ਇਕ ਵਾਰ ਦੀ ਗੱਲ ਹੈ, ਇਕ ਬੰਦੇ ਨੇ ਕੁੱਝ ਕੁੱਕੜ ਅਤੇ ਕੁੱਕੜੀਆਂ
ਲਿਆਂਦੀਆਂ ਅਤੇ ਆਪਣੇ ਘਰ ਵਿਚ ਬਣਾਏ ਖੁੱਡੇ ਵਿਚ ਲਿਆ ਕੇ ਤਾੜ ਦਿਤੀਆਂ। ਇਹਨਾ ਵਿੱਚ ਇੱਕ
ਕੁੱਕੜ ਸੀ, ਬਾਕੀ ਸਾਰੀਆਂ ਕੁੱਕੜੀਆਂ ਸਨ। ਜਦੋਂ ਵੀ ਸਵੇਰੇ ਹੁੰਦੀ ਓਹ ਕੁੱਕੜ ਬਾਂਗ ਦਿੰਦਾ
ਤੇ ਓਹ ਕੁਕੜਾਂ ਦਾ ਮਾਲਿਕ ਉਠ ਜਾਂਦਾ ਅਤੇ ਖੁੱਡੇ ਵਿਚੋਂ ਇਕ ਕੁੱਕੜੀ ਫੜ ਕੇ ਲੈ ਜਾਂਦਾ ਅਤੇ
ਓਸ ਕੁੱਕੜੀ ਦਾ ਮੀਟ ਬਣਾ ਕੇ ਖਾ ਜਾਂਦਾ। ਇਸ ਗੱਲ ਦੀ ਚਿੰਤਾ ਬਾਕੀ ਕੁੱਕੜੀਆਂ ਨੂੰ ਵੀ ਹੋਈ
ਅਤੇ ਉਹਨਾ ਦੇਖਿਆ ਕਿ ਜਦੋਂ ਇਹ ਸਾਡੇ ਵਿਚਲਾ ਲਾਲ ਕੁੱਕੜ ਬਾਂਗ ਦਿੰਦਾ, ਉਦੋਂ ਹੀ ਮਾਲਿਕ
ਸੁੱਤਾ ਉਠਦਾ ਹੈ ਅਤੇ ਜੇਕਰ ਓਹ ਸੁੱਤਾ ਨਾ ਉੱਠੇ, ਤਾਂ ਸਾਡੀ ਜਾਨ ਬਚ ਸਕਦੀ ਹੈ।
ਇਨਾਂ
ਸੋਚ ਕੇ ਕੁੱਕੜੀਆਂ ਨੇ ਕੁੱਕੜ ਨਾਲ ਮੀਟਿੰਗ ਰੱਖੀ ਕਿ ਭਾਈ ਕੁੱਕੜ ਜੀ, ਜਦੋਂ ਤੁਸੀਂ ਸਵੇਰੇ
ਬਾਂਗ ਦਿੰਦੇ ਹੋ, ਉਦੋਂ ਹੀ ਮਾਲਿਕ ਉਠਦਾ ਹੈ, ਇਸ ਪਿੱਛੇ ਰਾਜ ਕੀ ਹੈ ? ਤਾਂ ਕੁੱਕੜ ਨੇ ਆਪਣੀ
ਛਾਤੀ ਚੌੜੀ ਕਰਦੇ ਹੋਏ ਕਿਹਾ, ਇਹ ਸਭ ਮੇਰੇ ਕਰਕੇ ਹੈ, ਜੇਕਰ ਮੈਂ ਬਾਂਗ ਨਾ ਦੇਵਾਂ, ਤਾਂ ਦਿਨ
ਨਹੀਂ ਚੱੜ੍ਹਦਾ।
ਇਹ ਸੁਣ ਕੇ ਇਕ ਛੋਟੀ ਜਿਹੀ ਕੁੱਕੜੀ ਨੇ ਕੁੱਕੜ ਨੂੰ ਫੂਕ ਛਕਾਉਂਦੇ ਹੋਏ
ਕਿਹਾ, ਕਿ ਕੁੱਕੜ ਜੀ ਜੇਕਰ ਤੁਸੀਂ ਕਿਹਾ ਜੇਕਰ ਤੁਸੀਂ ਬਾਂਗ ਨਾ ਦੇਵੋ ਤਾਂ ਦਿਨ ਨਹੀਂ ਚੜਦਾ
!!! ਫੇਰ ਸਾਡੀ ਇਕ ਬੇਨਤੀ ਹੈ, ਜੇਕਰ ਤੁਸੀਂ ਕੱਲ ਨੂੰ ਬਾਂਗ ਨਾ
ਦੇਵੋ, ਤਾਂ ਦਿਨ ਨਹੀਂ ਚੜੇਗਾ ਅਤੇ ਜੇਕਰ ਦਿਨ ਨਾ ਚੜਿਆ ਤਾਂ ਮਾਲਿਕ ਨਹੀਂ ਜਾਗੇਗਾ, ਤੇ ਜੇਕਰ
