ਸਲੋਕੁ ਮਃ ੧ ॥ ਨਾਨਕ ਫਿਕੈ
ਬੋਲਿਐ ਤਨੁ ਮਨੁ ਫਿਕਾ ਹੋਇ ॥ ਫਿਕੋ ਫਿਕਾ ਸਦੀਐ ਫਿਕੇ
ਫਿਕੀ ਸੋਇ ॥
ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ ॥
ਫਿਕਾ ਮੂਰਖੁ ਆਖੀਐ ਪਾਣਾ
ਲਹੈ ਸਜਾਇ ॥੧॥ {ਪੰਨਾ 473}
ਪਦਅਰਥ:-
ਫਿਕੈ ਬੋਲਿਐ-ਜੇ ਫਿੱਕੇ ਬਚਨ ਬੋਲੀਏ । ਫਿਕੋ-ਫਿੱਕਾ
ਹੀ । ਫਿਕੋ ਫਿਕਾ ਸਦੀਐ-ਰੁੱਖੇ ਬਚਨ ਬੋਲਣ ਵਾਲੇ ਮਨੁੱਖ
ਨੂੰ ਰੁੱਖਾ ਹੀ ਆਖਿਆ ਜਾਂਦਾ ਹੈ; ਭਾਵ, ਜੋ ਮਨੁੱਖ ਰੁੱਖੇ ਬਚਨ ਬੋਲੇ, ਉਸ ਦੀ ਬਾਬਤ ਇਹ ਆਖੀਦਾ
ਹੈ ਕਿ ਉਹ ਰੁੱਖਾ ਹੈ । ਫਿਕੇ-ਰੁੱਖਾ ਬੋਲਣ ਵਾਲੇ ਮਨੁੱਖ
ਦੀ । ਸੋਇ -ਸੋਭਾ, ਲੋਕਾਂ ਦੀ ਰਾਇ ।
ਪਾਣਾ-ਜੁੱਤੀਆਂ ।1।
ਅਰਥ:- ਹੇ ਨਾਨਕ! ਜੇ ਮਨੁੱਖ ਰੁੱਖੇ ਬਚਨ ਬੋਲਦਾ ਰਹੇ,
ਤਾਂ ਉਸ ਦਾ ਤਨ ਅਤੇ ਮਨ ਦੋਵੇਂ ਰੁੱਖੇ ਹੋ ਜਾਂਦੇ ਹਨ (ਭਾਵ, ਮਨੁੱਖ ਦੇ ਅੰਦਰੋਂ ਪ੍ਰੇਮ ਉੱਡ
ਜਾਂਦਾ ਹੈ) । ਰੁੱਖਾ ਬੋਲਣ ਵਾਲਾ ਲੋਕਾਂ ਵਿਚ ਰੁੱਖਾ ਹੀ ਮਸ਼ਹੂਰ ਹੋ ਜਾਂਦਾ ਹੈ ਅਤੇ ਲੋਕ ਭੀ
ਉਸ ਨੂੰ ਰੁੱਖੇ ਬਚਨਾਂ ਨਾਲ ਹੀ ਯਾਦ ਕਰਦੇ ਹਨ । ਰੁੱਖਾ (ਭਾਵ, ਪ੍ਰੇਮ ਤੋਂ ਸੱਖਣਾ) ਮਨੁੱਖ (ਪ੍ਰਭੂ
ਦੀ) ਦਰਗਾਹ ਤੋਂ ਰੱਦਿਆ ਜਾਂਦਾ ਹੈ ਅਤੇ ਉਸ ਦੇ ਮੂੰਹ ਉੱਤੇ ਥੁੱਕਾਂ ਪੈਂਦੀਆਂ ਹਨ (ਭਾਵ,
ਫਿਟਕਾਰਾਂ ਪੈਂਦੀਆਂ ਹਨ । (ਪ੍ਰੇਮ-ਹੀਣ)
ਰੁੱਖੇ ਮਨੁੱਖ ਨੂੰ ਮੂਰਖ ਆਖਣਾ ਚਾਹੀਦਾ ਹੈ, ਪ੍ਰੇਮ ਤੋਂ ਸੱਖਣੇ ਨੂੰ ਜੁੱਤੀਆਂ ਦੀ ਮਾਰ ਪੈਂਦੀ
ਹੈ (ਭਾਵ, ਹਰ ਥਾਂ ਉਸ ਦੀ ਸਦਾ ਬੜੀ ਬੇਇੱਜ਼ਤੀ ਹੁੰਦੀ ਹੈ) ।1।