ਅੰਮ੍ਰਿਤਸਰ
12 ਅਕਤੂਬਰ (ਜਸਬੀਰ ਸਿੰਘ) ਆਪਣੇ ਪੰਥ ਵਿਰੋਧੀ ਕਰਤੱਵਾਂ ਕਰਕੇ ਹਮੇਸ਼ਾਂ ਸੁਰਖੀਆ ਵਿੱਚ ਰਹਿਣ
ਵਾਲੀ ਪੰਥ ਦੀ ਸਿਰਮੌਰ ਜਥੇਬੰਦੀ ਸ਼ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਵਿਗਿਆਨ
ਸਿੰਘ ਨਾਮੀ ਵਿਅਕਤੀ ਵੱਲੋ ਮਹਾਰਾਜਾ ਰਣਜੀਤ ਸਿੰਘ ਬੰਸਾਵਲੀ ਦੀ ਗਲਤ ਇਤਿਹਾਸਕ ਜਾਣਕਾਰੀ ਦਿੰਦੀ
ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਲਗਾਈ ਗਈ ਸਿੱਲ ਉਤਾਰਨ ਉਪਰੰਤ ਸਿੱਖ ਗੁਰੂਦੁਆਰਾ
ਜੁਡੀਸ਼ੀਅਲ ਕਮਿਸ਼ਨ ਵਿੱਚੋਂ ਕੇਸ ਵਾਪਸ ਲੈ ਲਿਆ ਗਿਆ ਹੈ।
ਜਾਰੀ ਇੱਕ ਬਿਆਨ ਰਾਹੀ ਸ੍ਰ ਵਿਗਿਆਨ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ
ਤਖਤ ਸਾਹਿਬ ਦੇ ਸੱਜੇ ਪਾਸੇ ਦਰਵਾਜਾ ਸ਼ੇਰ ਸਿੰਘ ਦੀ ਕੰਧ ਉਪਰ ਲੰਮੇ ਸਮੇਂ ਤੋ ਇੱਕ ਮਹਾਰਾਜਾ
ਰਣਜੀਤ ਸਿੰਘ ਪੁੱਤਰ ਸ਼ੇਰ ਸਿੰਘ ਦੀ ਬੰਸਾਵਲੀ ਦੀ ਸਿੱਲ ਲੱਗੀ ਹੋਈ ਸੀ ਜਿਸ ਉਪਰ ਗਲਤ ਇਦਰਾਜ
ਦਰਜ ਕੀਤੇ ਗਏ ਸਨ ਜਿਹੜੇ ਇਤਿਹਾਸਕ ਤੱਥਾਂ ਨੂੰ ਤੋੜ ਮਰੋੜ ਪੇਸ਼ ਕਰਨ ਦੀ ਗਵਾਹੀ ਭਰਦੇ ਸਨ.
ਉਹਨਾਂ ਕਿਹਾ ਕਿ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆ ਨੂੰ ਕਈ ਵਾਰੀ ਇਸ ਸਿੱਲ ਵਿੱਚ
ਹੋਈ ਗਲਤੀ ਬਾਰੇ ਕਿਹਾ ਪਰ ਸ਼੍ਰੋਮਣੀ ਕਮੇਟੀ ਦੇ ਨਾਅਹਿਲ ਅਧਿਕਾਰੀਆ ਤੇ ਕੰਨ ਤੇ ਜੂੰ ਤੱਕ ਨਹੀਂ
ਸਰਕੀ।
ਉਹਨਾਂ ਕਿਹਾ ਕਿ ਪੰਜਾਬੀ ਦੀ ਇੱਕ ਕਹਾਵਤ ਹੈ ਕਿ ‘‘ਲਾਤੋ ਕੇ ਭੂਤ ਬਾਤੋ
