Share on Facebook

Main News Page

ਪੰਜਾਬ ਦੀ ਡੁੱਬਦੀ ਕਿਸਾਨੀ ਨੂੰ ਬਚਾਉਣ ਦੀ ਲੋੜ
-: ਸੁਖਜਿੰਦਰ ਸਿੰਘ ਧਾਰੀਵਾਲ

ਪੰਜਾਬ ਨੂੰ ਭਾਰਤ ਦਾ ਅੰਨਦਾਤਾ ਕਿਹਾ ਜਾਂਦਾ ਹੈ। ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਪੰਜਾਬ ਦੀ ਜ਼ਿਆਦਾਤਰ ਪੇਂਡੂ ਅਬਾਦੀ ਅੱਜ ਵੀ ਖੇਤੀਬਾੜੀ ਦੇ ਧੰਦੇ ਨਾਲ ਆਪਣਾ ਜੀਵਨ ਚਲਾਉਂਦੀ ਹੈ। ਭਾਰਤ ਵਿੱਚ ਭੁੱਖਮਰੀ ਵਰਗੀ ਸਮੱਸਿਆ ਨੂੰ ਰੋਕਣ ਲਈ ਪੰਜਾਬ ਦੇ ਕਿਸਾਨਾਂ ਨੇ ਆਪਣੀ ਮਿਹਨਤ ਨਾਲ ਖਾਣ ਵਾਲੀਆਂ ਫਸਲਾਂ ਦੇ ਉਤਪਾਦਨ ਵਿੱਚ ਵਾਧਾ ਕਰਕੇ ਵਿਸ਼ੇਸ਼ ਯੋਗਦਾਨ ਦਿੱਤਾ ਹੈ, ਪਰ ਅੱਜ ਪੰਜਾਬ ਦੀ ਕਿਸਾਨੀ ਦੇ ਹਾਲਾਤ ਕਾਫੀ ਤਰਸਯੋਗ ਹਾਲਤ ਵਿੱਚ ਹਨ।

ਪੰਜਾਬ ਵਿੱਚ ਜ਼ਿਆਦਾਤਰ ਉਹ ਹੀ ਕਿਸਾਨ ਮਜ਼ਬੂਤ ਆਰਥਿਕ ਸਥਿਤੀ ਵਿੱਚ ਹਨ, ਜਿਨ੍ਹਾਂ ਨੂੰ ਜਾਂ ਤਾਂ ਖੇਤੀ ਤੋਂ ਇਲਾਵਾ ਹੋਰ ਕਿਸੇ ਪ੍ਰਕਾਰ ਦੀ ਆਮਦਨ ਹੈ ਜਾਂ ਉਹ ਹਨ, ਜਿਨ੍ਹਾਂ ਕੋਲ ਆਪਣੀ ਪਰਿਵਾਰਕ ਸੰਪਤੀ ਵਧੇਰੇ ਮਾਤਰਾ ਵਿੱਚ ਹੈ। ਵੱਧਦੀਆਂ ਜ਼ਮੀਨੀ ਕੀਮਤਾਂ ਕਾਰਨ ਭਾਵੇਂ ਕਿਸਾਨ ਜ਼ਮੀਨ ਵੇਚ ਕੇ ਜਾਂ ਬੈਂਕਾਂ ਅਤੇ ਹੋਰਾਂ ਤੋਂ ਵਿਆਜ ’ਤੇ ਪੈਸਾ ਲੈ ਕੇ ਵੱਡੇ ਆਲੀਸ਼ਾਨ ਘਰ, ਮਹਿੰਗੇ ਟਰੈਕਟਰ, ਗੱਡੀਆਂ ਲੈ ਰਹੇ ਹਨ, ਪਰ ਇਸ ਸ਼ੌਕ ਦਾ ਅੰਤ ਦੁੱਖਦ ਹੋਵੇਗਾ?

