Share on Facebook

Main News Page

ਮੋਦੀ ਪ੍ਰਤੀ ਗੁਜਰਾਤੀਆਂ ਦਾ ਪ੍ਰੇਮ, ਬਾਦਲਾਂ ਪ੍ਰਤੀ ਸਿੱਖਾਂ ਦੀ ਨਫ਼ਰਤ… ਕਿਉਂ…?
-: ਜਸਪਾਲ ਸਿੰਘ ਹੇਰਾਂ
Sept 25, 2014

ਮੋਦੀ ਅਮਰੀਕਾ ਦੀ ਫੇਰੀ ‘ਤੇ ਗਏ ਹਨ। ਉਥੇ ਅਮਰੀਕੀ ਹਕੂਮਤ, ਜਿਹੜੀ ਭਾਰਤ ਨੂੰ ਆਪਣੀ ਸਭ ਤੋਂ ਅਹਿਮ ਤੇ ਵੱਡੀ ਮੰਡੀ ਸਮਝਦੀ ਹੈ, ਜਿਹੜੀ ਚਾਹੁੰਦੀ ਹੈ ਕਿ ਉਸ ਦੇ ਦੇਸ਼ ਦੀਆਂ ਵੱਡੀਆਂ ਕੰਪਨੀਆਂ ਭਾਰਤ ‘ਚ ਜਾ ਕੇ ਭਾਰਤੀਆਂ ਨੂੰ ਚੰਗੀ ਤਰ੍ਹਾਂ ਲੁੱਟਣ, ਉਸ ਹਕੂਮਤ ਵੱਲੋਂ ਉਸ ਮੋਦੀ ਦਾ, ਜਿਸਨੂੰ ਹਾਲੇ ਕੁਝ ਮਹੀਨੇ ਪਹਿਲਾਂ ਹੀ ਉਹ ਵੀਜ਼ਾ ਦੇਣ ਲਈ ਤਿਆਰ ਨਹੀਂ ਸੀ, ਅੱਖਾਂ ਦੀਆਂ ਪਲਕਾਂ ‘ਤੇ ਬਿਠਾ ਕੇ ਸੁਆਗਤ ਦੀਆਂ ਤਿਆਰੀਆਂ ਹਨ। ਸਰਮਾਰੇਦਾਰ ਧਿਰਾਂ ਦੇ ਅਸੂਲ ਨਹੀਂ ਹੁੰਦੇ, ਉਨ੍ਹਾਂ ਲਈ ਸਿਰਫ਼ ਤੇ ਸਿਰਫ਼ ਆਪਣਾ ਲਾਹਾ ਹੀ ਮਾਇਨੇ ਰੱਖਦਾ ਹੈ। ਉਸ ਲਈ ਉਹ ਕਿਸੇ ਦੇ ਵੀ ਦੋਸਤ ਤੇ ਕਿਸੇ ਦੇ ਵੀ ਦੁਸ਼ਮਣ ਹੋ ਸਕਦੇ ਹਨ। ਇਸ ਲਈ ਅਸੀਂ ਸਮਝਦੇ ਹਾਂ ਕਿ ਅਮਰੀਕਾ ‘ਚ ਮੋਦੀ ਦਾ ਜਾਂ ਭਾਰਤ ਦੇ ਪ੍ਰਧਾਨ ਮੰਤਰੀ ਦਾ ਸੁਆਗਤ ਨਹੀਂ ਹੋਣਾ, ਸਗੋਂ ਉਸ ਬੱਕਰੇ ਦਾ ਸੁਆਗਤ ਹੋਣਾ ਹੈ, ਜਿਸਨੂੰ ਕੱਲ੍ਹ ਨੂੰ ਅਮਰੀਕੀ ਕੰਪਨੀਆਂ ਨੇ ਜੀਅ-ਜਾਨ ਨਾਲ ਹਲਾਲ ਕਰਨਾ ਹੈ।

