Share on Facebook

Main News Page

ਸਿੱਖਾਂ ਵਾਸਤੇ ਇੱਕ ਸਬਕ, ਇੱਕ ਚੁਣੌਤੀ
-: ਅਵਤਾਰ ਸਿੰਘ ਉੱਪਲ 94637 87110

ਹਿੰਦੂ, ਮੁਸਲਮਾਨ, ਕ੍ਰਿਸਚਨ, ਯਹੂਦੀਆਂ ਦੀ ਤਰਾਂ ਸਿੱਖ ਵੀ ਇਕ ਅਜ਼ਾਦ ਅਤੇ ਵੱਖਰੀ ਕੌਮ ਹਨ, ਜਿਹਨਾਂ ਦਾ ਵੱਖਰਾ ਧਰਮ, ਅਲੱਗ ਪਹਿਚਾਣ, ਵੱਖਰੀਆਂ ਸਮਾਜਿਕ ਰਹੁ-ਰੀਤਾਂ ਵੱਖਰੀ ਬੋਲੀ, ਆਪਣਾ ਇਤਿਹਾਸਕ ਵਿਰਸਾ, ਵੱਖਰਾ ਸਭਿਆਚਾਰ, ਰਹਿਣ ਸਹਿਣ, ਖਾਣ ਪੀਣ ਆਦਿ ਹੈ, ਜੋ ਦੂਸਰੀਆਂ ਕੌਮਾਂ ਤੋਂ ਸਿੱਖ ਕੌਮ ਨੂੰ ਵੱਖ ਕੌਮ ਬਣਾਉਂਦੇ ਹਨ, ਪਰ ਇਸ ਦੇ ਬਾਵਜੂਦ ਸਮੇਂ-ਸਮੇਂ ਤੇ ਹਿੰਦੂ, ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹਿੱਸਾ ਦੱਸਦੇ ਰਹਿੰਦੇ ਹਨ। ਇਸੇ ਕਾਰਣ ਹੀ ਅੱਜ ਤੋਂ ਲੱਗਪਗ 108 ਸਾਲ ਪਹਿਲਾਂ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਨੇ “ਹਮ ਹਿੰਦੂ ਨਹੀਂ” ਨਾਮ ਦੀ ਕਿਤਾਬ ਲਿਖ ਕੇ ਅਜਿਹੇ ਹਿੰਦੂਆਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਸੀ।

ਸਿੱਖ ਰਹਿਤ ਮਰਿਆਦਾ ਵਿਚ ਵੀ ਸਾਫ ਲਿਖਿਆ ਹੈ ਜੋ ਵੀ ਇਸਤਰੀ ਜਾਂ ਪੁਰਸ਼ ਇਕ ਅਕਾਲ ਪੁਰਖ, ਦਸ ਗੁਰੂ ਸਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ। ਸਿੱਖ ਜਾਤ-ਪਾਤ, ਛੂਤ-ਛਾਤ, ਜੰਤਰ-ਮੰਤਰ, ਸ਼ਗਨ, ਤਿਥ, ਮਹੂਰਤ, ਗ੍ਰਹਿ ਰਾਸ਼ੀਆ, ਸਰਾਧ, ਪਿਤਰ, ਖਿਆਹ, ਪਿੰਡ-ਪੱਤਲ, ਦੀਵਾ ਕਿਰਿਆ-ਕਰਮ, ਹੋਮ ਜਗ, ਤਰਪਨ, ਇਕਾਦਸ਼ੀ, ਪੂਰਨਮਾਸ਼ੀ ਆਦਿ ਦੇ ਵਰਤ, ਤਿਲਕ ਜੰਝੂ, ਤੁਲਸੀ, ਮਾਲਾ, ਗੋਰ, ਮੱਠ, ਮੜੀ, ਮਸਾਨ, ਮੂਰਤੀ ਪੂਜਾ ਆਦਿ ਕਿਸੇ ਵੀ ਵਹਿਮ ਭਰਮ ਜਾਂ ਕਰਮ ਕਾਂਡ ਵਿੱਚ ਵਿਸ਼ਵਾਸ਼ ਨਹੀਂ ਕਰਦੇ। ਸਿੱਖ ਦਾ ਵਿਆਹ ਵੀ ਅਨੰਦ ਰੀਤੀ ਅਨੁਸਾਰ ਹੁੰਦਾ ਹੈ। ਸਿੱਖ ਗੁਰੂ ਸਹਿਬਾਨ ਨੇ ਜਾਤ-ਪਾਤ, ਊਚ-ਨੀਚ, ਵਰਨ-ਵੰਡ ਜੋ ਹਿੰਦੂ ਮੱਤ ਦੀ ਅਧਾਰਸ਼ੀਲਾ ਸੀ, ਦੀ ਭਰਪੂਰ ਅਤੇ ਸਫਲ ਮੁਖਾਲਫਤ ਕੀਤੀ ਤਾਂ ਬ੍ਰਾਹਮਣ ਨੂੰ ਆਪਣਾ ਹਜ਼ਾਰਾਂ ਸਾਲਾਂ ਤੋਂ ਚੱਲਿਆ ਆ ਰਿਹਾ ਸੱਤਾ ਦਾ ਸਿੰਘਾਸਨ ਡੋਲਦਾ ਨਜਰ ਆਇਆ। ਇਸੇ ਲਈ ਹਿੰਦੂ ਨੇ ਗੁਰੂ-ਕਾਲ ਤੋਂ ਲੈ ਕੇ ਅੱਜ ਤੱਕ ਸਿੱਖ ਧਰਮ ਦੀ ਵੱਖਰੀ ਹੋਂਦ ਨੂੰ ਦਿਲੋਂ ਸਵੀਕਾਰਿਆ ਹੀ ਨਹੀਂ ਅਤੇ ਮੁੱਢੋਂ ਸਿੱਖ ਧਰਮ ਨੂੰ ਖਤਮ ਕਰਨ ਦੀਆਂ ਕੁਚਾਲਾਂ ਚੱਲਦਾ ਆ ਰਿਹਾ ਹੈ।

ਬਿਨ੍ਹਾਂ ਸ਼ੱਕ ਸਿਧਾਂਤਕ ਤੌਰ 'ਤੇ ਸਿੱਖ ਧਰਮ ਇੱਕ ਨਿਆਰਾ ਅਤੇ ਆਜ਼ਾਦ ਧਰਮ ਹੈ ਅਤੇ ਸਿੱਖ ਕੌਮ ਇਕ ਵੱਖਰੀ ਕੌਮ ਹੈ, ਮੋਹਣ ਭਾਗਵਤ ਆਰ.ਐਸ.ਐਸ ਮੁੱਖੀ ਜਦ ਸਿੱਖਾਂ ਨੂੰ ਹਿੰਦੂ ਕਹਿੰਦਾ ਹੈ ਤਾਂ ਇਸ ਦੇ ਦੋ ਪੱਖ ਹਨ ਇਕ ਕਨੂੰਨੀ ਅਤੇ ਦੁਸਰਾ ਸਮਾਜਿਕ ਭਾਵ ਅਸੀਂ ਅਮਲੀ ਤੌਰ 'ਤੇ ਜੀਵਨ ਕਿਸ ਤਰਾਂ ਜੀਅ ਰਹੇ। ਹਾਂ ਭਾਰਤੀ ਸੰਵਿਧਾਨ ਦੀ ਧਾਰਾ 25 ਬੀ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹਿੱਸਾ ਕਹਿੰਦੀ ਹੈ, ਤੁਸੀਂ ਜਿਨਾਂ ਮਰਜੀ ਰੌਲਾ ਪਾਈ ਜਾਉ ਕਿ ਸਿੱਖ ਧਰਮ ਇੱਕ ਵੱਖਰਾ ਧਰਮ ਹੈ, ਪਰ ਚਲਾਕ ਹਿੰਦੂ ਹੁਕਮਰਾਨਾਂ ਨੇ ਤੁਹਾਨੂੰ ਧੱਕੇ ਨਾਲ ਹੀ ਹਿੰਦੂ ਕਾਨੂੰਨਾਂ ਵਿੱਚ ਜਕੜ ਲਿਆ ਹੋਇਆ ਹੈ, ਦੂਸਰਾ ਪੱਖ ਸਮਾਜਿਕ ਭਾਵ ਅਸੀਂ ਅਮਲੀ ਤੌਰ ਤੇ ਜੀਵਨ ਕਿਸ ਤਰ੍ਹਾਂ ਦਾ ਜੀਅ ਰਹੇ ਹਾਂ, ਕਿਉਂਕਿ ਗੈਰ ਸਿੱਖਾਂ ਨੇ ਤਾਂ ਸਾਡੇ ਅਮਲੀ ਜੀਵਨ ਨੂੰ ਦੇਖ ਕੇ ਹੀ ਸਾਡੇ ਬਾਰੇ ਫੈਸਲਾ ਕਰਨਾ ਹੈ।

