Share on Facebook

Main News Page

ਨਵਾਬ ਕਪੂਰ ਸਿੰਘ ਅਤੇ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਯਾਦ ਕਰਦਿਆਂ
-: ਦਿਲਜੀਤ ਸਿੰਘ

ਨਵਾਬ ਕਪੂਰ ਸਿੰਘ ਅਤੇ ਸ. ਜੱਸਾ ਸਿੰਘ ਆਹਲੂਵਾਲੀਆ ਦਾ ਨਾਂ ਸਿੱਖ ਇਤਿਹਾਸ ਅੰਦਰ ਵਿਸ਼ੇਸ਼ ਸਥਾਨ ਰੱਖਦਾ ਹੈ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਤੀਸਰੇ ਮੁਖੀ ਨਵਾਬ ਕਪੂਰ ਸਿੰਘ ਦੇ ਇਸ ਜਹਾਨ ਤੋਂ ਕੂਚ ਕਰ ਜਾਣ ਉਪਰੰਤ ਸਮੁੱਚੇ ਪੰਥ ਵੱਲੋਂ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਪੰਥ ਦਾ ਜੱਥੇਦਾਰ ਪ੍ਰਵਾਨਿਆ ਗਿਆ। ਇਨ੍ਹਾਂ ਦੋਹਾਂ ਯੋਧਿਆਂ ਦੀ ਯਾਦ ਵਿੱਚ 20 ਅਕਤੂਬਰ ਨੂੰ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ, ਅੰਮ੍ਰਿਤਸਰ ਵਿਖੇ ਸਲਾਨਾ ਸਮਾਗਮ ਕਰਵਾਇਆ ਜਾ ਰਿਹਾ ਹੈ।

ਨਵਾਬ ਕਪੂਰ ਸਿੰਘ

ਨਵਾਬ ਕਪੂਰ ਸਿੰਘ ਪੰਥ ਦੀ ਮਹਾਨ ਸ਼ਖ਼ਸੀਅਤ ਸਨ। ਆਪ ਅਠਾਰਵੀਂ ਸਦੀ ਦੇ ਉਨ੍ਹਾਂ ਸਿੱਖ ਸਰਦਾਰਾਂ ਵਿੱਚੋਂ ਸਨ, ਜਿਨ੍ਹਾਂ ਦਾ ਨਾਂ ਸਿੱਖ ਤਵਾਰੀਖ ਵਿੱਚ ਸੁਨਹਿਰੀ ਅੱਖਰਾਂ ਵਿੱਚ ਚਮਕਦਾ ਹੈ। ਆਪ 1697 ਵਿੱਚ ਪੈਦਾ ਹੋਏ। ਸਿੱਖੀ ਸਿਦਕ ਅਤੇ ਗੁਰੂ ਘਰ ਦੀ ਸੇਵਾ ਕਪੂਰ ਸਿੰਘ ਨੂੰ ਵਿਰਸੇ ਵਿੱਚ ਮਿਲੀ ਸੀ।

ਆਪ ਅੰਮ੍ਰਿਤਪਾਨ ਕਰ ਕੇ ਸਿੰਘ ਸਜੇ। ਆਪ ਬੇਹੱਦ ਦਲੇਰ, ਸੂਰਬੀਰ ਅਤੇ ਕਹਿਣੀ ਤੇ ਕਰਨੀ ਦੇ ਪੱਕੇ ਸਨ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦੀ ਅਗਵਾਈ ਕਰਦਿਆਂ ਆਪ ਨੇ ਸਿੱਖ ਕੌਮ ਦੀ ਬੁਲੰਦੀ ਲਈ ਵਡਮੁੱਲਾ ਯੋਗਦਾਨ ਪਾਇਆ।