ਅਸੀਂ ਮੋਦੀ ਸਰਕਾਰ ਆਉਣ ਤੇ ਇਹ ਖਦਸ਼ਾ ਪ੍ਰਗਟਾਇਆ ਸੀ ਕਿ ਮੋਦੀ ਸਰਕਾਰ ਇੱਕ ਤਾਂ ਦੇਸ਼ ਦਾ ਭਗਵਾਂਕਰਨ ਕਰੂੰਗੀ, ਦੂਜਾ ਦੇਸ਼ ਨੂੰ ਬਹੁਕੌਮੀ ਕੰਪਨੀਆਂ ਦੇ ਹੱਥ ਵੇਚੂਗੀ। ਉਹ ਵਰਤਾਰਾ ਬਾਖ਼ੂਬੀ ਸ਼ੁਰੂ ਹੋ ਗਿਆ ਹੈ। ਖ਼ੈਰ! ਸਾਡਾ ਅੱਜ ਦਾ ਵਿਸ਼ਾ ਮੋਦੀ ਦੇ ਵਾਈਟ ਹਾਊਸ ‘ਚ ਸੁਆਗਤ ਦਾ, ਕਿਸੇ ਪ੍ਰਾਂਤ ਦੇ ਲੋਕਾਂ ਦੀਆਂ ਆਪਣੇ ਸੂਬੇ ਅਤੇ ਸੂਬੇ ਦੇ ਆਗੂ ਨਾਲ ਜੁੜੀਆਂ ਭਾਵਨਾਵਾਂ ਦਾ ਹੈ। ਮੋਦੀ ਦੇ ਸੁਆਗਤ ਲਈ ਜਿਸ ਹਾਲ ‘ਚ ਸੁਆਗਤੀ ਸਮਾਗਮ ਹੋਣਾ ਹੈ, ਉਸਦੀ ਸਮਰੱਥਾ ਸਿਰਫ਼ 17 ਹਜ਼ਾਰ ਲੋਕਾਂ ਦੇ ਬੈਠਣ ਦੀ ਹੈ, ਪ੍ਰੰਤੂ 40 ਹਜ਼ਾਰ ਲੋਕਾਂ ਨੇ ਉਸ ਹਾਲ ਦੀ ਬੁਕਿੰਗ ਲਈ ਆਨ-ਲਾਈਨ ਦਰਖਾਸਤਾਂ ਦਿੱਤੀਆਂ ਹਨ ਅਤੇ ਇਹ ਸਾਰੇ ਗੁਜਰਾਤੀ ਹਨ। ਜਿੰਨ੍ਹਾਂ ਕਲਾਕਾਰਾਂ ਨੇ ਉਸ ਸਮਾਗਮ ‘ਚ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਾ ਹੈ, ਉਹ ਵੀ ਸਾਰੇ ਗੁਜਰਾਤੀ ਹਨ। ਗੁਜਰਾਤ ਦੇ ਹਿੰਦੂਆਂ ‘ਚ ਜਜ਼ਬਾ ਹੈ, ਉਹ ਆਪਣੇ ਗੁਜਰਾਤ ਦੇ ਇਸ ਹਿੰਦੂ ਆਗੂ ਨੂੰ ਦੁਨੀਆਂ ‘ਚ ਸੂਰਜ ਵਾਂਗੂੰ ਚਮਕਾਉਣਾ ਚਾਹੁੰਦੇ ਹਨ ਅਤੇ ਉਸਨੂੰ ਅੱਖਾਂ ਦੀਆਂ ਪਲਕਾਂ ‘ਤੇ ਬਿਠਾ ਕੇ ਦੁਨੀਆਂ ‘ਚ ਉਸਦੀ ਸ਼ਾਨ ਦਾ ਇਤਿਹਾਸ ਸਿਰਜਣਾ ਚਾਹੁੰਦੇ ਹਨ।