ਸਿੱਖ ਰਹਿਤ ਮਰਿਯਾਦਾ ਅਨੁਸਾਰ ਭਾਵੇਂ ਸਿੱਖ ਨੇ ਕਿਸੇ ਮੜੀ-ਮਸਾਨ ਕਬਰ ਤੇ ਨਹੀਂ ਜਾਣਾ, ਮੂਰਤੀ ਪੂਜਾ ਨਹੀਂ ਕਰਨੀ ਸ਼ਰਾਧ, ਪਿੱਤਰ-ਖਿਆਹ, ਪਿੰਡ-ਪੱਤਲ, ਦੀਵਾ ਕਿਰਿਆ ਕਰਮ, ਪੂਰਨਮਾਸ਼ੀ ਆਦਿ ਕਿਸੇ ਵੀ ਤਰ੍ਹਾਂ ਦੇ ਵਰਤ ਨਹੀਂ ਰੱਖਣੇ, ਜਾਤ-ਪਾਤ, ਊਚ-ਨੀਚ ਨਹੀਂ ਮੰਨਣੀ ਸਿੱਖ ਧਰਮ ਵਿੱਚ ਹਰ ਪ੍ਰਕਾਰ ਦੇ ਨਸ਼ੇ ਵਰਜ਼ਤ ਹਨ। ਅਮਲੀ ਤੌਰ 'ਤੇ ਅਨੇਕਾਂ ਸਿੱਖ ਕਾਲੇ ਮਾਹਰ, ਖੇਤਰਪਾਲ, ਗੁੱਗਾ-ਗਪੌੜਾ, ਸ਼ਿਵਾਲਿਆਂ ਮੰਦਰਾਂ ਵਿਚ ਧੱਕੇ ਖਾਂਦੇ ਦੇਖੇ ਜਾ ਸਕਦੇ ਹਨ। ਪਟਿਆਲੇ ਦੇ ਕਾਲੀ ਮਾਤਾ ਦੇ ਮੰਦਰ ਦੇ ਬਾਹਰ ਖੜੇ ਹੋ ਕੇ ਦੇਖ ਲਵੋ, ਕਿ ਸ਼ਾਮ ਤੱਕ ਕਿੰਨੇ ਸਿੱਖ ਦੂਰੋਂ-ਨੇੜਿਉਂ ਮੱਥਾ ਰਗੜਦੇ ਹਨ। ਸਾਡੇ ਇਲਾਕੇ ਵਿੱਚ ਇੱਥੇ ਸ਼ੇਰਸ਼ਾਹਵਲੀ ਦੀ ਕਬਰ ਹੈ, ਹਰ ਵੀਰਵਾਰ ਇਥੇ ਮੇਲਾ ਲੱਗਦਾ ਹੈ। ਮੇਲੇ ਵਿਚ ਲੱਗੀਆਂ ਲਾਈਨਾਂ ਵਿਚ ਅੰਮ੍ਰਿਤਧਾਰੀ ਸਿੱਖਾਂ ਨੂੰ ਖਲੋਤੇ ਦੇਖ ਕੇ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ, ਪੰਜਾਬ ਦੇ ਕਿੰਨੇ ਪਿੰਡਾਂ ਵਿੱਚ ਕਬਰਾਂ ਉਪਰ ਸਿੱਖਾਂ ਵੱਲੋਂ ਹੀ ਮੇਲੇ ਲਗਾਏ ਜਾਂਦੇ ਹਨ। ਸਿੱਖ ਔਰਤਾਂ ਵੀ ਅੱਜ ਕਰਵੇ ਚੌਥ ਦੇ ਵਰਤ ਰੱਖ ਰਹੀਆਂ ਹਨ, ਜਦ ਕੇ ਗੁਰਬਾਣੀ ਕਹਿ ਰਹੀ ਹੈ:-