ਮਾਲਿਕ ਨਾ ਜਾਗਿਆ, ਤਾਂ ਸਾਡੀ ਇਕ ਕੁੱਕੜੀ ਦੀ ਜਾਨ ਬਚ ਸਕਦੀ ਹੈ।
ਇਨੇ ਵਿੱਚ ਕੁੱਕੜ ਫੂਕ ਵਿਚ ਆ ਗਿਆ, ਬਈ
ਜੇਕਰ ਕੱਲ ਮੈਂ ਸਵੇਰੇ ਬਾਂਗ ਨਾ ਦਿੱਤੀ, ਤਾਂ ਦਿਨ ਨਹੀਂ ਚੜ੍ਹਨਾ, ਤੇ ਮੇਰੀ ਇਨ੍ਹਾਂ
ਕੁੱਕੜੀਆਂ ਵਿੱਚ ਟੌਹਰ ਬਣ ਜਾਊ।
ਅਗਲਾ ਦਿਨ ਆਇਆ, ਆਪਣੇ ਵਾਅਦੇ ਮੁਤਾਬਕ ਕੁੱਕੜ ਨੇ ਸਵੇਰੇ ਬਾਂਗ ਨਾ
ਦਿੱਤੀ, ਤਾਂ ਮਾਲਿਕ ਉੱਠਣ ਵਿੱਚ ਲੇਟ ਹੋ ਗਿਆ ਅਤੇ ਜਦੋਂ ਉਹ ਉਠਿਆ, ਉਸ ਨੂੰ ਬੜਾ ਗੁੱਸਾ ਆਇਆ
ਅਤੇ ਉਸ ਨੇ ਗੁੱਸੇ ਵਿੱਚ ਆਕੇ ਬਾਂਗ ਦੇਣ ਵਾਲੇ ਕੁੱਕੜ ਨੂੰ ਹੀ ਝਟਕਾ ਦਿੱਤਾ। ਜਦੋਂ
ਕੁੱਕੜ, ਕੁੱਕਰ ਵਿੱਚ ਰਿੱਝ ਰਿਹਾ ਸੀ, ਤਾਂ ਕੁੱਕਰ ਦੀ ਸੀਟੀ ਵੱਜੀ, ਤਾਂ ਇਕ ਕੁੱਕੜੀ ਨੇ
ਕੁੱਕਰ ਦੀ ਸੀਟੀ ਸੁਣ ਕੇ ਵਿਅੰਗਮਈ ਤਰੀਕੇ ਨਾਲ ਕਿਹਾ, ਨੀ ਭਾਈ ਕੁੱਕੜ ਤਾਂ ਹੁਣ ਵੀ ਬਾਂਗਾਂ
ਦੇਈ ਜਾਂਦਾ ਹੈ। ਤਾਂ ਇਕ ਸਿਆਣੀ ਕੁੱਕੜੀ ਨੇ ਕਿਹਾ, ਨੀ ਇਸ ਕੁੱਕੜ
ਦੀ ਆਖਰੀ ਬਾਂਗ ਦਾ ਕਾਰਨ ਅਸੀਂ ਹੀ ਬਣੀਆਂ ਹਾ ਨਾ, ਉਹ ਕੁੱਕੜ ਸਾਡੀ ਛਕਾਈ ਫੂਕ ਵਿੱਚ ਆਉਂਦਾ
ਕਿ ਮੇਰੀ ਦਿੱਤੀ ਬਾਂਗ ਬਿਨਾ ਦਿਨ ਨਹੀਂ ਚੜ੍ਹਦਾ, ਨਾ ਉਹ ਅੱਜ ਸਾਡੀ ਜਗ੍ਹਾ ਆਪ ਬਲੀ ਦਾ
ਕੁੱਕੜ ਬਣਦਾ...
ਸੋ, ਭਾਈ ਕਿਸੇ ਦੀ ਫੂਕ ਵਿਚ ਆਕੇ, ਆਪ ਇਹ ਨਾ ਸੋਚੋ ਕਿ ਸਾਡੇ ਬਿਨਾ
ਕੋਈ ਕੰਮ ਸਿਰੇ ਨਹੀਂ ਚੜ੍ਹਨਾ... ਇਥੇ ਸਿਕੰਦਰ ਵਰਗੇ ਆਕੇ
ਚਲੇ ਗਏ, ਉਨ੍ਹਾਂ ਬਿਨਾ ਵੀ ਦੁਨੀਆ ਨਹੀਂ ਰੁਕੀ । ਜੇਕਰ ਆਪਣੇ ਪੈਰ ਧਰਤੀ 'ਤੇ ਰੱਖ ਕੇ ਚਲੋਗੇ,
ਤਾਂ ਵਧੀਆ ਹੈ। ਬਿਨਾ ਪਰਾਂ ਤੋਂ ਉੱਡਣਾ ਬਹੁਤਾ ਚੰਗਾ ਨਹੀਂ ਹੁੰਦਾ ਹੈ।