ਜ਼ਕਰੀਆ ਖਾਂ ਦੇ ਸਮੇਂ ਸਿੱਖਾਂ ’ਤੇ ਸਖਤੀ ਦਾ ਦੌਰ ਸਿੱਖਰ ’ਤੇ ਸੀ ਅਤੇ ਉਨ੍ਹਾਂ ਦੇ ਸਿਰਾਂ ’ਤੇ ਇਨਾਮ ਵੀ ਰੱਖੇ ਗਏ ਸਨ। ਸਿੱਖਾਂ ਦੀ ਸੂਹ ਦੇਣ ਵਾਲੇ ਅਤੇ ਸਿੱਖਾਂ ਨੂੰ ਮਾਰ ਕੇ ਸਿਰ ਪੇਸ਼ ਕਰਨ ਵਾਲੇ ਨੂੰ ਇਨਾਮ ਦਿੱਤਾ ਜਾਂਦਾ ਸੀ ਪਰ ਇਸ ਸਖਤਾਈ ਦੇ ਬਾਵਜੂਦ ਵੀ ਸਿੱਖਾਂ ਨੇ ਜਾਨ ਦੀ ਪ੍ਰਵਾਹ ਨਹੀਂ ਕੀਤੀ ਅਤੇ ਜ਼ਾਲਮ ਨਾਲ ਟੱਕਰ ਲੈਣ ਲਈ ਸਿੱਖਾਂ ਨੇ ਠਾਣੀ ਰੱਖੀ। ਸਿੱਖਾਂ ਦੀ ਹਿੰਮਤ, ਅਣਖ ਅਤੇ ਦਲੇਰੀ ਤੋਂ ਜ਼ਕਰੀਆ ਖਾਂ ਕਾਫੀ ਦੁਖੀ ਸੀ। ਉਸ ਵੱਲੋਂ ਸਿੱਖਾਂ ਨੂੰ ਸਮੇਂ-ਸਮੇਂ ਕਈ ਪੇਸ਼ਕਸ਼ਾਂ ਵੀ ਕੀਤੀਆਂ ਗਈਆਂ। ਭਾਵੇਂ ਸਾਰੇ ਇਸ ਸਬੰਧੀ ਇੱਕ ਮਤ ਨਹੀਂ ਵੀ ਸਨ ਪਰ ਹਾਲਾਤ ਦੇ ਮੱਦੇਨਜ਼ਰ ਸਿੱਖਾਂ ਦਾ ਰਵੱਈਆ ਨਰਮ ਹੋ ਗਿਆ। ਇਸ ਪਿੱਛੋਂ ਸਿੱਖ ਅੰਮ੍ਰਿਤਸਰ ਆ ਕੇ ਵੱਸ ਗਏ।

ਸਿੱਖਾਂ ਦੀ ਆਬਾਦੀ ਵੱਧਣ ਨਾਲ ਉਨ੍ਹਾਂ ਨੂੰ ਮੁਸ਼ਕਿਲਾਂ ਆਉਣ ਲੱਗੀਆਂ, ਜਿਸ ’ਤੇ ਪੰਥ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ। 40 ਵਰ੍ਹਿਆਂ ਤੋਂ ਵੱਧ ਉਮਰ ਵਾਲੇ ‘ਬੁੱਢਾ ਦਲ’ ਵਿੱਚ ਸ਼ਾਮਲ ਹੋ ਗਏ ਅਤੇ ਨਵਾਬ ਕਪੂਰ ਸਿੰਘ ਇਸ ਦਲ ਦੇ ਜਥੇਦਾਰ ਬਣੇ। ਦੂਸਰਾ ਦਲ ‘ਤਰਨਾ ਦਲ’ ਅਖਵਾਇਆ। ਬੁੱਢਾ ਦਲ ਤਾਂ ਅੰਮ੍ਰਿਤਸਰ ਵਿੱਚ ਹੀ ਰਹਿ ਪਿਆ। ਇਸ ਦੌਰਾਨ ਸੂਬੇਦਾਰ ਜ਼ਕਰੀਆ ਖਾਂ ਨੇ ਸਿੱਖਾਂ ਨਾਲ ਸਮਝੌਤਾ ਤੋੜ ਲਿਆ ਅਤੇ ਸਿੱਖਾਂ ’ਤੇ ਫਿਰ ਤੋਂ ਜ਼ੁਲਮ ਅਤੇ ਅਤਿਆਚਾਰ ਦਾ ਦੌਰ ਆਰੰਭ ਹੋ ਗਿਆ। ਇਸ ਮੁਸ਼ਕਿਲਾਂ ਭਰੇ ਸਮੇਂ ਵਿੱਚ ਬੁੱਢਾ ਦਲ ਦਾ ਅੰਮ੍ਰਿਤਸਰ ਰਹਿਣਾ ਸੌਖਾ ਨਾ ਰਿਹਾ।

