Share on Facebook

Main News Page

ਹੁਣ ਕੋਈ ਲਹਿਰ ਸਿੱਖ ਕੌਮ ‘ਚ ਹੋ ਸਕਦੀ ਹੈ ਸ਼ੁਰੂ…?
-: ਜਸਪਾਲ ਸਿੰਘ ਹੇਰਾਂ

141 ਵਰ੍ਹੇ ਪਹਿਲਾ ਸਿੱਖ ਇਤਿਹਾਸ ‘ਚ ਇੱਕ ਅਜਿਹਾ ਇਨਕਲਾਬੀ ਪੰਨਾ ਸ਼ੁਰੂ ਹੋਇਆ ਸੀ, ਜਿਸਨੇ ਸਿੱਖੀ ਹੋਂਦ ਨੂੰ ਲੱਗੇ ਖੋਰੇ ਨੂੰ ਰੋਕਿਆ, ਸਿੱਖੀ ਨੂੰ ਬ੍ਰਾਹਮਣਵਾਦੀ ਘੇਰੇ ‘ਚੋ ਬਾਹਰ ਕੱਢਿਆ ਅਤੇ ਸਿੱਖ ਸਿਧਾਂਤਾ ਦੀ ਪਹਿਰੇਦਾਰੀ ਕਰਦਿਆਂ ਦਸਮੇਸ਼ ਪਿਤਾ ਦੇ ਨਿਆਰੇ ਤੇ ਨਿਰਾਲੇ ਪੰਥ ਦੀ ਮਹਾਨਤਾ ਦਾ ਝੰਡਾ ਬੁਲੰਦ ਕੀਤਾ। ਇੱਕ ਅਕਤੂਬਰ 1873 ਨੂੰ ਦੁਸਹਿਰੇ ਵਾਲੇ ਦਿਨ ਮੰਜੀ ਸਾਹਿਬ ਵਿਖੇ ਸਿੰਘ ਸਭਾ ਲਹਿਰ ਦੀ ਸਥਾਪਨਾ ਹੋਈ ਸੀ। ਇਹ ਲਹਿਰ ਸਿੱਖਾਂ ਨੂੰ ਉਨ੍ਹਾਂ ਦੇ ਅਸਲੀ ਵਿਰਸੇ ਦੀ ਪਛਾਣ ਕਰਾਉਣ, ਸਿੱਖੀ ਨੂੰ ਪਾਖੰਡਵਾਦ, ਆਡੰਬਰਵਾਦ ਤੋਂ ਮੁਕਤ ਕਰਵਾਉਣ ਲਈ ਅਤੇ ਪੰਜਾਬੀ ਮਾਂ ਬੋਲੀ ਦੇ ਪਾਸਾਰ ਲਈ ਸ਼ੁਰੂ ਹੋਈ ਸੀ। ਉਸ ਸਮੇਂ ਅੰਗਰੇਜ਼ ਹਕੂਮਤ ਅਤੇ ਮਹੰਤਾਂ ਦੀ ਮਿਲੀ ਭੁਗਤ ਨਾਲ ਸਿੱਖੀ ਨੂੰ ਮੁੜ ਤੋਂ ਬ੍ਰਾਹਮਣਵਾਦੀ ਰੰਗ ‘ਚ ਰੰਗ ਦਿੱਤਾ ਗਿਆ ਸੀ ਅਤੇ ਗੁਰੂ ਘਰਾਂ ਨੂੰ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੇ ਕੇਂਦਰ ਬਣਾ ਦਿੱਤਾ ਗਿਆ ਸੀ।