ਛੋਡਹਿ ਅੰਨੁ ਕਰਹਿ ਪਾਖੰਡਨਾ ਸੋਹਾਗਨਿ ਨਾ ੳਹਿ ਰੰਡ

ਸਿੱਖ ਭੈਣਾਂ ਵੀ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹ ਰਹੀਆਂ ਹਨ, ਜਦ ਕਿ ਰੱਖੜੀ ਦਾ ਸਾਡੇ ਸਿੱਖ ਧਰਮ ਨਾਲ ਕੋਈ ਸਬੰਧ ਨਹੀਂ ਹੈ। ਵਿਆਹ ਜਾਂ ਹੋਰ ਸ਼ੁਭ ਕਾਰਜ ਕਰਨ ਤੋਂ ਪਹਿਲਾਂ ਥਿਤ ਵਾਰ ਸ਼ੁਭ ਮਹੂਰਤ ਕਢਾਉਣ ਲਈ ਅਸੀਂ ਬ੍ਰਾਹਮਣ ਕੋਲ ਤਾਂ ਭਾਂਵੇ ਨਾ ਵੀ ਜਾਂਦੇ ਹੋਈਏ, ਪਰ ਬੀਬੀਆਂ ਗੁਰਦੁਆਰੇ ਦੇ ਭਾਈ ਕੋਲ ਤਾਂ ਜਰੂਰ ਹੀ ਜਾਂਦੀਆਂ ਹਨ। ਅੱਗੋਂ ਭਾਈ ਵੀ ਬ੍ਰਾਹਮਣ ਵੱਲੋਂ ਬਣਾਈ ਗਈ ਜੰਤਰੀ ਨੂੰ ਵੇਖ ਕੇ ਸ਼ੁਭ ਮਹੂਰਤ ਦੱਸਦਾ ਹੈ।

