ਅੰਮ੍ਰਿਤਸਰ
14 ਅਕਤੂਬਰ (ਜਸਬੀਰ ਸਿੰਘ): ਭਾਰਤੀ ਜਨਤਾ ਪਾਰਟੀ ਦੇ ਸਟਾਰ ਕੈਮਪੈਂਨਰ ਤੇ ਅੰਮ੍ਰਿਤਸਰ ਲੋਕ
ਸਭਾ ਹਲਕਾ ਦੇ ਸਾਬਕਾ ਸੰਸਦ ਮੈਂਬਰ ਸ੍ਰ ਨਵਜੋਤ ਸਿੰਘ ਸਿੱਧੂ ਵੱਲੋ ਹਰਿਆਣਾ ਵਿਧਾਨ ਸਭਾ ਚੋਣਾਂ
ਦੌਰਾਨ ਆਪਣੀਆ ਤਲਖ ਟਿੱਪਣੀਆ ਕਰਕੇ ਪਿਛਲੇ ਕਈ ਦਿਨਾਂ ਤੋ ਅਖਬਾਰਾਂ, ਇਲੈਕਟਰੋਨਿਕ ਮੀਡੀਆ ਤੇ
ਸ਼ੋਸ਼ਲ ਸਾਈਟਾਂ ‘ਤੇ ਅਕਾਲੀ ਦਲ ਇਨੈਲੋ ਗਠਜੋੜ ਦੇ ਖਿਲਾਫ ਬੋਲਣ ਦੇ ਬਦਲੇ ਪੰਜਾਬ ਦੇ ਗ੍ਰਹਿ
ਮੰਤਰੀ ਤੇ ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ‘ਤੇ ਉਹਨਾਂ ਦੀ
ਅੰਮ੍ਰਿਤਸਰ ਸਥਿਤ ਕੋਠੀ ਵਿੱਚੋ ਪੰਜਾਬ ਸਰਕਾਰ ਦੀ ਸਾਰੀ ਸੁਰੱਖਿਆ ਵਾਪਸ ਲੈ ਲਈ ਗਈ ਹੈ।
ਲੋਕ ਸਭਾ ਚੋਣਾਂ ਦੌਰਾਨ ਭਾਂਵੇ ਭਾਜਪਾ ਨੇ ਆਪਣੇ ਇਸ ਸਟਾਰ ਕੈਮਪੈਂਨਰ
ਨੂੰ ਚੋਣ ਪ੍ਰਚਾਰ ਕਰਨ ਦੀ ਆਗਿਆ ਨਹੀ ਦਿੱਤੀ ਸੀ ਪਰ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਵੱਖ
ਵੱਖ ਥਾਵਾਂ ਤੇ ਚੋਣ ਰੈਲੀਆ ਨੂੰ ਸੰਬੋਧਨ ਕਰਦਿਆ ਸ੍ਰੀ ਸਿੱਧੂ ਨੇ ਅਕਾਲੀ ਦਲ ਬਾਦਲ ਤੇ ਵਿਸ਼ੇਸ਼
ਕਰਕੇ ਬਾਦਲ ਪਰਿਵਾਰ ਤੇ ਮਜੀਠੀਆ ਨੂੰ ਆੜੇ ਹੱਥੀ ਲੈਦਿਆ ਇਥੋ ਤੱਕ ਕਹਿ ਦਿੱਤਾ ਸੀ ਕਿ ਪੰਜਾਬ
ਵਿੱਚ ਵਿੱਚ ਇਹਨਾਂ ਨੇ ਰੇਤ, ਸ਼ਰਾਬ, ਜ਼ਮੀਨਾਂ, ਟਰਾਂਸਪੋਰਟ ਤੇ ਕੇਬਲ ਆਦਿ ਤੇ ਨਜਾਇਜ ਕਬਜੇ
ਕੀਤੇ ਹੋਏ ਹਨ ਜਿਹਨਾਂ ਦੀ ਲੜੀ ਨੂੰ ਅੱਗੇ ਵਧਾਉਦਿਆ ਅਕਾਲੀਆ ਨੇ ਆਪਣੇ ਜੇਲ ਵਿੱਚ ਬੈਠੇ ਆੜੀ
