Share on Facebook

Main News Page

ਸੋਸ਼ਲ ਮੀਡੀਆ ‘ਤੇ ਪੰਜਾਬ ਸਰਕਾਰ ਖਿਲਾਫ ਮੁਹਿੰਮ ਨੂੰ ਰੋਕਣ ਲਈ ਸਰਕਾਰ ਨੇ ਚੁੱਕੇ ਅਹਿਮ ਕਦਮ

ਪੁਲਸ ਰੱਖ ਰਹੀ ਹੈ ਵਟਸਐਪ ‘ਤੇ ਇਤਰਾਜ਼ਯੋਗ ਵੀਡੀਓਜ਼ ‘ਤੇ ਨਜ਼ਰ
ਚੰਡੀਗੜ੍ਹ, – ਪੰਜਾਬ ਸਰਕਾਰ ਨੇ ਸੋਸ਼ਲ ਮੀਡੀਆ ‘ਤੇ ਸੀਨੀਅਰ ਅਕਾਲੀ ਆਗੂਆਂ ਦੇ ਖਿਲਾਫ਼ ਚੱਲ ਰਹੀ ਮੁਹਿੰਮ ਨਾਲ ਨਿਪਟਣ ਲਈ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਸੀਨੀਅਰ ਪੁਲਸ ਅਧਿਕਾਰੀਆਾਂ ਨੂੰ ਸੋਸ਼ਲ ਮੀਡੀਆ ਖਾਸ ਤੌਰ ‘ਤੇ ਵਟਸਐਪ ਫੇਸਬੁੱਕ ਅਤੇ ਟਵਿੱਟਰ ਦੀ ਬੜੀ ਬਰੀਕੀ ਨਾਲ ਜਾਂਚ ਕਰਨ ਅਤੇ ਉਨ੍ਹਾਂ ‘ਤੇ ਨਜ਼ਰ ਰੱਖਣ ਦੇ ਹੁਕਮ ਦਿੱਤੇ ਗਏ ਹਨ।

ਪਿਛਲੇ ਮਹੀਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਇਸੜੂ ‘ਚ ਜੁੱਤੀ ਸੁੱਟਣ ਦੀ ਘਟਨਾ ਮਗਰੋਂ ਸੋਸ਼ਲ ਮੀਡੀਆ ਖਾਸ ਤੌਰ ‘ਤੇ ਵਟਸਐਪ ‘ਤੇ ਕਈ ਵੀਡੀਓ ਅਪਲੋਡ ਕੀਤੇ ਗਏ ਹਨ, ਜਿਨ੍ਹਾਂ ‘ਚ ਨਾ ਸਿਰਫ਼ ਇਸ ਘਟਨਾ ਨੂੰ ਸਹੀ ਠਹਿਰਾਇਆ ਗਿਆ ਹੈ, ਬਲਕਿ ਹੋਰਾਂ ਨੂੰ ਵੀ ਇੰਝ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ। ਪੁਲਸ ਵਿਭਾਗ ਦੇ ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਵੀਡੀਓ ਜ਼ਿਆਦਾਤਰ ਵਿਦੇਸ਼ਾਂ ‘ਚ ਵਸੇ ਪੰਜਾਬੀਆਂ ਵਲੋਂ ਅਪਲੋਡ ਕੀਤੇ ਜਾ ਰਹੇ ਹਨ। ਜਿਨ੍ਹਾਂ ਨੂੰ ਪੰਜਾਬ ‘ਚ ਵਟਸਐਪ ਦੇ ਰਾਹੀਂ ਇਕ ਮੋਬਾਈਲ ਤੋਂ ਦੂਜੇ ਮੋਬਾਈਲ ‘ਤੇ ਭੇਜਿਆ ਜਾ ਰਿਹਾ ਹੈ।

ਸਰਕਾਰ ਦਾ ਅਕਸ ਕੀਤਾ ਖਰਾਬ
ਸੋਸ਼ਲ ਮੀਡੀਆ ‘ਤੇ ਚਲਾਏ ਜਾ ਰਹੀ ਇਸ ਮੁਹਿੰਮ ‘ਚ ਮੁੱਖ ਮੰਤਰੀ ਤੋਂ ਇਲਾਵਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਲੋਕਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਹੈ। ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਅਤੇ ਸਾਲ 2014 ਦੀਆਂ ਲੋਕਸਭਾ ਚੋਣਾਂ ਵਿਚ ਸੋਸ਼ਲ ਮੀਡੀਆ ਦੀ ਜਮ ਕੇ ਵਰਤੋਂ ਕੀਤੀ ਗਈ ਸੀ। ਕਈ ਸਰਕਾਰੀ ਹਲਕਿਆਂ ਦਾ ਕਹਿਣਾ ਹੈ ਕਿ ਸਾਲ 2014 ਵਿਚ ਆਮ ਆਦਮੀ ਪਾਰਟੀ ਦੀਆਂ 4 ਸੀਟਾਂ ‘ਤੇ ਹੋਈ ਜਿੱਤ ਵਿਚ ਵਟਸਐਪ ਰਾਹੀਂ ਸੱਤਾਧਾਰੀ ਅਕਾਲੀ-ਭਾਜਪਾ ਦੇ ਵਿਰੁੱਧ ਕੀਤੇ ਗਏ ਪ੍ਰਚਾਰ ਅਤੇ ਉਸ ਦਾ ਅਕਸ ਖਰਾਬ ਕਰਨ ‘ਚ ਮੁੱਖ ਭੂਮਿਕਾ ਰਹੀ ਹੈ।