ਇਸ ਗੱਲ ਵਿੱਚ ਕੋਈ ਦੋ ਰਾਏ ਨਹੀਂ ਹੈ ਕਿਉਂਕਿ ਕਿਸਾਨਾਂ ਦੀ ਆਮਦਨ ਤਾਂ ਘੱਟ ਰਹੀ ਹੈ, ਉੱਪਰੋਂ ਕਰਜ਼ੇ ਦੀ ਮਾਰ ਨਿਰੰਤਰ ਵੱਧਦੀ ਜਾ ਰਹੀ ਹੈ। ਖੇਤੀਬਾੜੀ ਜ਼ਮੀਨਾਂ ਦੇ ਵੱਧਦੇ ਠੇਕੇ, ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਅੰਨ੍ਹੀ ਵਰਤੋਂ, ਡੀਜ਼ਲ ਦੇ ਭਾਅ ਵਿੱਚ ਲਗਾਤਾਰ ਵਾਧਾ, ਮਹਿੰਗੀ ਮਸ਼ੀਨਰੀ, ਮਜ਼ਦੂਰਾਂ ਦੀ ਘਾਟ, ਕਿਸਾਨਾਂ ਦਾ ਆਪ ਕੰਮ ਘੱਟ ਕਰਨਾ ਅਤੇ ਪ੍ਰਵਾਸੀ ਮਜ਼ਦੂਰਾਂ ’ਤੇ ਜ਼ਿਆਦਾ ਨਿਰਭਰਤਾ ਪੰਜਾਬ ਦੀ ਕਿਸਾਨੀ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ।

ਜੇਕਰ ਆਪਾਂ ਆਪਣੇ ਆਸ-ਪਾਸ ਵੀ ਨਜ਼ਰ ਮਾਰੀਏ ਤਾਂ ਪੰਜਾਬ ਦੇ ਉਹ ਕਿਸਾਨ ਜੋ ਕਦੇ ਦੁੱਧ-ਘਿਓ ਦੇ ਸ਼ੌਕੀਨ ਸਨ। ਸ਼ਾਮ ਨੂੰ ਠੇਕਿਆਂ ਦੀ ਰੌਣਕ ਵਧਾਉਂਦੇ ਨਜ਼ਰ ਆਉਂਦੇ ਹਨ। ਪੰਜਾਬ ਵਿੱਚ ਵੈਸੇ ਵੀ ਸ਼ਰਾਬ ਦੀ ਖਪਤ ਬਾਕੀ ਦੇਸ਼ਾਂ ਨਾਲੋਂ ਕਾਫੀ ਜ਼ਿਆਦਾ ਹੈ ਅਤੇ ਕੇਰਲ ਹੀ ਸ਼ਰਾਬ ਦੀ ਵਰਤੋਂ ਵਿੱਚ ਸਾਡੇ ਤੋਂ ਇੱਕ ਨੰਬਰ ਉੱਪਰ ਹੈ। ਹੋਰ ਬਾਕੀ ਨਸ਼ੇ ਵੀ ਕਿਸਾਨ ਦੀ ਸਿਹਤ ਅਤੇ ਆਰਥਿਕ ਤੰਗੀ ਦਾ ਕਾਰਨ ਬਣਦੇ ਜਾ ਰਹੇ ਹਨ। ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀ ਫਜੂਲ ਖਰਚੀ ਦੇਖ ਕੇ ਸਾਡੇ ਬਹੁਤੇ ਕਿਸਾਨ ਜ਼ਮੀਨਾਂ ਵੇਚ ਕੇ ਜਾਂ ਬੈਂਕਾਂ, ਆੜ੍ਹਤੀਆਂ ਆਦਿ ਤੋਂ ਗਹਿਣੇ ਰੱਖ ਕੇ ਆਪਣੇ ਬੱਚਿਆਂ ਦੇ ਵਿਆਹ ਆਲੀਸ਼ਾਨ ਢੰਗ ਨਾਲ ਕਰਦੇ ਹਨ। ਵਿਆਹਾਂ ਵਿੱਚ ਬੇਲੋੜਾ ਖਰਚ ਵੀ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਹੈ।

