Share on Facebook

Main News Page

ਗੋਲਡ ਮੈਡਲ ਜੇਤੂ ਭਾਈ ਗੁਰਮੁੱਖ ਸਿੰਘ
-: ਗੁਰਦੇਵ ਸਿੰਘ ਸੱਧੇਵਾਲੀਆ

(ਅਦਾਰਾ ਖ਼ਬਰਦਾਰ): ਜਿਉਂ ਜਿਉਂ ਬੰਦੇ ਦੀ ਉਮਰ ਵਧਦੀ ਹੈ, ਉਸ ਦੀ ਪਕੜ ਅਤੇ ਤਮਾ ਵੀ ਵਧਦੀ ਜਾਂਦੀ ਹੈ। ਪਦਾਰਥ ਦੀ ਕੋਈ ਸੀਮਾ ਨਹੀਂ। ਜਿਹੜਾ ਪਾਉਂਣ ਲਈ ਅੱਜ ਮੈਂ ਤਰਲੋਮੱਛੀ ਹੋ ਰਿਹਾ ਹੁੰਦਾ ਉਹ ਕੱਲ ਤੱਕ ਥੋੜਾ ਜਾਪਣ ਲੱਗਦਾ ਤਾਂ ਬੰਦਾ ਫਿਰ ਹੋਰ ਬਾਰੇ ਸੋਚਣ ਲੱਗਦਾ। ਇਸ ਭੱਜ ਦੌੜ ਵਿਚ ਜੀਵਨ ਦੀ ਸ਼ਾਮ ਪੈ ਜਾਂਦੀ, ਹਨੇਰਾ ਹੋਣ ਲੱਗਦਾ ਪਰ ਬੰਦਾ ਹਾਲੇ ਵੀ ਦੌੜ ਰਿਹਾ ਹੁੰਦਾ।

ਦੌੜਨਾ ਮਨੁੱਖੀ ਫਿਤਰਤ ਹੈ। ਇਹ ਅੰਤ ਤੱਕ ਖੜੋ ਨਹੀਂ ਸਕਦਾ, ਖੜੋਤ ਇਸ ਦੇ ਜੀਵਨ ਵਿਚ ਹੈ ਹੀ ਨਹੀਂ। ਗੋਡੇ ਨਾ ਵੀ ਤੁਰਨ ਇਹ ਬੈਠਾ ਹੀ ਦੌੜੀ ਜਾਂਦਾ ਹੈ। ਪਰ ਕਈ ਮਨੁੱਖ ਅਜਿਹੇ ਹੁੰਦੇ ਜੋ ਇਸ ਦੌੜ ਨੂੰ ਸਹੀ ਦਿਸ਼ਾ ਦੇ ਲੈਂਦੇ। ਉਹ ਦੌੜਨ ਨੂੰ ਕਿਸੇ ਅਜਿਹੀ ਦਿਸ਼ਾ ਵਲ ਮੋੜਦੇ ਹਨ ਕਿ ਬਾਕੀ ਲੋਕਾਂ ਲਈ ਮਿਸਾਲ ਬਣ ਜਾਂਦੇ ਹਨ।

ਅਜਿਹੀ ਹੀ ਕਹਾਣੀ ਭਾਈ ਗੁਰਮੁੱਖ ਸਿੰਘ ਦੀ ਹੈ ਜਿਸ ਨੇ ਧਨ ਕਮਾਉਣ ਅਤੇ ਕੰਮ ਕਰਨ ਦੀ ਕਸਰ ਨਹੀਂ ਛੱਡੀ, ਪਰ ਉਸ ਨੇ ਹੁਣ ਅਪਣੀ ਇਸ ਦੌੜ ਨੂੰ ਗੋਲਡ ਮੈਡਲ ਇਕੱਠੇ ਕਰਨ ਵਲ ਮੋੜ ਲਿਆ ਹੈ ਅਤੇ ਉਹ ਸਿਟੀ ਅਤੇ ਉਨਟੇਰੀਓ ਲੈਵਲ ਤੇ ਤੈਰਾਕੀ ਵਿਚ ਕਈ ਗੋਲਡ ਮੈਡਲ ਇਕੱਠੇ ਕਰ ਚੁੱਕਾ ਹੈ। ਹੁਣ ਉਸ ਦਾ ਠਾਠਾਂ ਮਾਰਦਾ ਉਤਸ਼ਾਹ ਕਨੇਡਾ ਲੈਵਲ ਤੇ ਖੇਡਣ ਦਾ ਹੈ ਅਤੇ ਉਸ ਨੂੰ ਨਿਸ਼ਚਾ ਹੈ ਉਹ ਉਥੇ ਵੀ ਗੋਲਡ ਮੈਡਲ ਹੀ ਲੈ ਕੇ ਜਿਤੇਗਾ।

