Share on Facebook

Main News Page

ਸੁਖਬੀਰ ਬਾਦਲ ਆਪਣੀ ਪਾਰਟੀ ਦੇ ਸਵਰਗੀ ਪ੍ਰਧਾਨ ਦੀ ਮਾਤਮਪੁਰਸ਼ੀ ‘ਚੋਂ ਸੁੱਚੇ ਮੂੰਹ ਵਾਪਸ ਪਰਤੇ – ਜਥੇਦਾਰ ਤਲਵੰਡੀ ਬਾਰੇ ਸੁਖਬੀਰ ਬਾਦਲ ਤੋਂ ਜੁੜਿਆ ਨਾ ਇੱਕ ਵੀ ਸ਼ਬਦ

ਰਾਏਕੋਟ (ਲੁਧਿਆਣਾ), 26 ਸਤੰਬਰ : ਪਾਰਟੀ ਦਾ ਵਰਤਮਾਨ ਪ੍ਰਧਾਨ ਆਪਣੀ ਹੀ ਪਾਰਟੀ ਦੇ ਸਵਰਗੀ ਪ੍ਰਧਾਨ ਜਿਸਦਾ ਸਿੱਖ ਸਿਆਸਤ ‘ਚ ਵੱਡਾ ਨਾਮ ਰਿਹਾ ਹੈ, ਉਸਦੀ ਮੌਤ ਤੋਂ ਇੱਕ ਹਫ਼ਤਾ ਬਾਅਦ, ਉਸਦੇ ਜ਼ੱਦੀ ਘਰ ਉਸਦੇ ਪਰਿਵਾਰ ਪਾਸ ਮਾਤਮਪੁਰਸ਼ੀ ਲਈ ਪੁੱਜਦਾ ਹੈ। ਉਸਦੇ ਪਰਿਵਾਰ ਨਾਲ ਰਸਮੀ ਦੁੱਖ ਦਾ ਪ੍ਰਗਟਾਵਾ ਕਰਦਾ ਹੈ, ਪ੍ਰੰਤੂ ਇਸ ਮੌਕੇ ਉਹ ਆਪਣੀ ਪਾਰਟੀ ਦੇ ਬਜ਼ੁਰਗ ਆਗੂ, ਜਿਸਨੂੰ ਲੋਹ ਪੁਰਸ਼ ਆਖਿਆ ਜਾਂਦਾ ਸੀ ਬਾਰੇ ਇੱਕ ਵੀ ਸ਼ਬਦ ਬੋਲਣ ਤੋਂ ਪੂਰੀ ਤਰ੍ਹਾਂ ਟਾਲਾ ਵੱਟ ਗਿਆ। ਹਸਪਤਾਲ ‘ਚ ਜ਼ਿੰਦਗੀ ਮੌਤ ਦੀ ਤਿੰਨ ਹਫ਼ਤੇ ਲੜਾਈ ਲੜਦੇ ਰਹੇ ਆਪਣੀ ਪਾਰਟੀ ਦੇ ਬਜ਼ੁਰਗ ਜਰਨੈਲ ਦੀ ਸਾਰ ਤੱਕ ਨਾ ਲੈਣ ਕਾਰਨ, ਮੀਡੀਏ ਦੀ ਅਲੋਚਨਾ ਦਾ ਸ਼ਿਕਾਰ ਹੋਏ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਸ਼ਾਇਦ ਅੱਜ ਵੀ ਇਹੋ ਡਰ ਸੀ ਕਿ ਉਹ ਇਸ ਸੁਆਲ ਦਾ ਕੀ ਜਵਾਬ ਦੇਵੇਗਾ?