ਓਮ ਪ੍ਰਕਾਸ਼ ਚੌਟਾਲਾ ਨਾਲ ਮਿਲ ਕੇ ਹਰਿਆਣਾ ਵਿੱਚ ਸਰਕਾਰ ਬਣਾ ਕੇ ਲੁੱਟਣ ਦੇ ਯਤਨ ਕੀਤੇ ਜਾ ਰਹੇ
ਹਨ। ਉਹਨਾਂ ਹਰਿਆਣੇ ਦੇ ਲੋਕਾਂ ਨੂੰ ਬਾਦਲਾਂ ਤੋ ਚੌਟਾਲਿਆ ਤੋ ਬੱਚਣ ਤੇ ਸੁਚੇਤ ਰਹਿਣ ਦੀਆ
ਧੂੰਆ ਧਾਰ ਤਕਰੀਰਾਂ ਕੀਤੀਆ। ਆਪਣੇ ਫਨੀ ਅੰਦਾਜ ਵਿੱਚ ਤਕਰੀਰਾਂ ਕਰਨ ਵਾਲੇ ਸ੍ਰ ਸਿੱਧੂ ਤੇ
ਹਰਿਆਣਾ ਵਿੱਚ ਚੋਣ ਹੋਣ ਤੋ ਇੱਕ ਦਿਨ ਪਹਿਲਾਂ ਹੀ ਬਾਦਲਾ ਨੇ ਪਹਿਲਾਂ ਹੱਲਾ ਬੋਲਦਿਆ ਉਹਨਾਂ
ਨੂੰ ਪੰਜਾਬ ਸਰਕਾਰ ਵੱਲੋ ਦਿੱਤੀ ਗਈ ਸਾਰੀ ਸੁਰੱਖਿਆ ਵਾਪਸ ਲੈ ਲਈ ਹੈ ਅਤੇ ਉਹਨਾਂ ਦੀ ਧਰਮ
ਪਤਨੀ ਡਾਂ ਨਵਜੋਤ ਕੌਰ ਸਿੱਧੂ ਜੋ ਪੰਜਾਬ ਸਰਕਾਰ ਵਿੱਚ ਪਾਰਲੀਮਾਨੀ ਸਕੱਤਰ ਹਨ ਤੋ ਵੀ ਆਹੁਦਾ
ਵਾਪਸ ਲਿਆ ਜਾ ਸਕਦਾ ਹੈ ਕਿਉਕਿ ਡਾਂ ਸਿੱਧੂ ਵੀ ਆਪਣੇ ਪਤੀ ਵਾਂਗ ਸੱਚ ਬੋਲਣ ਤੋ ਕਦੇ ਵੀ
ਝਿਜਕਦੀ ਨਹੀ ਹੈ।
ਸ੍ਰ ਸਿੱਧੂ ਨੇ ਚੰਡੀਗੜ• ਵਿੱਚ ਸ੍ਰੀ ਅਰੁਣ ਜੇਤਲੀ ਦੀ ਲੋਕ ਸਭਾ ਚੋਣਾਂ
ਵਿੱਚ ਹੋਈ ਹਾਰ ਲਈ ਵੀ ਅਕਾਲੀ ਦਲ ਤੇ ਵਿਸ਼ੇਸ਼ ਕਰਕੇ ਬਾਦਲਾਂ ਤੇ ਮਜੀਠੀਆ ਨੂੰ ਦੋਸ਼ੀ
ਠਹਿਰਾਉਦਿਆ ਕਿਹਾ ਕਿ ਇਹਨਾਂ ਨੇ ਉਹਨਾਂ ਦੇ ਗੁਰੂ ਨਾਲ ਧੋਖਾ ਕੀਤਾ ਹੈ ਜਿਸ ਲਈ ਭਾਜਪਾ ਹਾਈ
ਕਮਾਂਡ ਨੂੰ ਚਾਹੀਦਾ ਹੈ ਕਿ ਉਹ ਅਕਾਲੀਆ ਨਾਲ ਕੀਤੇ ਗਠਜੋੜ ਬਾਰੇ ਮੁੜ ਵਿਚਾਰ ਕਰੇ। ਸ੍ਰੀ
ਸਿੱਧੂ ਭਾਜਪਾ ਵਿੱਚ ਪਹਿਲੀ ਵਾਰੀ 2004 ਦੀਆ ਲੋਕ ਸਭਾ ਚੋਣਾਂ ਦੌਰਾਨ ਉਸ ਵੇਲੇ ਸ਼ਾਮਲ ਹੋਏ ਸਨ