ਇਸ ਉਪਰੰਤ ਲੰਮਾ ਅਰਸਾ ਸਿੱਖਾਂ ਨੇ ਸਰਕਾਰੀ ਜ਼ੁਲਮ ਦਾ ਟਾਕਰਾ ਕਰਦਿਆਂ ਬਤੀਤ ਕੀਤਾ। ਬੇਸ਼ੱਕ ਸਿੱਖ ਕੌਮ ਨੇ ਇਸ ਸਮੇਂ ਦੌਰਾਨ ਅਤਿਅੰਤ ਜਾਨੀ ਤੇ ਮਾਲੀ ਨੁਕਸਾਨ ਵੀ ਉਠਾਇਆ ਪਰ ਸਿੱਖਾਂ ਨੇ ਆਪਣੇ ਆਪ ਨੂੰ ਜੱਥੇਬੰਦ ਕਰ ਲਿਆ। 1748 ਵਿੱਚ ਦਲ ਖਾਲਸਾ ਬਣਿਆ ਅਤੇ ਮਿਸਲਾਂ ਦੀ ਸਥਾਪਨਾ ਹੋਈ। ਨਵਾਬ ਕਪੂਰ ਸਿੰਘ ਨੇ ਇਸ ਸਾਰੇ ਸਮੇਂ ਦੌਰਾਨ ਪੰਥ ਦੀ ਜਥੇਦਾਰੀ ਸੰਭਾਲੀ। ਮਿਸਲਾਂ ਵਿੱਚ ਇਕ ਮਿਸਲ ਨਵਾਬ ਕਪੂਰ ਸਿੰਘ ਦੀ ਵੀ ਸੀ ਜਿਸ ਨੂੰ ‘ਫੈਜ਼ਲਪੁਰੀਆ’ ਜਾਂ ‘ਸਿੰਘ ਪੁਰੀਆ’ ਮਿਸਲ ਕਿਹਾ ਜਾਂਦਾ ਹੈ। ਨਵਾਬ ਕਪੂਰ ਸਿੰਘ ਦੀ ਵਡੇਰੀ ਉਮਰ ਅਤੇ ਆਦਰਸ਼ਕ ਸ਼ਖਸੀਅਤ ਕਾਰਨ ਸਿੱਖ ਪੰਥ ਉਨ੍ਹਾਂ ਦਾ ਸਤਿਕਾਰ ਕਰਦਾ ਸੀ। ਇੰਜ ਆਪ ਨੇ ਸਿੱਖ ਪੰਥ ਦੀ ਲੰਬਾ ਸਮਾਂ ਅਗਵਾਈ ਕਰ ਕੇ ਸ਼ਾਨਾਂਮੱਤਾ ਇਤਿਹਾਸ ਸਿਰਜਿਆ।

ਸ. ਜੱਸਾ ਸਿੰਘ ਆਹਲੂਵਾਲੀਆ

ਸ. ਜੱਸਾ ਸਿੰਘ (ਆਹਲੂਵਾਲੀਆਂ) ਦਾ ਜਨਮ 1718 ਈ: ਨੂੰ ਸ. ਬਦਰ ਸਿੰਘ ਤੇ ਘਰ ਮਾਤਾ ਜੀਵਨ ਕੌਰ ਦੇ ਘਰ ਪਿੰਡ ਆਹਲੂ ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿਖੇ ਹੋਇਆ। ਬਾਪ ਦਾ ਸਾਇਆ ਛੋਟੀ ਉਮਰੇ ਆਪ ਦੇ ਸਿਰ ਤੋਂ ਉਠ ਗਿਆ। ਮਾਤਾ ਜੀਵਨ ਕੌਰ ਸੰਗਤ ਨਾਲ ਦਿੱਲੀ ਗਏ ਤੇ ਮਾਤਾ ਸੁੰਦਰੀ ਜੀ ਦੀ ਸੇਵਾ ਵਿੱਚ ਹੀ ਜੁੱਟ ਗਏ। ਉਥੇ ਹੀ ਬਾਲ ਜੱਸਾ ਸਿੰਘ ਨੇ ਕੀਰਤਨ ਤੇ ਸੇਵਾ ਦੀ ਅਸੀਸ ਪ੍ਰਾਪਤ ਕੀਤੀ। ਮਾਤਾ ਸੁੰਦਰੀ ਜੀ ਦੀ ਸਰਪ੍ਰਸਤੀ ਵਿੱਚ ਹੀ ਸਿੱਖ ਵਿਚਾਰਧਾਰਾ, ਆਤਮਿਕ ਤੇ ਸਮਾਜਿਕ ਪੱਖਾਂ ’ਤੇ ਬਹੁਪੱਖੀ ਸਿੱਖਿਆ ਤੇ ਵੱਖ-ਵੱਖ ਭਾਸ਼ਾਵਾਂ ਦਾ ਗਿਆਨ ਸ. ਜੱਸਾ ਸਿੰਘ ਨੇ ਪ੍ਰਾਪਤ ਕੀਤਾ। ਦਿੱਲੀ ਤੋਂ ਤੁਰਨ ਸਮੇਂ ਮਾਤਾ ਸੁੰਦਰੀ ਜੀ ਨੇ ਬਾਲਕ ਜੱਸਾ ਸਿੰਘ ਨੂੰ ਦਸਮੇਸ਼ ਪਿਤਾ ਦੇ ਕਰ ਕਮਲਾਂ ਦੀ ਛੋਹ ਪ੍ਰਾਪਤ ਸ਼ਸਤਰ, ਤਲਵਾਰ, ਤੀਰਾਂ-ਕਮਾਨ, ਗੁਰਜ ਆਦਿ ਬਖਸ਼ਿਸ਼ ਕੀਤੇ।

ਮਾਂ, ਪੁੱਤਰ ਤੇ ਮਾਮਾ ਬਾਘ ਸਿੰਘ ਹਲੋਵਾਲੀਆ ਕਰਤਾਰਪੁਰ, ਜਲੰਧਰ ਜੱਥੇਦਾਰ ਨਵਾਬ ਕਪੂਰ ਸਿੰਘ ਪਾਸ ਪੁੱਜੇ। ਸ. ਜੱਸਾ ਸਿੰਘ ਦੀ ਸਖਸ਼ੀਅਤ ਨਵਾਬ ਕਪੂਰ ਸਿੰਘ ਨੂੰ ਚੰਗੀ ਲੱਗੀ। ਨਵਾਬ ਕਪੂਰ ਸਿੰਘ ਦੇ ਕਹਿਣ ’ਤੇ ਮਾਤਾ ਜੀਵਨ ਕੌਰ ਨੇ ਜੱਸਾ ਸਿੰਘ ਨੂੰ ਉਥੇ ਹੀ ਛੱਡ ਦਿੱਤਾ। ਨਵਾਬ ਕਪੂਰ ਸਿੰਘ ਨੇ ਸ. ਜੱਸਾ ਸਿੰਘ ਨੂੰ ਘੋੜ ਸਵਾਰੀ, ਤੇਗ ਜੌਹਰ, ਨੇਜ਼ਾਬਾਜ਼ੀ ਤੇ ਤੀਰ-ਕਮਾਨ ਆਦਿ ਦੀ ਬਰੀਕੀ ਨਾਲ ਸਿੱਖਿਆ ਦਿਵਾਈ। ਸ. ਜੱਸਾ ਸਿੰਘ ਇਸ ਸਿਖਲਾਈ ਦੇ ਨਾਲ ਦੀਵਾਨਾਂ ਵਿੱਚ ਸੰਗਤ ਨੂੰ ਪੱਖਾ ਝੱਲਣ ਤੇ ਭਾਂਡੇ ਮਾਂਜਣ ਦੀ ਸੇਵਾ ਵੀ ਖੂਬ ਕਰਦਾ। ਜਵਾਨ ਹੋਣ ’ਤੇ ਉਸ ਨੂੰ ਨਵਾਬ ਕਪੂਰ ਸਿੰਘ ਨੇ ਅੰਮ੍ਰਿਤਪਾਨ ਕਰਵਾਇਆ ਤੇ ਰਹਿਤ ਬਹਿਤ ਵਿੱਚ ਪ੍ਰਪੱਕ ਰਹਿਣ ਲਈ ਕਿਹਾ। ਫਿਰ ਨਵਾਬ ਸਾਹਿਬ ਨੇ ਖਾਲਸੇ ਦੇ ਘੋੜਿਆਂ ਨੂੰ ਖੁਰਾਕ ਮੁਹੱਈਆ ਕਰਨ ਦੀ ਸੇਵਾ ਸੌਂਪ ਦਿੱਤੀ, ਜੋ ਸ. ਜੱਸਾ ਸਿੰਘ ਨੇ ਪੂਰੀ ਤਨਦੇਹੀ ਤੇ ਲਗਨ ਨਾਲ ਨਿਭਾਈ। ਸ. ਜੱਸਾ ਸਿੰਘ ਨੇ ਨਵਾਬ ਕਪੂਰ ਸਿੰਘ ਦੀਆਂ ਬਹੁਤ ਸਾਰੀਆਂ ਮੁਹਿੰਮਾਂ ਸਮੇਂ ਉਨ੍ਹਾਂ ਦਾ ਸਾਥ ਦਿੱਤਾ। ਇਸ ਤਰ੍ਹਾਂ ਸ. ਜੱਸਾ ਸਿੰਘ ਸਿੱਖ ਸਰਦਾਰਾਂ ਦੀ ਪਹਿਲੀ ਕਤਾਰ ਵਿੱਚ ਸ਼ਾਮਲ ਹੋ ਗਏ ਸਨ।

ਸ. ਜੱਸਾ ਸਿੰਘ ਨੇ ਜਿੱਥੇ ਅਫਗਾਨੀਆਂ ਨੂੰ ਸੋਧਿਆ ਉਥੇ 1761 ਨੂੰ ਅਮਿਦਸ਼ਾਹ ਅਬਦਾਲੀ ਕੋਲੋਂ ਬਾਈ ਸੌ ਜਵਾਨ ਹਿੰਦੂ ਲੜਕੀਆਂ ਨੂੰ ਛਡਾ ਕੇ ਬਾਇੱਜ਼ਤ ਘਰੋ-ਘਰੀ ਪਹੁੰਚਾਇਆ। 1761 ਨੂੰ ਖਾਲਸੇ ਨੇ ਲਾਹੌਰ ਫਤਹਿ ਕੀਤਾ ਅਤੇ ਇਸ ਖੁਸ਼ੀ ਵਿੱਚ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਪੰਥ ਦਾ ਪਹਿਲਾ ਬਾਦਸ਼ਾਹ ਸੁਲਤਾਨ-ਉਲ-ਕੌਮ ਐਲਾਨਿਆ ਗਿਆ। ਸੁਲਤਾਨ-ਉਲ-ਕੌਮ ਨੇ ਸਿੱਖਾਂ ਦੀ ਸੁਤੰਤਰਤਾ ਦਾ ਐਲਾਨ ਕੀਤਾ ਤੇ ਸਿੱਖ ਗੁਰੂ ਸਾਹਿਬਾਨ ਦੇ ਨਾਂ ਦੇ ਸਿੱਕੇ ਜਾਰੀ ਕੀਤੇ। ਜੱਥੇਦਾਰ ਜੱਸਾ ਸਿੰਘ ਆਹਲੂਵਾਲੀਆ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਚੌਥੇ ਜੱਥੇਦਾਰ ਬਣੇ ਤੇ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਵੀ ਕੌਮ ਦੀ ਅਗਵਾਈ ਕਰਦੇ ਰਹੇ। ਇਤਿਹਾਸ ਅਨੁਸਾਰ ਵੱਡਾ ਘੱਲੂਘਾਰਾ ਜੋ 5 ਫਰਵਰੀ 1762 ਨੂੰ ਕੁੱਪ ਰੋਹੀੜੇ ਦੇ ਸਥਾਨ ’ਤੇ ਵਾਪਰਿਆ, ਉਸ ਸਮੇਂ ਸ. ਜੱਸਾ ਸਿੰਘ ਨੇ ਬਹੁਤ ਦਲੇਰੀ ਤੇ ਸਮਝਦਾਰੀ ਨਾਲ ਕੌਮ ਦੀ ਅਗਵਾਈ ਕੀਤੀ। ਇਸ ਸਾਕੇ ਸਮੇਂ ਉਨ੍ਹਾਂ ਦੇ ਸਰੀਰ ’ਤੇ ਦੋ ਦਰਜਨ ਤੋਂ ਵੱਧ ਫੱਟ ਲੱਗੇ।

11 ਮਾਰਚ 1783 ਨੂੰ ਸਿੱਖ ਸਰਦਾਰਾਂ ਸ. ਜੱਸਾ ਸਿੰਘ ਰਾਮਗੜ੍ਹੀਆ, ਸ. ਬਘੇਲ ਸਿੰਘ, ਸ. ਭਾਗ ਸਿੰਘ, ਸ. ਗੁਰਦਿੱਤ ਸਿੰਘ ਨਾਲ ਮਿਲ ਕੇ ਲਾਲ ਕਿਲੇ ’ਤੇ ਕੇਸਰੀ ਨਿਸ਼ਾਨ ਲਹਿਰਾਇਆ ਤੇ ਸੁਲਤਾਨ-ਉਲ-ਕੌਮ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਭਾਰਤ ਦਾ ਬਾਦਸ਼ਾਹ ਐਲਾਨਿਆ। ਅਖੀਰ 20 ਅਕਤੂਬਰ 1783 ਨੂੰ ਕੌਮ ਨੂੰ ਬੁਲੰਦੀਆਂ ’ਤੇ ਪਹੁੰਚਾ ਸ. ਜੱਸਾ ਸਿੰਘ ਆਹਲੂਵਾਲੀਆ ਅਕਾਲ ਚਲਾਣਾ ਕਰ ਗਏ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top