ਪਾਰਟੀ ‘ਚ ਟਕਸਾਲੀ ਆਗੂਆਂ ਦੇ ਅਲੋਪ ਹੋਣ, ਉਨ੍ਹਾਂ ਦੇ ਪਰਿਵਾਰਾਂ ਦੀ ਸਾਰ ਨਾ ਲੈਣ ਅਤੇ ਪਾਰਟੀ ਦੀ ਜੱਥੇਦਾਰ ਦਿਖ ਦੇ ਖਾਤਮੇ ਦਾ ਕੀ ਜਵਾਬ ਦੇਵੇਗਾ? ਜੱਥੇਦਾਰ ਤਲਵੰਡੀ ਦੀ ਪਹਿਲਾਂ ਹਸਪਤਾਲ ‘ਚ ਸਾਰ ਨਾ ਲੈਣੀ, ਫ਼ਿਰ ਉਸਦੇ ਅੰਤਿਮ ਸੰਸਕਾਰ ਮੌਕੇ ਗ਼ੈਰ ਹਾਜ਼ਰ ਰਹਿਣ ਤੋਂ ਬਾਅਦ, ਅੰਤਿਮ ਅਰਦਾਸ ‘ਚੋਂ ਵੀ ਲਾਂਭੇ ਰਹਿਣ ਦੀ ਚਲਾਕੀ ਨਾਲ ਅੱਜ ਸੁਖਬੀਰ ਬਾਦਲ ਦੀ ਮਾਰੀ ਗਈ ਤਲਵੰਡੀ ਗੇੜੀ ਅਤੇ ਇਸ ਮੌਕੇ ਉਸਦੀ ਚੁੱਪੀ ਕਾਰਨ ਸਿੱਖ ਸਿਆਸਤ ‘ਚ ਜਿੱਥੇ ਨਵੀਂ ਚਰਚਾ ਛਿੜ ਗਈ ਹੈ, ਉਥੇ ਟਕਸਾਲੀ ਸ਼ਬਦ ਦੇ ਭੋਗ ਤੋਂ ਚਿੰਤਤ ਸਿੱਖ ਆਗੂਆਂ ‘ਚ ਨਵਾਂ ਰੋਸ ਵੀ ਪੈਦਾ ਕਰ ਗਈ ਹੈ। ਇਸਦਾ ਆਉਣ ਵਾਲੀ ਸਿੱਖ ਸਿਆਸਤ ‘ਤੇ ਕੀ ਪ੍ਰਭਾਵ ਪਵੇਗਾ ਇਹ ਤਾਂ ਸਮਾਂ ਹੀ ਦੱਸੇਗਾ, ਪ੍ਰੰਤੂ ਸੁਖਬੀਰ ਬਾਦਲ ਵੱਲੋਂ ਟਕਸਾਲੀ ਆਗੂਆਂ ਅਤੇ ਟਕਸਾਲੀ ਪਰਿਵਾਰਾਂ ਦੀ ਅਣਦੇਖੀ ਨੇ ਸਿੱਖ ਸਿਆਸਤ ‘ਚ ਨਵੇਂ ਅਧਿਆਏ ਦੀ ਨੀਂਹ ਜ਼ਰੂਰ ਰੱਖ ਦਿੱਤੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਨੂੰ ਪਾਰਟੀ ਅਤੇ ਉਹਨਾਂ (ਸੁਖਬੀਰ ਸਿੰਘ ਬਾਦਲ) ਦਾ ਮਾਰਗ ਦਰਸ਼ਕ ਦੱਸਦਿਆ ਪ੍ਰਗਟਾਵਾ ਕੀਤਾ ਕਿ ਉਹਨਾਂ ਨੇ ਜੱਥੇਦਾਰ ਤਲਵੰਡੀ ਜੀ ਤੋਂ ਜੀਵਨ ‘ਚ ਬਹੁਤ ਕੁਝ ਸਿੱਖਿਆ ਹੈ ਅਤੇ ਉਹਨਾਂ (ਜੱਥੇਦਾਰ ਤਲਵੰਡੀ) ਨੇ ਵੀ ਉਹਨਾਂ ਨੂੰ ਆਪਣੇ ਪਰਿਵਾਰਕ ਮੈਬਰ ਵਾਂਗ ਪਿਆਰ ਦਿੱਤਾ ਹੈ, ਇਸ ਸਮੇ ਨੂੰ ਆਪਣੇ ਜੀਵਨ ਦਾ ਅਹਿਮ ਸਮਾਂ ਦੱਸਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਸ ਨੂੰ ਕਦੇ ਵੀ ਆਪਣੇ ਚੇਤੇ ‘ਚੋਂ ਵਿਸਾਰਿਆ ਨਹੀ ਜਾ ਸਕਦਾ। ਅੱਜ ਪਿੰਡ ਤਲਵੰਡੀ ਰਾਏ ਵਿਖੇ ਜੱਥੇਦਾਰ ਤਲਵੰਡੀ ਦੀ ਦਿਹਾਂਤ ਉਪਰੰਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸ. ਸੁਖਬੀਰ ਸਿੰਘ ਬਾਦਲ ਨੇ ਤਲਵੰਡੀ ਪਰਿਵਾਰ ਵੱਲੋਂ ਪੰਥ, ਪੰਜਾਬ ਅਤੇ ਪਾਰਟੀ ਲਈ ਕੀਤੇ ਅਣਥੱਕ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਜੱਥੇਦਾਰ ਤਲਵੰਡੀ ਦੀ ਮੌਤ ਨੂੰ ਵੱਡਾ ਘਾਟਾ ਕਰਾਰ ਦਿੱਤਾ।

ਉਹਨਾਂ ਸਾਬਕਾ ਵਿਧਾਇਕ ਸ. ਰਣਜੀਤ ਸਿੰਘ ਤਲਵੰਡੀ, ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਪਰਿਵਾਰਕ ਮੈਬਰਾਂ ਨਾਲ ਬੈਠ ਕੇ ਜੱਥੇਦਾਰ ਤਲਵੰਡੀ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆ ਕਿਹਾ ਕਿ ਜੱਥੇਦਾਰ ਤਲਵੰਡੀ ਨੇ ਵਰ੍ਹਦੀਆਂ ਗੋਲੀਆਂ ਦੌਰਾਨ ਵੀ ਪਾਰਟੀ ਅਤੇ ਸੂਬੇ ਦੀ ਬਿਹਤਰੀ ਅਤੇ ਮਜ਼ਬੂਤੀ ਲਈ ਆਪਣੀ ਜਾਨ ਦੀ ਪ੍ਰਵਾਹ ਵੀ ਨਹੀ ਕੀਤੀ।ਉਹ ਛੋਟੇ ਹੁੰਦਿਆਂ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨਾਲ ਤਲਵੰਡੀ ਆਉਦੇ ਹੁੰਦੇ ਸਨ, ਜੱਥੇਦਾਰ ਤਲਵੰਡੀ ਦੀ ਪ੍ਰੇਰਨਾ ਸਦਕੇ ਹੀ ਉਹ ਅੱਜ ਪਾਰਟੀ ਪ੍ਰਧਾਨ ਹਨ। ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਭਵਿੱਖ ਵਿੱਚ ਵੀ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਵੱਲੋਂ ਦਰਸਾਏ ਮਾਰਗ ‘ਤੇ ਚੱਲੇਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top