Share on Facebook

Main News Page

ਪੰਥਕ ਜਥੇਬੰਦੀਆਂ ਵੱਲੋਂ ਹੁਣ “ਪੰਥ ਬਣਕੇ” ਪਹਿਲੀ ਨਵੰਬਰ ਨੂੰ ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਣਾਉਣਾ ਸਮੇਂ ਦੀ ਮੁਖ ਲੋੜ ਹੈ
-: ਗੁਰਿੰਦਰਪਾਲ ਸਿੰਘ ਧਨੌਲਾ 001-646-918-9564

ਪਹਿਲੀ ਨਵੰਬਰ 1984 ਦਾ ਓਹ ਮਨਹੂਸ ਦਿਨ ਸੀ ਜੋ ਇਤਹਾਸ ਵਚਿ ਭਾਰਤੀ ਲੋਕ ਤੰਤਰ ਦੇ ਮਥੇ ਤੇ ਕਲੰਕ ਵਜੋਂ ਨਜਰ ਆਉਂਦਾ ਰਹੇਗਾ । ਅਕਤੂਬਰ ਦੇ ਅਖੀਰਲੇ ਦਿਨ ਭਾਰਤ ਦੀ ਪ੍ਰਧਾਨ ਮੰਤਰੀ ਸ੍ਰੀ ਮਤੀ ਇੰਦਰਾ ਗਾਂਧੀ ਦਾ ਅੰਤ ਹੋ ਗਿਆ ਸੀ ਅਤੇ ਉਸੇ ਸ਼ਾਮ ਹੀ ਬੜੇ ਯੋਜਨਾ ਬਧ ਤਰੀਕੇ ਨਾਲ ਭਾਰਤ ਦੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਹੋਰ ਬਹੁਤ ਸਾਰੇ ਵੱਡੇ ਸ਼ਹਿਰਾਂ ਤੇ ਕਸਬਿਆਂ ਵਿਚ ਬੇ ਗੁਨਾਹ ਸਿੱਖਾਂ ਦੇ ਗਲਾਂ ਵਚਿ ਟਾਇਰ ਪਾਕੇ ਚਿੱਟੇ ਦਿਨ ਸੜਕਾਂ ਤੇ ਸਾੜਿਆ ਗਿਆ । ਸਿੱਖ ਬੀਬੀਆਂ ਦੀ ਪੱਤ ਲੁੱਟੀ ਗਈ, ਘਰ ਘਾਟ ਲੁੱਟ ਲਏ ਗਏ, ਪਰ ਭਾਰਤੀ ਲੋਕ ਤੰਤਰ ਤਿੰਨ ਦਿਨ ਮੂੰਹ ਵਿਚ ਘਾਹ ਲੈਕੇ ਸੰਵਿਧਾਨ ਅਤੇ ਕਾਨੂੰਨ ਦੀ ਖਿਲ੍ਹੀ ਉਡਾਉਂਦਾ ਰਿਹਾ । ਵਰਦੀਧਾਰੀ ਗੁੰਡੇ ( ਪੁਲਿਸ ) ਸਿੱਖਾਂ ਦਾ ਲਾਇਸੰਸੀ ਅਸਲਾ ਖੋਹ ਕੇ ਨਿਹਥੇ ਕਰਦੀ ਰਹੀ ਤੇ ਮਗਰ ਮਗਰ ਰਾਜੀਵ ਗਾਂਧੀ ਦੇ ਗੁੰਡੇ, ਸਿੱਖਾਂ ਦਾ ਸ਼ਕਾਰ ਖੇਡਦੇ ਰਹੇ, ਤਿੰਨ ਦਿਨ ਸਾਰੇ ਭਾਰਤ ਵਿਚ ਕੁਹਰਮ ਮਚਿਆ ਰਿਹਾ ।