ਅਸੀਂ ਮੋਦੀ ਦੀ ਗੁਜਰਾਤੀਆਂ ‘ਚ ਚੜ੍ਹਤ ਨੂੰ ਮਾੜਾ ਨਹੀਂ ਮੰਨਦੇ, ਈਰਖਾ ਜਾਂ ਸਾੜਾ ਨਹੀਂ ਕਰਦੇ। ਅਸੀਂ ਚਾਹੁੰਦੇ ਹਾਂ ਕਿ ਜਿਹੜੇ ਬਾਦਲ ਪਿਉ-ਪੁੱਤਰ ਹਰ ਵੇਲੇ ਮੋਦੀ ਦਾ ਜਾਪ ਜਪਦੇ ਹਨ, ਉਸਦੇ ਅੱਗੇ ਪਿੱਛੇ ਗੇੜੇ ਕੱਢਦੇ ਹਨ, ਉਸਦੇ ਸੋਹਲੇ ਗਾਉਂਦੇ ਥੱਕਦੇ ਨਹੀਂ, ਉਹ ਮੋਦੀ ਪ੍ਰਤੀ ਗੁਜਰਾਤੀਆਂ ਦੇ ਪ੍ਰੇਮ ਤੋਂ ਸਬਕ ਲੈਣ। ਕਿਸ ਤਰ੍ਹਾਂ ਮੋਦੀ ਦੇ ਸੂਬੇ ਦੇ ਲੋਕ ਉਸ ਪ੍ਰਤੀ ਦੀਵਾਨੇ ਹਨ ਅਤੇ ਆਪਣੇ ਆਗੂ ਦੀ ਦੁਨੀਆਂ ਦੇ ਵੱਡੇ ਆਗੂ ਵਜੋਂ ਜੈ-ਜੈਕਾਰ ਕਰਵਾਉਣੀ ਚਾਹੁੰਦੇ ਹਨ। ਦੂਜੇ ਪਾਸੇ ਬਾਦਲ ਪਿਉ-ਪੁੱਤਰ ‘ਚ ਇਹ ਜੁਰੱਅਤ ਨਹੀਂ ਕਿ ਉਹ ਵਿਦੇਸ਼ਾਂ ‘ਚ ਜਾ ਕੇ ਆਪਣੇ ਭਾਈਚਾਰੇ ‘ਚ ਬੈਠ ਕੇ, ਉਨ੍ਹਾਂ ਨਾਲ ਦੁੱਖ-ਸੁੱਖ ਕਰ ਸਕਣ, ਪੰਜਾਬ ਦੀ ਬਿਹਤਰੀ ਲਈ ਕੋਈ ਪ੍ਰੋਗਰਾਮ ਉਲੀਕ ਸਕਣ। ਵਿਦੇਸ਼ਾਂ ਦੀ ਧਰਤੀ ‘ਤੇ ਬੈਠੇ ਸਿੱਖ ਜੇ ਕਿਸੇ ਸਿੱਖ ਆਗੂ ਨੂੰ ਸਭ ਤੋਂ ਵੱਧ ਨਫ਼ਰਤ ਕਰਦੇ ਹਨ, ਗਾਲ੍ਹਾਂ ਕੱਢਦੇ ਹਨ, ਸ਼ੋਸ਼ਲ ਮੀਡੀਏ ‘ਤੇ ਉਸਦੀ ਐਹੀ-ਤੈਹੀ ਫੇਰਦੇ ਹਨ ਤਾਂ ਇਸ ਨਫ਼ਰਤ ਦਾ ਆਖ਼ਰ ਕਾਰਣ ਕੀ ਹੈ? ਇੱਕ ਪਾਸੇ ਗੁਜਰਾਤੀ ਮੋਦੀ ਨੂੰ ਵੇਖਣ ਸੁਣਨ ਲਈ ਉਤਾਵਲੇ ਹਨ, ਉਥੇ ਦੂਜੇ ਪਾਸੇ ਸਿੱਖ ਬਾਦਲਾਂ ਨੂੰ ਸਿੱਖ ਤੇ ਪੰਜਾਬ ਵਿਰੋਧੀ ਵਜੋਂ ਪੇਸ਼ ਕਰਕੇ, ਉਨ੍ਹਾਂ ਦੀ ਐਹੀ-ਤੈਹੀ ਫੇਰਨ ਲਈ ਕਾਹਲੇ ਹਨ।