ਸਿੱਖ ਤਾਂ ਹੁਣ ਨਵਾਂ ਮਕਾਨ ਜਾਂ ਕੋਠੀ ਬਣਾਉਣ ਤੋਂ ਪਹਿਲਾਂ ‘ਵਾਸਤੂ ਸ਼ਾਸਤਰ’ ਦੇ ਮਾਹਿਰਾਂ ਦੇ ਅੜਿੱਕੇ ਚੜ੍ਹ ਕੇ ਠਗੀਚੇ ਜਾ ਰਹੇ ਹਨ, ਜਦ ਕਿ ਗੁਰਬਾਣੀ ਇਹਨਾਂ ਕਰਮ ਕਾਂਡਾਂ ਅਤੇ ਵਹਿਮਾਂ ਭਰਮਾਂ ਦਾ ਵਿਰੋਧ ਕਰਦੀ ਹੈ। ਸਿੱਖ ਧਰਮ ਵਿੱਚ ਭਾਂਵੇ ਹਰ ਤਰ੍ਹਾਂ ਦੇ ਨਸ਼ੇ ਵਰਜਤ ਹਨ, ਪਰ ਸ਼ਰਾਬ, ਅਫੀਮ, ਪੋਸਤ ਅਤੇ ਸਮੈਕ ਜਿਹੇ ਮਾਰੂ ਨਸ਼ੇ ਸਾਰਿਆਂ ਤੋਂ ਵੱਧ ਸਿੱਖ ਨੌਜਵਾਨ ਹੀ ਕਰ ਰਹੇ ਹਨ। ਗੁਰੂ ਮਾਹਰਾਜ ਨੇ ਸਾਨੂੰ ਜਾਤ-ਪਾਤ, ਊਚ-ਨੀਚ, ਛੂਤ-ਛਾਤ ਤੋਂ ਰਹਿਤ ਕੀਤਾ ਸੀ, ਪਰ ਅਸੀਂ ਅੱਜ ਵੀ ਜੱਟ-ਸਿੱਖ, ਕੰਬੋਜ ਸਿੱਖ, ਖੱਤਰੀ ਸਿੱਖ, ਅਰੋੜੇ ਸਿੱਖ, ਰਾਮਗੜ੍ਹੀਏ ਸਿੱਖ, ਮਜ਼੍ਹਬੀ ਸਿੱਖ ਆਦਿ ਵਿਚ ਵੰਡੇ ਹੋਏ ਤਾਂ ਹਾਂ ਹੀ ਇਸ ਤੋਂ ਮਾੜੀ ਅਤੇ ਸ਼ਰਮ ਵਾਲੀ ਗੱਲ ਇਹ ਹੈ ਕਿ ਅਸੀਂ ਗੁਰਦੁਅਰਿਆਂ ਨੂੰ ਵੀ ਜਾਤਾਂ ਦੇ ਅਧਾਰ ਉੱਪਰ ਬਣਾ ਲਿਆ ਹੈ।

ਇੱਕ ਸੰਪਰਦਾ ਵਾਲਿਆਂ ਨੇ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਖੰਡੇ ਬਾਟੇ ਦੇ ਅੰਮ੍ਰਿਤ ਦੇ ਸਿਧਾਂਤ ਨੂੰ ਵੀ ਤੋੜ ਦਿੱਤਾ ਹੈ, ਉਹ ਜੱਟ ਸਿੱਖਾਂ ਨੂੰ ਇੱਕ ਬਾਟੇ ਵਿੱਚੋਂ ਅਤੇ ਮਜ਼੍ਹਬੀ ਸਿੱਖਾਂ ਨੂੰ ਦੂਸਰੇ ਬਾਟੇ ਵਿਚੋਂ ਅੰਮ੍ਰਿਤ ਛਕਾੳਂਦੇ ਹਨ ਡੇਰਾ ਵਾਦੀਆਂ, ਟਕਸਾਲਾਂ, ਸੰਪਰਦਾਵਾਂ ਨੇ ਸਾਡੀ ਰਹਿਤ ਮਰਿਯਾਦਾ ਨੂੰ ਵੀ ਇਕ ਨਹੀਂ ਰਹਿਣ ਦਿੱਤਾ। ਸਿੱਖਾਂ ਦਾ ਗੁਰੂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਹੈ, ਪਰ ਸਿੱਖ ਵਿਰੋਧੀਆਂ ਨੇ ਦਸਮ ਗ੍ਰੰਥ ਨਾਂ ਦਾ ਅਖੌਤੀ ਗ੍ਰੰਥ ਸਾਡੇ ਗੁਰੂ ਦੇ ਬਰਾਬਰ ਸ਼ਰੀਕ ਬਣਾ ਕੇ ਖੜਾ ਕਰ ਦਿੱਤਾ ਹੈ। ਜਿਸ ਨੂੰ ਰੋਕਣ ਲਈ ਨਾ ਤਾਂ ਸਰਕਾਰੀ ਜਥੇਦਾਰ ਕੁੱਝ ਕਰ ਰਹੇ ਹਨ ਨਾ ਹੀ ਸਾਡੀ ਸ਼੍ਰੋਮਣੀ ਕਮੇਟੀ ਕੁਝ ਕਰ ਰਹੀ ਹੈ, ਅਸੀਂ ਆਪਣੇ ਇਤਿਹਾਸ ਨੂੰ ਵੀ ਹਿੰਦੂ ਮਿਥਿਹਾਸ ਵਿੱਚ ਰਲ-ਗਡ ਕਰ ਲਿਆ ਹੈ।