ਦੇਸ਼ ਦਾ ਪ੍ਰਧਾਨ ਮੰਤਰੀ ਰਜੀਵ ਗਾਂਧੀ, ਇਸ ਜੰਗਲ ਦੇ ਰਾਜ ਵਿਚ ਹੋ ਰਹੇ ਬੇਗੁਨਾਹ ਸਿੱਖਾਂ ਦੇ ਕਤਲੇਆਮ ਤੇ ਟਿਪਣੀ ਕਰਕੇ ਸ਼ਰੇਆਮ ਆਖ ਰਿਹਾ ਸੀ ਕਿ "ਜਬ ਕੋਈ ਬਡ਼ਾ ਪੇਡ਼ ਗਿਰਤਾ ਹੈ ਤੋ ਧਰਤੀ ਕਾਂਪਤੀ ਹੈ" ਰਜੀਵ ਦਾ ਮੂੰਹ ਬੋਲਿਆ ਭਰਾ ਫਿਲਮੀ ਸਤਾਰਾ ਅਮਿਤਾਭ ਬੱਚਨ ਆਖ ਰਹਾ ਸੀ "ਜਿਨ ਲੋਗੋ ਸ੍ਰੀ ਮਤੀ ਇੰਦਰਾ ਗਾਂਧੀ ਕਾ ਖੂਨ ਬਹਾਇਆ ਹੈ ਇਸ ਖੂਨ ਕੇ ਛੀਟੇ ਉਨ ਲੋਗੋ ਕੇ ਘਰੋਂ ਤੱਕ ਜਾਣੇ ਚਾਹੀਏ" ਜਿਸ ਨਾਲ ਗੁੰਡਿਆਂ ਦੇ ਹੌਂਸਲੇ ਬੁਲੰਦ ਹੋ ਰਹੇ ਸਨ ਤੇ ਇੰਜ ਪ੍ਰਤੀਤ ਹੁੰਦਾ ਸੀ ਜਿਵੇਂ ਸਾਰੀ ਕਾਇਨਾਤ ਹੀ ਸਿੱਖਾਂ ਦੀ ਦੁਸ਼ਮਨ ਬਣ ਗਈ ਹੋਵੇ । ਹਜ਼ਾਰਾਂ ਸਿੱਖ ਬੇਗੁਨਾਹ ਹੀ ਅਨਿਆਈ ਮੌਤੇ ਮਾਰ ਦਿੱਤੇ ਗਏ ।

ਅਫਸੋਸ ਵਾਲੀ ਗੱਲ ਇਹ ਵੀ ਸੀ ਕਿ ਜਿਥੇ ਇਸ ਕਤਲੇਆਮ ਦੀ ਅਗਵਾਈ ਦੇਸ਼ ਦੇ ਵੱਡੇ ਸਿਆਸੀ ਨੇਤਾ ਤੇ ਅਫਸਰ ਮਿਲਕੇ ਕਰ ਰਹੇ ਸਨ । ਪ੍ਰੈਸ ਵੀ ਇਸ ਕਤਲੇਆਮ ਵਿਚ ਭਾਈਵਾਲ ਬਣ ਗਈ । ਜਦੋਂ ਉਸਨੇ ਸੋਚੀ ਸਮਝੀ ਸਾਜਿਸ਼ ਅਧੀਨ ਸਰਕਾਰੀ ਸਰਪ੍ਰਸਤੀ ਕਬੂਲਦਿਆਂ ਸਿੱਖਾਂ ਦੀ ਨਸਲਕੁਸ਼ੀ ਨੂੰ ਦੰਗੇ ਆਖਕੇ, ਇਸਨੂੰ ਆਮ ਸਧਾਰਣ ਜਿਹੀ ਘਟਨਾਂ ਬਣਾਕੇ ਪੇਸ਼ ਕੀਤਾ । ਦੰਗੇ ਓਥੇ ਹੁੰਦੇ ਹਨ ਜਿਥੇ ਕਿਤੇ ਦੋ ਧੜਿਆਂ ਜਾਂ ਫਿਰਕਿਆਂ ਦਾ ਆਹਮਣੇ ਸਾਹਮਣੇ ਟਾਕਰਾ ਹੋ ਜਾਵੇ ਅਤੇ ਦੋਹੀਂ ਪਾਸੀ ਕੁਝ ਬੰਦੇ ਮਾਰੇ ਜਾਣ ਪਰ ਇਥੇ ਤਾਂ ਪੁਲਿਸ,ਰਾਜਨੇਤਾ ਅਤੇ ਗੁੰਡੇ ਚੁਣ ਚੁਣਕੇ ਸਿੱਖਾਂ ਨੂੰ ਘਰੋਂ ਕਢਕੇ ਮਾਰ ਰਹੇ ਸਨ ਸਿੱਖਾਂ ਦੇ ਕਾਤਲਾਂ ਨੂੰ ਖੁਲ੍ਹੀ ਛੁੱਟੀ ਸੀ ਕਿ ਜਿਸ ਮਰਜੀ ਸਿੱਖ ਨੂੰ ਮਾਰਕੇ ਉਸ ਘਰ ਦੀਆਂ ਬੀਬੀਆਂ ਦੀ ਪੱਤ ਲੁਟਣ ਉਪਰੰਤ ਕੀਮਤੀ ਸਮਾਨ ਚੁਕਣ ਤੋਂ ਬਾਅਦ ਘਰ ਨੂੰ ਵੀ ਅੱਗ ਲਗਾ ਦੇਣ ਕੇਵਲ ਦਿੱਲੀ ਦੇ ਹੀ ਪੇਸ਼ਾਵਰ ਗੁੰਡੇ ਹੀ ਨਹੀਂ ਸਗੋਂ ਹਰਿਆਣਾ ਦੇ ਉਸ ਸਮੇਂ ਦੇ ਮੁਖ ਮੰਤਰੀ ਭਜਨ ਲਾਲ ਨੇ ਮਧੁਬਨ ਪੁਲਿਸ ਟ੍ਰੇਨਿੰਗ ਸੈਂਟਰ ਵਿਚੋਂ ਹਰਿਆਣਾ ਪੁਲਿਸ ਦੇ ਸਿਪਾਹੀਆਂ ਦੀਆਂ ਬੱਸਾਂ ਭਰਕੇ ਭੇਜੀਆਂ ਸਨ।

ਜਿਵੇਂ ਜਿਵੇਂ ਸਮਾਂ ਬੀਤਿਆ ਕੁਝ ਗੱਲਾਂ ਬਾਹਰ ਆਉਣੀਆਂ ਆਰੰਭ ਹੋਈਆਂ ਹਨ ਤਾਂ ਪਤਾ ਲੱਗਾ ਹੈ ਕਿ ਦਿੱਲੀ ਜਾਂ ਦੇਸ਼ ਦੇ ਹੋਰਨਾਂ ਸੂਬਿਆਂ ਵਿਚ ਸਿੱਖਾਂ ਦੇ ਕਤਲੇਆਮ ਦੀ ਯੋਜਨਾਂ ਤਾਂ ਇੰਦਰਾ ਗਾਂਧੀ ਨੇ ਦਰਬਾਰ ਸਾਹਬਿ ਤੇ ਫੌਜੀ ਹਮਲਾ ਕਰਨ ਤੋਂ ਪਹਲਾਂ ਖੁਦ ਹੀ ਤਿਆਰ ਕੀਤੀ ਸੀ ਉਸਨੂੰ ਇਹ ਭੁਲੇਖਾ ਸੀ ਕਿ ਜਦੋਂ ਹਿੰਦ ਫੌਜ ਦਰਬਾਰ ਸਾਹਿਬਿ 'ਤੇ ਹਮਲਾ ਕਰੇਗੀ ਤਾਂ ਸ਼ਾਇਦ ਸਿੱਖ ਭੜਕਕੇ ਪੰਜਾਬ ਵਿਚ ਬੇਗੁਨਾਹ ਹਿੰਦੁਆਂ ਦੇ ਕਤਲ ਕਰਨਗੇ।