ਜਦੋਂ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟੱਲ ਬਿਹਾਰੀ ਵਾਜਪਾਈ ਨੇ ਉਹਨਾਂ ਨੂੰ ਅੰਮ੍ਰਿਤਸਰ ਤੋ
ਲੋਕ ਸਭਾ ਹਲਕਾ ਤੋ ਪਾਰਟੀ ਉਮੀਦਵਾਰ ਬਣਾਇਆ ਸੀ। ਸ੍ਰੀ ਸਿੱਧੂ ਉਸ ਸਮੇਂ ਪਾਕਿਸਤਾਨ ਵਿੱਚ
ਕ੍ਰਿਕਟ ਮੈਚ ਦੀ ਕੁਮੈਂਟਰੀ ਕਰਨ ਗਏ ਸਨ ਉਥੋ ਉਹਨਾਂ ਨੂੰ ਵਾਪਸ ਬੁਲਾਇਆ ਗਿਆ ਸੀ ਤੇ ਵਾਹਗਾ
ਸਰਹੱਦ ਤੇ ਭਾਜਪਾ ਨਾਲੋ ਅਕਾਲੀ ਦਲ ਨੇ ਵੱਧ ਚੜ ਕੇ ਉਹਨਾਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ
ਸੀ। 2004 ਵਿੱਚ ਹੋਈ ਲੋਕ ਸਭਾ ਦੀ ਚੋਣ ਦੌਰਾਨ ਉਹਨਾਂ ਨੇ ਕਾਂਗਰਸ ਦੇ ਦਿੱਗਜ ਨੇਤਾ ਸ੍ਰੀ ਆਰ
ਐਲ ਭਾਟੀਆ ਨੂੰ ਕਰੀਬ ਸਵਾ ਲੱਖ ਵੋਟਾਂ ਨਾਲ ਹਰਾਇਆ ਸੀ। 2007 ਵਿੱਚ ਉਹਨਾਂ ਦੇ ਇੱਕ ਕਤਲ ਕੇਸ
ਵਿੱਚ ਸਜਾ ਯਾਫਤਾ ਮੁਜਰਿਮ ਬਨਣ ਨਾਲ ਉਹਨਾਂ ਨੂੰ ਦੋ ਦਿਨ ਜੇਲ ਯਾਤਰਾ ਕਰਨੀ ਪਈ ਸੀ ਪਰ ਉਹਨਾਂ
ਨੇ ਸੰਸਦ ਦੀ ਇੱਜਤ ਮਾਣ ਨੂੰ ਬਰਕਰਾਰ ਰੱਖਦਿਆ ਆਪਣੇ ਆਹੁਦੇ ਤੋ ਅਸਤੀਫਾ ਦੇ ਦਿੱਤਾ ਸੀ।
ਬਾਅਦ ਵਿੱਚ ਚੋਣ ਹੋਣ ਉਪਰੰਤ ਉਹ ਇੱਕ ਵਾਰੀ ਫਿਰ ਕਾਂਗਰਸ ਦੇ ਆਗੂ
ਸੁਰਿੰਦਰ ਸਿੰਗਲਾ ਨੂੰ 70 ਹਜਾਰ ਵੋਟਾਂ ਦੇ ਫਰਕ ਨਾਲ ਹਰਾਉਣ ਵਿੱਚ ਕਾਮਯਾਬ ਰਹੇ। 2009 ਵਿੱਚ
ਉਹਨਾਂ ਨੂੰ ਇੱਕ ਵਾਰੀ ਫਿਰ ਕਾਂਗਰਸ ਦੇ ਧੱਕੜ ਕਿਸਮ ਦੇ ਆਗੂ ਸ੍ਰੀ ਓਮ ਪ੍ਰਕਾਸ਼ ਸੋਨੀ ਨਾਲ