ਸਿੱਖ ਪੰਥ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਜੀ ਨੇ ਇਸ ਧਰਮ ਦੀ ਨੀਂਹ ਦੁਨੀਆਂ ਨੂੰ ਗਿਆਨਵਾਨ, ਮਾਨਵਤਾਵਾਦੀ ਬਣਾਉਣ ਅਤੇ ਝੂਠ, ਫਰੇਬ, ਪਾਖੰਡ, ਜ਼ੋਰ ਜਬਰ ਤੇ ਆਡੰਬਰ ਦੇ ਖਾਤਮੇ ਲਈ ਰੱਖੀ ਸੀ ਤਾਂ ਕਿ ਸੱਚ ਦੇ ਚੰਦਰਮਾ ਨਾਲ ਦੁਨੀਆਂ ‘ਚ ਕੂੜ ਤੇ ਝੂਠ ਦੀ ਮੱਸਿਆ ਸਦਾ ਸਦਾ ਲਈ ਖਤਮ ਕੀਤੀ ਜਾ ਸਕੇ। ਸਿੱਖ ਧਰਮ ਨੇ ਬ੍ਰਾਹਮਣ ਤੇ ਕਾਜੀਆਂ ਵੱਲੋਂ ਫੈਲਾਏ ਹਨ ਪਾਖੰਡ ਦਾ ਭਾਂਡਾ ਚੌਰਾਹੇ ‘ਚ ਭੰਨਿਆ ਅਤੇ ਸਚਿਆਰੇ ਜੀਵਨ ਦੀ ਜਾਂਚ ਸਿਖਾਕੇ, ਮਨੁੱਖ ਨੂੰ ਧਰਮੀ ਮਨੁੱਖ ਬਣਨ ਦੇ ਰਾਹ ਤੋਰਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਦਰਜ ”ਧੁਰ ਕੀ ਬਾਣੀ ਨੇ ਸਿੱਖਾਂ ਨੂੰ ਹੀ ਨਹੀਂ, ਸਮੁੱਚੀ ਦੁਨੀਆਂ ਨੂੰ ਜੀਵਨ ਦੇ ਹਰ ਖੇਤਰ ‘ਚ ਸੁਚੱਜੀ ਅਗਵਾਈ ਦਿੱਤੀ ਤੇ ਸਰਬੱਤ ਦੇ ਭਲੇ ਦੇ ਮਿਸ਼ਨ ਦਾ ਪ੍ਰਚਾਰ ਕੀਤਾ। ਦਸਮੇਸ਼ ਪਿਤਾ ਨੇ ਸਿੱਖਾਂ ਨੂੰ ਨਿਰਾਲੇ ਪੰਥ ਦਾ ਸਰੂਪ ਦਿੱਤਾ ਅਤੇ ਦੁਨੀਆਂ ‘ਚ ਹਰ ਜ਼ੁਲਮ ਦੇ ਨਾਸ਼ ਲਈ ਤੇ ਹਰ ਦੁਖਿਆਰੇ ਦਾ ਦੁੱਖ ਦੂਰ ਕਰਨ ਦੀ ਜ਼ਿੰਮੇਵਾਰੀ ਇਸ ਦੇ ਮੋਢਿਆਂ ਤੇ ਪਾ ਦਿੱਤੀ।

ਪ੍ਰੰਤੂ ਸਿੱਖੀ ਦੇ ਨਿਆਰੇ ਤੇ ਨਿਰਾਲੇਪਣ ਦੀਆਂ ਦੁਸ਼ਮਣ ਸ਼ਕਤੀਆਂ ਨੇ ਸਿੱਖਾਂ ‘ਚ ਅਣਖ਼, ਗ਼ੈਰਤ, ਬਹਾਦਰੀ, ਕੁਰਬਾਨੀ ਤੇ ਹੱਕ ਸੱਚ ਤੇ ਡਟਵਾ ਪਹਿਰਾ ਦੇਣ ਦੇ ਗੁਣਾਂ ਤੋਂ ਤ੍ਰਬਕ ਕੇ, ਪੰਥ ਦੇ ਨਿਆਰੇ ਤੇ ਨਿਰਾਲੇ ਸਰੂਪ ਨੂੰ ਖੋਰਾ ਲਾਉਣ ਲਈ ਮੁੜ ਤੋਂ ਬ੍ਰਾਹਮਣੀ ਪੁੱਠ ਦੇਣ ਦੇ ਯਤਨ ਆਰੰਭ ਦਿੱਤੇ। ਸਿੱਖੀ ‘ਚ ਗੁਰੂ ਡੰਮ, ਕਰਮਕਾਂਡ, ਵਹਿਮ-ਭਰਮ ਨੂੰ ਭਾਰੂ ਬਣਾਉਣ ਦੇ ਕੀਤੇ ਯਤਨਾਂ ਵਿਰੁੱਧ 19ਵੀਂ ਸਦੀ ‘ਚ ਸਿੰਘ ਸਭਾ ਲਹਿਰ ਸ਼ੁਰੂ ਹੋਈ ਸੀ, ਜਿਸਨੇ ਸਿੱਖੀ ਸਿਧਾਂਤਾਂ, ਪ੍ਰੰਪਰਾਵਾਂ ਤੇ ਮਰਿਆਦਾ ਦੀ ਮੁੜ ਬਹਾਲੀ ‘ਚ ਵੱਡਾ ਯੋਗਦਾਨ ਪਾਇਆ। 141 ਵਰ੍ਹੇ ਬਾਅਦ ਜੇ ਸਿੱਖਾਂ ਦੀ ਵਰਤਮਾਨ ਹਾਲਤ ਤੇ ਨਜ਼ਰ ਮਾਰੀਏ ਤਾਂ ਸਿੱਖ, ਮੁੜ ਉਥੇ ਹੀ ਖੜ੍ਹੇ ਨਜ਼ਰ ਆ ਰਹੇ ਹਨ, ਜਿੱਥੇ ਸਿੰਘ ਸਭਾ ਲਹਿਰ ਦੀ ਆਰੰਭਤਾ ਸਮੇਂ ਸੀ, ਫਰਕ ਸਿਰਫ ਇਹ ਹੈ ਕਿ ਉਦੋ ਅੰਗਰੇਜ਼ ਤੇ ਮਹੰਤ ਮਿਲਕੇ, ਸਿੱਖਾਂ ਦੀ ਅਣਖ, ਜ਼ਮੀਰ ਤੇ ਸਵੈਮਾਣ ਦੇ ਖਾਤਮੇ ਲਈ ਸਿੱਖੀ ‘ਚ ਮਿਲਾਵਟ ਕਰਨ ਲੱਗੇ ਹੋਏ ਸਨ, ਅੱਜ ਆਧੁਨਿਕ ਮਹੰਤ, ਸੰਘ ਪਰਿਵਾਰ ਨਾਲ ਮਿਲਕੇ ਸਿੱਖੀ ਨੂੰ ਬ੍ਰਾਹਮਣਵਾਦ ਦੀ ਪੁੱਠ ਚਾੜ ਰਹੇ ਹਨ।

ਗੁਰੂ ਡੰਮ ਤੇ ਡੇਰੇਵਾਦ ਦਾ ਜਿਹੜਾ ਬੋਲਬਾਲਾ ਅੱਜ ਹੈ, ਉਹ ਇਸ ਤੋਂ ਪਹਿਲਾ ਕਦੇ ਨਹੀਂ ਰਿਹਾ, ਅੱਜ ਹਰ ਪਾਖੰਡੀ ਸਾਧ, ਖੁਦ ਗੁਰੂ ਬਣ ਕੇ ਬੈਠਾ ਹੈ, ਉਸ ਸਮੇਂ ਤਾਂ ਸਿੱਖਾਂ ‘ਚ ਅਨਪੜ੍ਹਤਾ ਸੀ, ਜਿਸਦਾ ਲਾਹਾ ਪਾਖੰਡੀ, ਮਕਾਰ ਮਹੰਤ ਲੈ ਰਹੇ ਸਨ, ਪ੍ਰੰਤੂ ਅੱਜ ਪੜ੍ਹੇ ਲਿਖੇ ਸਿੱਖ, ਪਾਖੰਡੀ ਸਾਧਾਂ ਦੇ ਪੈਰਾਂ ‘ਚ ਮੱਥੇ ਰਗੜ ਰਹੇ ਹਨ, ਮੁੰਡੇ ਮੰਗ ਰਹੇ ਹਨ, ਕਾਰੋਬਾਰ ‘ਚ ਵਾਧਾ ਕਰਵਾ ਰਹੇ ਹਨ, ਨੌਕਰੀਆਂ ਦਾ ਪ੍ਰਬੰਧ ਕਰਵਾਇਆ ਜਾ ਰਿਹਾ, ਰਿਸ਼ਤਿਆਂ ਲਈ ਰੇਖ ‘ਚ ਮੇਖ ਮਰਵਾਈ ਜਾ ਰਹੀ ਹੈ। ਗੁਰੂ ਤੋਂ ਭਰੋਸਾ ਖਤਮ ਹੋ ਗਿਆ ਹੈ, ਪਾਖੰਡੀ ਸਾਧਾਂ ਤੋਂ ਮਨੋਕਾਮਨਾਵਾਂ ਪੂਰੀਆਂ ਕਰਵਾਈਆ ਜਾ ਰਹੀਆਂ ਹਨ, ਸਿੱਖਾਂ ‘ਚ ਦਿਨ ਦਿਹਾੜੇ, ਸੁਭ-ਅਸ਼ੁੱਭ ਗ੍ਰਹਾਂ ਦਾ ਪ੍ਰਭਾਵ, ਟੇਵੇ ,ਉਪਾਅ, ਸ਼ਰਾਧਾਂ ਦਾ ਜ਼ੋਰ ਹੈ, ਗਾਤਰੇ ਵਾਲੇ ਸਿੱਖ, ਮੜੀਆਂ ਮਸਾਣਾਂ ਤੇ ਮੱਥੇ ਰਗੜਦੇ ਫਿਰ ਰਹੇ ਹਨ, ਸਿੱਖੀ ਕੱਚੀ ਤੇ ਗੁਰੂ ਘਰ ਪੱਕੇ ਹੋ ਰਹੇ ਹਨ, ਸਿੱਖਾਂ ਦੇ ਘਰਾਂ ‘ਚ ਪੰਜਾਬੀ ਨੂੰ ਨਿਕਾਲਾ ਦੇ ਦਿੱਤਾ ਗਿਆ ਹੈ, ਸਿੱਖ ਮੁੰਡੇ ਪਤਿਤ ਹੋਣਾ ਫੈਸ਼ਨ ਮੰਨ ਰਹੇ ਹਨ, ਸਿੱਖ ਕੁੜੀਆਂ ਵੀ ਇਸੇ ਦੌੜ ‘ਚ ਸ਼ਾਮਲ ਹ।

