Share on Facebook

Main News Page

ਭਾਜਪਾ ਦੀ ਹਰਿਆਣਾ ਵਿੱਚ ਹੋਈ ਜਿੱਤ ਬਣ ਸਕਦੀ ਹੈ ਅਕਾਲੀ ਦਲ ਦੇ ਗਲੇ ਦੀ ਹੱਡੀ

ਅੰਮ੍ਰਿਤਸਰ 19 ਅਕਤੂਬਰ (ਜਸਬੀਰ ਸਿੰਘ ਪੱਟੀ): ਗੁਆਂਢੀ ਸੂਬਾ ਹਰਿਆਣਾ ਵਿੱਚ ਇਨੈਲੋ ਤੋ ਕਾਂਗਰਸ ਦਾ ਬੋਰੀਆ ਬਿਸਤਰਾ ਗੋਲ ਕਰਕੇ ਭਾਜਪਾ ਦੀ ਹੋਈ ਜਿੱਤ ਨਾਲ ਜਿਥੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਕੱਦਬੁੱਤ ਹੋਰ ਉ¤ਚਾ ਹੋਇਆ ਹੈ ਉਥੇ ਪੰਜਾਬ ਦੀ ਅਕਾਲੀ ਸਰਕਾਰ ਦਾ ਭਾਜਪਾ ਵੱਲੋ ਹੋਰ ਕਾਫੀਆ ਤੰਗ ਕਰਨ ਦੀਆ ਸੰਭਾਵਨਾਵਾਂ ਵੱਧ ਗਈਆ ਹਨ । ਭਾਜਪਾ ਵੱਲੋ ਹੁਣ ਪੰਜਾਬ ਵਿੱਚ ਵਿਧਾਨ ਸਭਾ ਦੀਆ ਚੋਣਾਂ ਇਕੱਲਿਆ ਲੜਨ ਦੀਆ ਚਰਚਾਵਾਂ ਦਾ ਬਜਾਰ ਗਰਮ ਹੈ ਅਤੇ ਪੰਜਾਬ ਵਿੱਚ ਭਾਜਪਾ ਆਪਣੇ ਆਪ ਨੂੰ ਮਜਬੂਤ ਕਰਨ ਲਈ ਕਿਸੇ ਵੀ ਸਿੱਖ ਨੂੰ ਪੰਜਾਬ ਦਾ ਪ੍ਰਧਾਨ ਬਣਾ ਕੇ ਪਿੰਡਾਂ ਵਿੱਚ ਆਪਣੇ ਯੂਨਿਟ ਖੜੇ ਕਰਨ ਲਈ ਉਸਲਵੱਟੇ ਲੈਣ ਲੱਗ ਪਈ ਹੈ ਜਿਸ ਕਾਰਨ ਅਕਾਲੀ ਦਲ ਦੀਆ ਸਫਾਂ ਵਿੱਚ ਚਿੰਤਾ ਪਾਈ ਜਾ ਰਹੀ ਹੈ।