ਚੋਣ ਲੜਨ ਦਾ ਮੌਕਾ ਮਿਲਿਆ ਪਰ ਬੜੀ ਮੁਸ਼ਕਲ ਨਾਲ ਸ੍ਰੀ ਸਿੱਧੂ ਦੀ ਲੀਡ ਸਿਰਫ ਸੱਤ ਹਜਾਰ ਰਹਿ
ਗਈ ਤੇ ਸੰਸਦ ਮੈਂਬਰ ਬਣੇ। 2014 ਵਿੱਚ ਉਹਨਾਂ ਨੂੰ ਪਾਰਟੀ ਨੇ ਲਾਂਭੇ ਕਰਕੇ ਭਾਜਪਾ ਦੇ ਦਿੱਗਜ
ਸ੍ਰੀ ਅਰੁਣ ਜੇਤਲੀ ਨੂੰ ਚੋਣ ਮੈਦਾਨ ਵਿੱਚ ਅਕਾਲੀਆ ਵੱਲੋ ਪੂਰਾ ਭਰੋਸਾ ਦੇਣ ਉਪਰੰਤ ਉਤਾਰਿਆ
ਸੀ ਪਰ ਉਹ ਕੈਪਟਨ ਅਮਰਿੰਦਰ ਸਿੰਘ ਹੱਥੋ ਇੱਕ ਲੱਖ ਚਾਰ ਹਜਾਰ ਵੋਟਾਂ ਦੇ ਵੱਡੇ ਫਰਕ ਨਾਲ ਹਾਰ
ਗਏ। ਉਸ ਦਿਨ ਤੋ ਅਕਾਲੀ ਭਾਜਪਾ ਗਠਜੋੜ ਹੋਣ ਦੇ ਬਾਵਜੂਦ ਵੀ ਦੋਹਾਂ ਪਾਰਟੀਆ ਵਿੱਚ ਖਿੱਚੋਤਾਣ
ਬਣੀ ਹੋਈ ਹੈ ਤੇ ਹਰਿਆਣਾ ਵਿਧਾਨ ਸਭਾ ਦੀਆ ਚੋਣਾਂ ਦੌਰਾਨ ਤਾਂ ਸ੍ਰੀ ਸਿੱਧੂ ਨੂੰ ਪਾਰਟੀ ਨੇ
ਅਕਾਲੀਆ ਨਾਲ ਦਸਤ ਪੰਜਾ ਲੈਣ ਦੀ ਪੂਰੀ ਤਰ੍ਹਾਂ ਖੁੱਲ ਦੇ ਦਿੱਤੀ। ਉਸ ਤੋ ਬਾਅਦ ਸ੍ਰੀ ਸਿੱਧੂ
ਦੀ ਸੁਰੱਖਿਆ ਵਾਪਸ ਲੈ ਲਈ ਗਈ ਪਰ ਕੇਂਦਰ ਵੱਲੋ ਉਸ ਨੂੰ ਸੀ.ਆਰ.ਪੀ ਦਿੱਤੇ ਜਾਣ ਦੀ ਚਰਚਾ ਵੀ
ਛਿੜ ਪਈ ਹੈ। ਸ੍ਰੀ ਸਿੱਧੂ ਦੇ ਅਕਾਲੀ ਦਲ ਬਾਦਲ ਤੇ ਕੀਤੇ ਹਮਲੇ ਭਵਿੱਖ ਵਿੱਚ ਕੀ ਗੁੱਲ
ਖਿਲਾਉਣਗੇ ਇਹ ਹਾਲੇ ਭਵਿੱਖ ਦੀ ਬੁੱਕਲ ਵਿੱਚ ਛਿਪਿਆ ਪਿਆ ਹੈ, ਪਰ
ਸਿਆਸੀ ਪੰਡਤਾਂ ਦਾ ਇਹ ਵੀ
ਮੰਨਣਾ ਹੈ ਕਿ ਸਿੱਧੂ ਜੱਟ ਹੈ ਤੇ ਭਾਜਪਾ ਨੂੰ ਪਿੰਡਾਂ ਵਿੱਚ ਮਜਬੂਤ ਕਰਨ ਲਈ ਸਿੱਧੂ ਨੂੰ ਕਿਸੇ
ਵੇਲੇ ਵੀ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ।