ਅੰਮ੍ਰਿਤਸਰ,
(14 ਸਤੰਬਰ, ਹਰਪ੍ਰੀਤ ਸਿੰਘ ਗਿੱਲ)- ਕਿਰਤ ਕਰਨੀ ਤੇ ਵੰਡ ਛਕਣਾ ਸਿੱਖ ਧਰਮ ਦੇ ਮੁੱਢਲੇ
ਨੇਮਾਂ ‘ਚ ਸ਼ਾਮਿਲ ਹਨ ਅਤੇ ਇਨ੍ਹਾਂ ਦਾ ਅੱਗੋਂ ਵਿਸਥਾਰ ਕਰਦਿਆਂ ਗੁਰੂ ਅੰਗਦ ਦੇਵ ਜੀ ਨੇ
ਦਸਵੰਧ ਤੇ ਲੰਗਰ ਦੀਆਂ ਪ੍ਰਥਾਵਾਂ ਆਰੰਭ ਕੀਤੀਆਂ, ਇਸਦੇ ਪ੍ਰਸਾਰ ਤਹਿਤ ਸਿੱਖਾਂ ਨੇ ਕਿਸੇ
ਕੁਦਰਤੀ ਕਰੋਪੀ ਮੌਕੇ ਹਮੇਸ਼ਾਂ ਧਰਮ ਨਿਰਪੱਖਤਾ ਨਾਲ ਲੋੜਵੰਦਾਂ ਦੀ ਸਹਾਇਤਾ ਕੀਤੀ ਹੈ ਅਤੇ
ਹੁਣ ਕਸ਼ਮੀਰ ‘ਚ ਹੜ੍ਹਾਂ ਮੌਕੇ ਕੀਤੇ ਜਾ ਰਹੇ ਰਾਹਤ ਕਾਰਜ਼ਾਂ ਨੇ ਸਿੱਖਾਂ ਦਾ ਮਾਣ ਮੁੜ
ਕੌਮੀ ਪੱਧਰ ‘ਤੇ ਵਧਾਇਆ ਹੈ। ਗੁਜਰਾਤ ਦੇ ਭੁਜ ਕੱਛ ਖੇਤਰ ‘ਚ 2001 ਦੇ ਭਿਆਨਕ ਭੁਚਾਲ,
2004 ‘ਚ ਉੜੀਸਾ ਦੀ ਸੁਨਾਮੀ ਤੇ ਪਿਛਲੇ ਸਾਲ ਉਤਰਾਖੰਡ ‘ਚ ਵਾਪਰੀ ਕੁਦਰਤੀ ਕਰੋਪੀ ਤੋਂ
ਬਾਅਦ ਹੁਣ ਕਸ਼ਮੀਰ ‘ਚ ਪਹਿਲੀ ਵਾਰ ਆਏ ਭਿਆਨਕ ਹੜ੍ਹਾਂ ਦੌਰਾਨ ਫਸੇ ਲੋਕਾਂ ਦੀ ਮਦਦ ਲਈ ਵੀ
ਸ਼੍ਰੋਮਣੀ ਕਮੇਟੀ ਸਮੇਤ ਕਈ ਸਿੱਖ ਸੰਸਥਾਵਾਂ ਨੇ ਲਗਾਤਾਰ ਯਤਨ ਕਰਦਿਆਂ ਜਿਥੇ ਰਾਸ਼ਨ
ਮੁਹੱਈਆ ਕਰਵਾਇਆ, ਉਥੇ ਉਨ੍ਹਾਂ ਦੇ ਅਸਥਾਈ ਵਸੇਬੇ ਲਈ ਕੈਂਪ ਲਗਾਉਣ ਤੋਂ ਇਲਾਵਾ ਇਲਾਜ਼
ਸਹੂਲਤਾਂ ਲਈ ਭਰਵੇਂ ਯਤਨ ਕੀਤੇ ਜਾ ਰਹੇ ਹਨ।
ਸ਼੍ਰੋਮਣੀ ਕਮੇਟੀ ਤੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ ਕਿ ਭਾਰਤੀ
ਫੌਜ਼ ਦੀ ਉੱਤਰੀ ਕਮਾਂਡ ਵੱਲੋਂ ਕਸ਼ਮੀਰੀ ਹੜ੍ਹ ਪੀੜਤਾਂ ਦੀ ਮਦਦ ਲਈ ਗੁਰੂ ਰਾਮਦਾਸ ਲੰਗਰ
ਘਰ ਤੋਂ ਪ੍ਰਸ਼ਾਦੇ ਭੇਜਣ ਦੀ ਬੇਨਤੀ ਕੀਤੀ ਗਈ। ਬੇਸ਼ੱਕ ਕਿਸੇ ਵੇਲੇ ਭਾਰਤੀ ਫੋਜ਼ ਵੱਲੋਂ
ਸਿੱਖਾਂ ਦੇ ਇਸ ਮੁਕੱਦਸ ਅਸਥਾਨ ‘ਤੇ ਤੋਪਾਂ ਨਾਲ ਹਮਲਾ ਕੀਤਾ ਸੀ ਪ੍ਰੰਤੂ ਹੁਣ ਉਨਾਂ ਵਲੋਂ
ਕੀਤੀ ਬੇਨਤੀ ਨੇ ਦਰਸਾਇਆ ਹੈ ਕਿ ’84 ਦੇ ਕਾਰੇ ਲਈ ਉਨ੍ਹਾਂ ਨੂੰ ਪਛਤਾਵਾ ਜ਼ਰੂਰ ਹੋਇਆ
ਹੈ।
ਸ਼੍ਰੋਮਣੀ ਕਮੇਟੀ ਵੱਲੋਂ 9 ਸਤੰਬਰ ਨੂੰ ਕਸ਼ਮੀਰ ਭੇਜੀ ਪਹਿਲੀ ਰਾਹਤ
ਖੇਪ ‘ਚ 15 ਕਵਿੰਟਲ ਦਾਲ, 35 ਕਵਿੰਟਲ ਚੌਲ, 5 ਕਵਿੰਟਲ ਖੰਡ, ਕਵਿੰਟਲ ਚਾਹਪੱਤੀ, ਘਿਓ,
ਤੇਲ, ਸੁੱਕਾ ਦੁੱਧ, ਲੂਣ ਹਲਦੀ ਨਾਲ ਬਡਗਾਮ ਖੇਤਰ ਦੇ ਗੁਰਦੁਆਰਾ ਸ਼ਹੀਦ ਬੁੰਗਾ ਵਿਖੇ
ਲੰਗਰ ਅਤੇ ਰਾਹਤ ਕੈਂਪ ਸਥਾਪਿਤ ਕਰ ਦਿੱਤਾ ਗਿਆ। ਅਗਲੇ ਦਿਨ ਲੋੜ ਅਨੁਸਾਰ ਕੰਬਲ,
ਸਿਰੋਪਾਓ, ਨਿਊਟਰੀ, ਸਾਬਨ ਤੇ 5 ਹਜ਼ਾਰ ਲੋਕਾਂ ਲਈ ਪ੍ਰਸ਼ਾਦੇ ਭੇਜੇ ਗਏ। ਸ਼੍ਰੋਮਣੀ ਕਮੇਟੀ
ਦੇ ਸਮੂਹ ਮੁਲਾਜ਼ਮਾਂ ਨੇ ਆਪਣੀ 2 ਦਿਨ ਦੀ ਤਨਖਾਹ ਰਾਹਤ ਕਾਰਜ਼ਾਂ ਲਈ ਸੌਂਪ ਦਿੱਤੀ।
12 ਸਤੰਬਰ ਨੂੰ ਭਾਰਤੀ ਫੌਜ਼ ਦੀ ਬੇਨਤੀ ‘ਤੇ ਗੁਰੂ ਰਾਮ ਦਾਸ ਲੰਗਰ
ਵਿਖੇ 25 ਹਜ਼ਾਰ ਲੋਕਾਂ ਲਈ ਵੱਡੀ ਪੱਧਰ ‘ਤੇ ਪ੍ਰਸ਼ਾਦੇ, ਸਬਜ਼ੀ ਤੇ ਅਚਾਰ ਆਦਿ ਤਿਆਰ ਕਰਕੇ
ਪੈਕਟ ਬਣਾਕੇ ਕਸ਼ਮੀਰੀਆਂ ਦੀ ਮਦਦ ਲਈ ਭੇਜੇ ਗਏ ਅਤੇ ਅਗਲੇ ਦਿਨ ਇਹ ਮਾਤਰਾ ਦੁੱਗਣੀ ਕੀਤੀ।
14 ਸਤੰਬਰ ਨੂੰ ਇਕ ਲੱਖ ਲੋਕਾਂ ਲਈ ਬਣੇ ਪਲਾਓ ਭੇਜਣ ਦੀ ਤਿਆਰੀ