ਅਸੀਂ ਚਾਹੁੰਦੇ ਹਾਂ ਕਿ ਬਾਦਲ ਪਿਉ-ਪੁੱਤਰ ਜੇ ਗੁਜਰਾਤ ਮਾਡਲ ਦੀ ਹੁੱਭ ਕੇ ਗ਼ੱਲ ਕਰਦੇ ਹਨ ਤਾਂ ਉਨ੍ਹਾਂ ਨੂੰ ਮੋਦੀ ਦੀ ਗੁਜਰਾਤ ‘ਚ ਹਰਮਨ-ਪਿਆਰਤਾ ਅਤੇ ਬਾਦਲਾਂ ਦੀ ਸਿੱਖਾਂ ‘ਚ ਤੂਏ-ਤੂਏ ਬਾਰੇ ਜ਼ਰੂਰ ਸੋਚਣਾ ਪਵੇਗਾ ਕਿ ਆਖ਼ਰ 5 ਵਾਰੀ ਮੁੱਖ ਮੰਤਰੀ ਬਣਨ ਵਾਲੇ ਅਤੇ 25 ਸਾਲ ਰਾਜ ਦਾ ਦਾਅਵਾ ਕਰਨ ਵਾਲੇ ਬਾਦਲ ਪਿਉ-ਪੁੱਤਰ ਨੂੰ ਕੌਮ ਨੇ ਐਨਾ ਬੁਰੀ ਤਰ੍ਹਾਂ ਨਕਾਰ ਕਿਉਂ ਦਿੱਤਾ ਹੈ?

ਇੱਕ ਪਾਸੇ ਅਕਾਲੀ ਦਲ ਦੇ ਭੋਗ ਦੀ ਚਰਚਾ ਚੱਲਦੀ ਹੈ, ਦੂਜੇ ਪਾਸੇ ਟਕਸਾਲੀ ਆਗੂਆਂ ਦੇ ਪਾਰਟੀ ‘ਚੋਂ ਗਾਇਬ ਹੋਣ ‘ਤੇ ਚਿੰਤਾ ਪ੍ਰਗਟਾਈ ਜਾ ਰਹੀ ਹੈ ਅਤੇ ਤਿੰਨ ਫੁੱਟੀ ਕ੍ਰਿਪਾਨ ਵਾਲੇ ਜੱਥੇਦਾਰਾਂ ਦੀ ਪੀੜ੍ਹੀ ਮੁੱਕ ਜਾਣ ਤੇ ਦੁੱਖ ਪ੍ਰਗਟਾਇਆ ਜਾ ਰਿਹਾ ਹੈ। ਸਿੱਖੀ ਸਿਧਾਤਾਂ ਦੇ ਹੋਏ ਘਾਣ, ਸਿੱਖ ਸੰਸਥਾਵਾਂ ਦੀ ਗ਼ੁਲਾਮੀ, ਕੌਮ ਦੇ ਵਿਹੜੇ ਦੀਆਂ ਚਿੰਤਾਵਾਂ ਹਨ। ਜਿੰਨ੍ਹਾਂ ਨੂੰ ਬਾਦਲ ਦੂਰ ਕਰਨ ਦੀ ਥਾਂ ਛੇਤੀ-ਛੇਤੀ ਥੋਪਣ ਲੱਗੇ ਹੋਏ ਹਨ ਅਤੇ ਇਸੇ ਕਾਰਣ ਬਾਦਲਾਂ ਨਾਲੋਂ ਕੌਮ ਦਾ ਮੋਹ ਭੰਗ ਹੋ ਚੁੱਕਾ ਹੈ। ਮੋਦੀ ਦੇ ਗੁਜਰਾਤ ਪ੍ਰੇਮ ਤੇ ਗੁਜਰਾਤੀਆਂ ਦੇ ਮੋਦੀ ਪ੍ਰੇਮ ਤੋਂ ਬਾਦਲ ਕੋਈ ਸਬਕ ਸਿੱਖਣਗੇ ਜਾਂ ਨਹੀਂ? ਇਹ ਵੇਖਣ ਵਾਲੀ ਗ਼ੱਲ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top