26 ਜਾਂ 27 ਅਕਤੂਬਰ 1619 ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾ ਹੋਏ ਅਤੇ 29 ਦਸੰਬਰ 1620 ਨੂੰ ਅੰਮ੍ਰਿਤਸਰ ਪਹੁੰਚੇ ਇਹ ਇਤਿਹਾਸਕ ਦਿਨ ਹਨ, ਪਰ ਅਸੀਂ ਇਸ ਦਿਨ ਨੂੰ ਵੀ ਹਿੰਦੂ ਪ੍ਰਭਾਵ ਅਧੀਨ ਹਿੰਦੂਆਂ ਵੱਲੋਂ ਹਰ ਸਾਲ ਮੱਸਿਆ ਵਾਲੀ ਰਾਤ ਨੂੰ ਮਨਾਈ ਜਾਂਦੀ ਦੀਵਾਲੀ ਨੂੰ ਬੰਦੀ ਛੋੜ ਦਿਵਸ ਦੇ ਤੌਰ 'ਤੇ ਮਨਾਉਂਦੇ ਹਾਂ ਜਦੋਂ ਕਿ ਦੀਵਾਲੀ ਦਾ ਸਾਡੇ ਧਰਮ ਨਾਲ ਕੋਈ ਸਬੰਧ ਨਹੀਂ ਹੈ। ਸਿੱਖ ਕੌਮ ਦੇ ਅੱਡਰੀ ਅਤੇ ਨਿਵੇਕਲੀ ਪਛਾਣ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਸਾਡੇ ਧਰਮ ਦੇ ਅਖੌਤੀ ਠੇਕੇਦਾਰਾਂ ਨੇ ਆਰ.ਐਸ.ਐਸ ਦੇ ਇਸ਼ਾਰੇ ਤੇ ਝੱਟ ਬਿਕ੍ਰਮੀ ਸੰਮਤ ਵਿਚ ਬਦਲ ਕੇ ਰੱਖ ਦਿੱਤਾ ਹੈ।

ਗਿਆਨੀ ਪੂਰਨ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦਿਆਂ ਕਹਿੰਦਾ ਹੈ ਕਿ ਸਿੱਖ ਲਵ-ਕੁਸ਼ ਦੀ ਔਲਾਦ ਹਨ, ਜੇਕਰ ਸਾਡੀ ਕੌਮ ਦੇ ਧਾਰਮਿਕ ਆਗੂ ਹੀ ਸਿੱਖਾਂ ਨੂੰ ਹਿੰਦੂਵਾਦ ਦੇ ਖਾਰੇ ਸਮੁੰਦਰ ਵਿੱਚ ਡੋਬਣਾ ਚਾਹੁੰਦੇ ਹੋਣ ਤਾਂ ਸਾਡਾ ਤਾਂ ਰੱਬ ਹੀ ਰਾਖਾ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਿੱਖ ਅਣਮੱਤੀਆਂ ਦੇ ਤਿਉਹਾਰ, ਦੁਸਿਹਰਾ, ਦੀਵਾਲੀ, ਹੋਲੀ, ਰੱਖੜੀ, ਪੁੰਨਿਆਂ, ਮਹੀਨਾ, ਮੱਸਿਆ, ਏਕਾਦਸ਼ੀਆਂ ਮਨਾ ਰਹੇ ਹਨ।

ਇਥੇ ਸੋਚਣ ਵਾਲੀ ਗੱਲ ਹੈ ਸਿੱਖ ਏਡੇ ਨਿਗਾਰ ਵੱਲ ਕਿਉਂ ਜਾ ਰਿਹਾ ਅਤੇ ਇਸਤੋਂ ਬਚਿਆ ਕਿਸ ਤਰ੍ਹਾਂ ਜਾ ਸਕਦਾ ਹੈ। ਅਸਲ ਵਿੱਚ ਸਿੱਖ ਦਾ ਸ਼ਬਦ ਗੁਰੂ ਹੈ ਜੋ ਗਿਆਨ ਦਾ ਸਮੁੰਦਰ ਹੈ ਸਿੱਖ ਨੇ ਗੁਰਬਾਣੀ ਪੜ੍ਹ, ਸੁਣਕੇ ਵਿਚਾਰ ਕੇ ਆਪਣੇ ਹਿਰਦੇ ਵਿਚ ਵਸਾਉਂਣਾ ਹੈ ਅਤੇ ਆਪਣੇ ਜੀਵਨ ਨੂੰ ਗੁਰਮੱਤ ਅਨੁਸਾਰ ਢਾਲਨਾ ਹੈ, ਉੱਪਰ ਲਿਖੇ ਕਰਮ-ਕਾਂਡ, ਵਹਿਮ-ਭਰਮ ਅਤੇ ਜੋ ਮਨਮਤਾਂ ਅਸੀਂ ਕਰ ਰਹੇ ਹਾਂ। ਉਹ ਅਗਿਆਨਤਾ ਕਾਰਨ ਹੀ ਕਰ ਰਹੇ ਹਾਂ ਅਸੀਂ ਜਿਆਦਾਤਰ ਸਿੱਖਾਂ ਨੇ ਗੁਰੂ ਦਾ ਗਿਆਨ ਤਾਂ ਪ੍ਰਾਪਤ ਕੀਤਾ ਹੀ ਨਹੀਂ, ਅਸਲ ਵਿਚ ਅਸੀਂ ਇੱਕ ਤਰ੍ਹਾਂ ਨਾਲ ਆਪਣੇ ਗੁਰੂ ਤੋਂ ਬਾਗੀ ਹੋਏ ਬੈਠੇ ਹਾਂ, ਜੋ ਕੁਝ ਸਾਡੇ ਗੁਰੂ ਨੇ ਸਾਨੂੰ ਕਰਨ ਵਾਸਤੇ ਹੁਕਮ ਕੀਤਾ ਹੈ। ਉਸ ਤੋਂ ਅਸੀਂ ਮੁਨੱਕਰ ਹੋਏ ਬੈਠੇ ਹਾਂ ਅਤੇ ਜੋ ਕੁਝ ਨਾ ਕਰਨ ਦੀ ਹਦਇਤ ਕੀਤੀ, ਉਹ ਸਾਰਾ ਕੁਝ ਅਸੀਂ ਬੜੀ ਬੇਸ਼ਰਮੀ ਨਾਲ ਕਰ ਰਹੇ ਹਾਂ ਅਸੀ ਹਿੰਦੂ ਭਾਂਵੇ ਨਾ ਵੀ ਬਣੇ ਹੋਈਏ, ਪਰ ਅਸੀਂ ਬਾਬੇ ਨਾਨਕ ਦੇ ਸਿੱਖ ਵੀ ਨਹੀ ਰਹਿ ਗਏ।

ਮੋਹਣ ਭਾਗਵਤ ਦਾ ਇਹ ਕਹਿਣਾ ਕਿ ਹਿੰਦੂ ਧਰਮ ਦੂਸਰਿਆਂ ਧਰਮਾਂ ਨੂੰ ਆਪਣੇ ਵਿਚ ਜਜਬ ਕਰ ਸਕਦਾ ਹੈ ਇਹ ਗੱਲ ਨਿਰਮੂਲ ਜਾਂ ਅਤਿਕਥਨੀ ਨਹੀਂ ਹੈ ਸਗੋਂ ਇਸ ਦੇ ਪਿੱਛੇ ਠੋਸ ਅਧਾਰ ਹੈ ਇਸ ਤੋਂ ਪਹਿਲਾਂ ਹਿੰਦੂ ਧਰਮ ਜੈਨ ਧਰਮ, ਅਤੇ ਬੁੱਧ ਧਰਮ ਨੂੰ ਅਪਣੇ ਵਿਚ ਜਜਬ ਕਰ ਚੁੱਕਿਆ ਹੈ ਜੈਨ ਧਰਮ ਗ੍ਰੰਥਾਂ ਵਿਚ ਲਿਖਿਆ ਹੈ, ਜੇਕਰ ਤਹਾਡੇ ਮਗਰ ਪਾਗਲ ਹਾਥੀ ਪੈ ਜਾਵੇ, ਲਾਗੇ ਕੋਈ ਮੰਦਰ ਹੋਵੇ ਤੁਸੀਂ ਭੱਜ ਕੇ ਮੰਦਰ ਵਿਚ ਵੜ ਕੇ ਜਾਨ ਬਚਾ ਸਕਦੇ ਹੋਵੋ ਤਾਂ ਵੀ ਹਾਥੀ ਦੇ ਪੈਰਾਂ ਥੱਲੇ ਤਾਂ ਭਾਂਵੇ ਕੁਚਲੇ ਜਾਇਉ ਪਰ ਮੰਦਰ ਵਿਚ ਨਾ ਜਾਇਉ ਬੁੱਧ ਧਰਮ ਗ੍ਰੰਥਾਂ ਵਿਚ ਵੀ ਬ੍ਰਾਹਮਣਵਾਦ ਤੋਂ ਬਚਣ ਲਈ ਬਹੁਤ ਕੁਝ ਕਿਹਾ ਗਿਆ ਹੈ। ਪਰ ਜੈਨੀਆਂ ਅਤੇ ਬੋਧੀਆਂ ਨੇ ਆਪਣੇ ਧਰਮ ਗ੍ਰੰਥਾਂ ਦੀ ਪ੍ਰਵਾਹ ਨਹੀ ਕੀਤੀ ਉਹਨਾ ਦੋਵਾਂ ਧਰਮਾਂ ਦਾ ਹਸ਼ਰ ਕੀ ਹੋਇਆ ਹੈ ਸਾਡੇ ਸਭ ਦੇ ਸਾਹਮਣੇ ਹੈ ਸਿੱਖਾਂ ਨੂੰ ਇਸ ਨੂੰ ਇੱਕ ਸਬਕ ਦੇ ਤੌਰ 'ਤੇ ਅਤੇ ਭਾਗਵਤ ਦੇ ਬਿਆਨ ਨੂੰ ਇਕ ਚਣੌਤੀ ਦੇ ਤੌਰ 'ਤੇ ਲੈਣਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਹਿਬ ਵੀ ਕਹਿ ਰਹੇ ਹਨ

ਨਾ ਹਮ ਹਿੰਦੂ ਨ ਮੁਸਲਮਾਨਹਮਰਾ ਝਗਰਾ ਰਹਾ ਨਾ ਕੋਊ
ਪੰਡਿਤ ਮੁਲਾਂ ਛਾਡੇ ਦੋਊ ਪੰਡਿਤ ਮੁਲਾਂ ਜੋ ਲਿਖਿ ਦੀਆ
ਛਾਡਿ ਚਲੇ ਹਮ ਕਛੂ ਨਾ ਲੀਆਹਿੰਦੂ ਅੰਨ੍ਹਾ ਤੁਰਕੂ ਕਾਣਾ॥
ਦੁਹਾਂ ਤੇ ਗਿਆਨੀ ਸਿਆਣਾ

ਲੋੜ ਹੈ, ਅਸੀਂ ਸਿੱਖ ਆਪਣੇ ਗੁਰੂ ਦੇ ਸ਼ਰਨ ਆ ਜਾਈਏ ਗੁਰੂ ਦੇ ਸ਼ਰਨ ਪਿਆਂ ਨੂੰ ਦੁਨੀਆਂ ਦੀ ਕੋਈ ਤਾਕਤ ਮਿਟਾ ਨਹੀਂ ਸਕਦੀ ਅਤੇ ਗੁਰੂ ਤੋਂ ਬਾਗੀ ਹੋਇਆਂ ਨੂੰ ਕੋਈ ਬਚਾ ਨਹੀਂ ਸਕਦਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top