ਜਿਹੜੇ ਭਰਾ ਚਿਰਾਂ ਦੇ ਟਰੱਕ ਚਲਾਉਂਦੇ ਹਨ ਉਨ੍ਹਾਂ ਵਿਚੋਂ ਕੋਈ ਅਜਿਹਾ ਬੰਦਾ ਨਹੀਂ ਹੋਵੇਗਾ ਜਿਸ ਦਾ ਵਾਹ ਪੀ.ਜੀ.ਐਲ, ਵਾਲੇ ਗੁਰਮੁੱਖ ਸਿੰਘ ਨਾਲ ਨਹੀਂ ਪਿਆ ਹੋਣਾ। ਹਜਾਰਾਂ ਟਰੱਕਾਂ ਨੂੰ ਅਪਣੇ ਹੱਥਾਂ ਵਿਚੋਂ ਕੱਢ ਚੁੱਕਾ ਅਤੇ ਕੋਈ ਡੇਢ ਦੋ ਸੌ ਬੰਦਾ ਮਕੈਨਿਕ ਬਣਾ ਚੁੱਕਾ ਗੁਰਮੁੱਖ ਸਿੰਘ ਹੁਣ 60ਵਿਆਂ ਦੇ ਨੇੜੇ ਹੈ ਪਰ ਉਹ ਹਾਲੇ ਵੀ ਬਹੁਤੀ ਵਾਰ ਅਪਣੇ ਗਰਾਜ ਤੋਂ ਦੌੜ ਕੇ ਘਰ ਜਾਂਦਾ ਹੈ ਜਿਹੜਾ ਕੋਈ 14 ਕਿਲੋ ਮੀਟਰ ਬਣਦਾ ਹੈ।

ਗੁਰਮੁਖ ਸਿੰਘ ਦੀ ਕਹਾਣੀ ਇਸ ਕਰਕੇ ਖ਼ਬਰਦਾਰ ਦੇ ਪੰਨਿਆਂ ਦੀ ਕਹਾਣੀ ਨਹੀਂ ਕਿ ਉਸ ਦਾ ਟਰੱਕ ਗਰਾਜ ਹੈ, ਜਾਂ ਬਹੁਤ ਪੁਰਾਣਾ ਗਰਾਜ ਹੈ, ਜਾਂ ਉਸ ਨੇ ਸੈਂਕੜੇ ਮਕੈਨਿਕ ਬਣਾਏ ਤੇ ਕੋਈ 15-20 ਗਰਾਜ ਉਸ ਕੋਲੋਂ ਸਿੱਖ ਕੇ ਖੁੱਲ੍ਹੇ। ਦਰਅਸਲ ਉਸ ਦੀ ਕਹਾਣੀ ਦੇ ਥਾਂ ਲੈਣ ਦਾ ਕਾਰਨ ਹੈ ਉਸ ਦੀ ਜੀਵਨ ਸ਼ੈਲੀ। ਉਸ ਦਾ ਇਸ ਉਮਰੇ ਖੇਡਾਂ ਪ੍ਰਤੀ ਉਤਸ਼ਾਹ, ਦ੍ਰਿੜਤਾ ਅਤੇ ਉਸ ਦ੍ਰਿੜਤਾ ਵਿਚੋਂ ਲਏ ਹੋਏ ਗੋਲਡ ਮੈਡਲ। ਯਾਦ ਰਹੇ ਕਿ ਉਨਟੇਰੀਓ ਵਿਚ ਹਰੇਕ ਦੋ ਸਾਲ ਬਾਅਦ ਤੈਰਾਕੀ ਅਤੇ ਹੋਰ ਖੇਡਾਂ ਹੁੰਦੀਆਂ ਹਨ ਜਿੰਨਾ ਵਿਚ ਹਰੇਕ ਉਮਰ ਦੇ ਲੈਵਲ ਤੇ ਮੁਕਾਬਲੇ ਹੁੰਦੇ ਹਨ। ਗੁਰਮੁੱਖ ਸਿੰਘ 55 ਤੋਂ 65 ਸਾਲਾ ਦੀ ਉਮਰ ਦੇ ਮੁਕਾਬਲੇ ਵਿਚ ਦੋ ਗੋਲਡ ਮੈਡਲ ਉਨਟੇਰੀਓ ਲੈਵਲ ਤੇ ਅਤੇ ਕਈ ਗੋਲਡ ਮੈਡਲ ਸਿੱਟੀ ਲੈਵਲ ਤੇ ਲੈ ਚੁੱਕਾ ਹੈ। ਜਿਵੇਂ ਬ੍ਰੈਪਟਨ ਅਤੇ ਮਿਸੀਸਾਗਾ ਆਦਿ। ਜਿਉਂ ਉਸ ਨੇ ਖੇਡਣਾ ਸ਼ੁਰੂ ਕੀਤਾ ਹੈ ਪਹਿਲੇ ਇੱਕ ਦੋ ਵਾਰੀ ਨੂੰ ਛੱਡ ਕੇ ਜਿਸ ਵਿਚ ਉਸ ਨੇ ਸਿਲਵਰ ਅਤੇ ਤਾਂਬੇ ਦੇ ਮੈਡਲ ਲਏ ਸਨ, ਕਦੇ ਉਹ ਗੋਲਡ ਮੈਡਲ ਤੋਂ ਹੇਠਾਂ ਨਹੀਂ ਆਇਆ।