ਖੇਤੀਬਾੜੀ ਇੱਕ ਅਜਿਹਾ ਧੰਦਾ ਹੈ, ਜਿਸ ਵਿੱਚ ਆਪਣੀ ਫਸਲ ਨੂੰ ਵੇਚਣ ਲਈ ਕਿਸਾਨਾਂ ਨੂੰ ਮੰਡੀਆਂ ਵਿੱਚ ਖੱਜਲ ਖੁਆਰ ਹੋਣਾ ਪੈਂਦਾ ਹੈ, ਕਿਉਂਕਿ ਕਿਸਾਨ ਅਜੇ ਤੱਕ ਆਪਣੀ ਫਸਲ ਸਿੱਧਾ ਗ੍ਰਾਹਕ ਨੂੰ ਵੇਚਣ ਵਿੱਚ ਕਾਮਯਾਬ ਨਹੀਂ ਹੋ ਸਕਿਆ। ਇਸ ਲਈ ਉਸ ਨੂੰ ਆੜ੍ਹਤੀਏ ਪਾਸ ਫਸਲ ਲੈ ਕੇ ਆਉਣਾ ਪੈਂਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਿਸਾਨ ਕਰਜ਼ਈ ਹੈ ਅਤੇ ਇੱਧਰੋਂ ਲੈ ਕੇ ਉੱਧਰ ਵੇਚਣ ਵਾਲਾ ਵਪਾਰੀ ਕਿਸਾਨ ਨਾਲੋਂ ਜ਼ਿਆਦਾ ਮੁਨਾਫਾ ਕਮਾ ਰਿਹਾ ਹੈ। ਸਿੱਧੀ ਮਾਰਕੀਟਿੰਗ ਲਈ ਸਾਡੀ ਸਰਕਾਰ ਨੇ ਵੀ ਕਦੇ ਕੋਈ ਠੋਸ ਕਦਮ ਨਹੀਂ ਚੁੱਕੇ। ਕੁਦਰਤੀ ਆਫਤਾਂ ਦਾ ਜਿਆਦਾਤਰ ਸ਼ਿਕਾਰ ਹੋਣ ਦੇ ਬਾਵਜੂਦ ਸਰਕਾਰ ਨੇ ਕਦੇ ਵੀ ਕਿਸਾਨ ਦੀ ਯੋਗ ਮੱਦਦ ਨਹੀਂ ਕੀਤੀ। ਪਿਛਲੇ ਸਾਲ ਮੀਂਹ-ਹਨ੍ਹੇਰੀ ਕਾਰਨ ਝੋਨੇ ਦੀ ਫਸਲ ਬਦਰੰਗ ਹੋ ਗਈ ਸੀ, ਜਿਸ ਕਾਰਨ ਸਰਕਾਰੀ ਏਜੰਸੀਆਂ ਨੇ ਕਿਸਾਨ ਦੀ ਸਾਰ ਨਹੀਂ ਲਈ, ਜਿਸ ਕਾਰਨ ਨਿੱਜੀ ਵਪਾਰੀਆਂ ਨੇ ਕਿਸਾਨਾਂ ਦੀ ਅੰਨ੍ਹੀ ਲੁੱਟ ਖਸੁੱਟ ਕੀਤੀ।

ਪੰਜਾਬ ਦੀ ਅਕਾਲੀ ਸਰਕਾਰ ਇਸ ਲਈ ਕੇਂਦਰ ਦੀ ਮਨਮੋਹਣ ਸਿੰਘ ਸਰਕਾਰ ਨੂੰ ਕੋਸਦੀ ਰਹੀ ਜਦਕਿ ਪੰਜਾਬ ਵਿਚਲੀ ਵਿਰੋਧੀ ਧਿਰ ਸੂਬਾ ਸਰਕਾਰ ਸਿਰ ਇਹ ਠੀਕਰਾ ਭੰਨ੍ਹਦੀ ਰਹੀ। ਸਰਕਾਰ ਵੱਲੋਂ ਕੁਦਰਤੀ ਆਫਤਾਂ ਕਾਰਨ ਨੁਕਸਾਨੀ ਫਸਲ ਦਾ ਮੁਆਵਜ਼ਾ ਵੀ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਗਿਆ ਮਜ਼ਾਕ ਹੀ ਜਾਪਦਾ ਹੈ। ਸਰਕਾਰ ਵੱਲੋਂ ਖੇਤੀਬਾੜੀ ਦੇ ਧੰਦੇ ਲਈ ਦਿੱਤੀ ਜਾਂਦੀ ਮੱਦਦ ਸਬਸਿਡੀ ਜਾਂ ਕੋਈ ਹੋਰ ਸਹੂਲਤ ਸਿਰਫ ਵੱਡੇ ਕਿਸਾਨਾਂ ਤੱਕ ਹੀ ਪਹੁੰਚ ਪਾਉਂਦੀ ਹੈ। ਛੋਟੇ ਕਿਸਾਨਾਂ ਨੂੰ ਇਨ੍ਹਾਂ ਸਹੂਲਤਾਂ ਦਾ ਪਤਾ ਹੀ ਉਦੋਂ ਲੱਗਦਾ ਹੈ, ਜਦੋਂ ਖੇਤੀਬਾੜੀ ਵਿਭਾਗ ਦੇ ਵਿੱਚ ਸਭ ਕੁੱਝ ਖਤਮ ਹੋ ਜਾਂਦਾ ਹੈ।