ਸੇ ਮਾਨਤੇ’’ ਅਨੁਸਾਰ ਉਹਨਾਂ ਨੇ ਸ਼ਰੋਮਣੀ ਕਮੇਟੀ ਨੂੰ ਵਕੀਲ ਦਾ ਇੱਕ ਨੋਟਿਸ ਵੀ ਭੇਜਿਆ ਤੇ
ਚਿਤਾਵਨੀ ਦਿੱਤੀ ਕਿ ਇਸ ਦਾ ਦੋ ਮਹੀਨਿਆ ਵਿੱਚ ਜਵਾਬ ਦਿੱਤਾ ਜਾਵੇ ਪਰ ਫਿਰ ਵੀ ਸ਼੍ਰੋਮਣੀ ਕਮੇਟੀ
ਟੱਸ ਤੋ ਮੱਸ ਨਾ ਹੋਈ ਤੇ ਉਹਨਾਂ ਦਾ ਨੋਟਿਸ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ ਗਿਆ ਤਾਂ
ਉਹਨਾਂ ਨੂੰ ਅਖੀਰ ਮਜਬੂਰੀ ਵੱਸ ਸਿੱਖ ਗੁਰੂਦੁਆਰਾ ਜੁਡੀਸ਼ੀਅਲ ਕਮਿਸ਼ਨ ਦਾ ਦਰਵਾਜਾ ਖਟਕਾਉਣਾ
ਪਿਆ। ਉਹਨਾਂ ਕਿਹਾ ਕਿ ਉਹਨਾਂ ਨੇ 7 ਮਾਰਚ 2014 ਨੂੰ ਕਮਿਸ਼ਨ ਕੋਲ ਇੱਕ ਕੇਸ ਦਾਇਰ ਕਰ ਦਿੱਤਾ
ਜਿਸ ਦੇ ਜਵਾਬ ਵਿੱਚ ਪਹਿਲਾਂ ਤਾਂ ਸ਼੍ਰੋਮਣੀ ਕਮੇਟੀ ਗਲਤ ਹੀ ਦਲੀਲਾਂ ਦੇ ਕੇ ਆਪਣੀ ਗਲਤੀ ਨੂੰ
ਸੁਧਾਰਨ ਦੀ ਬਜਾਏ ਠੀਕ ਦੱਸਦੀ ਰਹੀ ਪਰ ਜਦੋਂ ਕਮਿਸ਼ਨ 1852 ਵਾਲਾ ਮਾਲ ਵਿਭਾਗ ਦਾ ਰਿਕਾਰਡ ਪੇਸ਼
ਕਰ ਦਿੱਤਾ ਗਿਆ ਤਾਂ ਫਿਰ ਵੀ ਬੇਸ਼ਰਮਾ ਦੀ ਤਰ੍ਵਾ ਸਿੱਖਾਂ ਦੀ ਇਸ ਨੁੰਮਾਇੰਦਾ ਜਮਾਤ ਦੇ
ਅਧਿਕਾਰੀਆ ਨੇ ਆਪਣੀ ਗਲਤੀ ਮੰਨਣ ਦੀ ਬਜਾਏ ਇਹ ਦਲੀਲ ਦਿੱਤੀ ਕਿ ਇਹ ਸਿੱਲ ਸ਼੍ਰੋਮਣੀ ਕਮੇਟੀ ਦੇ
ਰਿਕਾਰਡ ਮੁਤਾਬਕ ਸ਼੍ਰੋਮਣੀ ਕਮੇਟੀ ਨੇ ਨਹੀਂ ਲਗਵਾਈ, ਸਗੋਂ ਕਿਸੇ ਕਾਰ ਸੇਵਾ ਵਾਲੇ ਸਾਧ ਕੋਲੋ
ਕਿਸੇ ਵਿਅਕਤੀ ਨੇ ਆਪਣੀ ਮਰਜੀ ਨਾਲ ਹੀ ਨਿੱਜੀ ਸੁਆਰਥ ਲਈ ਹੀ ਲਗਵਾ ਦਿੱਤੀ ਗਈ ਸੀ ਤੇ ਹੁਣ ਇਹ
ਸਿੱਲ ਉਤਾਰ ਦਿੱਤੀ ਗਈ ਹੈ।
ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋ ਗਲਤ ਜਾਣਕਾਰੀ ਦਿੰਦੀ ਸਿੱਲ
ਉਤਾਰ ਦਿੱਤੇ ਜਾਣ ਉਪਰੰਤ ਉਹਨਾਂ ਨੇ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ ਪਰ ਉਹਨਾਂ ਨੂੰ ਅਫਸੋਸ
ਜਰੂਰ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਹੀ ਸਿੱਖ ਇਤਿਹਾਸ ਬਾਰੇ ਗਲਤ ਜਾਣਕਾਰੀ ਦੇ ਰਹੀ ਹੈ ਤਾਂ
ਫਿਰ ਸਿੱਖ ਕੌਮ ਦਾ ਰੱਬ ਹੀ ਰਾਖਾ ਹੋਵੇਗਾ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ
ਅਵਤਾਰ ਸਿੰਘ ਮੱਕੜ ਕਈ ਵਾਰੀ ਬਿਆਨ ਦੇ ਚੁੱਕੇ ਹਨ ਕਿ ਸਿੱਖ ਵਿਦਵਾਨਾਂ ਦੀ ਇੱਕ ਕਮੇਟੀ ਬਣਾ
ਕੇ ਸਿੱਖ ਇਤਿਹਾਸ ਦੁਬਾਰਾ ਲਿਖਵਾਇਆ ਜਾਵੇਗਾ ਪਰ ਅੱਜ ਤੱਕ ਇਸ ਬਿਆਨ ਨੂੰ ਬੂਰ ਨਹੀਂ ਪਿਆ।
ਉਹਨਾਂ ਕਿਹਾ ਕਿ ਉਹ ਆਪਣੇ ਸਾਥੀਆ ਨਾਲ ਵਿਚਾਰ ਕਰ ਰਹੇ ਹਨ ਅਤੇ ਲੋੜ ਪਈ ਤਾਂ ਜਲਦੀ ਹੀ ਇੱਕ
ਹੋਰ ਕੇਸ ਕਮਿਸ਼ਨ ਕੋਲ ਦਾਇਰ ਕਰਕੇ ਮੰਗ ਕਰਨਗੇ ਕਿ ਸਿੱਖ ਇਤਿਹਾਸ ਨੂੰ ਨਵੇਂ ਸਿਰੇ ਤੋ
ਲਿਖਵਾਉਣ ਲਈ ਸ਼੍ਰੋਮਣੀ ਕਮੇਟੀ ਨੂੰ ਸਮਾਂਬੱਧ ਕੀਤਾ ਜਾਵੇ।
ਉਹਨਾਂ ਕਿਹਾ ਕਿ ਸਿੱਖ ਨੌਜਵਾਨਾਂ ਦੀ ਹਾਲਤ ਜੋ ਅੱਜ ਹੋ ਰਹੀ ਹੈ ਉਹ
ਵੇਖੀ ਨਹੀਂ ਜਾਂਦੀ ਤੇ ਸ਼ਰੋਮਣੀ ਕਮੇਟੀ ਦੇ ਬਹੁਤੇ ਅਧਿਕਾਰੀਆ ਦੇ ਆਪਣੇ ਪਰਿਵਾਰਕ ਮੈਬਰ ਵੀ
ਘੋਨੇ ਮੋਨੇ ਤੇ ਕਰਮ ਕਾਂਡਾ ਵਿੱਚ ਪੈ ਹੋਏ ਹਨ। ਇਥੋ ਤੱਕ ਸ਼੍ਰੋਮਣੀ ਕਮੇਟੀ ਦੇ ਇੱਕ ਸਕੱਤਰ ਨੇ
ਆਪਣੇ ਹੱਥਾਂ ਦੀਆ ਉਗਲਾਂ ਵਿੱਚ ਨਗਾ ਵਾਲੀਆ ਮੰਦਰੀਆ ਪਾਏ ਹੋਣ ਬਾਰੇ ਵੀ ਪੰਥਕ ਸਫਾਂ ਵਿੱਚ
ਚਰਚਾ ਹੈ। ਉਹਨਾਂ ਕਿਹਾ ਕਿ ਜਦੋਂ ਦੀਵੇ ਥੱਲੇ ਹੀ ਹਨੇਰਾ ਹੈ ਤਾਂ ਫਿਰ ਸਿੱਖ ਪੰਥ ਲਈ ਕੁਝ ਵੀ
ਅੱਛਾ ਨਹੀਂ ਹੋ ਸਕਦਾ।