ਪਹਿਲਾਂ ਹੀ ਇਹ ਕਿਆਸ ਅਰਾਈਆ ਲਗਾਈਆ ਜਾ ਰਹੀਆ ਸਨ ਕਿ ਹਰਿਆਣੇ ਵਿੱਚ ਕਾਂਗਰਸ ਤੇ ਇਨੈਲੋ ਦਾ ਪੱਤਾ ਪੂਰੀ ਤਰ੍ਹਾਂ ਗੋਲ ਹੋ ਜਾਵੇਗਾ ਤੇ ਭਾਜਪਾ ਦੀ ਸਰਕਾਰ ਬਣਨੀ ਤਹਿ ਹੈ। ਹਰਿਆਣੇ ਵਿੱਚ ਜਦੋ ਅਕਾਲੀ ਦਲ ਬਾਦਲ ਨੇ ਇਨੈਲੋ ਨਾਲ ਗਠਜੋੜ ਕੀਤਾ ਤਾਂ ਉਸ ਦਾ ਵਿਰੋਧ ਚੰਡੀਗੜ ਵਿਖੇ ਭਾਜਪਾ ਦੇ ਕੌਮੀ ਪ੍ਰਧਾਨ ਅਮਿੱਤ ਸ਼ਾਹ ਨੇ ਆ ਕੇ ਕੀਤਾ ਸੀ ਪਰ ਬਾਦਲਾਂ ਨੇ ਉਹਨਾਂ ਨੂੰ ਕੋਰੇ ਲੱਠੇ ਵਰਗਾ ਜਵਾਬ ਦਿੰਦਿਆ ਕਿਹਾ ਸੀ ਕਿ ਉਹਨਾਂ ਦੀ ਚੌਟਾਲਾ ਪਰਿਵਾਰ ਨਾਲ ਪੁਰਾਣੀ ਸਾਂਝ ਹੈ ਇਸ ਲਈ ਉਹ ਤਾਂ ਚੋਟਾਲਿਆ ਦੇ ਨਾਲ ਹੀ ਗਠਜੋੜ ਕਰਨਗੇ। ਬੱਸ! ਇਸ ਤੋ ਬਾਅਦ ਭਾਜਪਾ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਪ੍ਰਚਾਰ ਅਕਾਲੀ ਦਲ ਦੇ ਖਿਲਾਫ ਕੀਤਾ ਉਸ ਨੇ ਤਾਂ ਹਰਿਆਣੇ ਦੇ ਲੋਕਾਂ ਨੂੰ ਭਾਜਪਾ ਨੂੰ ਵੋਟਾਂ ਪਾਉਣ ਲਈ ਸੋਚਣ ਲਈ ਮਜਬੂਰ ਕਰ ਦਿੱਤਾ। ਸਿੱਧੂ ਨੇ ਕਾਂਗਰਸ ਦੇ ਖਿਲਾਫ ਤਾਂ ਕੋਈ ਗੱਲ ਨਹੀਂ ਕੀਤੀ ਪਰ ਅਕਾਲੀਆ ਨੂੰ ਜਿਸ ਤਰੀਕੇ ਨਾਲ ਪਾਣੀ ਪੀ ਪੀ ਕੇ ਕੋਸਿਆ ਸੀ ਉਸ ਨੇ ਅਕਾਲੀਆ ਦੀ ਤਾਂ ਇੱਕ ਵਾਰੀ ਬੋਲਤੀ ਬੰਦ ਕਰ ਦਿੱਤੀ ਤੇ ਗੁੱਸੇ ਵਿੱਚ ਆਏ ਅਕਾਲੀਆ ਨੇ ਸਿੱਧੂ ਦੇ ਸੁਰੱਖਿਆ ਗਾਰਡ ਵਾਪਸ ਲੈ ਲਏ ਜਿਸ ਦਾ ਭਾਜਪਾ ਦੇ ਛੋਟੇ ਤੋ ਲੈ ਕੇ ਵੱਡੇ ਲੀਡਰ ਤੱਕ ਨੇ ਵਿਰੋਧ ਕੀਤਾ ਤੇ ਸਰਕਾਰ ਨੂੰ ਹੱਥ ਜੋੜ ਤੇ ਸੁਰੱਖਿਆ ਵਾਪਸ ਕਰਨੀ ਪਈ।

ਚੋਣ ਨਤੀਜਿਆ ਤੋ ਬਾਅਦ ਸਿੱਧੂ ਨੇ ਤਾਂ ਇਥੋ ਤੱਕ ਐਲਾਨ ਕਰ ਦਿੱਤਾ ਹੈ ਕਿ ਜੇਕਰ ਪਾਰਟੀ ਨੇ ਉਹਨਾਂ ਨੂੰ ਕੋਈ ਵਿਸ਼ੇਸ਼ ਜਿੰਮੇਵਾਰੀ ਸੋਪੀ ਤਾਂ ਉਹ ਆਪਣੇ ਬਾਕੀ ਦੇ ਸਾਰੇ ਕੰਮ ਛੱਡ ਦੇਣਗੇ ਭਾਵ ਉਹ ਟੀ.ਵੀ ਦਾ ਖਹਿੜਾ ਛੱਡ ਕੇ ਪੰਜਾਬ ਵਿੱਚ ਭਾਜਪਾ ਨੂੰ ਮਜਬੂਤ ਕਰਨ ਲਈ ਹਰ ਪ੍ਰ੍ਰਕਾਰ ਦੇ ਯਤਨ ਆਰੰਭ ਕਰ ਦੇਣਗੇ। ਇਸੇ ਤਰ੍ਵਾ ਇਹ ਵੀ ਚਰਚਾ ਪਾਈ ਜਾ ਰਹੀ ਹੈ ਕਿ ਕਾਂਗਰਸੀ ਨੇਤਾ ਜਗਮੀਤ ਸਿੰਘ ਬਰਾੜ ਕਿਸੇ ਵੇਲੇ ਵੀ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਆ ਸਕਦੇ ਹਨ ਤੇ ਉਹਨਾਂ ਨੂੰ ਵੀ ਪੰਜਾਬ ਭਾਜਪਾ ਦੀ ਜਿੰਮੇਵਾਰੀ ਸੌਂਪੀ ਜਾ ਸਕਦੀ ਹੈ, ਕਿਉਕਿ ਉਹ ਅਕਾਲੀਆ ਤੇ ਕਾਂਗਰਸੀਆ ਦੀ ਰਗ ਰਗ ਤੋ ਵਾਕਿਫ ਹਨ ਤੇ ਭਾਜਪਾ ਨੂੰ ਪੰਜਾਬ ਵਿੱਚ ਮਜਬੂਤ ਕਰਨ ਵਿੱਚ ਅਹਿਮ ਰੋਲ ਨਿਭਾ ਸਕਦੇ ਹਨ। ਉਹਨਾਂ ਦੇ ਜਿਹੜੇ ਸਾਥੀ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਜਾਂ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ ਉਹ ਵੀ ਵਾਪਸ ਉਹਨਾਂ ਦੇ ਨਾਲ ਆ ਸਕਦੇ ਹਨ। ਸ੍ਰ ਸਿੱਧੂ ਬਾਰੇ ਤਾਂ ਇਹ ਵੀ ਚਰਚਾ ਹੈ ਕਿ ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣਾ ਕੇ ਬੀਬੀ ਹਰਸਿਮਰਤ ਕੌਰ ਬਾਦਲ ਦੀ ਜਗਾ ਤੇ ਕੇਦਰੀ ਮੰਤਰੀ ਬਣਾ ਕੇ ਅਕਾਲੀਆ ਨੂੰ ਇੱਕ ਹੋਰ ਝਟਕਾ ਦਿੱਤਾ ਜਾ ਸਕਦਾ ਹੈ।

ਭਾਜਪਾ ਦੇ ਅੰਦਰੂਨੀ ਸੂਤਰਾਂ ਦੇ ਮੁਤਾਬਕ ਉਹ ਅਕਾਲੀ ਦਲ ਦਾ ਖਹਿੜਾ ਨਹੀਂ ਛੱਡਣਗੇ ਪਰ ਅਕਾਲੀਆ ਨੂੰ ਭਾਜਪਾ ਨੂੰ ਛੱਡਣ ਲਈ ਮਜਬੂਰ ਜਰੂਰ ਕਰ ਦੇਣਗੇ ਤੇ ਭਾਜਪਾ ਵਾਲੇ ਪੰਜਾਬ ਦੇ ਲੋਕਾਂ ਵਿੱਚ ਇੱਕ ਵਾਰੀ ਫਿਰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰਨਗੇ ਕਿ ਅਕਾਲੀਆ ਨੇ ਪਹਿਲਾਂ ਉਹਨਾਂ ਨੂੰ ਹਰਿਆਣੇ ਵਿੱਚ ਧੋਖਾ ਦਿੱਤਾ ਤੇ ਹੁਣ ਉਹ ਪੰਜਾਬ ਵਿੱਚ ਵੀ ਉਹਨਾਂ ਦਾ ਸਾਥ ਛੱਡ ਕੇ ਇੱਕ ਵਾਰੀ ਫਿਰ ਉਹਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਹਰਿਆਣਾ ਵਿੱਚ ਭਾਜਪਾ ਦੇ ਜਿੱਤਣ ਨਾਲ ਪੰਜਾਬ ਦੀ ਭਾਜਪਾ ਨੂੰ ਹੋਰ ਬਲ ਜਰੂਰ ਮਿਲੇਗਾ ਤੇ ਪੰਜਾਬ ਵਿੱਚ ਭਾਜਪਾ ਦੀ ਸ਼ਾਖ ਦਾ ਮਜਬੂਤ ਹੋਣਾ ਸੁਭਾਵਿਕ ਹੀ ਹੈ।

ਇਸੇ ਤਰ੍ਹਾਂ ਸਿਰਸੇ ਵਾਲੇ ਬਾਬਾ ਰਾਮ ਰਹੀਮ ਦੀ ਵੀ ਇਸ ਚੋਣ ਨੇ ਪੂਰੀ ਤਰ੍ਵਾ ਫੂਕ ਕੱਢ ਰੱਖ ਦਿੱਤੀ ਹੈ ਅਤੇ ਉਸ ਨੇ ਖੁੱਲੇਆਮ ਇਹ ਐਲਾਨ ਕਰ ਦਿੱਤਾ ਸੀ ਕਿ ਉਸ ਦੇ ਸ਼ਿਸ਼ ਭਾਜਪਾ ਨੂੰ ਹੀ ਵੋਟ ਪਾਉਣਗੇ ਪਰ ਸਿਰਸਾ ਜਥੇ ਬਾਬੇ ਦਾ ਆਪਣਾ ਡੇਰਾ ਹੈ ਉਥੇ ਪੰਜ ਵਿਧਾਨ ਸਭਾ ਹਲਕੇ ਹਨ ਤੇ ਉਥੋ ਇੱਕ ਵੀ ਭਾਜਪਾ ਸੀਟ ਜਿੱਤ ਨਹੀਂ ਸਕੀ। ਇਸ ਤਜਰਬੇ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਸਾਧਾ ਦੇ ਐਲਾਨਾਂ ਤੇ ਹਮਾਇਤ ਨਾਲ ਹੁਣ ਸਰਕਾਰਾਂ ਨਹੀਂ ਬਣ ਸਕਦੀਆ, ਸਗੋ ਅਮਲਾ ਤੇ ਹੀ ਨਿਬੇੜੇ ਹੁੰਦੇ ਹਨ, ਪਰ ਅਕਾਲੀ ਦਲ ਬਾਦਲ ਨੂੰ ਇੱਕ ਫਾਇਦਾ ਜਰੂਰ ਹੋਇਆ ਕਿ ਉਸ ਨੇ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਤੇ ਦੋ ਸੀਟਾਂ ਲੜੀਆ ਸਨ, ਜਿਹਨਾਂ ਵਿੱਚੋ ਇੱਕ ਸੀਟ ਉਹਨਾਂ ਨੇ ਜਿੱਤ ਕੇ ਆਪਣਾ ਪਿਛਲਾ ਵਕਾਰ ਬਹਾਲ ਰੱਖਿਆ ਹੈ ਜਿਸ ਨਾਲ ਅਕਾਲੀਆ ਦੀ ਲਾਜ ਰਹਿ ਗਈ ਹੈ।

ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਹੁਣ ਜਲਦੀ ਹਰਿਆਣੇ ਦੇ ਗੁਰੂਦੁਆਰਿਆ ਦਾ ਪ੍ਰਬੰਧ ਮਿਲ ਜਾਵੇਗਾ ਕਿਉਕਿ ਭਾਜਪਾ ਹਰਿਆਣੇ ਵਿੱਚ ਅਕਾਲੀ ਦਲ ਦੀ ਬਜਾਏ ਹਰਿਆਣੇ ਦੇ ਸਿੱਖਾਂ ਦੇ ਹੱਕ ਵਿੱਚ ਹੀ ਭੁਗਤੇਗੀ ਕਿੳਕਿ ਬਹੁਤ ਸਾਰੇ ਹਰਿਆਣਾ ਕਮੇਟੀ ਦੇ ਮੈਬਰਾਂ ਵੱਲੋ ਹਰਿਆਣਾ ਵਿੱਚ ਭਾਜਪਾ ਦੀ ਹਮਾਇਤ ਕਰਨ ਦਾ ਸਮਾਚਾਰ ਮਿਲਿਆ ਹੈ। ਅਕਾਲੀ ਦਲ ਬਾਦਲ ਦੇ ਮੁੱਖੀਆ ਬਾਦਲਾਂ ਨੂੰ ਇਹ ਉਮੀਦ ਸੀ ਕਿ ਇਨੈਲੋ ਦੀ ਸਰਕਾਰ ਬਨਣ ਤੇ ਉਹ ਹਰਿਆਣਾ ਕਮੇਟੀ ਵਾਲਾ ਬਿੱਲ ਰੱਦ ਕਰਵਾ ਲੈਣਗੇ, ਪਰ ਹੁਣ ਬਾਦਲਾਂ ਦੀ ਇਸ ਆਸ ‘ਤੇ ਵੀ ਪਾਣੀ ਫਿਰ ਗਿਆ ਹੈ ਤੇ ਹਰਿਆਣਾ ਕਮੇਟੀ- ਜਿੰਦਾਬਾਦ ਦੇ ਜਲਦੀ ਹੀ ਹਰਿਆਣੇ ਵਿੱਚ ਨਾਅਰੇ ਗੂੰਜਣੇ ਸ਼ੁਰੂ ਹੋ ਜਾਣਗੇ। ਇੰਜ ਭਾਜਪਾ ਦੀ ਹਰਿਆਣਾ ਵਿੱਚ ਹੋਈ ਜਿੱਤ ਅਕਾਲੀ ਦਲ ਦੀ ਗਲੇ ਦੀ ਹੱਡੀ ਬਣ ਸਕਦੀ ਹੈ ਜਦ ਕਿ ਅਕਾਲੀ ਹੁਣ ਤੱਕ ਤਾਂ ਅਕਾਲੀ ਭਾਜਪਾ ਦਾ ਨਹੁੰ ਮਾਸ ਦਾ ਰਿਸ਼ਤਾ ਦੱਸਦੇ ਆਏ ਹਨ ਪਰ ਰਾਜਨੀਤੀ ਸ਼ਾਸ਼ਤਰ ਅਨੁਸਾਰ ਰਾਜਨੀਤੀ ਨਾ ਕੋਈ ਦੁਸ਼ਮਣ ਤੇ ਨਾ ਕੋਈ ਦੋਸਤ ਹੁੰਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top