ਖਾਦਾਂ ਅਤੇ ਹੋਰ ਰਸਾਇਣਾਂ ਦੀ ਅੰਨ੍ਹੀ ਵਰਤੋਂ ਕਾਰਨ ਨਵੀਆਂ ਬੀਮਾਰੀਆਂ ਫਸਲਾਂ ਨੂੰ ਤਬਾਹ ਕਰ ਰਹੀਆਂ ਹਨ। ਉੱਥੇ ਹਰ ਸਾਲ ਫਸਲਾਂ ਨੂੰ ਨਵੇਂ ਹੀ ਕੀਟਾਂ ਦੇ ਮਾਰੂ ਪ੍ਰਭਾਵਾਂ ਕਾਰਨ ਨੁਕਸਾਨ ਉਠਾਉਣਾ ਪੈਂਦਾ ਹੈ। ਕਿਸਾਨਾਂ ਦੇ ਕਰੋੜਾਂ ਰੁਪਏ ਗੰਨਾ ਮਿੱਲ ਮਾਲਕਾਂ ਵੱਲੋਂ ਬਕਾਇਆ ਹਨ। ਅੱਜ ਹਾਲਾਤ ਇਹ ਬਣ ਚੁੱਕੇ ਹਨ ਕਿ ਪੰਜਾਬ ਦੇ ਜ਼ਿਆਦਾਤਰ ਕਿਸਾਨ ਕਰਜ਼ਾਈ ਹਨ। ਕਰਜ਼ੇ ਕਾਰਨ ਆਤਮ-ਹੱਤਿਆਵਾਂ ਦੀ ਗਿਣਤੀ ਵੀ ਕਾਫੀ ਵੱਧਦੀ ਜਾ ਰਹੀ ਹੈ। ਅੱਜ ਲੋੜ ਹੈ ਕਿ ਕਿਸਾਨ ਨੂੰ ਵਪਾਰੀ ਬਣ ਕੇ ਖੇਤੀ ਕਰਨ ਦੀ, ਚਾਦਰ ਦੇਖ ਕੇ ਆਪਣੇ ਪੈਰ ਪਸਾਰਨ ਦੀ, ਸਰਕਾਰੀ ਸਹਾਇਤਾ ਨਾਲ ਮਿਲਦੇ ਕਰਜ਼ਿਆਂ ਦੀ ਸੁਚੱਜੀ ਅਤੇ ਯੋਗ ਵਰਤੋਂ, ਬੇਲੋੜੇ ਖਰਚਿਆਂ ਅਤੇ ਨਸ਼ੇ ਵਿੱਚ ਲੱਗ ਰਹੀ ਨਵੀਂ ਪੀੜ੍ਹੀ ਨੂੰ ਰੋਕਣ ਦੀ, ਆਮਦਨ ਵਿੱਚ ਵਾਧਾ ਹੋ ਸਕੇ। ਖੇਤੀਬਾੜੀ ਕਰਨ ਲਈ ਮਾਹਿਰ ਡਾਕਟਰਾਂ ਦੀ ਸਲਾਹ ਨਾਲ ਖਰਚੇ ਨੂੰ ਘਟਾਇਆ ਜਾ ਸਕੇ। ਖਾਦਾਂ ਅਤੇ ਕੀਟਨਾਸ਼ਕਾਂ ਦੀ ਠੀਕ ਅਤੇ ਉੱਚਿਤ ਮਾਤਰਾ ਵਿੱਚ ਵਰਤੋਂ ਕੀਤੀ ਜਾਵੇ।