ਵੀਡੀਓਜ਼ ਅਪਲੋਡ ਕਰਨ ਵਾਲਿਆਂ ਦੀ ਭਾਲ
ਸਰਕਾਰ ਦਾ ਮੰਨਣਾ ਹੈ ਕਿ ਵਟਸਐਪ ‘ਤੇ ਸਰਕੂਲੇਟ ਹੋ ਰਹੀਆਂ ਕਈ ਵੀਡੀਓਜ਼ ਨਾ ਸਿਰਫ ਇਤਰਾਜ਼ਯੋਗ ਹਨ, ਬਲਕਿ ਅਪਮਾਨਜਨਕ, ਮਾਨਹਾਨੀ ਕਾਰਕ, ਭੜਕਾਊ, ਸਰਕਾਰ ਅਤੇ ਪ੍ਰਸ਼ਾਸਨ ਪ੍ਰਤੀ ਨਫ਼ਰਤ ਦੀ ਭਾਵਨਾ ਪੈਦਾ ਕਰਨ ਵਾਲੀਆਂ ਹਨ। ਇਸ ਲਈ ਅਪਲੋਡ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਪੰਜਾਬ ਪੁਲਸ ਨੇ ਵਿਭਾਗ ਵਿਚ ਇਕ ਸੈੱਲ ਗਠਿਤ ਕੀਤਾ ਹੈ, ਜੋ ਅਜਿਹੇ ਇਤਰਾਜ਼ਯੋਗ ਵੀਡੀਓਜ਼ ਨੂੰ ਅਪਲੋਡ ਕਰਨ ਵਾਲਿਆਂ ਦੀ ਭਾਲ ‘ਚ ਜੁੱਟ ਗਿਆ ਹੈ।

ਪੁਲਸ ਹੁਕਮ
ਇਸੇ ਦੌਰਾਨ ਪੁਲਸ ਨੇ ਆਪਣੇ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਆਪਣੇ ਮੋਬਾਈਲਾਂ ‘ਤੇ ਵਟਸਐਪ ਦੇਖਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਫਿਰੋਜ਼ਪੁਰ ਦੇ ਐੱਸ.ਐੱਸ.ਪੀ. ਵਲੋਂ 8-9-14 ਨੂੰ ਜਾਰੀ ਕੀਤੇ ਗਏ ਸਰਕੂਲਰ ਨੰਬਰ – 12195-221/ਏ ਰਾਹੀਂ ਕਿਹਾ ਗਿਆ ਹੈ ਕਿ ‘ਮੇਰੇ ਨੋਟਿਸ ਵਿਚ ਇਹ ਆਇਆ ਹੈ ਕਿ ਆਮਤੌਰ ‘ਤੇ ਆਪਣੀ ਡਿਊਟੀ ਦੌਰਾਨ ਆਪਣੀ ਡਿਊਟੀ ਦੀ ਅਹਿਮੀਅਤ ਨੂੰ ਨਾ ਸਮਝਦਿਆਂ ਮੋਬਾਈਲ ਫ਼ੋਨਾਂ ਦੇ ਰਾਹੀਂ ਬਿਨਾਂ ਕਾਰਨ ਵਟਸਐਪ, ਇੰਟਰਨੈੱਟ ਆਦਿ ‘ਤੇ ਲੱਗੇ ਰਹਿੰਦੇ ਹਨ। ਇਥੋਂ ਤੱਕ ਕਿ ਇਨ੍ਹਾਂ ਕੋਲੋਂ ਸੀਨੀਅਰ ਅਧਿਕਾਰੀ ਨਿਕਲ ਜਾਂਦੇ ਹਨ ਅਤੇ ਇਨ੍ਹਾਂ ਨੂੰ ਕੁੱਝ ਵੀ ਪਤਾ ਨਹੀਂ ਲੱਗਦਾ। ਇਸ ਤਰ੍ਹਾਂ ਅਜਿਹੇ ਕਰਮਚਾਰੀ ਆਪਣੀ ਡਿਊਟੀ ਵਿਚ ਕੋਤਾਹੀ ਵਰਤਦੇ ਹਨ, ਜੋ ਪੁਲਸ ਵਿਭਾਗ ਦੇ ਅਨੁਸ਼ਾਸਨ ਦੀ ਘੋਰ ਉਲੰਘਣਾ ਹੈ। ਇਸ ਲਈ ਅੱਗੇ ਤੋਂ ਹਦਾਇਤ ਦਿੱਤੀ ਜਾਂਦੀ ਹੈ ਕਿ ਕੋਈ ਵੀ ਕਰਮਚਾਰੀ ਆਪਣੀ ਡਿਊਟੀ ਨੂੰ ਛੱਡ ਕੇ ਬਿਨਾਂ ਕਾਰਨ ਵਟਸਐਪ ਜਾਂ ਇੰਟਰਨੈਟ ਚਲਾਉਂਦਾ ਪਾਇਆ ਗਿਆ, ਤਾਂ ਉਸ ਦੇ ਵਿਰੁੱਧ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਇਸ ਹੁਕਮ ਦੀ ਪੂਰੀ ਪਾਲਣਾ ਕੀਤੀ ਜਾਵੇ।’


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top