ਅਗਰ ਪੰਜਾਬ ਵਿਚ ਅਜਿਹਾ ਹੋਵੇ ਇਸ ਦਾ ਜਵਾਬ ਦੇਣ ਵਾਸਤੇ ਦਿੱਲੀ ਅਤੇ ਕੁਝ ਹੋਰ ਸ਼ਹਿਰਾਂ ਵਿਚ ਇੱਕ ਹਿੰਦੂ ਦੇ ਕਤਲ ਬਦਲੇ ਦੋ ਜਾਂ ਤਿੰਨ ਦਰਜਨ ਬੇ ਗੁਨਾਹ ਸਿੱਖਾਂ ਕਤਲ ਕਰ ਦਿੱਤੇ ਜਾਣ ਪਰ ਸਿੱਖਾਂ ਨੂੰ ਗੁਰੂ ਨੇ ਅਜਿਹੀ ਮਾੜੀ ਸਿਖਿਆ ਕਦੇ ਦਿੱਤੀ ਹੀ ਨਹੀਂ ਕਿ ਜਾਲਮ ਦਾ ਬਦਲਾ ਮਜਲੂਮ ਤੋਂ ਲਿਆ ਜਾਵੇ ਮੈਂ ਪਹਿਲਾਂ ਵੀ ਇੱਕ ਲੇਖ ਵਿਚ ਲਿਖਿਆ ਸੀ ਕਿ ਇੰਦਰਾ ਗਾਂਧੀ ਜਾਂ ਉਸਦੇ ਕਰਿੰਦੇ ਦੀ ਨਸਲ ਨੂੰ ਪਰਖਣ ਵਿਚ ਧੋਖਾ ਖਾ ਗਏ ਉਹਨਾਂ ਨੇ ਸੋਚਿਆ ਸ਼ਾਇਦ ਸਿੱਖ ਕੁੱਤੇ ਵਾਲੀ ਨਸਲ ਵਿਚੋਂ ਹੋਣਗੇ ਕਿਉਂਕਿ ਜੇ ਕੁੱਤੇ ਨੂੰ ਸੋਟਾ ਮਾਰੀਏ ਤਾਂ ਓਹ ਹਮੇਸ਼ਾਂ ਸੋਟੇ ਨੂੰ ਮੂੰਹ ਪਾਉਂਦਾ ਹੈ, ਲੇਕਿਨ ਸਿੱਖ ਤਾਂ ਸ਼ੇਰ ਦੀ ਨਸਲ ਵਿਚੋਂ ਹਨ ਸ਼ੇਰ ਤੇ ਜਦੋਂ ਕੋਈ ਵਾਰ ਕਰੇ ਤਾਂ ਓਹ ਹਥਆਿਰ ਨੂੰ ਕਦੇ ਨਹੀਂ ਪੈਂਦਾ ਸਗੋਂ ਵਾਰ ਕਰਨ ਵਾਲੇ ਦੇ ਸਿਰ ਨੂੰ ਪੈਂਦਾ ਸੋ ਇਹ ਕਦੇ ਸੁਪਨੇ ਵਿਚ ਵੀ ਨਹੀਂ ਕਿਆਸਿਆ ਜਾ ਸਕਦਾ ਸੀ, ਕਿ ਸਿੱਖ ਕੋਈ ਅਜਿਹਾ ਕਿਸੇ ਬੇਗੁਨਾਹ ਨੂੰ ਕਤਲ ਕਰਨ ਵਰਗਾ ਕੁਕਰਮ ਕਰਨ ਬਾਰੇ ਸੋਚਦੇ ਹੀ, ਕਰਨਾ ਤਾਂ ਬੜੀ ਦੁਰ ਦੀ ਗੱਲ ਸੀ।

ਸੋ ਇੰਦਰਾ ਗਾਂਧੀ ਨੇ ਅਜਿਹਾ ਕਰ ਕਰਨ ਦੀ ਜੋ ਸਕੀਮ ਘੜੀ ਸੀ ਉਸ ਵਿਚ ਜਗਦੀਸ਼ ਟਾਈਟਲਰ, ਸਜਣ ਕੁਮਾਰ, ਐਚ ਕੇ ਐਲ ਭਗਤ ਅਤੇ ਹੋਰ ਬਹੁਤ ਸਾਰੇ ਰਾਜ ਨੇਤਾ ਸ਼ਾਮਲ ਸਨ ਜਿਹਨਾ ਦੇ ਜਿੰਮੇ ਵੋਟਰ ਸੂਚੀਆਂ ਰਾਹੀਸਿੱਖਾਂ ਦੇ ਘਰਾਂ ਦੀ ਨਿਸ਼ਾਨਦੇਹੀ ਕਰਵਾਉਣ ਦੀ ਡਿਉਟੀ ਲੱਗੀ ਸੀ। ਦਰਬਾਰ ਸਾਹਿਬ ਦੇ ਫੌਜੀ ਹਮਲੇ ਤੇ ਸਿੱਖਾਂ ਨੇ ਕੋਈ ਕਮੀਨੀ ਹਰਕਤ ਨਾ ਕੀਤੀ ਪਰ ਦਾਅ ਲੱਗਦੀਆਂ ਹੀ ਸ਼ੇਰ ਵਾਂਗੂੰ ਫੌਜੀ ਹਮਲੇ ਦਾ ਹੁਕਮ ਦੇਣ ਵਾਲੀ ਇੰਦਰਾ ਗਾਂਧੀ ਦੇ ਸਿਰ ਟੇ ਸਿਧਾ ਵਾਰ ਕਰ ਦਿੱਤਾ, ਤਾਂ ਇੰਦਰਾ ਭਗਤਾਂ ਨੇ ਕਮੀਨਗੀ ਨੂੰ ਵੀ ਸ਼ਰ੍ਮਸ਼ਾਰ ਕਰਦਿਆਂ ਸਿੱਖਾਂ ਦੇ ਕਤਲੇਆਮ ਨੂੰ ਅੰਜਾਮ ਦੇ ਦਿੱਤਾ ਅੱਜ ਤੀਹ ਸਾਲ ਹੋ ਚੁੱਕੇ ਹਨ ਕਿਸੇ ਅਦਾਲਤ ਨੇ, ਕਿਸੇ ਪੜਤਾਲੀਆ ਏਜੰਸੀ ਨੇ, ਦੋਸ਼ੀਆਂ ਨੂੰ ਕਾਨੂੰਨੀ ਸਿਕੰਜੇ ਵਿਚ ਲਿਆਉਣ ਵਾਸਤੇ ਕੋਈ ਉਦਮ ਨਹੀਂ ਕੀਤਾ ਮੁਖ ਦੋਸ਼ੀ ਸਜਣ ਕੁਮਾਰ ਜਗਦੀਸ਼ ਟਾਈਟਲਰ, ਡੀ.ਸੀ.ਪੀ. ਤਿਆਗੀ ਵਰਗੇ ਕਨੂੰਨ ਨਾਲ ਲੁਕਣਮੀਟੀ ਖੇਡਦੇ ਆਰਾਮ ਦੀ ਜਿੰਦਗੀ ਬਸਰ ਕਰ ਰਹੇ ਹਨ। ਬੇਸ਼ੱਕ ਐਚ.ਕੇ.ਐਲ. ਭਗਤ ਅਖੀਰਲੇ ਦਿਨਾਂ ਵਿਚ ਇਸ ਬਜਰ ਪਾਪ ਦੀ ਮਾਰ ਕਰਕੇ ਦਿਮਾਗੀ ਸੰਤੁਲਨ ਗਵਾ ਬੈਠਾ ਅਤੇ ਆਪਣੀ ਹੀ ਗੰਦਗੀ ਖਾ ਖਾਕੇ ਨਰ੍ਕਵਾਸੀ ਹੋ ਚੁਕਾ ਹੈ ਲੇਕਿਨ ਜਿਹੜੇ ਇਥੇ ਫਿਰਦੇ ਹਨ ਉਹਨਾਂ ਦੀ ਗਰਦਨ ਏਨੀ ਮੋਟੀ ਹੈ ਕਿ ਕਿਸੇ ਸੀ,ਬੀ,ਆਈ ਜਾਂ ਅਦਾਲਤ ਦਾ ਹਥ ਹੀ ਨਹੀਂ ਪੈਂਦਾ।

ਸਿੱਖਾਂ ਨੂੰ ਹੁਣ ਤੱਕ ਕੁਝ ਸਿੱਖ ਸਿਆਸਤਦਾਨਾਂ ਨੇ ਇਹ ਆਖਕੇ ਬੁਧੂ ਬਣਾਈ ਰਖਿਆ ਕਿ ਸਿੱਖਾਂ ਦਾ ਕਤਲੇਆਮ ਜਾਂ ਨਸਲਕੁਸ਼ੀ ਕਰਨ ਵਾਲੇ ਕਾਂਗਰਸੀ ਸਨ ਤੇ ਕਾਂਗਰਸ ਦਾ ਰਾਜ ਹੈ ਕੋਈ ਕਾਰਵਾਈ ਨਹੀਂ ਹੋ ਸਕਦੀ ਪਰ ਹੁਣ ਰਾਜ ਫਿਰ ਬਦਲਿਆ ਹੈ। ਮਿਤਰਾਂ ਦੀ ਸਰਕਾਰ ਆਈ ਹੈ ਅੱਜ ਵੀ ਆਪਣੀ ਨੂੰਹ ਨੂੰ ਮੰਤਰੀ ਬਣਾਉਣ ਵੇਲੇ ਤਾਂ ਸਾਂਝ ਹੈ, ਪਰ ਬੇਗੁਨਾਹ ਸਿੱਖਾਂ ਦੇ ਕਾਤਲਾਂ ਨੂੰ ਇਨਸਾਫ਼ ਲੈਣ ਵਾਸਤੇ ਨਹੀਂ ਬੇਸ਼ੱਕ ਸਰਕਾਰ ਬਦਲੀ ਕਤਲ ਕਰਨ ਵਾਲੇ ਗੱਦੀ ਤੋਂ ਲਥ ਗਏ ਹਨ, ਪਰ ਸਾਡੇ ਕਤਲ ਕਰਵਾਉਣ ਵਾਲੇ ਅੱਜ ਗੱਦੀ ਤੇ ਬੈਠ ਗਏ ਹਨ ਸਿੱਖਾਂ ਨੂੰ ਨਿਆਂ ਜਾਂ ਇਨਸਾਫ਼ ਦੀ ਹੁਣ ਵੀ ਕੋਈ ਤਵਕੋੰ ਨਹੀਂ ਕਰਨੀ ਚਾਹੀਦੀ ਕਿਉਂਕਿ ਕਿ ਚਿਹਰੇ ਜਾਂ ਪਾਰਟੀਆਂ ਦੇ ਰਾਜ ਬਦਲ ਜਾਣ ਨਾਲ ਕਦੇ ਇਨਸਾਫ਼ ਨਹੀਂ ਮਿਲਦੇ ਜਿੰਨਾਂ ਚਿਰ ਨੀਤੀਆਂ ਵਿਚ ਬਦਲਾਓ ਨਾ ਹੋਵੇ।

ਅੱਜ ਤੀਹ ਸਾਲ ਹੋ ਚੁੱਕੇ ਹਨ ਗਵਾਹ ਅਤੇ ਪੀੜਤ ਬਹੁਤੇ ਤਾਂ ਰੱਬ ਨੂੰ ਪਿਆਰੇ ਹੋ ਚੁੱਕੇ ਹਨ ਮੁਜਰਿਮ ਵੀ ਇੱਕ ਦਿਨ ਤੁਰ ਜਾਣਗੇ ਪੈਰਵੀ ਕਰਨ ਵਾਲੇ ਹਿੰਮਤ ਨਹੀਂ ਹਾਰ ਰਹੇ ਭਾਵੇਂ ਹਰ ਮੋੜ ਤੇ ਅਸਫਲਤਾ ਤੇ ਹਕੂਮਤੀ ਕਰੋਪੀ ਡੇਗਣ ਦਾ ਯਤਨ ਕਰਦੀ ਹੈ ਪਰ ਫਿਰ ਵੀ ਕੁਝ ਸਿਰੜੀ ਸਿੱਖ ਲਗਾਤਾਰ ਇਨਸਾਫ਼ ਵਾਸਤੇ ਜੂਝ ਰਹੇ ਹਨ ਲੋਕ ਸਭਾ ਚੋਣ ਵਿਚ ਲੁਧਿਆਣਾ ਤੋਂ ਸਿੱਖਾਂ ਤੇ ਪੰਜਾਬੀਆਂ ਨੇ ਜਿਸ ਨੂੰ ਹੁਣੇ ਹਾਰ ਦਾ ਤੋਹਫ਼ਾ ਦੇਕੇ ਨਿਵਾਜਿਆ ਹੈ, ਸ ਹਰਵਿੰਦਰ ਸਿੰਘ ਫੁਲਕਾ 1984 ਤੋਂ ਨਿਰੰਤਰ ਇਨਸਾਫ਼ ਦੀ ਜੰਗ ਲੜ ਰਹੇ ਹਨ, ਸ ਸਿਮਰਨਜੀਤ ਸਿੰਘ ਮਾਨ ਭਾਵੇ ਥੋੜੇ ਹੀ ਸਹੀ ਪਰ ਆਪਣੇ ਵਰਕਰਾਂ ਨੂੰ ਨਾਲ ਲੈਕੇ ਦਿੱਲੀ ਦੇ ਕਤਲੇਆਮ ਦੇ ਵਿਰੋਧ ਵਿਚ ਆਪਣੀ ਹਾਜਰੀ ਲਗਵਾਉਂਦੇ ਹਨ, ਹੋਰ ਵੀ ਕੁਝ ਜਥੇਬੰਦੀਆਂ ਥੋੜਾ ਬਹੁਤ ਉਦਮ ਕਰਦਿਆਂ ਰਹਿੰਦੀਆਂ ਹਨ।

ਲੇਕਨਿ ਸਿੱਖ ਵਿਦਿਆਰਥੀ ਜਥੇਬੰਦੀ ਦੇ ਇੱਕ ਧੜੇ ਵੱਲੋਂ ਸ. ਕਰਨੈਲ ਸਿੰਘ ਪੀਰ ਮਹੁੰਮਦ ਦੀ ਅਗਵਾਈ ਵਿਚ ਇਸ ਕਤਲੇਆਮ ਦਾ ਇਨਸਾਫ਼ ਲੈਣ ਵਾਸਤੇ ਕਾਫੀ ਉਦਮ ਕੀਤਾ ਗਿਆ ਹੈ ਹੁਣ ਵਿਦੇਸ਼ੀ ਧਰਤੀ ਤੇ ਬੈਠੇ ਸੁਚੇਤ ਸਿੱਖਾਂ, ਵਿਸ਼ੇਸ਼ ਕਰਕੇ ਸ. ਗੁਰਪਤਵੰਤ ਸਿੰਘ ਪੰਨੂੰ ਨੇ ਸਿੱਖਜ ਫਾਰ ਜਸਟਿਸ ਜਥੇਬੰਦੀ ਬਣਾਕੇ ਵਖਰੇ ਰੂਪ ਵਿਚ ਕਾਰਵਾਈ ਆਰੰਭ ਕੀਤੀ ਹੈ। ਉਹਨਾਂ ਵੱਲੋਂ ਹੋਰ ਸਮਕਾਲੀ ਜਥੇਬੰਦੀਆਂ ਨੂੰ ਨਾਲ ਲੈਕੇ ਭਾਜਪਾ ਆਗੂ ਨਰਿੰਦਰ ਮੋਦੀ ਦਾ ਅਮਰੀਕਾ ਵੀਜਾ ਰੱਦ ਕਰਵਾਉਣ ਤੋਂ ਲੈਕੇ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਅਕਾਲੀ ਪ੍ਰਮੁਖ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਸਮੇਤ ਹੁਣ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਲਾਫ਼ ਅਮਰੀਕੀ ਅਦਾਲਤਾਂ ਤੋਂ ਸੰਮਨ ਜਾਰੀ ਕਰਵਾਕੇ ਉਹਨਾਂ ਦੀਆਂ ਗਲਤ ਨੀਤੀਆਂ ਨੂੰ ਦੁਨੀਆ ਦੇ ਸਾਹਮਣੇ ਨੰਗੇ ਕਰ ਦਿਤਾ ਹੈ ਜਿਸ ਨਾਲ ਨਾਲ ਓਹ ਲੋਕ ਅੰਤਰ ਰਾਸ਼ਟਰੀ ਮੀਡੀਏ ਵਿਚ ਜਵਾਬ ਦੇਹ ਬਣ ਗਏ ਹਨ।