ਸਾਡੀ ਸਰਕਾਰ ਦਾ ਵੀ ਫਰਜ਼ ਬਣਦਾ ਹੈ ਕਿ ਕਿਸਾਨਾਂ ਦੀ ਹੁੰਦੀ ਲੁੱਟ-ਖਸੁੱਟ ਬੰਦ ਕਰਨ ਦੇ ਯਤਨ ਕੀਤੇ ਜਾਣ। ਸਰਕਾਰੀ ਸਹਾਇਤਾ ਠੀਕ ਤਰੀਕੇ ਨਾਲ ਲੋੜਵੰਦ ਹੱਥਾਂ ਤੱਕ ਪਹੁੰਚਣ ਦਾ ਪ੍ਰਬੰਧ ਕਰਨਾ, ਰਵਾਇਤੀ ਫਸਲੀ ਚੱਕਰ ਨੂੰ ਬਦਲਣ ਲਈ ਯੋਗ ਬਦਲ ਕਿਸਾਨਾਂ ਅੱਗੇ ਪੇਸ਼ ਕੀਤਾ ਜਾਵੇ। ਅਸਾਨ ਮੰਡੀਕਰਨ, ਫਸਲਾਂ ਦੇ ਉੱਚਿਤ ਭਾਅ ਕਿਸਾਨਾਂ ਨੂੰ ਦਿੱਤੇ ਜਾਣ। ਕਿਸਾਨਾਂ ਦੀ ਹੋਰ ਸਹਾਇਕ ਧੰਦੇ ਅਪਨਾਉਣ ਵਿੱਚ ਮੱਦਦ ਅਤੇ ਮਾਰਗ ਦਰਸ਼ਨ ਕੀਤਾ ਜਾਵੇ। ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਦੇ ਹੋਰ ਯਤਨ ਕੀਤੇ ਜਾਣ ਤਾਂ ਜੋ ਸਾਰਾ ਕਿਸਾਨ ਖੁਸ਼ਹਾਲ ਬਣ ਸਕੇ। ਕਰਜ਼ੇ ਕਾਰਨ ਕਿਸੇ ਨੂੰ ਖੁਦਕੁਸ਼ੀ ਨਾ ਕਰਨੀ ਪਵੇ। ਘੱਟ ਹੁੰਦੀ ਖੇਤੀ ਯੋਗ ਜ਼ਮੀਨ ਵਿੱਚ ਰੁਕਾਵਟ ਆ ਸਕੇ। ਸਾਰੇ ਦੇਸ਼ ਦਾ ਪੇਟ ਭਰਨ ਵਾਲੇ ਕਿਸਾਨ ਨੂੰ ਆਪ ਭੁੱਖਮਰੀ ਦਾ ਸਾਹਮਣਾ ਨਾ ਕਰਨਾ ਪਵੇ। ਆਪਣੇ ਬੱਚਿਆਂ ਨੂੰ ਉੱਚੀ ਸਿੱਖਿਆ ਦੇਣ ਲਈ ਜ਼ਮੀਨਾਂ ਨਾ ਵੇਚਣੀਆਂ ਪੈਣ।

ਜੇ ਹੁਣ ਵੀ ਸਰਕਾਰ ਅਤੇ ਕਿਸਾਨਾਂ ਨੇ ਮੰਦਹਾਲ ਕਿਸਾਨੀ ਦੀ ਸਥਿਤੀ ਸੁਧਾਰਨ ਲਈ ਉਪਰਾਲੇ ਨਾ ਕੀਤੇ ਤਾਂ ਸ਼ਾਇਦ ਖੇਤੀ ਤੋਂ ਲੋਕਾਂ ਦਾ ਮੋਹ ਭੰਗ ਹੋ ਜਾਵੇਗਾ। ਕਿਸਾਨਾਂ ਦੀਆਂ ਜ਼ਮੀਨਾਂ ਵੱਲ ਤਾਂ ਪਹਿਲਾਂ ਹੀ ਭੂ-ਮਾਫੀਆ ਨਜ਼ਰਾਂ ਟਿਕਾਈ ਬੈਠਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top