਕੇ ਘਰ ਵਿਚ ਸੌਂ ਰਹੇ ਹਨ ।5।

ਉਹ ਆਪ ਤਾਂ ਕਾਣੇ ਹਨ (ਕਈ ਤਰ੍ਹਾਂ ਦੇ ਵੈਲ ਕਰਦੇ ਹਨ) ਪਰ ਹੋਰਨਾਂ ਨੂੰ ਮਖ਼ੌਲ ਕਰਦੇ ਹਨ ਅਜਿਹੇ ਬੰਦਿਆਂ ਨੂੰ ਵੇਖ ਕੇ, ਹੇ ਕਬੀਰ! ਸ਼ਰਮ ਆਉਂਦੀ ਹੈ ।6।1।14।

ਸ਼ਬਦ ਦਾ ਭਾਵ:- ਸ਼ੇਖ਼ੀ-ਖ਼ੋਰੇ ਬੰਦਿਆਂ ਉੱਤੇ ਕਿਸੇ ਦੀ ਸਿੱਖਿਆ ਦਾ ਅਸਰ ਨਹੀਂ ਹੋ ਸਕਦਾ, ਉਹ ਸਗੋਂ ਹੋਰਨਾਂ ਨੂੰ ਭੀ ਵਿਗਾੜਨ ਦੇ ਜਤਨ ਕਰਦੇ ਹਨ । ਅਜਿਹੇ ਬੰਦਿਆਂ ਤੋਂ ਪਰੇ ਹੀ ਰਹਿਣਾ ਚੰਗਾ ਹੁੰਦਾ ਹੈ ।44।

ਕੁਮੈਂਟ ਥੋੜ੍ਹੇ ਚਿਰ ਲਈ ਬੰਦ ਕੀਤੇ ਗਏ ਹਨ
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ, ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top