ਅੱਜ ਸਿੱਖਾਂ ‘ਚ ਏਕਤਾ ਦੀ ਥਾਂ ਧੜੇਬੰਦੀਆਂ, ਨਿੱਜੀ ਹਊਮੈ, ਪਦਾਰਥ ਤੇ ਸੁਆਰਥ ਦੀ ਦੌੜ ਲੱਗੀ ਹੋਈ ਹੈ ਅਤੇ ਇਸ ਅੰਨ੍ਹੀ ਦੌੜ ‘ਚ ਗੁਰੂ ਤੇ ਗੁਰਬਾਣੀ ਵਿਖਾਈ ਦੇਣੀ ਬੰਦ ਹੋ ਗਈ ਹੈ, ਜਿਸ ਕਾਰਣ ਅੱਜ ਸਿੱਖੀ ਨੂੰ ਅੰਦਰੋ ਤੇ ਬਾਹਰੋ, ਬਾਣੀ ਤੇ ਬਾਣੇ ਨੂੰ ਮੁੜ ਉਹੀ ਖਤਰਾ ਖੜਾ ਹੋ ਗਿਆ ਹੈ, ਜਿਹੜਾ 19ਵੀਂ ਸਦੀ ‘ਚ ਪੈਦਾ ਹੋਇਆ ਸੀ, ਪ੍ਰੰਤੂ ਸਿੰਘ ਸਭਾ ਲਹਿਰ ਚਲਾਉਣ ਵਾਲੀ ਗਿਆਨੀ ਦਿੱਤ ਸਿੰਘ ਵਰਗੀ ਸੱਚੀ-ਸੁੱਚੀ ਸਖਸ਼ੀਅਤ ਵਿਖਾਈ ਨਹੀ ਦੇ ਰਹੀ।

ਅਸੀਂ ਉਮੀਦ ਕਰਦੇ ਹਾਂ ਕਿ ਕੂੜ ਦੀ ਇਸ ਅਵਾਮਸ ਦੇ ਖਾਤਮੇ ਲਈ ਸੱਚ ਦਾ ਚੰਦਰਮਾ ਜ਼ਰੂਰ ਚੜੇਗਾ ਅਤੇ ਪੰਥ ਦਰਦੀ ਦੂਜੀ ਸਿੰਘ ਸਭਾ ਲਹਿਰ ਦੀ ਆਰੰਭਤਾ ਲਈ ਪੂਰੀ ਦ੍ਰਿੜਤਾ ਨਾਲ ਕਮਰਕੱਸੇ ਕਰਕੇ ਅੱਗੇ ਆਉਣਗੇ। ਚੰਗਾ ਹੋਵੇ ਜੇ ਭਲਕੇ ਸਿੱਖ ਪੰਥ ਦੇ ਦਰਦੀ ਸਿੰਘ ਸਭਾ ਲਹਿਰ ਦੀ ਲੋੜ ਬਾਰੇ ਆਪੋ ਆਪਣੇ ਮਨਾਂ ‘ਚ ਕੋਈ ਫੈਸਲਾ ਕਰ ਲੈਣ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top