16 ਘੰਟੇ ਗਰਾਜ ਵਿਚ ਕੰਮ ਕਰਨ ਵਾਲਾ ਬੰਦਾ ਛੋਲੇ ਚੱਬ ਚੱਬ ਕੇ ਗੋਲਡ ਮੈਡਲ ਗਲ ਪਵਾ ਲਿਆਉਂਦਾ, ਇਹ ਕੋਈ ਆਮ ਗੱਲ ਤਾਂ ਹੈ ਨਹੀਂ। 1995 ਕੁ ਦੇ ਗੇੜ ਉਸ ਪੀ.ਜੀ.ਐਲ ਖੋਹਲਿਆ ਸੀ ਤੇ ਜਦ ਉਸ ਨੂੰ ਦੇਖੀਦਾ ਉਹ ਡਾਂਗਰੀ ਪਾਈ ਗਰਾਜ ਤੇ ਹੀ ਹੁੰਦਾ ਸੀ। ਰਾਤ ਨੂੰ ਚਲੇ ਜਾਓ ਚਾਹੇ ਦਿਨੇ। ਹੁਣ ਵੀ ਉਹ ਰਾਤ ਦੋ ਵੱਜੇ ਤੱਕ ਕੰਮ ਕਰਦਾ। ਪਰ ਜਦ ਉਸ ਨੂੰ ਮੈਂ ਪੁੱਛਿਆ ਕਿ ਇਨਾ ਕੰਮ ਹਾਲੇ ਵੀ? ਕੋਈ ਅੰਤ? ਪੈਸਾ ਤਾਂ ਬਥੇਰਾ ਹੈ! ਉਹ ਕਹਿੰਦਾ ਮੈਂ ਪੈਸੇ ਲਈ ਤਾਂ ਕਰਦਾ ਹੀ ਨਹੀਂ। ਮੇਰੀਆਂ ਲੋੜਾਂ ਹੀ ਨਹੀਂ। ਹੁਣ ਮੈਂ ਕੰਮ ਕਰਨ ਲਈ ਕੰਮ ਕਰਦਾ ਹਾਂ। ਪੈਸੇ ਦੀ ਮੈਨੂੰ ਕੋਈ ਪ੍ਰਵਾਹ ਨਹੀਂ ਪਰ ਹੁਣ ਮੈਂ ਕਰਾਂ ਕੀ?

ਉਸ ਦੀਆਂ ਲੋੜਾਂ? ਉਹ ਕਈ ਵਾਰ ਪੰਜ ਪੰਜ ਦਿਨ ਤੇ ਕਈ ਦਫਾ ਮਹੀਨਾ ਭਰ ਰੋਟੀ ਹੀ ਨਹੀਂ ਖਾਂਦਾ! ਕੇਵਲ ਉਬਲੇ ਛੋਲੇ, ਬਦਾਮ, ਮੂਂਗਫਲੀ ਜਾਂ ਸੋਇਆ ਦੇ ਦਾਣੇ ਤੇ ਦੁੱਧ ਵੀ ਉਹ ਸੋਇਆ ਦਾ ਪੀਂਦਾ।

ਪਰ ਜਦ ਉਸ ਨੂੰ ਪੁੱਛਿਆ ਕਿ ਡਾਕਟਰ ਕਦੋਂ ਦਾ ਦੇਖਿਆ? ਉਹ ਕਹਿੰਦਾ ਕੌਣ ਡਾਕਟਰ? ਕੋਈ ਚੇਤਾ ਨਹੀਂ। ਕਦੇ ਗਿਆ ਹੀ ਨਹੀਂ! ਚਾਹ ਉਸ ਕਦੇ ਪੀਤੀ ਨਹੀਂ। ਕੌਫੀ ਕਿਤੇ ਦਿਹਾੜੀ ਵਿਚ ਇੱਕ ਵਾਰੀ। ਵੈਜੀਟੇਰੀਅਨ ਹੋਣ ਕਰਕੇ ਉਹ ਮੀਟ-ਮੱਛੀ ਵੀ ਨਹੀਂ ਖਾਂਦਾ! ਉਸ ਦਾ ਇੱਕੋ ਸਵਾਦ ਰਹਿ ਗਿਆ ਉਹ ਹੈ ਖੇਡ ਯਾਨੀ ਤੈਰਨਾ। ਉਸ ਦੀ ਇਸ ਉਮਰੇ ਖੇਡ ਮਿਸਾਲ ਹੈ ਕਿ ਬੰਦਾ ਨਿਸ਼ਚਾ ਕਰ ਲਏ ਉਹ ਕੁਝ ਵੀ ਕਰ ਸਕਦਾ।

ਮੈਂ ਉਸ ਨੂੰ ਪੁੱਛਿਆ ਕਿ ਗੁਰਮੁੱਖ ਸਿੰਘ ਤੂੰ ਸਿੱਖੀ ਸਰੂਪ ਵਿਚ ਹੈਂ ਕਦੇ ਤੈਰਨ ਵੇਲੇ ਕੋਈ ਮੁਸ਼ਕਲ?

ਕੋਈ ਮੁਸ਼ਕਲ ਨਹੀਂ। ਸਿਰ ਉਪਰ ਛੋਟੀ ਕੇਸਕੀ ਬੰਨ ਕੇ ਮਾਰ ਛਾਲਾਂ ਜਾਈਦੀਆਂ। ਗੋਰੇ ਹੱਸਦੇ ਸਿੰਘ ਤੂੰ ਜਿਆਦਾ ਨਾ ਨਹਾਇਆ ਕਰ ਤੇਰੀ ਦਾਹੜੀ ਦਾ ਚਿੱਟਾ ਰੰਗ ਲਹਿ ਜਾਣਾ। ਕਿਉਂਕਿ ਉਸ ਨੂੰ ਉਹ ਜਵਾਨ ਸਮਝਦੇ ਕਾਲੀ ਦਾਹੜੀ ਵਾਲਾ!

ਮੈਂ ਕਈ ਸਾਲਾਂ ਬਾਅਦ ਉਸ ਨੂੰ ਮਿਲਿਆ। ਮੈਨੂੰ ਜਾਪਦਾ ਸੀ ਗੁਰਮੁੱਖ ਸਿੰਘ ਬੁੱਢਾ ਜਿਹਾ ਹੋ ਗਿਆ ਹੋਵੇਗਾ। ਪਰ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦ ਉਹ ਪਹਿਲਾਂ ਨਾਲੋਂ ਵੀ ਫੁਰਤੀਲਾ ਅਤੇ ਜਵਾਨ ਜਾਪ ਰਿਹਾ ਸੀ। ਉਸ ਕੋਲੇ ਸ਼ਹਿਰ ਵਿਚ ਮਹਿੰਗੀਆਂ ਪ੍ਰਪਾਟੀਆਂ ਹਨ, ਪੈਸਾ ਹੈ, ਕਾਰੋਬਾਰ ਹੈ ਪਰ ਉਸ ਕਦੇ ਕਿਸੇ ਸਿਆਸਤ ਵਿਚ ਹਿੱਸਾ ਨਹੀਂ ਲਿਆ। ਨਾ ਬਾਹਰ ਦੀ ਨਾ ਗੁਰਦੁਆਰੇ ਦੀ।

ਇਸ ਉਮਰੇ ਖੇਡਾਂ ਵਿਚ ਕੁੱਦਣ ਨਾਲ ਕੋਈ ਘਰੇਲੂ ਮੁਸ਼ਕਲ?

ਕੋਈ ਵੀ ਨਾ! ਘਰ ਵਾਲੇ ਮੇਰੇ ਕੰਮਾਂ ਵਿਚ ਕੋਈ ਦਖਲ ਨਹੀਂ ਦਿੰਦੇ। ਉਹ ਖੁਸ਼ ਨੇ ਕਿ ਮੈਂ ਜਿੱਤ ਕੇ ਆਉਂਦਾ! ਕਈ ਵਾਰ ਨਿਆਣੇ ਨਾਲ ਜਾਂਦੇ ਕਿ ਬਾਪੂ ਨੂੰ ਛਾਲਾਂ ਮਾਰਦੇ ਦੇਖਣਾ।

ਆਲਾ ਦੁਆਲਾ?

ਮੇਰਾ ਆਲਾ ਦੁਆਲਾ ਮੇਰੇ ਨਾਲ ਕੰਮ ਕਰਨ ਵਾਲੇ ਮਕੈਨਿਕ ਨੇ, ਇਹੀ ਮੇਰੀ ਦੁਨੀਆਂ। ਜਦ ਮੈਂ ਮੈਡਲ ਲੈ ਕੇ ਆਉਂਨਾ ਮੇਰੇ ਜਿੰਨੀ ਖੁਸ਼ੀ ਹੀ ਉਨ੍ਹਾਂ ਨੂੰ ਹੁੰਦੀ। ਗੁਰਮੁੱਖ ਸਿੰਘ ਹੱਸਦਾ ਹੈ। ਉਹ ਮੇਰਾ ਮੈਡਲ ਦੇਖ ਦੇਖ ਕਾਲਾ ਕਰ ਦਿੰਦੇ। ਕਿਉਂਕਿ ਮੈਂ ਮੈਡਲ ਘਰ ਨਹੀਂ ਗਰਾਜ ਵਿਚ ਟੰਗ ਕੇ ਰੱਖਦਾਂ!

ਭਾਈ ਗੁਰਮੁੱਖ ਸਿੰਘ ਦੀ ਕਹਾਣੀ ਆਮ ਮਨੁੱਖ ਲਈ ਪ੍ਰਰੇਨਾ ਸਰੋਤ ਹੈ ਕਿ ਤੁਸੀਂ ਅਪਣਾ ਕੰਮ ਧੰਦਾ ਕਰਦੇ ਵੀ ਕਿਸੇ ਵੀ ਉਮਰ ਵਿਚ ਦ੍ਰਿੜ ਇਰਾਦੇ ਨਾਲ ਕਿਤੇ ਵੀ ਪਹੁੰਚ ਸਕਦੇ ਹੋ। ਚੰਗੀ ਅਤੇ ਸਾਫ ਸੁਥਰੀ ਜੀਵਨ ਸ਼ੈਲੀ ਮਨੁੱਖ ਨੂੰ ਅੰਦਰੋਂ ਉਤਸ਼ਾਹ ਅਤੇ ਉਮਾਹ ਵਿਚ ਰੱਖਦੀ ਹੈ ਅਤੇ ਉਹ ਆਖਰੀ ਉਮਰ ਤੱਕ ਵੀ ਦੌੜਾ ਫਿਰਦਾ ਮੱਲਾਂ ਮਾਰਦਾ ਰਹਿੰਦਾ ਹੈ। ਅੱਜ ਗੁਰਮੁੱਖ ਸਿੰਘ ਇਸ ਕਰਕੇ ਖੁਸ਼ ਨਹੀਂ ਕਿ ਉਸ ਪੈਸਾ ਬਹੁਤ ਬਣਾ ਲਿਆ ਬਲਕਿ ਉਸ ਦੀ ਖੁਸ਼ੀ ਉਸ ਦਾ ਖੇਡਾਂ ਵਿਚ ਕੁੱਦਣਾ ਅਤੇ ਗੋਲਡ ਮੈਡਲ ਲੈਣੇ ਹਨ। ਮਸ਼ਹੂਰ ਜਾਂ ਧਨਵਾਨ ਹੋਣ ਲਈ ਜਰੂਰੀ ਨਹੀਂ ਕਿ ਗਲਤ ਰਸਤੇ ਹੀ ਅਖਤਿਆਰ ਕੀਤੇ ਜਾਣ, ਬਲਕਿ ਇਹ ਦੋਵੇਂ ਚੀਜਾਂ ਤੁਸੀਂ ਚੰਗੇ ਬਣ ਕੇ ਵੀ ਕਰ ਸਕਦੇ ਹੋ। ਨਹੀਂ ਕਰ ਸਕਦੇ?


ਟਿੱਪਣੀ: ਸਲਾਮ ਹੈ ਇਹੋ ਜਿਹੇ ਗੁਰਸਿੱਖਾਂ ਨੂੰ, ਜਿਹੜੇ ਆਪਣੀ ਕਿਰਤ ਇਮਾਨਦਾਰੀ ਨਾਲ ਕਰਦੇ ਹਨ ਅਤੇ ਸਮਾਜ ਲਈ ਸੇਧ ਬਣਦੇ ਹਨ। ... ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top