ਨੂੰ ਫੌਜ਼ ਵੱਲੋਂ ਉਥੇ ਪੁੱਜੇ ਰਾਸ਼ਣ ਦੀ ਬਹੁਤਾਂਤ ਕਾਰਨ ਰੋਕ ਲਾਉਣ ਦੀ ਬੇਨਤੀ ਕਰ ਦਿੱਤੀ।
ਸ਼੍ਰੋਮਣੀ ਕਮੇਟੀ ਐਲਾਨ ਕਰ ਚੁੱਕੀ ਹੈ ਕਿ ਸਮੱਸਿਆ ਦੇ ਮੁਕੰਮਲ ਨਿਪਟਾਰੇ ਤੱਕ ਰਾਹਤ ਕਾਰਜ਼
ਜਾਰੀ ਰਹਿਣਗੇ। ਸ਼੍ਰੋਮਣੀ ਕਮੇਟੀ ਵੱਲੋਂ ਉਥੇ ਫਸੇ ਕਰੀਬ 2 ਹਜ਼ਾਰ ਪੰਜਾਬੀਆਂ ਦੀ ਸ਼ਨਾਖਤ
ਕਰਦਿਆਂ ਉਨ੍ਹਾਂ ਨੂੰ ਵਾਪਸੀ ਦੀਆਂ ਹਵਾਈ ਟਿਕਟਾਂ ਮੁਹੱਈਆ ਕਰਵਾਈ ਜਾ ਰਹੀਆਂ ਹਨ।
ਦਿੱਲੀ ਗੁ: ਪ੍ਰਬੰਧਕ ਕਮੇਟੀ, ਇੰਗਲੈਂਡ ਦੀ ਸਿੱਖ ਜਥੇਬੰਦੀ ਖਾਲਸਾ
ਏਡ ਨੇ ਜੰਮੂ ਕਸ਼ਮੀਰ ਸਿੱਖ ਪ੍ਰੋਫੈਸ਼ਨਲਜ਼ ਅਤੇ ਅਕਾਲ ਨੈੱਟਵਰਕ ਦਿੱਲੀ ਨਾਲ ਸਾਂਝੇ ਤੌਰ
‘ਤੇ ਜੰਮੂ ਤੇ ਸ੍ਰੀਨਗਰ ਵਿਖੇ ਵਸੇਬਾ ਕੈਂਪ ਲਗਾਏ ਹਨ। ਖਾਲਸਾ ਏਡ ਵੱਲੋਂ ਹਵਾਈ ਫੌਜ਼ ਨੂੰ
ਖਾਣੇ ਦੇ ਡੱਬਾਬੰਦ ਪੈਕਟ ਦਿੱਤੇ ਜਾ ਰਹੇ ਹਨ। ਅਮਰੀਕਾ ਦੀ ਯੁਨਾਈਟਿਡ ਸਿੱਖ ਵੱਲੋਂ ਆਪਣੇ
ਨੁਮਾਇੰਦੇ ਭੇਜ ਕੇ ਹੁਣ ਤੱਕ ਕਿਸੇ ਮਦਦ ਤੋਂ ਸੱਖਣੇ ਰਹੇ ਖੇਤਰਾਂ ਪੁਲਵਾਮਾ, ਸ਼ੋਪੀਆ ਤੇ
ਅਨੰਤਨਾਗ ਤੱਕ ਰਾਹਤ ਸਮੱਗਰੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਕੁਦਰਤੀ
ਪ੍ਰਕੋਪ ਮੌਕੇ ਮਨੁੱਖਤਾ ਦੀ ਕੀਤੀ ਜਾ ਰਹੀ ਮਦਦ ਨੇ ਲੰਬੇ ਸਮੇਂ ਤੋਂ ਸਿੱਖਾਂ ਨੂੰ ਫਿਰਕੂ
ਤੇ ਵੱਖਵਾਦੀ ਹੋਣ ਦਾ ਲੇਬਲ ਲਗਾਕੇ ਹੱਕਾਂ ਤੋਂ ਵਾਂਝੇ ਰੱਖ ਰਹੇ ਆਪੇ ਬਣੇ
‘ਮੁਲਕਪ੍ਰਸਤਾਂ’ ਨੂੰ ਸਿੱਖਾਂ ਦੀ ਸੋਚ ਤੋਂ ਸੇਧ ਲੈਣ ਦੀ ਲੋੜ ਪੈਦਾ ਕੀਤੀ ਹੈ।