ਅੱਜ ਸਰਕਾਰ, ਹਾਕਮ ਪਾਰਟੀ ਅਤੇ ਇੱਕ ਦੇਸ਼ ਦੀ ਬਹੁਗਣਿਤੀ ਵੱਲੋਂ ਆਪਣੇ ਦੇਸ਼ ਦੀ ਇੱਕ ਘੱਟ ਗਣਿਤੀ ਦੇ ਕੀਤੇ ਕਤਲੇਆਮ ਦਾ ਤੀਹ ਸਾਲ ਤੱਕ ਇਨਸਾਫ਼ ਨਾ ਮਿਲਣ ਤੇ ਪਹਲੀ ਨਵੰਬਰ ਨੂੰ ਰੋਸ ਵਜੋਂ ਪੰਜਾਬ ਬੰਦ ਕਰਨ ਦਾ ਸੱਦਾ ਸਿੱਖਜ਼ ਫਾਰ ਜਸਟਿਸ ਅਤੇ ਫੈਡਰੇਸ਼ਨ ਪੀਰ ਮੁਹੰਮਦ ਨੇ ਦਿੱਤਾ ਹੈ, ਹੋ ਸਕਦਾ ਹੈ ਕਿਸੇ ਨੂੰ ਪੀਰ ਮੁਹੰਮਦ ਜਾਂ ਇਹਨਾਂ ਵਿਚੋਂ ਕਿਸੇ ਹੋਰ ਆਗੂ ਨਾਲ ਕੋਈ ਗਿਲਾ, ਨਰਾਜਗੀ ਜਾਂ ਈਰਖਾ ਹੋਵੇ ਜਾਂ ਫਿਰ ਨਾਮ ਤੋਂ ਹੀ ਚਿੜ ਹੋਵੇ, ਸਿਰਫ ਇਹ ਕਹਕੇ ਇਸਨੂੰ ਅਣਗੌਲਆਿਂ ਕਰ ਦੇਵੇ ਕਿ ਇਹ ਤਾਂ ਸਖਿਜ਼ ਫਾਰ ਕਿ ਕਾਜ਼ ਨੂੰ ਮੁਖ ਰਖਕੇ ਕੌਮੀ ਹਿੱਤਾਂ ਟੇ ਜਜਬਾਤਾਂ ਦੀ ਤਰਜਮਾਨੀ ਕਰਦਿਆਂ ਬੇਗੁਨਾਹਾਂ ਦੇ ਕਾਤਲਾਂ ਨੂੰ ਕਨੂੰਨੀ ਸਕਿੰਜੇ ਵਿਚ ਲਿਆਉਣ, ਪੀਡ਼ਤਾਂ ਨੂੰ ਇਨਸਾਫ਼ ਦਿਵਾਉਣ ਅਤੇ ਹਕੂਮਤ ਦੀਆਂ ਘੱਟ ਗਿਣਤੀ ਵਿਰੋਧੀ ਕਰਤੂਤਾਂ ਅਤੇ ਜਾਨ ਬੁਝਕੇ ਨਿਆਂ ਵਿਚ ਦੇਰੀ ਕਰਨ ਦੀਆਂ ਸਾਜਸ਼ਾਂ ਨੂੰ ਨੰਗਾ ਕਰਨ ਵਾਸਤੇ ਇੱਕ ਜੁੱਟ ਹੋਕੇ ਪੰਥਕ ਪਾਰਟੀਆਂ ਨਹੀਂ, ਸਗੋਂ ਗੁਰੂ ਪੰਥ ਬਣਕੇ ਇੱਕ ਦੂਜੇ ਤੋਂ ਮੋਹਰੀ ਹੋਕੇ ਮੁਕ੍ਮਲ ਪੰਜਾਬ ਬੰਦ ਕਰਕੇ ਬੇਗੁਨਾਹ ਅਤੇ ਅਨਿਆਈ ਮੌਤੇ ਮਾਰੇ ਗਏ ਆਪਣੇ ਭੈਣ ਭਰਾਵਾਂ ਨੂੰ ਸ਼ਰਧਾਂਜਲੀ ਦੇਈਏ ਅਤੇ ਸਰਕਾਰੀ ਸਾਜਸ਼ਾਂ ਦਾ ਪਰਦਾ ਫਾਸ਼ ਕਰੀਏ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top